ਓਟਵਾ, 17 ਸਤੰਬਰ (ਪੋਸਟ ਬਿਊਰੋ) : ਮੈਕਡੌਨਲਡ ਲੌਰੀਅਰ ਇੰਸਟੀਚਿਊਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ, ਜਿਸ ਦਾ ਸਿਰਲੇਖ ਹੈ "ਖਾਲਿਸਤਾਨ:ਅ ਪ੍ਰੋਜੈਕਟ ਆਫ ਪਾਕਿਸਤਾਨ," ਨੂੰ ਵਾਪਿਸ ਲੈਣ ਦੀ ਕੀਤੀ ਜਾ ਰਹੀ ਮੰਗ ਵਿੱਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ ਐਸ ਓ) ਆਫ ਕੈਨੇਡਾ ਵੀ ਸ਼ਾਮਲ ਹੋ ਗਈ ਹੈ|
ਇਹ ਵਿਵਾਦਗ੍ਰਸਤ ਰਿਪੋਰਟ ਸੀਬੀਸੀ ਦੇ ਰਿਟਾਇਰ ਹੋ ਚੁੱਕੇ ਜਰਨਲਿਸਟ ਟੈਰੀ ਮਿਲੇਵਸਕੀ ਵੱਲੋਂ ਤਿਆਰ ਕੀਤੀ ਗਈ ਹੈ| ਇਸ ਦੀ ਜਾਣ-ਪਛਾਣ ਸਾਬਕਾ ਸਿਆਸਤਦਾਨ ਉੱਜਲ ਦੁਸਾਂਝ ਤੇ ਸਾਬਕਾ ਕੰਜ਼ਰਵੇਟਿਵ ਸਟਾਫਰ ਸੁਵਾਲੌਏ ਮਜੂਮਦਾਰ ਕੋਲੋਂ ਤਿਆਰ ਕਰਵਾਈ ਗਈ ਹੈ| 9 ਸਤੰਬਰ, 2020 ਵਿੱਚ ਪ੍ਰਕਾਸ਼ਿਤ ਹੋਈ ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨ ਲਹਿਰ ਪਾਕਿਸਤਾਨ ਵੱਲੋਂ ਚਲਾਈ ਗਈ| ਕੈਨੇਡਾ ਵਿੱਚ ਸਿੱਖ ਸਰਗਰਮੀਆਂ, ਜੋ ਕਿ ਸਤਾਏ ਹੋਏ, ਜੁæਲਮ ਦਾ ਸ਼ਿਕਾਰ ਤੇ ਨਸਲਕੁਸ਼ੀ ਸਮਾਰੋਹ ਨੂੰ ਦਰਸਾਉਂਦੀਆਂ ਹਨ, ਬੜੇ ਹੀ ਗਿਣੇ ਮਿਥੇ ਢੰਗ ਨਾਲ ਚਲਾਈ ਗਈ ਕੈਂਪੇਨ ਦਾ ਹੀ ਹਿੱਸਾ ਸਨ| ਇਹ ਸੱਭ ਸਿਆਸਤਦਾਨਾਂ ਦੇ ਇਸ਼ਾਰਿਆਂ ਉੱਤੇ ਹੋਇਆ|
ਹਾਲਾਂਕਿ ਇਸ ਰਿਪੋਰਟ ਵਿੱਚ ਲਾਏ ਗਏ ਅਜਿਹੇ ਸਾਜ਼ਿਸ਼ੀ ਦੋਸ਼ਾਂ ਦਾ ਨਾ ਹੀ ਵਿਸ਼ਲੇਸ਼ਣ ਕੀਤਾ ਗਿਆ ਤੇ ਨਾ ਹੀ ਇਸ ਸਬੰਧੀ ਤੱਥਾਂ ਤੇ ਹਵਾਲਿਆਂ ਦਾ ਮੁਲਾਂਕਣ ਕੀਤਾ ਗਿਆ| ਨਤੀਜਤਨ ਇਸ ਰਿਪੋਰਟ ਨੂੰ ਸਿੱਖ ਕਮਿਊਨਿਟੀ ਤੇ ਸਿੱਖ ਸਟਡੀਜ਼ ਖੇਤਰ ਵਿੱਚ ਕੰਮ ਕਰਨ ਵਾਲੇ 50 ਤੋਂ ਵੀ ਵੱਧ ਸਕੌਲਰਜ਼ ਦੇ ਗਰੁੱਪ ਵੱਲੋਂ ਨਕਾਰ ਦਿੱਤਾ ਗਿਆ ਤੇ ਇਸ ਤਰ੍ਹਾਂ ਗਲਤ ਮਲਤ ਜਾਣਕਾਰੀ ਦੇਣ ਲਈ ਇਸ ਦੀ ਨਿਖੇਧੀ ਵੀ ਕੀਤੀ ਗਈ| ਨੌਰਥ ਅਮੈਰਿਕਾ ਤੇ ਯੂਕੇ ਦੇ ਅਹਿਮ ਇੰਸਟੀਚਿਊਸ਼ਨਜ਼ ਨਾਲ ਜੁੜੇ ਵਿਦਵਾਨਾਂ ਵੱਲੋਂ ਇਸ ਰਿਪੋਰਟ ਨੂੰ ਵਾਪਿਸ ਲੈਣ ਦੀ ਮੰਗ ਵੀ ਕੀਤੀ ਗਈ ਹੈ| ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਇੰਤਹਾਪਸੰਦੀ ਦੀ ਪੈਰਵੀ ਕਰਨ ਵਾਲੇ ਸਿੱਖ ਕੈਨੇਡੀਅਨਾਂ ਨੂੰ ਵਿਦੇਸ਼ ਦੇ ਪ੍ਰਭਾਵ ਹੇਠ ਆਏ ਐਕਟਰਜ਼ ਦਾ ਦਰਜਾ ਦਿੱਤਾ ਗਿਆ ਹੈ|
