ਹਾਂਗਕਾਂਗ, 14 ਅਗਸਤ (ਪੋਸਟ ਬਿਊਰੋ)- ਹਾਂਗਕਾਂਗ ਦੇ ਮੀਡੀਆ ਕਾਰੋਬਾਰੀ ਜਿੰਮੀ ਲੇਈ ਨੇ ਕਿਹਾ ਕਿ ਉਸ ਨੂੰ ਚੀਨ ਨਹੀਂ ਭੇਜਿਆ ਗਿਆ। ਲੇਈ ਨੂੰ ਕੌਮੀ ਸੁਰੱਖਿਆ ਕਾਨੂੰਨ ਹੇਠ ਉਸ ਦੇ ਘਰੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 36 ਘੰਟਿਆਂ ਮਗਰੋਂ ਜ਼ਮਾਨਤ 'ਤੇ ਛੱਡ ਦਿੱਤਾ ਗਿਆ।
ਜਿੰਮੀ ਲੇਈ ਨੇ ਕੱਲ੍ਹ ਇੱਕ ਲਾਈਵ ਸਟਰੀਮਿੰਗ ਵੀਡੀਓ ਚੈਟਿੰਗ ਵਿੱਚ ਦੱਸਿਆ, ‘15-20 ਪੁਲਸ ਵਾਲੇ ਸਨ। ਉਨ੍ਹਾਂ ਕਿਹਾ ਕਿ ਉਹ ਮੈਨੂੰ ਗ੍ਰਿਫਤਾਰ ਕਰਨ ਆਏ ਹਨ ਤੇ ਕੌਮੀ ਸੁਰੱਖਿਆ ਵਿਭਾਗ ਤੋਂ ਹਨ।’ ਲੇਈ (71) ਨੇ ਕਿਹਾ ਕਿ ਉਸ ਚਿੰਤਾ ਸੀ ਕਿ ਉਸ ਨੂੰ ਚਾਈਨਾ ਮੇਨ ਲੈਂਡ 'ਤੇ ਭੇਜਿਆ ਜਾ ਸਕਦਾ ਹੈ, ਜਿੱਥੇ ਕਾਨੂੰਨੀ ਤੰਤਰ ਵਿੱਚ ਘੱਟ ਸੁਰੱਖਿਆ ਹੈ। ਉਸ ਦਾ ਡਰ ਇਹ ਦੇਖ ਕੇ ਘੱਟ ਹੋ ਗਿਆ ਕਿ ਅਧਿਕਾਰੀ ਮੰਦਾਰਿਨ ਭਾਸ਼ਾ ਵਿੱਚ ਗੱਲ ਨਹੀਂ ਕਰ ਰਹੇ ਸਨ, ਜੋ ਚੀਨ ਦੀ ਭਾਸ਼ਾ ਹੈ। ਉਨ੍ਹਾਂ ਕਿਹਾ, ਮੈਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਜਦੋਂ ਮੈਨੂੰ ਸਮਝ ਆ ਗਿਆ ਕਿ ਮੈਨੂੰ ਚੀਨ ਨਹੀਂ ਭੇਜਿਆ ਜਾਵੇਗਾ। ਲੇਈ ਚੀਨ ਦੀ ਸੱਤਾਧਾਰੀ ਪਾਰਟੀ ਦੇ ਕੱਟੜ ਆਲੋਚਕ ਹਨ। ਉਨ੍ਹਾਂ ਕਿਹਾ, ਜੇ ਮੈਨੂੰ ਪਤਾ ਹੁੰਦਾ ਕਿ ਮੈਂ ਇਥੇ ਹੀ ਰਹਾਂਗਾ ਜਾਂ ਕਿਸੇ ਜੇਲ੍ਹ ਵਿੱਚ ਤਾਂ ਕੀ ਮੈਂ ਕੀ ਖੁਦ 'ਚ ਕੋਈ ਬਦਲਾਅ ਕੀਤਾ ਹੁੰਦਾ? ਮੈਂ ਇਸ ਬਾਰੇ ਸੋਚਿਆ ਅਤੇ ਜਵਾਬ ਮਿਲਿਆ ਨਹੀਂ। ਇਹੀ ਮੇਰਾ ਕਿਰਦਾਰ ਹੈ। ਮੈਂ ਇਸੇ ਤਰ੍ਹਾਂ ਚੀਜ਼ਾਂ 'ਤੇ ਪ੍ਰਤੀਕਿਰਿਆ ਦਿੰਦਾ ਹਾਂ।