Welcome to Canadian Punjabi Post
Follow us on

29

March 2024
 
ਨਜਰਰੀਆ

ਸੁਣ ਨੀ ਕੁੜੀਏ ਸੱਗੀ ਵਾਲੀਏ..

November 21, 2018 09:21 AM

-ਪਰਮਜੀਤ ਕੌਰ ਸਰਹਿੰਦ
ਸਿਰ ਮੱਥੇ ਉਤੇ ਸ਼ਿੰਗਾਰ ਲਈ ਪੇਂਡੂ ਔਰਤਾਂ ਦਾ ਬਹੁ-ਚਰਚਿਤ ਤੇ ਬਹੁ-ਚਹੇਤਾ ਗਹਿਣਾ ‘ਸੱਗੀ ਫੁੱਲ' ਰਿਹਾ ਹੈ। ਇਹ ਤਿੰਨ ਗਹਿਣਿਆਂ ਦਾ ਇਕੱਠ ਹੈ। ਭਾਵ ਇਕ ਸੱਗੀ ਤੇ ਦੋ ਫੁੱਲ। ਭਾਵੇਂ ਸੱਗੀ ਫੁੱਲਾਂ ਨਾਲ ਹੀ ਸੰਪੂਰਨ ਹੁੰਦੀ ਹੈ, ਪਰ ਆਮ ਤੌਰ 'ਤੇ ਇਕੱਲਾ ਸੱਗੀ ਕਹਿ ਲਿਆ ਜਾਂਦਾ ਹੈ ਤੇ ਇਹ ਸੱਗੀ ਫੁੱਲ ਦਾ ਪੂਰਕ ਹੋ ਨਿੱਬੜਦਾ ਹੈ। ਸੱਗੀ ਫੁੱਲ ਸਿਰ ਦੇ ਸ਼ਿੰਗਾਰ ਦਾ ਸੋਨੇ ਤੇ ਚਾਂਦੀ ਦੇ ਪੱਤਰੇ ਦਾ ਬਣਿਆ ਇਕ ਨਿੱਕੇ ਜਿਹੇ ਗੁੰਬਦ ਦੀ ਸ਼ਕਲ ਦਾ ਗਹਿਣਾ ਹੈ। ਸੁਹਾਗ ਦੇ ਪ੍ਰਤੀਕ ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਕਹੀ ਜਾ ਸਕਦੀ ਹੈ। ਸੱਗੀ ਆਕਾਰ ਵਿੱਚ ਵੱਡੀ ਤੇ ਫੁੱਲ ਛੋਟੇ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ, ਬਸ ਆਕਾਰ ਦਾ ਫਰਕ ਹੁੰਦਾ ਹੈ। ਚਾਂਦੀ ਦੇ ਪਤਲੇ ਪੱਤਰੇ 'ਤੇ ਸੋਨੇ ਦਾ ਪੱਤਰਾ ਚੜ੍ਹਾ ਕੇ ਸੱਗੀ ਫੁੱਲ ਬਣਾਏ ਜਾਂਦੇ ਹਨ, ਜੋ ਅੰਦਰੋਂ ਖੋਖਲੇ ਹੁੰਦੇ ਹਨ। ਸੱਗੀ ਫੁੱਲਾਂ ਦੇ ਸਿਰ ਉੱਤੇ ਨਿੱਕੀ ਜਿਹੀ ਡੋਡੀ ਹੁੰਦੀ। ਸੱਗੀ ਫੁੱਲਾਂ ਦੇ ਅੰਦਰ ਛੋਟੇ-ਛੋਟੇ ਕੁੰਡੇ ਬਣਾਏ ਹੁੰਦੇ ਹਨ, ਜਿਨ੍ਹਾਂ ਵਿੱਚ ਡੋਰ ਪਾ ਕੇ ਸੱਗੀ ਫੁੱਲ ਗੁੰਦੇ ਜਾਂਦੇ ਹਨ। ਸੱਗੀ ਪਾਉਣ ਨੂੰ ‘ਸਿਰ ਗੁੰਦਣਾ' ਜਾਂ ‘ਸਿਰ ਉਚਾ ਕਰਨਾ' ਕਿਹਾ ਜਾਂਦਾ। ਸੱਗੀ ਪਾਉਣੀ ਜਾਂ ਸਿਰ ਗੁੰਦਣਾ ਹਾਰੀ ਸਾਰੀ ਦਾ ਕੰਮ ਨਹੀਂ ਸੀ। ਵਿਆਹ ਵੇਲੇ ਜਾਂ ਉਂਜ ਤਿਓਹਾਰ 'ਤੇ ਪਿੰਜ ਦੀ ਨੈਣ ਜਾਂ ਝੂਰੀ ਸੱਗੀ ਗੁੰਦਦੀ। ਉਹ ਮੁਟਿਆਰਾਂ ਲਈ ਸਸਤਾ ਅਤੇ ਚਲਦਾ ਫਿਰਦਾ ‘ਬਿਊਟੀ ਪਾਰਲਰ' ਹੁੰਦੀ।
ਸੱਗੀ ਦੇ ਅੰਦਰ ਉਪਰਲੇ ਸਿਰੇ ਲੱਗੇ ਕੁੰਡੇ ਵਿੱਚ ਕਾਲੀ ਟਸਰ ਦੀ ਵੱਟੀ ਹੋਈ ਡੋਰ ਜਾਂ ਦੂਹਰਾ ਕਰਕੇ ਕਾਲਾ ਫੀਤਾ ਪਾਇਆ ਜੰਦਾ। ਸਿੱਧੀ ਚੀਰਵੀਂ (ਚੀਰ) ਕੱਢ ਕੇ, ਸਿਰ ਵਿਚਕਾਰ ਕਰ ਕੇ ਸੱਗੀ ਟਿਕਾਈ ਜਾਂਦੀ ਤੇ ਕੰਨਾਂ ਤੋਂ ਜ਼ਰਾ ਉਪਰ ਜਾਂ ਥੋੜ੍ਹੇ ਪਿੱਛੇ ਹਟਵੇਂ ਫੁੱਲਾਂ ਦੇ ਅੰਦਰ ਲੱਗੇ ਚਾਂਦੀ ਦੇ ਕੁੰਡੇ ਵਿੱਚੋਂ ਉਹੀ ਡੋਰ ਜਾਂ ਫੀਤਾ ਪਾਇਆ ਜਾਂਦਾ। ਸੱਗੀ ਵਾਲੀ ਡੋਰ ਦੋਵੇਂ ਪਾਸੇ ਦੇ ਫੁੱਲਾਂ ਵਿੱਚੋਂ ਦੋਵੇਂ ਸਿਰਿਆਂ ਤੋਂ ਲੰਘਾ ਕੇ ਕੇਸਾਂ ਵਿੱਚ ਰਲਾ ਲਈ ਜਾਂਦੀ ਅਤੇ ਗੁੱਤ ਨਾਲ ਗੁੰਦੀ ਜਾਂਦੀ। ਡੋਰ ਨਾਲ ਸੱਗੀ ਫੁੱਲ ਸਿਰ ਉੱਤੇ ਕੱਸੇ ਜਾਂਦੇ ਤੇ ਟਿਕੇ ਰਹਿੰਦੇ। ਵਿਆਹ ਮੌਕੇ ਲਾਲ ਰੰਗ ਦਾ ਪਰਾਂਦਾ ਪਾਇਆ ਜਾਂਦਾ। ਪੇਂਡੂ ਭਾਈਚਾਰੇ ਵਿੱਚ ਕਿਸੇ ਦੀ ਬਹੁਤੀ ਨੇੜਤਾ ਦੇਖ ਕੇ ਆਮ ਹੀ ਕਿਹਾ ਜਾਂਦਾ ਹੈ ਕਿ ‘ਇਹ ਤਾਂ ਸੱਗੀ ਨਾਲ ਪਰਾਂਦਾ ਹੈ।' ਲਾਲ ਪਰਾਂਦੇ ਦਾ ਜ਼ਿਕਰ ਆਸਾ ਸਿੰਘ ਮਸਤਾਨਾ ਦੇ ਗਾਏ ਪੰਜਾਬੀ ਗੀਤ ਵਿੱਚ ਵੀ ਮਿਲਦਾ ਹੈ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏਂ ਤੂੰ ਰੂਪ ਨੂੰ ਸੰਭਾਲ ਨੀਂ..
