Welcome to Canadian Punjabi Post
Follow us on

21

September 2020
ਬ੍ਰੈਕਿੰਗ ਖ਼ਬਰਾਂ :
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲ
ਨਜਰਰੀਆ

ਕਦੇ ਨਾ ਖਾਧੇ ਤੇਰੇ ਖੱਟੇ-ਮਿੱਠੇ ਜਾਮਣੂੰ

August 12, 2020 03:04 PM

-ਡਾ. ਬਲਵਿੰਦਰ ਸਿੰਘ ਲੱਖੇਵਾਲੀ

ਕਦੇ ਨਾ ਖਾਧੇ ਤੇਰੇ ਖੱਟੇ-ਮਿੱਠੇ ਜਾਮਣੂੰ
ਕਦੇ ਨਾ ਖਾਧੇ ਤੇਰੇ ਰਸ ਪੇੜੇ
ਤੂੰਬਾ ਵੱਜਦਾ ਈ ਜਾਲਮਾ, ਵਿੱਚ ਵਿਹੜੇ..
ਖੱਟੇ-ਮਿੱਠੇ ਜਾਮਣੂੁੰ ਅੱਜ-ਕੱਲ੍ਹ ਘਰੀਂ ਘੱਟ ਤੇ ਬਾਜ਼ਾਰੀਂ ਵੱਧ ਮਿਲਦੇ ਹਨ। ਜਿਹੜੇ ਰੁੱਖ ਹਰ ਸਾਲ ਕਾਲੀਆਂ ਸ਼ਾਹ ਜਾਮਣਾਂ ਨਾਲ ਭਰਦੇ ਹੁੰਦੇ ਸਨ, ਉਹ ਹਰ ਦਿਨ ਮਨੁੱਖ ਦੀ ਹੋ ਰਹੀ ਤਰੱਕੀ ਦੀ ਭੇਟ ਚੜ੍ਹ ਰਹੇ ਹਨ। ਪਹਿਲਾਂ-ਪਹਿਲਾਂ ਕੌਣ ਰੇਹੜੀਆਂ ਤੋਂ ਜਾਮਣਾਂ, ਤੁੂਤੀਆਂ, ਅੰਬੀਆਂ, ਖ਼ਰੀਦਦਾ ਸੀ? ਨਾਨਕੀਂ-ਦਾਦਕੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜਵਾਕ ਟੋਲੀਆਂ ਬਣਾ-ਬਣਾ ਰੁੱਖਾਂ ਨੂੰ ਚਿੰਬੜ ਜਾਂਦੇ ਸਨ। ਆਪਣੀ ਪੇਟ-ਪੂਜਾ ਕਰਨ ਉਪਰੰਤ ਹਰ ਜਵਾਕ ਆਪਣਾ ਮੂੰਹ, ਜੀਭ, ਜੇਬਾਂ ਸਭ ਜਾਮਣੀ ਰੰਗ ਵਿੱਚ ਰੰਗੀਂ ਤੇ ਮਾਂ ਨੂੰ ਖ਼ੁਸ਼ ਕਰਨ ਹਿੱਤ ਝੋਲੀ ਜਾਮਣਾਂ ਦੀ ਭਰੀ ਲੈ ਦੱਬੇ ਪੈਰੀਂ ਘਰੇ ਆਣ ਵੜਦੇ ਸਨ ਤੇ ਸ਼ਾਇਦ ਇਸੇ ਕਰਕੇ ਪਹਿਲਾਂ ਲੋਕਾਂ ਦੇ ਘਰੀਂ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਸਨ ਵੜਦੀਆਂ। ਰਸ-ਪੇੜੇ ਤਾਂ ਦੂਰ ਦੀ ਗੱਲ, ਅੱਜਕੱਲ੍ਹ ਚਾਹ ਵੀ ਫਿੱਕੀ ਪਰੋਸਣੀ ਉਚੇ ਰੁਤਬੇ ਦੀ ਨਿਸ਼ਾਨੀ ਬਣ ਗਈ ਹੈ।
