ਬੀੜ (ਮਹਾਂਰਾਸ਼ਟਰਾ), 4 ਅਗਸਤ (ਪੋਸਟ ਬਿਊਰੋ)-ਮਹਾਰਾਸ਼ਟਰਾ ਵਿਚ ਕਰੋਨਾ ਨੇ ਭਾਵੇਂ ਚੋਖਾ ਖਤਰਨਾਕ ਰੂਪ ਧਾਰਨ ਕੀਤਾ ਪਿਆ ਹੈ, ਪਰ ਬੀੜ ਜਿਲ੍ਹੇ ਦੇ ਇਕ ਪਰਿਵਾਰ ਨੇ ਪਿਛਲੇ 25 ਦਿਨਾ ਵਿਚ ਕਮਾਲ ਕਰ ਦਿਤੀ ਹੈ। ਇਸ ਪਰਿਵਾਰ ਦੇ 4 ਜੀਆਂ ਨੇ ਮਿਲ ਕੇ 25 ਦਿਨਾ ਵਿਚ ਆਪਣੇ ਘਰ ਦੇ ਵੇਹੜੇ ਵਿਚ 32 ਫੁੱਟ ਡੂੰਘੀ ਖੂਹੀ ਬਣਾ ਲਈ ਹੈ ਜੋ ਤਿੰਨ ਫੁੱਟ ਚੌੜੀ ਹੈ, ਜਿਸ ਨਾਲ ਇਸ ਪਿੰਡ ਦੇ 35 ਪਰਿਵਾਰਾਂ ਨੂੰ ਪਾਣੀ ਦੀ ਸਹੂਲਤ ਮਿਲੇਗੀ।
ਜਿ਼ਲਾ ਬੀੜ ਦੇ ਦੱਤ ਮੰਦਰ ਇਲਾਕੇ ਵਿਚ ਰਹਿਣ ਵਾਲੇ ਨਾਗਨਾਥ ਨੇ ਦਸਿਆ ਕਿ ਲਾਕਡਾਊਨ ਦੌਰਾਨ ਕੰਮ ਧੰਦਾ ਬੰਦ ਹੋ ਚੁੱਕਾ ਸੀ। ਇਲਾਕੇ ਵਿਚ ਪਾਣੀ ਦੀ ਕਾਫੀ ਘਾਟ ਸੀ। ਘਰ ਵਿਚ ਮਜਦੂਰਾਂ ਨਾਲ ਖੂਹੀ ਪੁੱਟਣ ਬਾਰੇ ਗੱਲ ਕੀਤੀ ਤਾਂ ਉਨ੍ਹਾ ਨੇ 25-30 ਹਜਾਰ ਰੁਪਏ ਦੀ ਮੰਗ ਕੀਤੀ। ਫਿਰ ਅਸੀ ਆਪ ਹੀ ਖੂਹੀ ਪੱਟਣ ਦੀ ਠਾਣ ਲਈ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ 2 ਪੁੱਤਰਾਂ ਨਾਲ ਰੋਜ ਦੋ-ਦੋ ਘੰਟੇ ਖੂਹੀ ਪੁੱਟਣ ਦਾ ਪ੍ਰੋਗਰਾਮ ਬਣਾ ਲਿਆ ਤਾਂ ਮਿਹਨਤ ਰੰਗ ਲਿਆਈ ਅਤੇ 25ਵੇਂ ਦਿਨ ਖੂਹੀ ਵਿਚੋਂ ਪਾਣੀ ਨਜਰੀਂ ਪੈ ਗਿਆ। ਨਾਗਨਾਥ ਨੇ ਦਸਿਆ ਕਿ ਉਨ੍ਹਾਂ ਕੋਲ ਇੰਨੇ ਰੁਪਏ ਵੀ ਨਹੀਂ ਸਨ ਕਿ ਉਹ ਕਹੀ ਤੇ ਫਾਹੁੜਾ ਖਰੀਦ ਸਕਦੇ। ਇਸ ਲਈ ਗੁਆਂਢੀਆਂ ਤੋਂ ਜਰੂਰੀ ਔਜਾਰ ਲਏ ਤੇ ਖੂਹੀ ਪੁੱਟਣ ਦਾ ਕੰਮ ਸ਼ੁਰੂ ਕਰ ਦਿਤਾ। ਖੂਹੀ ਦਾ ਮਣ ਪੱਕਾ ਬਣ ਚੁਕਾ ਹੈ ਅਤੇ ਨਾਲ ਇਕ ਬਿਜਲੀ ਦੀ ਮੋਟਰ ਵੀ ਲਾ ਦਿਤੀ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ 35 ਘਰਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਪਾਣੀ ਦੀ ਕਿਲਤ ਦੂਰ ਹੋ ਗਈ ਹੈ।