Welcome to Canadian Punjabi Post
Follow us on

29

March 2024
 
ਮਨੋਰੰਜਨ

ਕਹਾਣੀ: ਵਰੀ ਵਾਲਾ ਸੂਟ

August 12, 2020 03:12 PM

-ਕੁਲਵੰਤ ਘੋਲੀਆ
ਮੈਂ ਆਪਣੇ ਪਰਵਾਰ ਵਿੱਚੋਂ ਸਭ ਤੋ ਛੋਟੀ ਤੇ ਲਾਡਲੀ ਸੀ, ਤਾਂ ਹੀ ਹਰ ਮੰਗ ਜਲਦੀ ਪੂਰੀ ਹੋ ਜਾਂਦੀ। ਇਹ ਵੇਖ ਕੇ ਦਾਦੀ ਹਮੇਸ਼ਾ ਪਾਪਾ ਨੂੰ ਘੂਰਦੀ ਰਹਿੰਦੀ ਅਤੇ ਕਹਿੰਦੀ, ‘‘ਤੂੰ ਕੁੜੀ ਨੂੰ ਚੰਮ੍ਹਲਾਈ ਜਾਨੈਂ, ਏਨੀ ਖੁੱਲ੍ਹ ਚੰਗੀ ਨਹੀਂ। ਅਗਾਂਹ ਸਹੁਰੇ ਘਰ ਕੀ ਲੱਲਰ ਲਾਊ।”
ਮੇਰੇ ਪਾਪਾ ਵੱਲੋਂ ਪਟਾ ਢਿੱਲਾ ਹੁੰਦੇ ਹੀ ਮਾਂ ਵਾਲੇ ਪਾਸੇ ਕੱਸਿਆ ਜਾਂਦਾ ਅਤੇ ਦਾਦੀ ਮਾਂ ਨੂੰ ਕਹਿੰਦੀ, ‘‘ਅੱਗ ਲੱਗ ਜੇ ਏਸ ਟੀ ਵੀ ਨੂੰ, ਸਾਰਾ ਦਿਨ ਇਸੇ ਵਿੱਚ ਵੜੀ ਰਹਿੰਦੀ ਐ। ਜਿਹੋ ਜਿਹੀ ਵਿਹਲੜ ਆਪ, ਉਹ ਜਿਹੀ ਕੁੜੀ ਜੰਮ ਦਿੱਤੀ।”
ਉਮਰ ਦੇ ਨੱਬੇ ਸਾਲ ਨੂੰ ਪਹੁੰਚੀ ਦਾਦੀ ਸਭ ਨੂੰ ਇੱਕੋ ਤਕੜੀ ਵਿੱਚ ਤੋਲ ਛਡਦੀ। ਮੈਨੂੰ ਕਦੇ ਕਦੇ ਦਾਦੀ 'ਤੇ ਗੁੱਸਾ ਆ ਜਾਣਾ ਤੇ ਮੈਂ ਉਸ ਨੂੰ ਕਹਿਣਾ, ‘‘ਦਾਦੀ ਤੂੰ ਕੌਣ ਹੈਂ ਕਹਿਣ ਵਾਲੀ, ਮੈਂ ਆਪਣੇ ਬਾਪ ਦਾ ਖਾਂਦੀ ਹਾਂ, ਤੇਰਾ ਨਹੀਂ।”
ਮੈਂ ਐਨਾ ਕਹਿ ਕੇ ਪਾਪਾ ਨੂੰ ਹੌਲੀ ਦੇਣੇ ਅੱਖ ਜਿਹੀ ਨੱਪ ਦੇਣੀ। ਪਟਾ ਫਿਰ ਚੜ੍ਹ ਜਾਣਾ ਤੇ ਦਾਦੀ ਨੇ ਬੋਲਣਾ, ‘ਆਹ ਪੁੱਛ ਆਪਣੇ ਪਿਓ ਨੂੰ, ਕੀ ਸੀ ਇਹਦੇ ਕੋਲ, ਨਾਲੇ ਆਹ ਤੇਰੀ ਮਾਂ ਕੋਲ, ਗੱਲਾਂ ਕਰਦੀ ਏਂ।’
ਫਿਰ ਮੈਂ ਮਨ ਹੀ ਮਨ ਹੱਸੀ ਜਾਣਾ, ਸੱਚੀਂ ਵੱਡਿਆਂ ਦੀਆਂ ਗਾਲ੍ਹਾਂ ਵੀ ਬੱਚਿਆਂ ਵਰਗੀਆਂ ਹੁੰਦੀਆਂ ਹਨ।
