ਚੰਡੀਗੜ੍ਹ, 18 ਨਵੰਬਰ (ਪੋਸਟ ਬਿਊਰੋ): ਅਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਨਿਰੰਕਾਰੀ ਭਵਨ 'ਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ 3 ਦੀ ਮੌਤ ਹੋ ਗਈ ਹੈ, ਜਦੋਂ ਕਿ 15 ਤੋਂ 20 ਲੋਕ ਜਖ਼ਮੀ ਹੋ ਗਏ ਹਨ। ਹਮਲੇ `ਚ ਜਖ਼ਮੀ ਲੋਕਾਂ `ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰੰਕਾਰੀ ਭਵਨ 'ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਨੇ ਗ੍ਰੇਨੇਡ ਬੰਬ ਸੁੱਟਿਆ ਤੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੰਬ ਧਮਾਕੇ 'ਚ ਮਾਰੇ ਗਏ ਤਿੰਨ ਵਿਅਕਤੀਆਂ 'ਚੋਂ ਇਕ ਵਿਅਕਤੀ ਮਹਾਪੁਰਸ਼ ਸੁਖਦੇਵ ਕੁਮਾਰ ਪ੍ਰਚਾਰਕ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਹੇ। ਪੰਜਾਬ `ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ਾਮ ਤੱਕ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅਸੀ ਇਸਨੂੰ ਆਤੰਕੀ ਹਮਲਾ ਮੰਨ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਜਾਂਚ ਕਰ ਰਹੇ ਹਾਂ।