ਜਾਵਾ ਪਲੰਮ, ਬਲੈਕ ਪਲੰਮ, ਪੁਰਤਗਾਲੀ ਪਲੰਮ, ਇੰਡੀਅਨ ਬਲੈਕ ਬੈਰੀ, ਜੰਬੂਲ ਆਦਿ ਅਨੇਕਾਂ ਨਾਵਾਂ ਨਾਲ ਜਾਣੇ ਜਾਂਦੇ ਇਸ ਰੁੱਖ ਦਾ ਵਿਗਿਆਨਕ ਨਾਮ ਸਿਆਜ਼ਿਅਮ ਕਿਊਮਿਨ ਹੈ। ਇਸ ਤੋਂ ਬਿਨਾਂ ਲੰਬੂਤਰੇ ਫ਼ਲਾਂ ਵਾਲੀ ਕਿਸਮ ‘ਰਾਮ ਜਾਮਣ' ਬਹੁਤ ਪ੍ਰਚੱਲਿਤ ਹੈ। ਰਾਮ ਜਾਂ ਰਾਏ ਜਾਮਣ ਦੇ ਨਾਂ ਨਾਲ ਜਾਣੀ ਜਾਂਦੀ ਇਸ ਕਿਸਮ ਦਾ ਵਿਗਿਆਨਕ ਨਾਮ ਸਿਆਜ਼ਿਅਮ ਨੈਰਵੋਸਮ ਹੈ। ਗੁਜਰਾਤ ਦੇ ਸੂਬੇ ਵੱਲ ਪਾਰਸ ਦੀ ਕਿਸਮ ਕਾਫ਼ੀ ਪ੍ਰਚੱਲਿਤ ਹੈ। ਇਸ ਤੋਂ ਬਿਨਾ ‘ਸੈਂਟਰਲ ਇੰਸਟੀਚਿਊਟ ਫਾਰ ਸਬ-ਟਰੋਪੀਕਲ ਹਾਰਟੀਕਲਚਰ ਲਖਨਊ' ਨੇ ਵੀ ਕੁਝ ਕਿਸਮਾਂ ਵਿਕਸਤ ਕੀਤੀਆਂ ਹਨ। ਭਾਰਤ ਤੋਂ ਬਾਹਰ ਇੰਡੋਨੇਸ਼ੀਆ ਵਿੱਚ ਜਾਮਣ ਦੀਆਂ ਕਾਫ਼ੀ ਪ੍ਰਚੱਲਿਤ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।
ਜਾਮਣ ਨੂੰ ਸਾਡੇ ਦੇਸ਼ ਵਿੱਚ ਦੇਵਤਿਆਂ ਦੇ ਫ਼ਲ ਵਜੋਂ ਜਾਣਿਆ ਜਾਂਦਾ ਤੇ ਮੰਨਿਆ ਜਾਂਦਾ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਨੇ ਆਪਣੇ ਚੌਦਾਂ ਸਾਲਾਂ ਦੇ ਬਨਵਾਸ ਵੇਲੇ ਜਾਮਣ ਦੇ ਫ਼ਲ ਦਾ ਜੰਗਲ ਵਿੱਚ ਖ਼ੂਬ ਸੇਵਨ ਕੀਤਾ। ਬੁੱਧ ਧਰਮ ਦੇ ਲੋਕ ਵੀ ਇਸ ਰੁੱਖ ਨੂੰ ਸ਼ੁਭ ਮੰਨਦੇ ਹਨ। ਪੁਰਾਣੇ ਵੇਲਿਆਂ ਵਿੱਚ ਲੋਕ ਪੰਡਤਾਂ ਨੂੰ ਜਾਮਣ ਦੇ ਰੁੱਖ ਹੇਠ ਭੋਜਨ ਕਰਵਾਉਣਾ ਸ਼ੁਭ ਮੰਨਦੇ ਸਨ। ਜਾਮਣ ਦੇ ਪੱਤੇ, ਸੱਕ, ਫੁੱਲ, ਫ਼ਲ ਅਤੇ ਬੀਜਾਂ ਨੂੰ ‘ਪੰਜ ਅੰਮ੍ਰਿਤ' ਦੇ ਤੌਰ 'ਤੇ ਮੰਨਿਆ ਜਾਂਦਾ ਰਿਹਾ ਹੈ।