ਮੈਨੂੰ ਯਾਦ ਹੈ, ਜਦ ਅਸੀਂ ਨਵਾਂ ਘਰ ਬਣਾਉਣਾ ਸੀ ਤਾਂ ਦਾਦੀ ਜ਼ਿੱਦ ਕਰ ਕੇ ਬੈਠੀ ਰਹੀ ਕਿ ਮੈਂ ਪੁਰਾਣਾ ਕਮਰਾ ਨਹੀਂ ਢਾਹੁਣ ਦੇਣਾ ਤੇ ਨਾ ਮੇਰਾ ਸੰਦੂਕ ਉਥੋਂ ਕਿਸੇ ਨੇ ਹਿਲਾਉਣਾ ਹੈ। ਪਤਾ ਨਹੀਂ ਦਾਦੀ ਦੀਆਂ ਕਿਹੜੀਆਂ ਯਾਦਾਂ ਜੁੜੀਆਂ ਸੀ, ਬੱਸ ਫਿਰ ਪਾਪਾ ਨੇ ਉਹ ਕਮਰਾ ਉਸੇ ਤਰ੍ਹਾਂ ਛੱਡ ਦਿੱਤਾ ਤੇ ਅੱਗੇ ਨਵਾਂ ਘਰ ਪਾ ਲਿਆ।
ਮੈਂ ਅਕਸਰ ਦਾਦੀ ਨੂੰ ਕਹਿਣਾ ਕਿ ‘‘ਲਿਆ ਦਾਦੀ ਚਾਬੀ, ਸੰਦੂਕ ਖੋਲ੍ਹੀਏ। ਖੌਰੇ ਸੋਨੇ ਦੀਆਂ ਮੋਹਰਾਂ ਹੀ ਨਿਕਲ ਆਉਣ।'' ਮੇਰੀ ਗੱਲ 'ਤੇ ਸਭ ਹੱਸ ਪੈਂਦੇ, ਪਰ ਦਾਦੀ ਮੱਥੇ ਤਿਉੜੀ ਪਾ ਲੈਂਦੀ ਅਤੇ ਮੈਨੂੰ ਕਹਿੰਦੀ, ‘‘ਖ਼ਬਰਦਾਰ ਜੇ ਮੇਰੇ ਸੰਦੂਕ ਵੱਲ ਝਾਕੀ।”
ਮੈਂ ਅੱਗੋਂ ਦਾਦੀ ਨੂੰ ਹੋਰ ਛੇੜ ਦੇਣਾ, ‘‘ਦਾਦੀ ਉਹਦੇ 'ਚ ਤੇਰੇ ਪੁਰਾਣੇ ਸੂਟ ਹੋਣੇ ਆ?”
ਉਸ ਨੇ ਮੈਨੂੰ ਮੋੜਵਾਂ ਜਵਾਬ ਦੇਣਾ, ‘‘ਤੈਨੂੰ ਕੀ ਅਕਲ ਐ ਕੁੜੀਏ ਸੂਟਾਂ ਬਾਰੇ। ਲੱਖ-ਲੱਖ ਰੁਪਏ ਦੇ ਅਣਸੀਤੇ ਵਰੀ ਵਾਲੇ ਸੂਟ ਪਏ ਨੇ ਮੇਰੇ ਸੰਦੂਕ ਵਿੱਚ।”
ਸੱਚੀਂ ਮੇਰੀ ਉਤਸੁਕਤਾ ਹੋਰ ਵਧ ਜਾਣੀ ਕਿ ਸ਼ਾਇਦ ਦਾਦੀ ਸੱਚ ਬੋਲਦੀ ਹੋਵੇ। ਪਾਪਾ ਅਕਸਰ ਦਸਦੇ ਹੁੰਦੇ ਸੀ ਕਿ ਵੰਡ ਵੇਲੇ ਬੜਾ ਰੌਲਾ ਪਿਆ, ਬੜਾ ਖੂਨ ਖਰਾਬਾ ਹੋਇਆ, ਹਜ਼ਾਰਾਂ ਜਾਨਾਂ ਗਈਆਂ ਅਤੇ ਤੇਰੇ ਦਾਦਾ ਅਤੇ ਦਾਦੀ ਜੀ ਆਪਣਾ ਸਭ ਕੁਝ ਜ਼ਮੀਨ ਜਾਇਦਾਦ ਓਧਰ ਛੱਡ ਆਏ ਅਤੇ ਬੱਸ ਆਹ ਸੰਦੂਕ ਵਿੱਚ ਲੀੜੇ-ਲੱਤੇ ਪਾ ਗੱਡੀ 'ਤੇ ਲੱਦ ਕੇ ਮਸਾਂ ਜਾਨ ਬਚਾਅ ਕੇ ਇਧਰ ਆਏ ਸਨ। ਇਨ੍ਹਾਂ ਨੇ ਔਖੇ-ਸੌਖੇ ਇੱਕ ਕਮਰਾ ਖੜ੍ਹਾ ਕਰ ਲਿਆ ਅਤੇ ਸਿਰ 'ਤੇ ਛੱਤ ਨਸੀਬ ਹੋਏ। ਫਿਰ ਥੋੜ੍ਹੇ ਸਮੇਂ ਬਾਅਦ ਮੈਂ ਪੈਦਾ ਹੋਇਆ। ਤੇਰੇ ਦਾਦਾ ਜੀ ਨੇ ਬੜੀ ਮਿਹਨਤ ਕੀਤੀ ਤੇ ਫਿਰ ਤੋਂ ਜ਼ਮੀਨ ਜਾਇਦਾਦ ਬਣਾ ਲਈ, ਪਰ ਜਲਦੀ ਹੀ ਕਿਸੇ ਬਿਮਾਰੀ ਕਾਰਨ ਇਸ ਸੰਸਾਰ ਤੋਂ ਚਲੇ ਗਏ। ਤੇਰੀ ਦਾਦੀ ਨੇ ਵੀ ਬਹੁਤ ਗਰੀਬੀ ਵੇਖੀ ਹੈ, ਪਰ ਅੱਜ ਅਸੀਂ ਜੋ ਵੀ ਹਾਂ, ਇਨ੍ਹਾਂ ਕਰ ਕੇ ਹੀ ਹਾਂ।
ਇਹ ਸੁਣ ਕੇ ਮੇਰੀਆਂ ਅੱਖਾਂ ਭਰ ਆਉਣੀਆਂ ਤੇ ਦਾਦੀ ਲਈ ਮਣਾਂ ਮੂੰਹੀਂ ਪਿਆਰ ਆਉਣਾ। ਮੈਂ ਸ਼ੁਰੂ ਤੋਂ ਹੀ ਖੁੱਲ੍ਹੇ ਮਾਹੌਲ ਵਿੱਚ ਜੰਮੀ ਪਲੀ ਸੀ। ਸ਼ਾਇਦ ਇਸੇ ਕਰ ਕੇ ਕਦੇ ਕਦੇ ਦਾਦੀ ਦੀਆਂ ਗਾਲ੍ਹਾਂ ਦਾ ਗੁੱਸਾ ਕਰ ਜਾਂਦੀ ਸੀ। ਇੱਕ ਦਿਨ ਅਚਾਨਕ ਦਾਦੀ ਦੀ ਤਬੀਅਤ ਖਰਾਬ ਹੋ ਗਈ। ਦਵਾਈ ਦਾਰੂ ਲਈ, ਪਰ ਤਬੀਅਤ ਦਿਨ-ਬ-ਦਿਨ ਖਰਾਬ ਹੁੰਦੀ ਗਈ। ਉਮਰ ਵੀ ਕਾਫੀ ਸੀ। ਡਾਕਟਰਾਂ ਨੇ ਵੀ ਸੇਵਾ ਕਰਨ ਲਈ ਕਹਿ ਦਿੱਤਾ। ਮੈਂ ਸਾਰਾ ਦਿਨ ਦਾਦੀ ਦੇ ਸਿਰਹਾਣੇ ਬੈਠੇ ਰਹਿਣਾ। ਦਾਦੀ ਬਿਲਕੁਲ ਗੁੰਮ-ਸੁੰਮ ਸੀ। ਮੈਂ ਬਥੇਰਾ ਪੁੱਠਾ ਸਿੱਧਾ ਬੋਲਣਾ ਕਿ ਦਾਦੀ ਗਾਲ੍ਹਾਂ ਕੱਢੇ, ਸੰਦੂਕ ਦਾ ਜਿੰਦਾ ਤੋੜ ਕੇ ਵਰੀ ਵਾਲੇ ਸੂਟ ਕੱਢਣ ਦੀ ਵੀ ਗੱਲ ਕਰਨੀ, ਪਰ ਕੋਈ ਅਸਰ ਨਾ ਹੋਣਾ।
