Welcome to Canadian Punjabi Post
Follow us on

19

May 2019
ਮਨੋਰੰਜਨ

ਡਰ ਦਾ ਸਾਹਮਣਾ ਕਰੋ : ਵਾਣੀ ਕਪੂਰ

November 21, 2018 09:26 AM

ਯਸ਼ਰਾਜ ਫਿਲਮਜ਼ ਦੀ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੀ ਦਿੱਲੀ ਦੀ ਵਾਣੀ ਕਪੂਰ ਦੀ ਦੂਜੀ ਫਿਲਮ ‘ਬੇਫਿਕਰੇ’ ਇੱਕ ਲੰਬੇ ਗੈਪ ਤੋਂ ਬਾਅਦ ਰਿਲੀਜ਼ ਹੋਈ, ਪਰ ਕੁਝ ਖਾਸ ਕਮਾਲ ਨਹੀਂ ਕਰ ਸਕੀ। ਇਸ ਦੇ ਬਾਵਜੂਦ ਪਹਿਲੀ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਤੇ ਦੂਜੀ ਵਿੱਚ ਰਣਵੀਰ ਸਿੰਘ ਤੇ ਅੱਗੇ ਆ ਰਹੀਆਂ ਫਿਲਮਾਂ ਵਿੱਚ ਰਣਬੀਰ ਕਪੂਰ ਤੇ ਰਿਤਿਕ ਰੋਸ਼ਨ ਵਰਗੇ ਸਟਾਰਸ ਦੀ ਹੀਰੋਇਨ ਬਣਨ ਵਾਲੀ ਵਾਣੀ ਕੁਝ ਜ਼ਿਆਦਾ ਹੀ ਉਤਸ਼ਾਹਤ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀਆਂ ਦੋ ਫਿਲਮਾਂ ਆ ਚੁੱਕੀਆਂ ਹਨ। ਬਾਲੀਵੁੱਡ ਵਿੱਚ ਅੱਜ ਤੱਕ ਕੀ ਹਾਸਲ ਕੀਤਾ?
- ਹਾਲੇ ਮੈਂ ਉਸ ਪੱਧਰ 'ਤੇ ਨਹੀਂ ਪਹੁੰਚੀ, ਜਿੱਥੇ ਮੈਂ ਕਹਿ ਸਕਾਂ ਕਿ ਮੈਂ ਬਾਲੀਵੁੱਡ 'ਚ ਵੱਡਾ ਮੁਕਾਮ ਹਾਸਲ ਕਰ ਲਿਆ। ਸਮਝ ਲਓ ਕਿ ਹਾਲੇ ਮੈਂ ਬਾਲੀਵੁੱਡ ਵਿੱਚ ਕੋਈ ਮੁਕਾਮ ਹਾਸਲ ਨਹੀਂ ਕੀਤਾ, ਪਰ ਤੁਹਾਨੂੰ ਦੱਸ ਦੇਵਾਂ ਕਿ ਇੱਕ ਨਾ ਇੱਕ ਦਿਨ ਫਿਲਮ ਨਗਰੀ 'ਚ ਮੈਂ ਵੱਡਾ ਮੁਕਾਮ ਹਾਸਲ ਕਰਾਂਗੀ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਕਿਉਂ ਨਾ ਆਉਣ।
* ਮਤਲਬ ਅਸਫਲਤਾਵਾਂ ਦੇ ਬਾਵਜੂਦ ਤੁਹਾਡੇ ਹੌਸਲੇ ਬੁਲੰਦ ਹਨ?
-ਬਿਲਕੁਲ ਕਿਉਂਕਿ ਤੁਹਾਡੀ ਜ਼ਿੰਦਗੀ 'ਚ ਕਈ ਅਜਿਹੇ ਪਲ ਆਉਂਦੇ ਹਨ, ਜਦੋਂ ਤੁਸੀਂ ਉਦਾਸ ਹੁੰਦੇ ਹੋ ਅਤੇ ਰੋਣ ਲੱਗ ਜਾਂਦੇ ਹੋ। ਉਦੋਂ ਤੁਸੀਂ ਸੋਚਦੇ ਹੋ ਕਿ ਮੇਰੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ ਹਨ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਸਿਰਫ ਇਨਸਾਨ ਹਾਂ। ਅਜਿਹੀ ਹਾਲਤ 'ਚ ਸਾਨੂੰ ਆਪਣੇ ਡਰ ਦਾ ਸਾਹਮਣਾ ਕਰਨਾ ਚਾਹੀਦਾ ਹੈ, ਨਾ ਕਿ ਉਸ ਤੋਂ ਭੱਜਣਾ ਚਾਹੀਦਾ ਹੈ, ਕਿਉਂਕਿ ਸਿਰਫ ਅਸੀਂ ਹੀ ਉਹ ਇਨਸਾਨ ਹਾਂ, ਜੋ ਉਸ ਪ੍ਰੇਸ਼ਾਨੀ ਵਿੱਚੋਂ ਖੁਦ ਨੂੰ ਕੱਢ ਸਕਦੇ ਹਾਂ ਅਤੇ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਹਾਡੇ ਲਈ ਇਹ ਕੋਈ ਹੋਰ ਨਹੀਂ ਕਰੇਗਾ।