ਦਰਿਆਵਾਂ ਦੇ ਕੰਢੇ, ਸਿੱਲ੍ਹੇ ਵਾਤਾਵਰਣ ਵਿੱਚ ਖ਼ੂਬ ਵਧਣ-ਫੁੱਲਣ ਵਾਲਾ ਇਹ ਭੁੱਖ ਭਾਰਤ ਦੇ ਕਈ ਭਾਗਾਂ ਵਿੱਚ ਗਰਮ ਤੇ ਖ਼ੁਸ਼ਕ ਇਲਾਕਿਆਂ ਤੋਂ ਛੁੱਟ ਜੰਗਲੀ ਰੂਪ ਜਾਂ ਖੇਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਜਾਮਣ ਬਾਗ਼ ਦੇ ਰੂਪ ਵਿੱਚ ਨਾ ਹੋ ਕੇ ਸੜਕਾਂ ਘਰਾਂ, ਬਗੀਚਿਆਂ, ਨਹਿਰਾਂ ਨੇੜਲੇ ਸਥਾਨਾਂ ਵਿੱਚ ਵਿਖਾਈ ਦਿੰਦਾ ਹੈ। ਪੰਜਾਬ ਵਿੱਚ ਝੋਨੇ ਦੀ ਆਮਦ ਤੋਂ ਪਹਿਲਾਂ ਖੇਤਾਂ ਵਿੱਚ ਜਾਮਣਾਂ ਦੇ ਰੁੱਖ ਖ਼ੂਬ ਮਿਲਦੇ ਸਨ। ਇਸ ਰੁੱਖ ਦਾ ਜ਼ਿਕਰ ਪੰਜਾਬੀ ਸਾਹਿਤ-ਸਿੱਠਣੀਆਂ ਵਿੱਚ ਬਹੁਤ ਨਜ਼ਰ ਆਉਂਦਾ ਹੈ।
ਸੋਹਣ ਸਿਆਂ ਜਾਮਣਾਂ ਖਾ ਵੇ
ਬਾਗ਼ਾਂ ਦੀਆਂ ਜਾਮਣਾਂ ਸੁਆਦ ਮਿੱਠੀਆਂ
ਹਾਏ ਵੇ! ਜਾਮਣਾਂ ਖਾ ਲੈ ਵੇ
ਬਾਗ਼ਾਂ ਦੀਆਂ ਜਾਮਣਾਂ ਸੁਆਦ ਮਿੱਠੀਆਂ
ਅੰਮਾਂ ਸਾਨੂੰ ਦੇ ਦੇਹ ਵੇ
ਧੁਰੋਂ ਲਾਹੌਰੋਂ ਸਾਨੂੰ ਆਈਆਂ ਚਿੱਠੀਆਂ
ਦਰਮਿਆਨੇ ਤੋਂ ਵੱਡੇ ਆਕਾਰ ਦੇ ਇਸ ਰੁੱਖ ਦਾ ਸੱਕ ਖੁਰਦਰਾ ਭੂਸਲੇ ਜਿਹੇ ਰੰਗ ਦਾ ਹੁੰਦਾ ਹੈ। ਜਾਮਣ ਦੇ ਪੱਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਨਿਕਲਦੇ ਅਤੇ ਚਮਕਦਾਰ ਹੁੰਦੇ ਹਨ। ਪੱਤਿਆਂ ਉਪਰਲੀਆਂ ਰਗਾਂ ਬੜੀਆਂ ਸਾਫ਼ ਨਜ਼ਰ ਆਉਂਦੀਆਂ ਹਨ। ਪੱਤਿਆਂ ਨੂੰ ਸੂਰਜ ਵੱਲ ਕਰਕੇ ਵੇਖਣ ਉੱਤੇ ਰਗਾਂ ਦੇ ਨਾਲ-ਨਾਲ ਪਾਰਦਰਸ਼ੀ ਦਾਣੇ ਜਿਹੇ ਵੀ ਨਜ਼ਰ ਆਉਂਦੇ ਹਨ। ਮਾਰਚ-ਅਪ੍ਰੈਲ ਦੇ ਦਿਨੀਂ ਜਦੋਂ ਰੁੱਖ ਪੂਰਾ ਹਰਿਆ-ਭਰਿਆ ਹੁੰਦਾ ਹੈ ਤਾਂ ਇਸ ਉਪਰ ਘਸਮੈਲੇ ਚਿੱਟੇ ਰੰਗ ਦੇ ਛੋਟੇ-ਛੋਟੇ ਗੁੱਛਿਆਂ ਵਿੱਚ ਫੁੱਲ ਨਿਕਲਦੇ ਹਨ, ਜਿਨ੍ਹਾਂ ਵਿੱਚੋਂ ਹਲਕੀ ਮਹਿਕ ਮਹਿਸੂਸ ਕੀਤੀ ਜਾਂਦੀ ਹੈ। ਸਾਉਣ ਮਹੀਨੇ ਜਾਂ ਅੰਗਰੇਜ਼ੀ ਦੇ ਜੂਨ-ਜੁਲਾਈ ਮਹੀਨਿਆਂ ਦੌਰਾਨ ਰੁੱਖ ਜਾਮਣਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ।
ਜੇਠ ਹਾੜ੍ਹ ਵਿੱਚ ਅੰਬ ਬਥੇਰੇ
ਸਾਉਣ ਜਾਮਣੁੂੰ ਪੀਲਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ
ਸ਼ੁਰੂਆਤੀ ਦਿਨਾਂ ਵਿੱਚ ਹਰੇ ਰੰਗ ਦੀਆਂ ਇਹ ਜਾਮਣਾਂ ਪੱਕ ਕੇ ਹੌਲੀ-ਹੌਲੀ ਬੈਂਗਣੀ ਕਾਲੇ ਰੰਗ ਵਿੱਚ ਤਬਦੀਲ ਹੋ ਜਾਂਦੀਆਂ ਹਨ। ਕਾਲੇ ਰੰਗ ਦੇ ਇਨਸਾਨਾਂ ਨੂੰ ਜਾਮਣਾਂ ਦੇ ਰੰਗ ਨਾਲ ਸੁਮੇਲਿਆਂ ਤਾਹਨੇ ਮਾਰੇ ਜਾਣ ਦੀ ਮਿਸਾਲ ਸਾਹਿਤਕ ਵੰਨਗੀ ਵਿੱਚ ਸੁਣਨ ਨੂੰ ਮਿਲਦੀ ਹੈ।
ਕੁਲਵੰਤ ਸਿਆਂ
ਕਾਲਾ-ਕਾਲਾ-ਕਾਲਾ
ਦਾਰੀ ਦਿਆ ਕਿਸ ਨੂੰ ਗੁਣੇ
ਵੇ ਤੂੰ ਕਾਲਾ-ਕਾਲਾ-ਕਾਲਾ
ਮੇਰੀ ਮਾਂ ਗਈ ਜਾਮਣ ਹੇਠ
ਮੈਂ ਸਾਂ ਮਾਂ ਦੇ ਪੇਟ
ਮਹੀਨਾ ਸੀ ਜੇਠ
ਮੈਂ ਕਾਲਾ ਇਸ ਗੁਣੇ
ਕੂਲੀਆਂ, ਚਮਕਦਾਰ ਅਤੇ ਰਸਦਾਰ ਜਾਮਣਾਂ ਦਾ ਸੁਆਦ ਮਿਠਾਸ ਦੇ ਨਾਲ-ਨਾਲ ਕੁਸੈਲਾ ਵੀ ਹੁੰਦਾ ਹੈ। ਜਾਮਣਾਂ ਨੂੰ ਲੂਣ ਲਾ ਕੇ ਖਾਣਾ ਪੇਟ ਅਤੇ ਸੁਆਦ ਦੋਹਾਂ ਲਈ ਵਧੀਆ ਹੁੰਦਾ ਹੈ। ਉਹ ਗੱਲ ਹੋਰ ਹੈ ਕਿ ਕਈ ਤਾਂ ਮਿੱਟੀ ਲਿੱਬੜੀਆਂ ਨੂੰ ਵੀ ਲੂਣ ਲੱਗੀਆਂ ਵਾਂਗ ਹੀ ਸਵਾਦ ਲਾ ਕੇ ਖਾ ਜਾਂਦੇ ਹਨ। ਜਾਮਨ ਦੇ ਫ਼ਲਾਂ ਤੋਂ ਸ਼ਰਾਬਤ, ਜੈਮ, ਜੈਲੀ, ਸਿਰਕਾ, ਸ਼ਰਾਬ, ਪਾਚਣ ਸ਼ਕਤੀ ਵਧਾਉਣ ਦੇ ਚੂਰਨ ਆਦਿ ਬਣਾਏ ਜਾਂਦੇ ਹਨ। ਖੱਟਾਪਣ ਹੋਣ ਕਰਕੇ ਜਾਮਣਾਂ ਨੂੰ ਦੁੱਧ ਨਾਲ ਖਾਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਜਾਮਣ ਦੇ ਪੱਤੇ ਪਸ਼ੂਆਂ ਲਈ ਚਾਰੇ ਵਜੋਂ, ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਚਬਾਉਣ ਲਈ ਪਸੰਦ ਕੀਤੇ ਜਾਂਦੇ ਹਨ। ਮੱਧ ਪ੍ਰਦੇਸ਼ ਵੱਲ ਜਾਮਣ ਦੇ ਪੱਤਿਆਂ ਉਪਰ ਰੇਸ਼ਮ ਦੇ ਕੀੜੇ ਪਾਲੇ ਜਾਂਦੇ ਹਨ। ਇਸ ਰੁੱਖ ਦੀ ਜੜ੍ਹ ਫ਼ਲ ਅਤੇ ਸੁੱਕੇ ਹੋਏ ਬੀਜ ਸ਼ੁਗਰ ਦੇ ਮਰੀਜ਼ਾਂ ਲਈ ਵਰਦਾਨ ਸਮਝੇ ਜਾਂਦੇ ਹਨ। ਗੁਠਲੀ ਵਿੱਚ ਗਲੂਕੋਸਾਈਡ ਦੀ ਮੌਜੂਦਗੀ ਸਟਾਰਚ ਨੂੰ ਸ਼ੂਗਰ ਵਿੱਚ ਬਦਲਣ ਹੋਣ ਤੋਂ ਰੋਕਦੀ ਹੈ।
ਜਾਮਣ ਦੇ ਫੁੱਲਾਂ ਵਿੱਚ ਮੌਜੂਦ ਰਸ ਮਧੂ-ਮੱਖੀਆਂ ਅਤੇ ਹੋਰ ਕੀਟ-ਪਤੰਗਿਆਂ ਨੂੰ ਆਕਰਿਸ਼ਤ ਕਰਦਾ ਹੈ। ਜਾਮਣ ਦੇ ਰੁੱਖ ਦਾ ਸੱਕ ਟੈਨਿਨ ਦੀ ਮੌਜੂਦਗੀ ਹੋਣ ਕਰਕੇ ਚਮੜੇ ਦੀ ਰੰਗਾਈ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਛਿੱਲ ਕਾੜ੍ਹੇ ਦੇ ਰੂਪ ਵਿੱਚ ਮੂੰਹ ਸਾਫ਼, ਗਰਾਰੇ ਲਈ ਵਰਤੀ ਜਾਂਦੀ ਹੈ। ਬੱਚਿਆਂ ਵਿੱਚ ਦਸਤ ਰੋਕਣ ਲਈ ਬੱਕਰੀ ਦੇ ਦੁੱਧ ਵਿੱਚ ਮਿਲਾ ਕੇ ਨੁਸਖੇ ਤਿਆਰ ਕੀਤੇ ਜਾਂਦੇ ਹਨ। ਜਾਮਣ ਦੀ ਲੱਕੜ ਬਾਬਤ ਬੜੀ ਪੁਰਾਣੀ ਕਹਾਵਤ ਮਸ਼ਹੂਰ ਹੈ, ‘ਜਾਮਣਾ ਗਿੱਲਾ ਗੋਹਾ ਅਤੇ ਸੁੱਕਾ ਲੋਹਾ'। ਭਾਵ ਗਿੱਲੀ ਲੱਕੜ ਬਹੁਤ ਨਰਮ ਹੁੰਦੀ ਹੈ ਅਤੇ ਕਈ ਵਾਰ ਫ਼ਲ ਦੇ ਭਾਰ ਨਾਲ ਟਾਹਣਾ ਟੁੱਟ ਕੇ ਥੱਲੇ ਡਿੱਗ ਪੈਂਦਾ ਹੈ, ਪਰ ਸੁੱਕਣ ਪਿੱਛੋਂ ਲੱਕੜ ਸਖ਼ਤ ਹੋ ਜਾਂਦੀ ਹੈ ਅਤੇ ਪੱਕੀ ਲੱਕੜ 'ਤੇ ਰੰਦੇ ਨਾਲ ਕੰਮ ਕਰਨਾ ਔਖਾ ਹੋਣ ਕਰਕੇ ਲੱਕੜ ਵਾਲੇ ਮਿਸਤਰੀ ਮੁਸ਼ਕਿਲ ਮਹਿਸੂਸ ਕਰਦੇ ਹਨ।