ਮੈਕਡੌਨਲਡ ਲੌਰੀਅਰ ਇੰਸਟੀਚਿਊਟ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਵਿਦਵਾਨਾਂ ਨੇ ਇਹ ਵੀ ਆਖਿਆ ਹੈ ਕਿ ਇਹ ਰਿਪੋਰਟ ਕਿਸੇ ਵੀ ਪੱਖੋਂ ਕੈਨੇਡੀਅਨ ਨਹੀਂ ਹੈ, ਇਸ ਵਿੱਚ ਵਿਚਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਖਾਲਿਸਤਾਨੀ ਸਰਗਰਮੀਆਂ ਬਾਰੇ ਵਿਦੇਸ਼ੀ, ਭਾਰਤ ਸਰਕਾਰ ਦੀ ਬੋਲੀ, ਬੋਲੀ ਗਈ ਹੈ| ਇਸ ਰਿਪੋਰਟ ਵਿੱਚ ਛਾਪੇ ਗਏ ਹਵਾਲੇ ਇੱਕਪਾਸੜ ਹਨ ਤੇ ਸਾਹਿਤਕ ਮੁਲਾਂਕਣ ਦੀ ਵੀ ਕਮੀ ਖਲਦੀ ਹੈ|
ਡਬਲਿਊ ਐਸ ਓ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਬੜੀ ਨਿਰਾਸ਼ਾ ਹੈ ਕਿ ਮੈਕਡੌਨਲਡ ਲੌਰੀਅਰ ਇੰਸਟੀਚਿਊਟ ਨੇ ਖਾਲਿਸਤਾਨ ਬਾਰੇ ਮਿਲੇਵਸਕੀ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ| ਇਸ ਰਿਪੋਰਟ ਸਬੰਧੀ ਕੀਤੀ ਗਈ ਖੋਜਬੀਣ ਬਹੁਤ ਮਾੜੀ ਹੈ, ਇਸ ਵਿੱਚ ਨਿਰਅਧਾਰ ਦਾਅਵੇ ਕੀਤੇ ਗਏ ਹਨ, ਇਸ ਵਿੱਚ ਦਿੱਤੇ ਹਵਾਲਿਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਮੁੱਦੇ ਉੱਤੇ ਕੋਈ ਠੋਸ ਮੁਲਾਂਕਣ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ|
ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਭਾਰਤ ਵਿਚਲੀਆਂ ਕਈ ਜਾਅਲੀ ਨਿਊਜ਼ ਸਾਈਟਜ਼ ਵੱਲੋਂ ਇਸ ਰਿਪੋਰਟ ਦੇ ਪੱਖ ਵਿੱਚ ਲੇਖ ਛਾਪੇ ਗਏ ਹਨ ਤੇ ਇਸ ਦੇ ਜਾਰੀ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਦੁਨੀਆਂ ਭਰ ਦੀਆਂ ਭਾਰਤੀ ਅੰਬੈਸੀਜ਼ ਵੱਲੋਂ ਬੜੇ ਹੀ ਗਿਣੇ ਮਿਥੇ ਢੰਗ ਨਾਲ ਇਸ ਦੇ ਲਿੰਕ ਪਬਲਿਸ਼ ਕੀਤੇ ਗਏ| ਪਰ ਇਹ ਰਿਪੋਰਟ ਵਿੱਦਿਅਕ ਤੇ ਪੱਤਰਕਾਰਿਤਾ ਦੇ ਮਿਆਰਾਂ ਦੇ ਹਿਸਾਬ ਨਾਲ ਕਾਫੀ ਨਮੋਸੀਜ਼ਨਕ ਰਹੀ ਹੈ|