ਗੁੱਤ ਤੇ ਲਾਲ ਪਰਾਂਦੀ ਦਾ ਜ਼ਿਕਰ ਪੰਨਾ ਲਾਲ ਪਟੇਲ ਦੇ ਲਿਖੇ ਅਤੇ ਅੰਮ੍ਰਿਤਾ ਪ੍ਰੀਤਮ ਦੇ ਅਨੁਵਾਦ ਕੀਤੇ ਬਹੁਤ ਹੀ ਉਦਾਸ ਗੁਜਰਾਤੀ ਨਾਵਲ ‘ਜੀਵੀ' ਵਿੱਚ ਮਿਲਦਾ ਹੈ। ਨਾਵਲ ਦੇ ਨਾਇਕ ਕਾਨ੍ਹ ਜੀ ਦੇ ਮੂੰਹੋਂ ਗਾਏ ਦਿਲ ਟੁੰਬਵੇਂ ਦੋਹੇ ਰੂਹ 'ਚ ਉਤਰਦੇ ਜਾਂਦੇ ਹਨ:
ਅੱਖਾਂ ਮੇਰੀਆਂ ਬੌਰੀਆਂ,
ਲੰਬੀ ਗੁੱਤ ਦੀ ਆਸ
ਸੋਚਾਂ, ਆਵੇਗੀ ਕਦੋਂ,
ਆਪਣੀ ਬਾਰੀ ਪਾਸ
ਕਿਹੜੇ ਰਾਹ 'ਤੇ ਮਿਲੀ ਸੀ?
ਕਿਹੋ ਜਿਹੀ ਸੀ ਰੁੱਤ
ਦਿਲ ਨੂੰ ਵਲਦੀ ਪਈ ਏ,
ਲੰਮ ਸਲੰਮੀ ਗੁੱਤ
ਕੱਜਲ ਵਾਲੀ ਅੱਖ ਸੀ,
ਫੋਲਾ ਪੈ ਗਿਆ ਆਣ।
ਲਾਲ ਪਰਾਂਦੀ, ਲਾਲਸਾ,
ਸਭ ਕੁਝ ਧੁੰਦਲਾ ਜਾਣ।
ਅਜੋਕੇ ਸਮੇਂ ਸਟੇਜ ਸ਼ੋਅ ਵੇਲੇ ਘੱਗਰੇ ਕੁੜਤੀ ਦੇ ਨਾਲ ਦੇ ਰੰਗ ਦਾ ਪਰਾਂਦਾ ਪਾਇਆ ਜਾਂਦਾ ਹੈ, ਜਦੋਂ ਕਿ ਪੁਰਾਣੇ ਸਮੇਂ ਲਾਲ ਤੇ ਕਾਲਾ ਪਰਾਂਦਾ ਹੁੰਦਾ ਸੀ। ਕੁੜੀਆਂ ਕਾਲੀ ਟਸਰ ਸ਼ਹਿਰੋ ਮੰਗਵਾ ਕੇ ਆਪ ਵੀ ਬੜੀਆਂ ਸੋਹਣੀਆਂ ਡੋਰੀਆਂ ਬਣਾ ਲੈਂਦੀਆਂ ਸਨ। ਡੋਰੀ ਦੀਆਂ ਤਿੰਨਾਂ ਲੜੀਆਂ ਦੇ ਸਿਰੇ ਉਤੇ ਜਾਲੀ ਗੁੰਦ ਲੈਂਦੀਆਂ ਅਤੇ ਕਾਲੀ ਟਸਰ ਤੋਂ ਬਿਨਾਂ ਕਾਲੀ ਲੋਗੜੀ ਦੇ ਮੋਟੇ-ਮੋਟੇ ਫੂੰਦੇ ਜਾਂ ਗੋਲ ਲੱਡੂ ਜਿਹੇ ਬਣਾ ਕੇ ਲਾ ਲੈਂਦੀਆਂ ਜੋ ਬਹੁਤ ਖੂਬਸੂਰਤ ਲੱਗਦੇ।
