Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਮੇਅਰ ਲਈ ਉਮੀਦਵਾਰ ਪੈਟ੍ਰਿਕ ਬਰਾਊਂਨ ਦੀ ਚੋਣ-ਮਹਿੰਮ ਨੂੰ ਪੰਜਾਬੀ ਕਮਿਊਨਿਟੀ ਵੱਲੋਂ ਮਿਲਿਆ ਭਰਪੂਰ ਹੁੰਗਾਰ

September 10, 2018 11:33 PM

'ਪੰਜਾਬ ਸਪੋਰਟਸ' ਦੇ ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ

ਬਰੈਂਪਟਨ, (ਡਾ.ਝੰਡ) -ਬੀਤੇ ਸ਼ਨੀਵਾਰ 8 ਸਤੰਬਰ ਨੂੰ 'ਪੰਜਾਬ ਸਪੋਰਟਸ' ਦੇ ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਬਰੈਂਪਟਨ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਪੈਟ੍ਰਿਕ ਬਰਾਊਨ ਦੇ ਸਮੱਥਕਾਂ ਦੀ ਇਕੱਤਰਤਾ ਹੋਈ ਜਿਸ ਵਿਚ ਪੰਜਾਬੀ ਕਮਿਊਨਿਟੀ ਦੇ 50 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ। ਇਨ੍ਹਾਂ ਵਿਚ 'ਸਿੱਖ ਸਪੋਰਟਸ', 'ਯੂਨਾਈਟਿਡ ਸਪੋਰਟਸ' ਤੇ 'ਗੁਰੂ ਨਾਨਕ ਕਮੇਟੀ ਆਫ਼ ਸਪੋਰਟਸ ਫ਼ਾਊਡੇਸ਼ਨ' ਦੇ ਨੁਮਾਇੰਦੇ ਅਤੇ ਕਈ ਹੋਰ ਵਿਅੱਕਤੀ ਸ਼ਾਮਲ ਸਨ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਪ੍ਰਵੀਨ ਨੇ ਬਲਬੀਰ ਸਿੰਘ ਸੰਧੂ ਵੱਲੋਂ ਪੈਟ੍ਰਿਕ ਬਰਾਊਨ ਅਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਨੂੰ 'ਜੀ ਆਇਆਂ' ਕਿਹਾ। ਉਪਰੰਤ, ਮੇਜਰ ਸਿੰਘ ਨਾਗਰਾ ਨੇ ਹਾਜ਼ਰੀਨ ਨੂੰ ਪੈਟ੍ਰਿਕ ਬਰਾਊਨ ਦੇ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਬਰੈਂਪਟਨ ਦੇ ਮੇਅਰ ਦੀ ਚੋਣ ਕਿਉਂ ਲੜ ਰਹੇ ਹਨ। ਉਨ੍ਹਾਂ ਬਰੈਂਪਟਨ ਦੇ ਪਿਛਲੇ ਮਿਉਂਨਿਸਿਪਲ ਪ੍ਰਸਾਸ਼ਨ ਦੀਆਂ ਕਈ ਨਾਕਾਮੀਆਂ ਬਾਰੇ ਵੀ ਜਿ਼ਕਰ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਪੈਟ੍ਰਿਕ ਬਰਾਊਨ ਨੇ ਕਿਹਾ ਕਿ ਉਹ ਬਰੈਂਪਟਨ ਪ੍ਰਸਾਸ਼ਨ ਦੀ ਪਿਛਲੀ ਕਾਰਗ਼ੁਜ਼ਾਰੀ ਤੋਂ ਕਾਫ਼ੀ ਨਿਰਾਸ਼ ਹਨ ਅਤੇ ਇਸ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਲੀਹਾਂ 'ਤੇ ਤੋਰਨਾ ਚਾਹੁੰਦੇ ਹਨ। ਸ਼ਹਿਰ ਵਿਚ ਟਰਾਂਜਿ਼ਟ ਸਿਸਟਮ ਅਤੇ ਅਮਨ ਕਾਨੂੰਨ ਦੀ ਬਹੁਤ ਬੁਰੀ ਹਾਲਤ ਹੈ। ਕਰਾਈਮ ਰੇਟ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਦੇ ਕੰਟਰੋਲ ਲਈ ਇੱਥੇ ਕੇਵਲ 130 ਪੋਲੀਸ ਅਫ਼ਸਰ ਹੀ ਤਾਇਨਾਤ ਹਨ। ਗਵਾਂਢੀ ਮਿਸੀਸਾਗਾ ਅਤੇ ਇਸ ਦੇ ਆਸ-ਪਾਸ ਦੇ ਕਈ ਹੋਰ ਛੋਟੇ ਸ਼ਹਿਰ ਵਿਕਾਸ ਪੱਖੋਂ ਇਸ ਤੋਂ ਬਹੁਤ ਅੱਗੇ ਲੰਘ ਗਏ ਹਨ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਉਨ੍ਹਾਂ ਨੂੰ ਵਿੱਤੀ-ਸਹਾਇਤਾ ਵੀ ਬਰੈਂਪਟਨ ਦੇ ਮੁਕਾਬਲੇ ਵਧੇਰੇ ਦਿੱਤੀ ਜਾ ਰਹੀ ਹੈ ਅਤੇ ਸਾਡੇ ਮੇਅਰ ਬਰੈਂਪਟਨ ਨੂੰ ਮਿਲ ਰਹੀ ਮੌਜੂਦਾ ਵਿੱਤੀ-ਸਹਾਇਤਾ ਨਾਲ ਹੀ ਸੰਤੁਸ਼ਟ ਹਨ।
ਬਰੈਂਪਟਨ ਵਿਚ ਬਣਨ ਜਾ ਰਹੀ ਯੂਨੀਵਰਸਿਟੀ ਬਾਰੇ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰਾਇਰਸਨ ਯੂਨੀਵਰਸਿਟੀ ਦਾ ਕੇਵਲ 'ਸੈਟੇਲਾਈਟ ਸਾਈਬਰ ਸਕਿਉਰਿਟੀ' ਦਾ ਕੰਮ ਹੀ ਕਰੇਗੀ ਅਤੇ ਬਰੈਂਪਟਨ-ਵਾਸੀਆਂ ਨੂੰ ਇਸ ਤੋਂ ਹੋਰ ਕੋਈ ਵਿਸ਼ੇਸ਼ ਲਾਭ ਪ੍ਰਾਪਤ ਹੋਣ ਦੀ ਆਸ ਨਹੀਂ ਹੈ। ਉਨ੍ਹਾਂ ਯੂਨੀਵਰਸਿਟੀ ਲਈ ਚੁਣੀ ਗਈ ਤੰਗ ਜਗ੍ਹਾ ਅਤੇ ਇਸ ਵਿਚ ਸਾਲ 2022 ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸੀਮਤ ਜਿਹੀ ਗਿਣਤੀ ਬਾਰੇ ਭਰਪੂਰ ਖ਼ੁਲਾਸਾ ਕੀਤਾ। ਉਨ੍ਹਾਂ ਬੀਤੇ ਮਹੀਨੇ ਕੀਤੇ ਗਏ ਆਪਣੇ ਭਾਰਤ ਦੌਰੇ ਅਤੇ ਉੱਥੇ ਕਈ ਨੇਤਾਵਾਂ ਨੂੰ ਮਿਲਣ ਬਾਰੇ ਵੀ ਜਿ਼ਕਰ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਬਰੈਂਪਟਨ ਵਿਚ ਹੋਰ ਨੌਕਰੀਆਂ ਪੈਦਾ ਕਰਨ, ਟਰੈਫਿ਼ਕ ਦਾ ਰੱਸ਼ ਘਟਾਉਣ, ਪ੍ਰਾਪਰਟੀ ਟੈਕਸ ਜਾਮ ਕਰਨ ਅਤੇ ਸ਼ਹਿਰ ਵਿੱਚ ਕਰਾਈਮ ਘੱਟ ਕਰ 'ਤੇ ਜ਼ੋਰ ਦਿੱਤਾ। ਇਸ ਮੌਕੇ ਮੇਜ਼ਬਾਨ ਬਲਬੀਰ ਸੰਧੂ ਵੱਲੋਂ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ। ਅਖ਼ੀਰ ਵਿਚ ਮੇਜਰ ਨਾਗਰਾ ਵੱਲੋਂ ਇਸ ਮੌਕੇ ਆਏ ਸਾਰੇ ਵਿਅੱਕਤੀਆਂ ਦਾ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