ਗਿੱਦੜਬਾਹਾ, 4 ਅਗਸਤ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਹੁਸਨਰ ਵਿਖੇ ਅਣਪਛਾਤੇ ਲੁਟੇਰੇ ਬੀਤੀ ਰਾਤ ਸੈਂਟਰਲ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਦੇ ਨਾਲ ਲਾਈ ਗਈ ਏ ਟੀ ਐਮ ਮਸ਼ੀਨ ਨੂੰ ਨਕਦੀ ਸਣੇ ਉਖਾੜ ਕੇ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਰਾਤ ਡੇਢ ਵਜੇ ਦੇ ਕਰੀਬ ਇਹ ਵਾਰਦਾਤ ਕੀਤੀ, ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰੇ ਲੱਗਾ। ਮੌਕੇ ਉਤੇ ਪਹੁੰਚੇ ਐਸ ਪੀ ਡੀ ਮੁਕਤਸਰ ਸਾਹਿਬ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ਼ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ ਲੱਗਭਗ ਡੇਢ ਵਜੇ ਏ ਟੀ ਐਮ ਰੂਮ ਵਿੱਚ ਦੋ ਵਿਅਕਤੀ ਸ਼ਟਰ ਹੇਠ ਦੀ ਅੰਦਰ ਵੜੇ ਅਤੇ ਉਸ ਤੋਂ ਬਾਅਦ ਉਨ੍ਹਾਂ ਸੀ ਸੀ ਟੀ ਵੀ ਕੈਮਰਿਆਂ ਦੇ ਮੂੰਹ ਘੁੰਮਾ ਕੇ ਉਨ੍ਹਾਂ ਜੇ ਸੀ ਬੀ ਜਾਂ ਕਿਸੇ ਹੋਰ ਵਾਹਨ ਦੀ ਮਦਦ ਨਾਲ ਏ ਟੀ ਐਮ ਮਸ਼ੀਨ ਉਖਾੜ ਲਈ ਅਤੇ ਮਸ਼ੀਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਏ ਟੀ ਐਮ ਉਖਾੜਨ ਵਾਲੇ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ। ਬੈਂਕ ਅਧਿਕਾਰੀ ਨਿਖਿਲ ਨੇ ਦੱਸਿਆ ਕਿ ਏ ਟੀ ਐਮ 'ਚ ਤਿੰਨ ਲੱਖ 45 ਹਜ਼ਾਰ ਰੁਪਏ ਦੀ ਨਕਦੀ ਸੀ। ਚੋਰ ਏ ਟੀ ਐਮ ਦੀ ਬੈਟਰੀ ਅਤੇ ਏ ਟੀ ਐਮ ਪੁੱਟਣ ਲਈ ਵਰਤੇ ਸੰਗਲ ਮੌਕੇ 'ਤੇ ਛੱਡ ਗਏ। ਏ ਟੀ ਐਮ ਉਖਾੜੇ ਜਾਣ ਵਾਲੀ ਜਗ੍ਹਾ ਦੇ ਨੇੜੇ ਪਿੱਕਅਪ ਵਰਗੀ ਕਿਸੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ।