Welcome to Canadian Punjabi Post
Follow us on

16

October 2018
ਜੀਟੀਏ

ਬਰੈਂਪਟਨ ਤੋਂ ਮੇਅਰ ਦੀ ਮੁੜ ਚੋਣ ਲੜ ਰਹੀ ਲਿੰਡਾ ਜੈਫ਼ਰੀ ਨੇ ਵਧਾਈਆਂ ਆਪਣੀਆਂ ਚੋਣ ਸਰਗ਼ਰਮੀਆਂ

September 10, 2018 11:30 PM

-ਜੀ.ਟੀ.ਐੱਮ. ਅਤੇ ਟੀ.ਪੀ.ਏ.ਆਰ. ਦੇ ਮੈਂਬਰਾਂ ਦੇ ਸਹਿਯੋਗ ਨਾਲ ਸੁਰਿੰਦਰਪਾਲ ਸਿੰਘ ਦੇ ਘਰ ਹੋਈ ਭਰਵੀਂ-ਇਕੱਤਰਤਾ 


ਬਰੈਂਪਟਨ, (ਡਾ. ਝੰਡ) -22 ਅਕਤੂਬਰ ਨੂੰ ਹੋ ਰਹੀਆਂ ਮਿਉਂਨਿਸਿਪਲ ਚੋਣਾਂ ਵਿਚ ਬਰੈਂਪਟਨ ਤੋਂ ਮੇਅਰ ਦੀ ਮੁੜ ਚੋਣ ਲੜ ਰਹੀ ਲੰਡਾ ਜੈਫ਼ਰੀ ਨੇ ਚੋਣ ਆਪਣੀਆਂ ਸਰਗ਼ਰਮੀਆਂ ਕਾਫ਼ੀ ਵਧਾ ਦਿੱਤੀਆਂ ਹਨ। ਉਹ ਜਿੱਥੇ ਵੱਖ-ਵੱਖ ਸੰਚਾਰ ਮਾਧਿਅਮਾਂ ਰਾਹੀਂ ਆਪਣੀ ਮੌਜੂਦਾ ਟੱਰਮ ਵਿਚ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ, ਉੱਥੇ ਉਹ ਲੋਕਾਂ ਦੇ ਘਰੀਂ ਜਾ ਕੇ ਅਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਵੀ ਆਪਣਾ ਚੋਣ-ਪ੍ਰਚਾਰ ਕਰ ਰਹੇ ਹਨ।
ਏਸੇ ਸਿਲਸਿਲੇ ਵਿਚ ਉਹ ਬੀਤੇ ਸ਼ੁੱਕਰਵਾਰ 8 ਸਤੰਬਰ ਨੂੰ ਸੁਰਿੰਦਰਪਾਲ ਸਿੰਘ ਉਰਫ਼ ‘ਸੰਨੀ’ ਦੇ ਗ੍ਰਹਿ ਵਿਖੇ ਸ਼ਾਮ ਨੂੰ ਸੱਤ ਵਜੇ ਪਧਾਰੇ ਜਿੱਥੇ ਮੇਜ਼ਬਾਨ ਵੱਲੋਂ ਬੁਲਾਏ ਗਏ ਦੋਸਤ-ਮਿੱਤਰ, ਨਜ਼ਦੀਕੀ ਅਤੇ ਸ਼ੁਭ-ਚਿੰਤਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਨਾਲ ਦੀ ਨਾਲ ਸਨੈਕਸ ਤੇ ਚਾਹ-ਪਾਣੀ ਦਾ ਅਨੰਦ ਲੈ ਰਹੇ ਸਨ। ਵੱਖ-ਵੱਖ ਮੇਜ਼ਾਂ 'ਤੇ ਜਾ ਕੇ ਲਿੰਡਾ ਜੈਫ਼ਰੀ ਸਾਰਿਆਂ ਨੂੰ ਮਿਲੇ ਅਤੇ ਫਿਰ ਉਨ੍ਹਾਂ ਦੇ ਵਿਚਕਾਰ ਖਲੋ ਕੇ ਬੜੇ ਭਾਵ-ਪੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਟੱਰਮ ਵਿਚ ਬਰੈਂਪਟਨ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨ ਦੀ ਕੋਸਿ਼ਸ਼ ਕੀਤੀ ਹੈ ਜਿਨ੍ਹਾਂ ਵਿਚ ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਨ ਕਾਲਜ ਦੇ ਸਹਿਯੋਗ ਨਾਲ ਬਰੈਂਪਟਨ ਵਿਚ ਯੂਨੀਵਰਸਿਟੀ ਕਾਇਮ ਕਰਨ ਲਈ ਲਿਆ ਗਿਆ ਸੁਹਿਰਦ ਕਦਮ, ਸ਼ਹਿਰ ਦੇ ਟਰਾਂਜਿ਼ਟ ਸਿਸਟਮ ਵਿਚ ਸੁਧਾਰ ਤੇ ਵਾਧਾ, ਨਵੀਆਂ ਨੌਕਰੀਆਂ ਪੈਦਾ ਕਰਨ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਨਵੇਂ ਉਦਯੋਗ ਦੇ ਆਉਣ ਨਾਲ ਪ੍ਰਾਪਰਟੀ ਟੈਕਸ ਘਟਾਉਣ ਦੇ ਯਤਨ ਅਤੇ ਸਿਹਤ ਸਬੰਧੀ ਸੁਧਾਰ, ਆਦਿ ਸ਼ਾਮਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਟੱਰਮ ਵਿਚ ਉਨ੍ਹਾਂ ਨੂੰ ਕੁਝ ਕੁ ਸਿਟੀ ਕਾਊਂਸਲਰਾਂ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਕਰਕੇ ਕਈ ਕੰਮ ਅਧੂਰੇ ਰਹਿ ਗਏ ਅਤੇ ਕਈ ਪ੍ਰਾਜੈੱਕਟ ਸ਼ੁਰੂ ਹੀ ਨਹੀਂ ਕੀਤੇ ਜਾ ਸਕੇ ਜਿਨ੍ਹਾਂ ਵਿਚ 'ਐੱਲ.ਆਰ.ਟੀ. ਪ੍ਰਾਜੈੱਕਟ' ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਬਰੈਂਪਟਨ ਦੇ ਵੋਟਰਾਂ ਵੱਲੋਂ ਇਸ ਵਾਰ ਉਨ੍ਹਾਂ ਦੇ ਨਾਲ ਕਾਊਂਸਲਰਾਂ ਦੀ ਮਜ਼ਬੂਤ ਸਹਿਯੋਗੀ ਟੀਮ ਦੀ ਚੋਣ ਕੀਤੀ ਜਾਏਗੀ ਤਾਂ ਜੋ ਇਸ ਸ਼ਹਿਰ ਦਾ ਹੋ ਵੀ ਤੇਜ਼ੀ ਨਾਲ ਵਿਕਾਸ ਕੀਤਾ ਜਾ ਸਕੇ ਅਤੇ ਬਰੈਂਪਟਨ-ਵਾਸੀਆਂ ਦੇ ਜੀਵਨ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਬੀਤੇ ਦਿਨੀਂ ਹੋਈਆਂ ਕੁਝ ਹਿੰਸਕ ਘਟਨਾਵਾਂ ਉੱਪਰ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਉਨ੍ਹਾਂ ਸ਼ਹਿਰ ਵਿਚ ਵਧੇਰੇ ਪੋਲੀਸਿੰਗ ਦੀ ਲੋੜ ਦੀ ਗੱਲ ਕੀਤੀ। ਇਸ ਸੰਖੇਪ ਦੌਰਾਨ ਮੇਜ਼ਬਾਨ ਵੱਲੋਂ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਆਪਣੇ ਸੰਬੋਧਨ ਤੋਂ ਬਾਅਦ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਟੱਰਮ ਵਿਚ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਲੋਕਾਂ ਦੀ ਸੁਰੱਖਿਆ ਅਤੇ ਬਰੈਂਪਟਨ ਵਿਚ ਹੋਰ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਕੰਮ ਕਰਨਗੇ। ਉਹ ਰਾਇਰਸਨ ਯੂਨੀਵਰਸਿਟੀ ਅਤੇ ਸੈ਼ਰੀਡਨ ਕਾਲਜ ਦੇ ਸਾਂਝੇ ਯਤਨਾਂ ਨਾਲ ਬਣਾਈ ਜਾ ਰਹੀ ਯੂਨੀਵਰਸਿਟੀ ਲਈ ਪ੍ਰੋਵਿੰਸ਼ੀਅਲ ਸਰਕਾਰ ਕੋਲੋਂ ਵੱਧ ਤੋਂ ਵੱਧ ਰਕਮ ਦੀ ਮੰਗ ਕਰਗੇ ਅਤੇ ਇਸ ਦੇ ਲਈ ਘੱਟੋ-ਘੱਟ 99 ਮਿਲੀਅਨ ਡਾਲਰ ਰਾਸ਼ੀ ਨਿਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਵੀਂ ਯੂਨੀਵਰਸਿਟੀ ਵਿਚ 2022 ਤੱਕ ਸਾਇੰਸ, ਟੈਕਨਾਲੌਜੀ, ਇੰਜੀਨੀਅਰਿੰਗ ਤੇ ਮੈਥ ਦੀਆਂ ਕਲਾਸਾਂ ਸੂਰੂ ਹੋ ਜਾਣਗੀਆਂ ਅਤੇ ਇਨ੍ਹਾਂ ਤੋਂ ਇਲਾਵਾ ਇਸ ਵਿਚ ਮੈਡੀਕਲ ਫ਼ੈਕਲਟੀ ਲਿਆਉਣ ਦੀ ਵੀ ਕੋਸਿ਼ਸ਼ ਕੀਤੀ ਜਾਏਗੀ ਅਤੇ ਔਪਟੀਕਲ ਐੱਕਸ-ਰੇ ਆਦਿ ਦਾ ਵੀ ਪ੍ਰਬੰਧ ਕੀਤਾ ਜਾਏਗਾ। ਸਾਈਬਰ ਸਕਿਉਰਿਟੀ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਏਗਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋਰ ਨਵੇਂ ਬਿਜ਼ਨੈੱਸ ਆਉਣ ਨਾਲ ਇਸ ਦੀ ਵਿੱਤੀ-ਸਥਿਤੀ ਮਜ਼ਬੂਤ ਹੋਵੇਗੀ ਅਤੇ ਲੋਕਾਂ 'ਤੇ ਪੈਣ ਵਾਲ ਪ੍ਰਾਪਰਟੀ-ਟੈਕਸ ਦਾ ਬੋਝ ਘਟੇਗਾ। ਇਸ ਮੌਕੇ ਹਾਜ਼ਰ ਵਿਅੱਕਤੀਆਂ ਵਿਚ ‘ਜੀ.ਟੀ.ਐੱਮ’ ਦੇ ਕਰਤਾ-ਧਰਤਾ ਬਲਜਿੰਦਰ ਲੇਲਣਾ ਤੇ ਜਸਪਾਲ ਗਰੇਵਾਲ, ‘ਟੀ.ਪੀ.ਏ.ਆਰ. ਕਲੱਬ’ ਦੇ ਪ੍ਰਧਾਨ ਹਰਭਜਨ ਸਿੰਘ ਗਿੱਲ ਅਤੇ ਇਸ ਦੇ ਸਰਗ਼ਰਮ ਮੈਂਬਰਾਂ ਕੇਸਰ ਸਿੰਘ, ਗੁਰਮੇਜ ਸਿੰਘ ਰਾਏ, ਹਰਜੀਤ ਸਿੰਘ, ਸੁਖਦੇਵ ਸਿੱਧਵਾਂ ਤੇ ਹੋਰਨਾਂ ਸਮੇਤ 70-80 ਵਿਅੱਕਤੀ ਸ਼ਾਮਲ ਸਨ।

 

Have something to say? Post your comment