Welcome to Canadian Punjabi Post
Follow us on

16

October 2018
ਜੀਟੀਏ

ਸਿੱਖੀ ਸਰੂਪ ਕਾਰਨ ਕੈਲੇਡਨ ਦੇ ਉਮੀਦਵਾਰ ਨੂੰ ਕਰਨਾ ਪੈ ਰਿਹਾ ਹੈ ਨਸਲਵਾਦ ਤੇ ਨਫ਼ਰਤ ਦਾ ਸਾਹਮਣਾ

September 10, 2018 11:20 PM

"ਕੇਸ ਪੁਲਿਸ ਨੂੰ ਨਹੀਂ ਦਿੱਤਾ, ਅਸੀਂ ਇਸ ਨੂੰ ਪਿਆਰ ਨਾਲ ਹੀ ਨਜਿੱਠਾਂਗੇ" : ਸੰਦੀਪ ਸਿੰਘ 

ਬਰੈਂਪਟਨ: (ਡਾ. ਝੰਡ) -22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਕੈਲੇਡਨ ਵਿਚ ਬੀਤੇ ਦਿਨੀਂ ਨਸਲਵਾਦ ਤੇ ਨਫ਼ਰਤ ਦੇ ਤਿੰਨ ਕੇਸ ਸਾਹਮਣੇ ਆਏ ਹਨ। ਕੈਲੇਡਨ ਵਾਰਡ 2 ਵਿਚ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਸੰਦੀਪ ਸਿੰਘ ਨੇ ਦੱਸਿਆ ਕਿ ਚੋਣ-ਪ੍ਰਚਾਰ ਦੌਰਾਨ ਉਨ੍ਹਾਂ ਨੂੰ ਆਪਣੇ ਸਿੱਖੀ ਸਰੂਪ ਕਾਰਨ ਕਈ ਥਾਈਂ ਨਸਲਵਾਦੀ ਟਿੱਪਣੀਆਂ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮੰਦਭਾਗੀ ਘਟਨਾ ਤਾਂ ਇਨ੍ਹਾਂ ਚੋਣਾਂ ਲਈ ਉਨ੍ਹਾਂ ਵੱਲੋਂ ਆਪਣੀ ਉਮੀਦਵਾਰੀ ਐਲਾਨਣ ਤੋਂ ਪਹਿਲਾਂ ਹੀ ਵਾਪਰ ਗਈ ਜਦੋਂ ਇਕ ਔਰਤ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਕੈਲੇਡਨ ਵਿਚ ਚੋਣ ਲੜਨ ਲਈ ਉਨ੍ਹਾਂ ਨੂੰ ਕਲੀਨ-ਸ਼ੇਵਨ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਕਦੇ ਵੀ ਇਹ ਚੋਣ ਨਹੀਂ ਜਿੱਤ ਸਕਦੇ। ਇਸ ਦੇ ਜੁਆਬ ਵਿਚ ਉਨ੍ਹਾਂ ਉਸ ਔਰਤ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਇਹ ਉਨ੍ਹਾਂ ਦਾ ਧਾਰਮਿਕ ਅਕੀਦਾ ਹੈ ਤੇ ਉਹ ਏਸੇ ਸਰੂਪ ਵਿਚ ਹੀ ਰਹਿਣਗੇ ਅਤੇ ਇਹ ਚੋਣ ਵੀ ਲੜਨਗੇ।
ਸੰਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਸਿੱਖੀ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਇਹ ਉਹ ਮੌਕਾ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਕਈ ਲੋਕਾਂ ਦੇ ਮਨਾਂ ਵਿਚ ਅਜੇ ਵੀ ਨਸਲਵਾਦੀ ਨਫ਼ਰਤ ਮੌਜੂਦ ਹੈ ਅਤੇ ਇਸ ਨੂੰ ਦੂਰ ਕਰਨ ਲਈ ਪਿਆਰ ਨਾਲ ਸਮਝਾਉਣ ਵਾਲੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਇਸ ਚੋਣ ਲੜਨ ਦਾ ਇਕ ਮਕਸਦ ਇਹ ਵੀ ਹੈ ਕਿ ਮੈਂ ਲੋਕਾਂ ਦੇ ਮਨਾਂ ਵਿਚਲੀ ਨਫ਼ਰਤ ਨੂੰ ਪਿਆਰ ਨਾਲ ਦੂਰ ਕਰਾਂ। ਪ੍ਰਮਾਤਮਾਂ ਨੇ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਸਰੂਪ ਵਿਚ ਬਣਾਇਆ ਹੈ ਅਤੇ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਸਾਡੇ ਮਨਾਂ ਵਿਚ ਦੂਸਰਿਆਂ ਪ੍ਰਤੀ ਨਫ਼ਰਤ ਨਹੀਂ ਹੋਣੀ ਚਾਹੀਦੀ।
