ਓਨਟਾਰੀਓ, 22 ਸਤੰਬਰ (ਪੋਸਟ ਬਿਊਰੋ) : ਦੱਖਣੀ ਓਨਟਾਰੀਓ ਵਿੱਚ ਇੱਕ ਰੇਸ ਟਰੈਕ ਉੱਤੇ ਕਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ 59 ਸਾਲਾ ਵਿਅਕਤੀ ਦੀ ਮੌਤ ਹੋ ਗਈ| ਇਹ ਜਾਣਕਾਰੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ|
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਹਾਲਡੀਮੈਂਡ ਕਾਊਂਟੀ ਵਿੱਚ ਟੋਰਾਂਟੋ ਮੋਟਰਸਪੋਰਟਸ ਪਾਰਕ ਵਿੱਚ ਇੱਕ ਰੇਸਿੰਗ ਮੁਕਾਬਲੇ ਵਿੱਚ ਕਾਰਾਂ ਨਿਰਧਾਰਤ ਸਟਾਰਟਿੰਗ ਲਾਈਨ ਉੱਤੇ ਪਹੁੰਚ ਰਹੀਆਂ ਸਨ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਪੈਦਲ ਹੀ ਜਾ ਰਿਹਾ ਸੀ ਕਿ ਇੱਕ ਗੱਡੀ ਦੀ ਚਪੇਟ ਵਿੱਚ ਆ ਗਿਆ|
ਜਾਂਚਕਾਰਾਂ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਲੋਕਲ ਹਸਪਤਾਲ ਲਿਜਾਇਆ ਗਿਆ ਫਿਰ ਉਸ ਨੂੰ ਟਾਊਨ ਤੋਂ ਬਾਹਰਲੇ ਹਸਪਤਾਲ ਲਿਜਾਣ ਲਈ ਏਅਰ ਐਂਬੂਲੈਂਸ ਦਾ ਸਹਾਰਾ ਲਿਆ ਗਿਆ| ਮੰਗਲਵਾਰ ਦੁਪਹਿਰ ਨੂੰ ਹਾਸਲ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ| ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|