ਫਰੀਦਕੋਟ, 17 ਨਵੰਬਰ (ਪੋਸਟ ਬਿਊਰੋ)- ਪੈਟਰੋਲ ਪੰਪ ਵੇਚਣ ਦੇ ਨਾਂ ਉਤੇ ਐਨ ਆਰ ਆਈ ਨਾਲ ਧੋਖਾਧੜੀ ਦੇ ਦੋਸ਼ ਵਿੱਚ ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਦੇ ਦੋ ਪੁੱਤਰਾਂ ਅਤੇ ਇਕ ਭਤੀਜੇ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਕਪਿਲ ਦੇਵ ਸਿੰਗਲਾ ਦੀ ਅਦਾਲਤ ਨੇ 2-2 ਸਾਲ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਕੀਤੀ ਹੈ।
ਪਿੰਡ ਕੰਮੇਆਣਾ ਦੇ ਹਰਪਾਲ ਸਿੰਘ ਨੇ ਅਦਾਲਤ 'ਚ ਸੁਰਜੀਤ ਸਿੰਘ ਢਿੱਲੋਂ ਦੇ ਪੁੱਤਰ ਗੁਰਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢਿੱਲੋਂ, ਭਤੀਜੇ ਅਤੇ ਇਕ ਕੁੜੀ ਖਿਲਾਫ ਕੇਸ ਦਰਜ ਕਰਵਾਇਆ ਸੀ। ਗੁਰਵਿੰਦਰ ਸਿੰਘ ਢਿੱਲੋਂ ਆਦਿ ਨੇ ਉਨ੍ਹਾਂ ਨਾਲ ਕੰਮੇਆਣਾ ਦੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਤੇ ਤਿੰਨ ਕਨਾਲ ਜ਼ਮੀਨ ਵੇਚਣ ਦਾ ਸਾਢੇ 41 ਲੱਖ ਵਿੱਚ ਸੌਦਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ 10 ਲੱਖ ਰੁਪਏ ਲੈ ਕੇ ਐਗਰੀਮੈਂਟ ਕੀਤਾ ਸੀ। ਇੰਡੀਅਨ ਆਇਲ ਕੰਪਨੀ ਨੇ ਸਪੱਸ਼ਟ ਕੀਤਾ ਕਿ ਪੈਟਰੋਲ ਪੰਪ ਨੂੰ ਕਿਸੇ ਹੋਰ ਦੇ ਨਾਂ ਟਰਾਂਸਫਰ ਕਰਨ ਦਾ ਕੋਈ ਰਸਤਾ ਨਹੀਂ ਹੁੰਦਾ। ਮੁਲਜ਼ਮਾਂ ਨੇ ਤਿੰਨ ਕਨਾਲ ਜ਼ਮੀਨ ਦੀ ਰਜਿਸਟਰੀ ਤਾਂ ਉਸ ਦੇ ਨਾਂ ਕਰਵਾ ਦਿੱਤੀ, ਪਰ ਪੰਪ ਨੂੰ ਉਹ ਉਸ ਦੇ ਨਾਂ ਨਹੀਂ ਕਰਵਾ ਸਕੇ।