ਮੇਰੀ ਦਾਦੀ ਦੀ ਰੂਹ ਤਾਂ ਸ਼ਾਇਦ ਨਿਕਲ ਗਈ ਸੀ ਬੱਸ ਕੁਝ ਸਾਹ ਹੀ ਬਚੇ ਸਨ ਅਤੇ ਅਗਲੀ ਸਵੇਰ ਦਾਦੀ ਸਾਨੂੰ ਸਾਰਿਆਂ ਨੂੰ ਛੱਡ ਕੇ ਹਮੇਸ਼ਾ ਲਈ ਚਲੀ ਗਈ। ਉਸ ਦਿਨ ਮੈਂ ਬਹੁਤ ਰੋਈ ਅਤੇ ਆਪਣੀ ਸੁੱਧ-ਬੁੱਧ ਗੁਆ ਬੈਠੀ। ਮੈਂ ਜਾਣਦੀ ਸੀ ਕਿ ਮਾਂ ਤੋਂ ਜ਼ਿਆਦਾ ਦਾਦੀ ਨੂੰ ਮੇਰਾ ਫ਼ਿਕਰ ਸੀ। ਦਾਦੀ ਦੀਆਂ ਅੰਤਿਮ ਰਸਮਾਂ ਹੋ ਗਈਆਂ। ਸਾਡੇ ਘਰ ਵਿੱਚ ਚੁੱਪ ਛਾਈ ਹੋਈ ਸੀ। ਕੋਈ ਨਹੀਂ ਸੀ ਹਸਦਾ-ਬੋਲਦਾ। ਮੈਂ ਵੀ ਚੁੱਪ-ਚਾਪ ਬੇਜਾਨਾਂ ਵਾਂਗ ਬੈਠੀ ਰਹਿਣਾ। ਇਕਦਮ ਯਾਦ ਆਇਆ ਤੇ ਮੈਂ ਭੱਜ ਕੇ ਦਾਦੀ ਵਾਲੇ ਕਮਰੇ ਵਿੱਚ ਜਾ ਵੜੀ। ਮੈਂ ਦਾਦੀ ਦੇ ਸੰਦੂਕ ਨੂੰ ਤਕਿਆ ਤਾਂ ਏਦਾਂ ਮਹਿਸੂਸ ਹੋਇਆ ਜਿਵੇਂ ਮੇਰੀ ਦਾਦੀ ਹਾਲੇ ਵੀ ਕਹਿ ਰਹੀ ਹੋਵੇ, ‘‘ਖਬਰਦਾਰ, ਜੇ ਮੇਰੇ ਸੰਦੂਕ ਨੂੰ ਹੱਥ ਲਾਇਆ।” ਮੇਰਾ ਆਪ ਮੁਹਾਰੇ ਅੱਖੋਂ ਡੁੱਲ੍ਹਿਆ ਹੰਝੂ ਗਲ੍ਹ 'ਤੇ ਆ ਗਿਆ ਤੇ ਮੈਂ ਹੱਥ ਨਾਲ ਸਾਫ ਕਰ ਕੇ ਥੋੜ੍ਹਾ ਹੱਸੀ। ਸੰਦੂਕ ਨੂੰ ਹੱਥ ਲਾਇਆ ਹੀ ਸੀ ਕਿ ਪਿੱਛੋਂ ਪਾਪਾ ਵੀ ਆ ਗਏ ਤੇ ਸੰਦੂਕ ਦੀ ਚਾਬੀ ਮੈਨੂੰ ਫੜਾ ਦਿੱਤੀ। ਮੈਂ ਜਲਦੀ ਜਲਦੀ ਦਾਦੀ ਦਾ ਸੰਦੂਕ ਖੋਲ੍ਹ ਲਿਆ। ਮੈਨੂੰ ਲੱਗ ਰਿਹਾ ਸੀ ਜਿਵੇਂ ਦਾਦੀ ਨਾਲ ਫਿਰ ਤੋਂ ਗੱਲਵਕੜੀ ਪੈ ਗਈ ਹੋਵੇ। ਮੇਰੀਆਂ ਅੱਖਾਂ ਫਿਰ ਭਰ ਆਈਆਂ। ਮੈਂ ਆਪਣੀਆਂ ਬਚਪਨ ਦੀਆਂ ਫਰਾਕਾਂ ਵੇਖ, ਮੇਰੇ ਗੁੱਡੀ ਪਟੋਲੇ ਤੇ ਇਥੋਂ ਤੱਕ ਕਿ ਮੰਮੀ ਜੋ ਮੇਰੀਆਂ ਪੁਰਾਣੀਆਂ ਕਿਤਾਬਾਂ ਰੱਦੀ ਵਾਲੇ ਨੂੰ ਵੇਚਦੀ ਸੀ, ਦਾਦੀ ਨੇ ਉਹ ਕਿਤਾਬਾਂ ਵੀ ਵਾਪਸ ਲੈ ਕੇ ਸੰਦੂਕ ਵਿੱਚ ਸਾਂਭ ਲਈਆਂ ਸੀ।