ਸੱਗੀ ਪਾਉਣਾ ਜਾਂ ਸਿਰ ਗੁੰਦਣਾ ਆਮ ਘਰੇਲੂ ਸੁਆਣੀਆਂ ਦੇ ਵੱਸ ਦਾ ਰੋਗ ਨਹੀਂ ਸੀ। ਜੇ ਸੱਗੀ ਦੀ ਡੋਰ ਜ਼ਰਾ ਵੱਧ ਕੱਸ ਲਈ ਜਾਂਦੀ ਤਾਂ ਪਹਿਨਣ ਵਾਲੀ ਦਾ ਸਿਰ ਦਰਦ ਕਰਨ ਲੱਗ ਜਾਂਦਾ। ਅੱਜ ਫੈਸ਼ਨ ਲਈ ਇਹ ਸੱਗੀ ਮੱਥੇ ਦੇ ਨੇੜੇ ਪਾਈ ਜਾਂਦੀ ਹੈ, ਪਰ ਇਸ ਦਾ ਅਸਰ ਥਾਂ ਸਿਰ ਦੇ ਵਿਚਕਾਰ ਸੀ। ਅਜਿਹੇ ਵੇਲੇ ਹੀ ਕੋਈ ਮੁਟਿਆਰ ਕਹਿ ਉਠਦੀ ਹੈ:
ਸਿਰ ਮੇਰਾ ਦੁਖਦਾ ਸੱਗੀ ਮੇਰੀ ਭਾਰੀ
ਹੌਲੀ-ਹੌਲੀ ਤੁਰਾਂ ਨੀਂ ਸ਼ਰਮ ਦੀ ਮਾਰੀ
ਸੱਗੀ ਫੁੱਲ ਵੀ ਸਾਰੀਆਂ ਮੁਟਿਆਰਾਂ ਨੂੰ ਨਸੀਬ ਨਹੀਂ ਹੁੰਦੇ ਸਨ, ਕਿਉਂਕਿ ਪੇਂਡੂ ਕਿਸਾਨ ਤਬਕਾ ਕਈ ਵਾਰ ਐਨੀ ਪਹੁੰਚ ਨਹੀਂ ਸੀ ਰੱਖਦਾ। ਸੱਗੀ ਵਾਲੀ ਮੁਟਿਆਰ ਦੀ ਵੱਖਰੀ ਗੱਲ ਹੁੰਦੀ। ਉਸ ਦਾ ਸਿਰ ਕੁਝ ਤਾਂ ਸੱਗੀ ਦੇ ਮਾਣ ਨਾਲ ਉਚਾ ਹੋ ਜਾਂਦਾ ਅਤੇ ਕੁਝ ਦੁਪੱਟੇ ਜਾਂ ਫੁਲਕਾਰੀ ਨਾਲ ਕੱਜੇ ਸੱਗੀ ਫੁੱਲ ਉਸ ਦਾ ਕੱਦ ਵੀ ਰਤਾ ਉਚਾ ਕਰ ਦਿਖਾਉਂਦੇ।
ਜਿਥੇ ਸੱਗੀ ਵਾਲੀਆਂ ਨਾਰਾਂ ਮੁਟਿਆਰਾਂ ਦੀ ਤਾਰੀਫ ਕੀਤੀ ਜਾਂਦੀ ਹੈ:
