ਚੰਡੀਗੜ੍ਹ, 11 ਅਗਸਤ (ਪੋਸਟ ਬਿਊਰੋ)- ਕੋਰੋਨਾ ਮਹਾਂਮਾਰੀ ਦਾ ਅਸਰ ਇਸ ਵਾਰ 15 ਅਗਸਤ ਆਜ਼ਾਦੀ ਦਿਵਸ ਦੇ ਸਮਾਗਮਾਂ 'ਤੇ ਵੀ ਪੈ ਰਿਹਾ ਹੈ ਅਤੇ ਇਨ੍ਹਾਂ ਸਮਾਗਮਾਂ 'ਚ ਕੇਵਲ ਝੰਡਾ ਲਹਿਰਾਉਣ, ਪਰੇਡ ਅਤੇ ਮੁੱਖ ਮਹਿਮਾਨ ਦੇ ਭਾਸ਼ਣ ਤੋਂ ਇਲਾਵਾ ਦੂਜੇ ਸਾਰੇ ਪ੍ਰੋਗਰਾਮ ਰੱਦ ਰੱਖੇ ਜਾਣਗੇ ਅਤੇ ਨਾ ਸਮਾਗਮਾਂ ਲਈ ਕਿਸੇ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਤੇ ਆਮ ਲੋਕ ਇਹ ਸਮਾਗਮ ਕੇਵਲ ਵੈਬ ਅਤੇ ਟੀ ਵੀ ਰਾਹੀਂ ਵੇਖ ਸਕਣਗੇ।
ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ਉੱਤੇ ਸਮਾਗਮਾਂ ਲਈ ਜਿਹੜੇ ਹੁਕਮ ਭੇਜੇ ਹਨ, ਉਨ੍ਹਾਂ ਵਿੱਚ ਸਾਫ ਕਿਹਾ ਗਿਆ ਹੈ ਕਿ ਇਨ੍ਹਾਂ ਸਮਾਗਮਾਂ 'ਚ ਸਕੂਲੀ ਬੱਚੇ, ਸੱਭਿਆਚਾਰਕ ਪ੍ਰੋਗਰਾਮ, ਝਲਕੀਆਂ ਅਤੇ ਆਮ ਲੋਕਾਂ ਨੂੰ ਸੱਦੇ ਪੱਤਰ ਨਾ ਦਿੱਤੇ ਜਾਣ, ਕਿਉਂਕਿ ਲੋਕਾਂ ਦੇ ਇਕੱਠ ਹੋਣ 'ਤੇ ਸਰਕਾਰ ਵੱਲੋਂ ਪਾਬੰਦੀ ਹੈ। ਰਾਜ ਸਰਕਾਰ ਦੇ ਹੁਕਮ ਅਨੁਸਾਰ ਇਨ੍ਹਾਂ ਸਮਾਗਮਾਂ ਲਈ ਪਰੇਡ ਦੀ ਮੁੱਖ ਮਹਿਮਾਨ ਵੱਲੋਂ ਇੰਸਪੈਕਸ਼ਨ, ਝੰਡਾ ਲਹਿਰਾਉਣ ਅਤੇ ਪਰੇਡ ਤੋਂ ਸਲਾਮੀ ਲੈਣ ਦੀ ਰਵਾਇਤ ਪੂਰੀ ਹੋਵੇਗੀ, ਪਰ ਇਸ 'ਚ ਕੇਵਲ ਪੁਲਸ ਤੇ ਹੋਮ ਗਾਰਡ ਆਦਿ ਦੇ ਜਵਾਨ ਸ਼ਾਮਲ ਹੋਣਗੇ, ਕਾਲਜਾਂ ਸਕੂਲਾਂ ਤੋਂ ਬੱਚੇ ਪਰੇਡ ਵਿੱਚ ਨਹੀਂ ਸੱਦਣੇ। ਇਸ ਕਾਰਨ ਪਰੇਡ ਦਾ ਆਕਾਰ ਵੀ ਕਾਫ਼ੀ ਛੋਟਾ ਰਹੇਗਾ ਤੇ ਮੁੱਖ ਮਹਿਮਾਨ ਵੱਲੋਂ ਭਾਸ਼ਣ ਤੋਂ ਬਾਅਦ ਕੋਈ ਸਨਮਾਨ ਆਦਿ ਦਾ ਪ੍ਰੋਗਰਾਮ ਵੀ ਨਹੀਂ ਰੱਖਿਆ ਜਾਵੇਗਾ। ਰਾਜ ਸਰਕਾਰ ਦਾ ਮੰਨਣਾ ਹੈ ਕਿ ਆਜ਼ਾਦੀ ਸੰਗਰਾਮੀਆਂ ਜਾਂ ਕੋਰੋਨਾ ਵਾਰੀਅਰ ਦੇ ਸਨਮਾਨ ਵੀ ਇਸ ਮੌਕੇ ਨਾ ਰੱਖੇ ਜਾਣ ਅਤੇ ਇਹ ਕੰਮ ਡਿਪਟੀ ਕਮਿਸ਼ਨਰਾਂ ਲਈ ਛੱਡੇ ਜਾਣ।
ਮੁੱਖ ਮੰਤਰੀ ਵੱਲੋਂ ਮੁਹਾਲੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਮੌਕੇ ਮਿਸ਼ਨ ਫ਼ਤਿਹ ਹੇਠ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨ ਪੱਤਰ ਤੇ ਸਰਟੀਫਿਕੇਟ ਆਦਿ ਦੇਣ ਦਾ ਕੰਮ ਵੀ ਮੁੱਖ ਸਮਾਗਮ ਵਿੱਚ ਨਹੀਂ, ਬਲਕਿ ਬਾਅਦ ਵਿੱਚ ਡਿਪਟੀ ਕਮਿਸ਼ਨਰ ਪੱਧਰ 'ਤੇ ਹੋ ਸਕੇਗਾ। ਸਰਕਾਰੀ ਹਲਕਿਆਂ ਮੁਤਾਬਕ ਇਸ ਵਾਰ ਇਹ ਸਮਾਗਮ ਕਾਫ਼ੀ ਛੋਟੇ ਹੋਣਗੇ ਤੇ ਇੱਕ ਘੰਟੇ ਤੋਂ ਵਧਣ ਦੀ ਸੰਭਾਵਨਾ ਘੱਟ ਹੈ। ਚੰਡੀਗੜ੍ਹ ਵਿਖੇ ਗਵਰਨਰ ਵੱਲੋਂ ਆਜ਼ਾਦੀ ਦਿਵਸ ਮੌਕੇ ਰਾਜ ਭਵਨ ਵਿੱਚ ਐਟ ਹੋਮ ਦੇ ਸਮਾਗਮ, ਜਿਸ ਵਿੱਚ ਸਾਬਕਾ ਫ਼ੌਜੀ, ਅਧਿਕਾਰੀ ਅਤੇ ਵੱਖ-ਵੱਖ ਵਰਗਾਂ ਤੋਂ ਪ੍ਰਮੁੱਖ ਲੋਕਾਂ ਨੂੰ ਸੱਦਿਆ ਜਾਂਦਾ ਹੈ ਨੂੰ ਵੀ ਕੋਰੋਨਾ ਕਾਰਨ ਪ੍ਰਸ਼ਾਸਨ ਨਹੀਂ ਕਰਨਾ ਚਾਹੁੰਦਾ।