ਜਾਮਣ ਵਿੱਚੋਂ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਏ ਅਤੇ ਸੀ ਆਦਿ ਦੀ ਪ੍ਰਾਪਤੀ ਹੁੰਦੀ ਹੈ। ਆਯੂਰਵੈਦਿਕ, ਯੂਨਾਨੀ ਤੇ ਚੀਨੀ ਦਵਾ ਦੇ ਨੁਸਖਿਆਂ ਵਿੱਚ ਜਾਮਣ ਦੀ ਖ਼ੂਬ ਵਰਤੋਂ ਹੁੰਦੀ ਹੈ। ਅਨੇਕਾਂ ਨੁਸਖੇ ਅਨੇਕਾਂ ਬਿਮਾਰੀਆਂ ਜਿਵੇਂ ਕਿ ਅੱਖਾਂ ਦਾ ਮੋਤੀਆਂ, ਕੰਨਾਂ ਦਾ ਵਗਣਾ, ਅਫ਼ਾਰਾ, ਦਿਲ ਦੇ ਰੋਗ, ਫੋੜੇ-ਫਿਨਸੀਆਂ, ਪੱਥਰੀ ਰੋਗ, ਬਲਗਮ, ਪਾਚਨ ਪ੍ਰਣਾਲੀ, ਪੇਸ਼ਾਬ ਰੋਗ, ਬਵਾਸੀਰ ਆਦਿ ਦੇ ਇਲਾਜ ਲਈ ਵਰਤੇ ਜਾਂਦੇ ਹਨ, ਪਰ ਕੋਈ ਵੀ ਨੁਸਖਾ ਆਪਣੇ ਪੱਧਰ 'ਤੇ ਵਰਤਣ ਨਾਲੋਂ ਕਿਸੇ ਆਯੂਰਵੈਦਿਕ ਜਾਂ ਹੋਰ ਪ੍ਰਣਾਲੀ ਦੇ ਮਾਹਿਰ ਨਾਲ ਰਾਇ ਕਰਕੇ ਹੀ ਵਰਤਣਾ ਚਾਹੀਦਾ ਹੈ।
ਜਾਮਣ ਦੇ ਰੁੱਖ ਉਗਾਉਣ/ ਵਧਾਉਣ ਦਾ ਸਭ ਤੋਂ ਪੁਰਾਤਨ ਤੇ ਸੌਖਾ ਤਰੀਕਾ ਬੀਜ ਰਾਹੀਂ ਹੈ। ਇਹ ਪਿਉਂਦ, ਦਾਬ, ਕਲਮ ਜਾਂ ਟਿਸ਼ੂੂ ਕਲਚਰ ਆਦਿ ਵਿਧੀਆਂ ਰਾਹੀਂ ਵੀ ਉਗਾਏ ਜਾਂ ਵਧਾਏ ਜਾ ਸਕਦੇ ਹੁੰਦੇ ਹਨ। ਪੰਜਾਬ ਵਿੱਚ ਇਸ ਰੁੱਖ ਉਪਰ ਖੋਜ ਕਾਰਜ ਕੀਤੇ ਗਏ ਹਨ, ਪਰ ਬਹੁਤ ਜ਼ਿਆਦਾ ਨਹੀਂ। ਜਾਮਣ ਸਾਡੇ ਪੁਰਾਤਨ ਵਿਰਾਸਤੀ ਰੁੱਖਾਂ ਵਿੱਚੋਂ ਇੱਕ ਹੈ, ਜੋ ਛਾਂ, ਫ਼ਲ ਹੀ ਨਹੀਂ, ਅਨੇਕਾਂ ਤਰ੍ਹਾਂ ਨਾਲ ਸਾਡੇ ਮਨੁੱਖਾਂ ਲਈ ਹੀ ਨਹੀਂ, ਸਗੋਂ ਜਾਨਵਰਾਂ ਤੇ ਪੰਛੀਆਂ ਆਦਿ ਲਈ ਵੀ ਬੇਹੱਦ ਗੁਣਕਾਰੀ ਹੈ। ਅਜਿਹੇ ਗੁਣਕਾਰੀ ਰੁੱਖਾਂ ਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ ਸਗੋਂ ਢੁਕਵੇਂ ਥਾਵਾਂ 'ਤੇ ਬਹੁ-ਗਿਣਤੀ ਵਿੱਚ ਲਾਉਣਾ ਚਾਹੀਦਾ ਹੈ।
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਇਆ ਛੋਲੇ
ਜਾਮਣੂੰ ਦੀ ਗਿਟਕ ਜਿਹਾ
ਮੇਰੇ ਸਾਹਮਣੇ ਤੜਾ ਤੜ ਬੋਲੇ।

Have something to say? Post your comment