ਸੱਗੀ ਫੁੱਲ ਸਿਰਾਂ 'ਤੇ ਸੋਂਦੇ
ਪੈਰੀ ਝਾਂਜਰਾਂ ਪਾਈਆਂ
ਸੂਬੇਦਾਰਨੀਆਂ ਨੱਚਣ ਗਿੱਧੇ ਵਿੱਚ ਆਈਆਂ
ਸੱਗੀ ਜਾਂ ਸਿਰ ਗੁੰਦਣ ਵਾਲੀਆਂ ਵੀ ਸ਼ਲਾਘਾ ਦੀਆਂ ਪੂਰੀਆਂ ਹੱਕਦਾਰ ਹਨ। ਪਿੰਡ ਦੀ ਕੋਈ ਲਾਗਣ ਸਿਰ ਗੁੰਦਣ ਦੀ ਮਾਹਰ ਹੁੰਦੀ। ਇਨ੍ਹਾਂ ਲਾਗੀਆਂ ਦਾ ਜ਼ਿੰਮੀਂਦਾਰ ਪਰਵਾਰਾਂ ਵੱਲੋਂ ਆਦਰ ਕੀਤਾ ਜਾਂਦਾ ਅਤੇ ਤਿੱਥ ਤਿਓਹਾਰ ਜਾਂ ਵਿਆਹ ਸ਼ਾਦੀ ਵੇਲੇ ਬਣਦਾ ਲਾਗ ਵੀ ਦਿੱਤਾ ਜਾਂਦਾ। ਕੁੜੀ ਦੀ ਡੋਲੀ ਨਾਲ ਗਈ ਲਾਗਣ ਨੂੰ ਕੋਈ ਰੱਜੇ ਪੁੱਜੇ ਰਿਸ਼ਤੇਦਾਰ ਸੋਨੇ ਚਾਂਦੀ ਦਾ ਗਹਿਣਾ ਵੀ ਪਾ ਦਿੰਦੇ, ਕੱਪੜ ਲੀੜਾ ਆਮ ਹੀ ਦਿੱਤਾ ਜਾਂਦਾ। ਇਨ੍ਹਾਂ ਬਿਨਾਂ ਸਾਰੇ ਕਾਰਜ ਅਧੂਰੇ ਹੁੰਦੇ, ਪਰ ਫਿਰ ਵੀ ਇਨ੍ਹਾਂ ਮਿਹਨਤਕਸ਼ ਕੰਮੀਆਂ ਨੂੰ ਨੀਵੇਂ ਹੀ ਸਮਝਿਆ ਜਾਂਦਾ। ਇਹ ਬੋਲੀ ਇਸ ਗੱਲ ਦੀ ਸੂਚਕ ਹੈ:
ਸਿਰ ਗੁੰਦ ਦੇ ਕਪੱਤੀਏ ਨੈਣੇ
ਉਤੇ ਪਾ ਦੇ ਡਾਕ ਬੰਗਲਾ
ਅੱਗੋਂ ਨੈਣ ਕੰਮੀਆਂ ਦੀ ਆਦਤ ਜਾਂ ਮਜਬੂਰੀ ਵੱਸ ਕਰਨ ਵਾਲੀ ‘ਜੀ ਹਜ਼ੂਰੀ' ਨੂੰ ਨਕਾਰਦਿਆਂ ਆਪਣੇ ਹੁਨਰ 'ਤੇ ਮਾਣ ਕਰਦਿਆਂ ਕਰਾਰਾ ਜਵਾਬ ਦਿੰਦੀ ਹੋਈ ਕਹਿੰਦੀ ਹੈ:
ਸਾਥੋਂ ਡਾਕ ਬੰਗਲਾ ਨਹੀਂ ਪੈਂਦਾ