* ਅੱਜ ਤੱਕ ਦੀਆਂ ਫਿਲਮਾਂ ਤੋਂ ਤੁਸੀਂ ਕੀ ਕੁਝ ਸਿਖਿਆ?
- ਮੇਰਾ ਮੰਨਣਾ ਹੈ ਕਿ ਤੁਸੀਂ ਆਪਣੇ ਹਰ ਪ੍ਰੋਜੈਕਟ ਤੋਂ ਕੁਝ ਨਾ ਕੁਝ ਸਿੱਖਦੇ ਹੋ, ਕਿਉਂਕਿ ਤੁਸੀਂ ਉਸ ਦਾ ਅਹਿਮ ਹਿੱਸਾ ਹੁੰਦੇ ਹੋ। ਹਰ ਨਵੇਂ ਪ੍ਰੋਜੈਕਟ ਦੀ ਨਵੀਂ ਟੀਮ ਹੁੰਦੀ ਹੈ, ਜਿਸ ਤੋਂ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਜਿਸ ਨੂੰ ਤੁਸੀਂ ਪਹਿਲਾਂ ਨਹੀਂ ਸਿਖਿਆ ਅਤੇ ਨਹੀਂ ਕੀਤਾ।
* ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਰਣਵੀਰ ਸਿੰਘ ਤੇ ਫਿਰ ਰਣਬੀਰ ਕਪੂਰ ਦੀ ਹੀਰੋਇਨ ਬਣ ਗਏ ਹੋ। ਕੀ ਕਹੋਗੇ?
-ਬੱਸ ਇਹੀ ਕਹਾਂਗੀ ਕਿ ਪਾਵਰ ਹਾਊਸ ਆਫ ਟੈਲੇਂਟ ਮਤਲਬ ਰਣਬੀਰ ਕਪੂਰ ਨਾਲ ਕੰਮ ਕਰਨਾ ਵੀ ਸ਼ਾਨਦਾਰ ਹੋਵੇਗਾ ਕਲਾਕਾਰ ਦੇ ਤੌਰ 'ਤੇ ਰਣਬੀਰ ਕਪੂਰ ਅਜਿਹੇ ਇਨਸਾਨ ਹਨ, ਜਿਨ੍ਹਾਂ ਦੀ ਮੈਂ ਪ੍ਰਸ਼ੰਸਕ ਹਾਂ ਅਤੇ ਜਿਨ੍ਹਾਂ ਦੀਆਂ ਫਿਲਮਾਂ ਦੇਖਣਾ ਮੈਨੂੰ ਹਮੇਸ਼ਾ ਤੋਂ ਪਸੰਦ ਰਿਹਾ ਹੈ।
* ਇਸ ਦੇ ਨਾਲ ਤੁਸੀਂ ਕਰਣ ਜੌਹਰ ਦੇ ਬੈਨਰ ਦੀ ਹੀਰੋਇਨ ਵੀ ਬਣ ਗਏ?
- ਜੀ ਹਾਂ, ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਕਰਣ ਜੌਹਰ ਵਰਗੇ ਫਿਲਮਕਾਰ ਨੇ ਮੇਰੇ ਵਿੱਚ ਇਸ ਕਿਰਦਾਰ ਦੀ ਸਮਰੱਥਾ ਦੇਖੀ। ‘ਸ਼ਮਸ਼ੇਰ’ ਮੇਰੇ ਲਈ ਇੱਕ ਡਰੀਮ ਪ੍ਰੋਜੈਕਟ ਹੈ। ਮੈਨੂੰ ਇਹ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਦੀ ਵੱਖਰੀ ਅਤੇ ਦਿਲਚਸਪ ਭੂਮਿਕਾ ਮਿਲੀ।
* ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਨਾਲ ਵੀ ਤੁਸੀਂ ਕੋਈ ਫਿਲਮ ਕਰ ਰਹੇ ਹੋ?
-ਰਿਤਿਕ ਤੇ ਟਾਈਗਰ ਦੀ ਫਿਲਮ ਵਿੱਚ ਮੈਨੂੰ ਕਾਸਟ ਕੀਤਾ ਗਿਆ ਹੈ। ਇਹ ਐਕਸ਼ਨ ਫਿਲਮ ਹੈ, ਜਿਸ ਵਿੱਚ ਮੇਰਾ ਕਿਰਦਾਰ ਚੁਣੌਤੀ ਪੂਰਨ ਦੇ ਨਾਲ ਰੋਮਾਂਚਕਾਰੀ ਹੈ। ਫਿਲਮ ਦੇ ਨਾਂਅ ਦਾ ਐਲਾਨ ਅਜੇ ਨਹੀਂ ਹੋਇਆ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਇਹ ਮੇਰੀ ਤੀਜੀ ਫਿਲਮ ਹੋਵੇਗੀ। ਇਸ ਵਿੱਚ ਮੈਂ ਰਿਤਿਕ ਨਾਲ ਰੋਮਾਂਸ ਕਰਦੀ ਨਜ਼ਰ ਆਵਾਂਗੀ। ਅਜੇ ਮੈਂ ਆਪਣੇ ਕਿਰਦਾਰ ਬਾਰੇ ਨਹੀਂ ਦੱਸ ਸਕਦੀ, ਪਰ ਇਹ ਮੇਰੇ ਲਈ ਕਾਫੀ ਨਵਾਂ, ਚੁਣੌਤੀਪੂਰਨ ਅਤੇ ਰੋਮਾਂਚਕ ਹੋਵੇਗਾ।

Have something to say? Post your comment