ਇਸ ਤੋਂ ਬਾਅਦ ਚੋਣ-ਮੁਹਿੰਮ ਦੌਰਾਨ ਉਨ੍ਹਾਂ ਦੇ ਵਾਲੰਟੀਅਰਾਂ ਨੂੰ ਦੋ ਹੋਰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਵਾਲੰਟੀਅਰ ਘਰਾਂ ਦੇ ਬਾਕਸਾਂ ਵਿਚ ਉਨ੍ਹਾਂ ਦੇ ਫ਼ਲਾਇਰ ਪਾ ਰਹੇ ਸਨ ਤਾਂ ਇਕ ਘਰ ਦੇ ਅੰਦਰੋਂ ਉਨ੍ਹਾਂ ਨੂੰ ਰੋੜੇ ਮਾਰੇ ਗਏ ਤਾਂ ਕਿ ਉਹ ਉੱਥੋਂ ਭੱਜ ਜਾਣ। ਇਕ ਹੋਰ ਘਰ ਦੇ ਸਾਹਮਣੇ ਘਰ ਦੇ ਮਾਲਕ ਵੱਲੋਂ ਪਾਲਤੂ ਕੁੱਤੇ ਨੂੰ ਵਾਲੰਟੀਅਰਾਂ ਦੇ ਗਰੁੱਪ ਉੱਪਰ ਭੌਂਕਣ ਉਸ ਨੂੰ ਛਿਛਕਾਰ ਕੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਉਕਸਾਇਆ ਗਿਆ। ਇਹ ਦੋਵੇਂ ਮੰਦਭਾਗੀਆਂ ਘਟਨਾਵਾਂ ਅਤੇ ਇਸ ਤੋਂ ਪਹਿਲਾਂ ਹੋਈ ਫ਼ੋਨ ਵਾਲੀ ਘਟਨਾ ਕੋਈ ਵੀ ਪੋਲੀਸ ਨੂੰ ਰਿਪੋਰਟ ਨਹੀਂ ਕੀਤੀ ਗਈ ਕਿਉਂਕਿ ਸੰਦੀਪ ਸਿੰਘ ਦੀ ਟੀਮ ਦੇ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਉਹ ਨਸਲੀ ਹਮਲੇ ਦਾ ਜੁਆਬ ਹਮਲੇ ਵਿਚ ਨਹੀਂ, ਸਗੋਂ ਪਿਆਰ ਵਿਚ ਦੇਣਗੇ।
ਇੱਥੇ ਇਹ ਜਿ਼ਕਰਯੋਗ ਹੈ ਕਿ ਸੰਦੀਪ ਸਿੰਘ ਅੰਮ੍ਰਿਤਧਾਰੀ ਸਿੱਖ ਹਨ। ਉਹ ਕੈਲੇਡਨ ਵਿਚ ਪਿਛਲੇ 10 ਸਾਲ ਤੋਂ ਰਹਿ ਰਹੇ ਹਨ ਅਤੇ ਉਹ ਇਸ ਸ਼ਹਿਰ ਤੇ ਇਸ ਦੀ ਕੁਦਰਤੀ ਸੁੰਦਰਤਾ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਨਫ਼ਰਤ ਭਰਪੂਰ ਇੱਕਾ-ਦੁੱਕਾ ਘਟਨਾਵਾਂ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਾ ਕਿਉਂਕਿ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਵਿਚ ਕਿਧਰੇ ਵੀ ਵਾਪਰ ਸਕਦੀਆਂ ਹਨ ਅਤੇ ਇਨ੍ਹਾਂ ਦਾ ਸਾਹਮਣਾ ਪਿਆਰ ਨਾਲ ਕਰਨਾ ਹੀ ਸੱਭ ਤੋਂ ਬੇਹਤਰ ਹੈ। ਜੇਕਰ ਨਫ਼ਰਤ ਦਾ ਮੁਕਾਬਲਾ ਅਸੀਂ ਨਫ਼ਰਤ ਨਾਲ ਕਰਾਂਗੇ ਤਾਂ ਇਸ ਨਾਲ ਮੁਸ਼ਕਲਾਂ ਹੋਰ ਵੀ ਵੱਧਣਗੀਆਂ। ਮੇਰਾ ਮਕਸਦ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਜੜ੍ਹੋਂ ਖ਼ਤਮ ਕਰਨਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਭਵਿੱਖ ਵਿਚ ਬੁਲਿੰਗ ਵਰਗੀਆਂ ਅਲਾਮਤਾਂ ਦਾ ਸਾਹਮਣਾ ਨਾ ਕਰਨਾ ਪਵੇ।

Have something to say? Post your comment