ਉਤੇ ਪਾ ਦੂੰ ਮੋਰ ਘੁੱਗੀਆਂ
ਨਾਰੀ ਮਨ ਵਿੱਚ ਸਜਣ ਸੰਵਰਨ ਦੀ ਰੀਝ ਕੁਦਰਤੀ ਹੁੰਦੀ ਹੈ, ਪਰ ਸੱਗੀ ਲਈ ਅੱਲ੍ਹੜ ਉਮਰ ਤੋਂ ਹੀ ਕੁੜੀਆਂ ਚਾਹਵਾਨ ਹੁੰਦੀਆਂ ਹਨ। ਜਦੋਂ ਸਮਾਜਿਕ ਬੰਧਨ ਜਾਂ ਮਜਬੂਰੀਆਂ ਕਾਰਨ ਉਹ ਸੱਗੀ ਪਹਿਨਣ ਨੂੰ ਤਰਸਦੀਆਂ ਤਾਂ ਉਹ ਭਾਵਨਾਵਾਂ ਲੋਕ ਕਾਵਿ ਵਿੱਚ ਢਲ ਜਾਂਦੀਆਂ ਹਨ। ਦਰਦ ਭਰਿਆ ਵਿਢੜਾ (ਲੰਮਾ ਗੌਣ) ਹੈ:
ਅੱਡ ਹੋ ਮਾਹੀ ਵੇ ਚਿੱਤ ਵਸਣੇ ਨੂੰ ਲੋਚੇ
ਸੱਗੀ ਕਰਵਾ ਮਾਹੀ ਵੇ,
ਤਰਸਾਂ ਜਦ ਪੇਕੇ ਕੁੜੀ ਸੀ
ਹੁਣ ਪਹਿਨਣ ਨਾ ਦੇਵੇ ਤੇਰੀ ਮਾਂ ਵੇ
ਪੇਕੇ ਭਾਬੋ ਬੁਰੀ ਸੀ
ਅੱਡ ਹੋ ਮਾਹੀ ਵੇ
ਚਿੱਤ ਵਸਣੇ ਨੂੰ ਲੋਚੇ..
ਜਿਸ ਮੁਟਿਆਰ ਦਾ ਸਿਰ ਸੱਗੀ ਫੁੱਲ ਤੋਂ ਸੱਖਣਾ ਹੁੰਦਾ, ਉਹ ਆਪਣੀਆਂ ਆਰਥਿਕ ਮਜਬੂਰੀਆਂ ਬਾਰੇ ਸੋਚਦਿਆਂ ਉਦਾਸ ਹੋ ਜਾਂਦੀ। ਉਸ ਦੀ ਉਦਾਸੀ ਹਾਣੀ ਤੋਂ ਦੇਖੀ ਨਾ ਜਾਂਦੀ ਤੇ ਉਹ ਕਹਿ ਉਠਦਾ:
ਬੇਰੀ ਹੇਠ ਖਲੋਤੜੀਏ ਕਿਉਂ ਹੋਈ ਏਂ ਦਿਲਗੀਰ ਕੁੜੀਏ
ਸਿਰ ਮੇਰੇ ਨੂੰ ਸੱਗੀ ਨਾ, ਤਾਂ ਹੋਈਆਂ ਦਿਲਗੀਰ ਮੁੰਡਿਆ
ਸੱਗੀ ਕਰਾਵਾਂ ਤੇਰੇ ਸਿਰ ਪਾਵਾਂ..
ਹੁਣ ਕਿਉਂ ਜਾਂਦੀ ਨੱਸ ਕੁੜੀਏ
ਨਜ਼ਰ ਸਾਹਮਣੇ ਵੱਸ ਕੁੜੀਏ..