ਸੰਦੂਕ ਵਿੱਚੋਂ ਇੱਕ ਪੁਰਾਣਾ ਫੁੱਲਾਂ ਵਾਲਾ ਝੋਲਾ ਮਿਲਿਆ, ਜਿਸ ਵਿੱਚ ਬਹੁਤ ਹੀ ਖੂਬਸੂਰਤ ਫੁਲਕਾਰੀ ਸੀ। ਪਾਪਾ ਨੇ ਉਸ ਫੁਲਕਾਰੀ ਨੂੰ ਫੜ ਕੇ ਚੁੰਮਿਆ ਤੇ ਕਿੰਨਾ ਚਿਰ ਮੱਥੇ ਨਾਲ ਲਾ ਰੋਈ ਗਏ। ਪਾਪਾ ਨੇ ਦੱਸਿਆ ਕਿ ਆਹ ਫੁਲਕਾਰੀ ਤੇਰੀ ਦਾਦੀ ਨੇ ਤੇਰੇ ਲਈ ਰੱਖੀ ਸੀ ਕਿ ਜਦ ਮੇਰੀ ਪੋਤੀ ਸਹੁਰੇ ਘਰ ਜਾਵੇਗੀ ਤਾਂ ਮੈਂ ਇਹ ਫੁਲਕਾਰੀ ਦੇਵਾਂਗੀ।
ਮੈਂ ਅਤੇ ਪਾਪਾ ਉਸ ਫੁਲਕਾਰੀ ਨਾਲ ਲਿਪਟ ਕੇ ਪਤਾ ਨਹੀਂ ਕਦੋਂ ਤੱਕ ਰੋਈ ਗਏ। ਦੋ ਸਾਲ ਬੀਤ ਗਏ ਇਸ ਗੱਲ ਨੂੰ ਤੇ ਅੱਜ ਮੇਰਾ ਵਿਆਹ ਸੀ। ਇਸ ਘਰ ਨੂੰ ਛੱਡ ਕੇ ਜਾਣ ਦਾ ਸਮਾਂ ਆ ਗਿਆ ਅਤੇ ਸਭ ਤਿਆਰੀਆਂ ਹੋ ਗਈਆਂ ਸਨ। ਮੇਰੀ ਦਵਾਈ ਦਾ ਸਮਾਂ ਹੋ ਗਿਆ। ਮੈਂ ਭੱਜ ਕੇ ਦਾਦੀ ਵਾਲੇ ਕਮਰੇ ਵਿੱਚ ਫਿਰ ਜਾ ਵੜੀ। ਸੰਦੂਕ ਨੂੰ ਘੁੱਟ ਕੇ ਬਾਹਾਂ ਵਿੱਚ ਭਰ ਲਿਆ। ਹੰਝੂ ਰੁਕਣ ਦਾ ਨਾਂਅ ਨਹੀਂ ਸੀ ਲੈ ਰਹੇ। ਚੰਗਾ ਦਾਦੀ ਉਦਾਸ ਨਾ ਹੋਵੀਂ, ਤੂੰ ਹਮੇਸ਼ਾ ਮੇਰੇ ਨਾਲ ਹੀ ਰਹੇਂਗੀ। ਪਤਾ ਹੀ ਨਹੀਂ ਬੱਚਿਆਂ ਵਾਂਗ ਅੱਜ ਮੈਂ ਕਿੰਨੀਆਂ ਗੱਲਾਂ ਦਾਦੀ ਦੇ ਸੰਦੂਕ ਨਾਲ ਕੀਤੀਆਂ। ਦਾਦੀ ਦਾ ਸੰਦੂਕ ਖੋਲ੍ਹ ਕੇ ਉਹ ਫੁਲਕਾਰੀ ਚੁੱਕੀ ਤੇ ਆਪਣੇ ‘ਵਰੀ ਵਾਲੇ ਸੂਟ’ ਨਾਲ ਰੱਖ ਲਈ। ਇੰਝ ਲੱਗਦਾ ਸੀ ਕਿ ਜਿਵੇਂ ਇਸ ਘਰ 'ਚੋਂ ਮੈਂ ਇਕੱਲੀ ਨਹੀਂ ਸੀ ਜਾ ਰਹੀ ਸਗੋਂ ਮੇਰੀ ਦਾਦੀ ਵੀ ਅੰਤਾਂ ਦਾ ਮੋਹ ਲੈ ਕੇ ਮੇਰੇ ‘ਵਰੀ ਵਾਲੇ ਸੂਟ' ਨਾਲ ਫੁਲਕਾਰੀ ਬਣ ਰਹੀ ਸੀ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