ਕਈ ਵਾਰ ਸੱਗੀ ਦਾ ਪੱਟਿਆ ਗੱਭਰੂ ਜੋਗੀ ਹੋ ਜਾਂਦਾ ਤੇ ਮੌਕਾ ਤੱਕ ਕੇ ਆਪਣੀ ਹੀਰ ਲਈ ਸੱਗੀ ਦਾ ਜੁਗਾੜ ਕਰਨ ਲਈ ਪੁੱਠੇ ਕੰਮ ਵੀ ਕਰਦਾ। ਗਿੱਧੇ ਦਾ ਗੀਤ ਹੈ:
ਤੇਰੇ ਪਿੱਛੇ ਸੋਹਣੀਏ ਮੈਂ ਜੋਗੀ ਹੋਇਆ
ਤੇਰੀ ਸੱਗੀ ਦਾ ਮੈਂ ਮਾਰਿਆ
ਸੁਨਿਆਰੇ ਦਾ ਘਰ ਪਾੜਿਆ
ਮੈਂ ਜੋਗੀ ਹੋਇਆ..
ਜਦੋਂ ਕੋਈ ਮੁਟਿਆਰ ਸੱਗੀ ਪਹਿਨ ਕੇ ਉਸ ਦਾ ਬੇਲੋੜਾ ਦਿਖਾਵਾ ਕਰਦੀ ਤਾਂ ਉਸ ਨੂੰ ਸਮਾਜਿਕ ਕਦਰਾਂ ਕੀਮਤਾਂ ਦਾ ਧਿਆਨ ਰੱਖਣ ਲਈ ਚੇਤੰਨ ਕੀਤਾ ਜਾਂਦਾ:
ਸੁਣ ਨੀ ਕੁੜੀਏ ਸੱਗੀ ਵਾਲੀਏ ਸੱਗੀ ਨਾ ਚਮਕਾਈਏ
ਖੂਹ ਟੋਭੇ 'ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ..
ਕਿਧਰੇ ਸੱਗੀ ਵਾਲੀ ਮੁਟਿਆਰ ਝੂਰਦੀ ਹੈ:
ਉਡਿਆ ਸੀ ਤਿਲੀਅਰ ਤੋਤਾ
ਸੱਗੀ 'ਤੇ ਬਹਿ ਗਿਆ ਨੀਂ
ਸੱਗੀ ਦੀ ਆਬ ਗੁਆ ਗਿਆ
ਰਸ ਫੁੱਲਾਂ ਦਾ ਲੈ ਗਿਆ ਨੀਂ
ਇਸ ਖੂਬਸੂਰਤ ਗਹਿਣੇ ਨਾਲ ਔਰਤ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਇਹ ਵੀ ਔਰਤ ਦੀ ਖੂਬੀ ਹੈ ਕਿ ਉਹ ਲੋਹੜੇ ਦੀ ਸਹਿਣਸ਼ੀਲਤਾ ਰੱਖਦੀ ਹੈ। ਸੱਗੀ ਪਹਿਨਣ ਦੀ ਦਬਾਈ ਹੋਈ ਰੀਝ ਦੀ ਵੇਦਨਾ ਨੂੰ ਲੋਕ ਕਾਵਿ ਵਿਚਲਾ ਵਿਢੜਾ ਸੰੁਦਰ ਸ਼ਬਦਵਾਲੀ ਵਿੱਚ ਬਿਆਨ ਕਰਦਾ ਹੈ:
ਸੱਗੀ ਘੜਾਈ ਵੇ ਸਿੰਘ ਜੀ
ਪਹਿਨਣ ਦੇ ਵਾਸਤੇ
ਪਹਿਨਣ ਨਾ ਦੇਂਦੀ ਸੌਂਕਣ
ਵੱਸਦੀ ਲਲਕਾਰ ਕੇ
ਸਬਰ ਸਬੂਰੀ ਗੋਰੀਏ
ਸਤਿਗੁਰ ਦੇ ਵਾਸਤੇ..

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