Welcome to Canadian Punjabi Post
Follow us on

06

August 2020
ਮਨੋਰੰਜਨ

ਕਹਾਣੀ: ਗੁੱਝੀ ਪੀੜ

July 08, 2020 09:27 AM

-ਤਰਸੇਮ ਸਿੰਘ ਭੰਗੂ
ਹਰਮੇਸ਼ ਸ਼ਰਮਾ ਜ਼ਿੰਦਗੀ ਦੇ ਕਈ ਪੜਾਵਾਂ ਵਿੱਚੋਂ ਗੁਜ਼ਰ ਕੇ ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਪੈਨਸ਼ਨ ਲੈਂਦਾ ਹੋਇਆ ਆਪਣੀ ਛੋਟੀ ਜਿਹੀ ਪਰਵਾਰਕ ਬਗੀਚੀ ਦੇ ਨਿੱਕੇ-ਵੱਡੇ ਬੂਟਿਆਂ ਦੀ ਸਾਂਭ-ਸੰਭਾਲ ਕਰਦਾ, ਆਪਣੀ ਜੀਵਨ ਸਾਥਣ ਸਮੇਤ ਜੀਵਨ ਦੀ ਹਰ ਖੁਸ਼ੀ ਮਾਣਦਾ, ਆਪਣੇ-ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ, ਜੀਵਨ ਦਾ ਲੌਢਾ ਵੇਲਾ ਮਾਣ ਰਿਹਾ ਸੀ। ਪਰਮਾਤਮਾ ਦੀਆਂ ਇਸ ਪਰਵਾਰ 'ਤੇ ਬੜੀਆਂ ਬਖਸ਼ਿਸ਼ਾਂ ਸਨ। ਦੋਵੇਂ ਆਗਿਆਕਾਰ ਪੁੱਤਰ ਤੇ ਇੱਕ ਨੂੰਹ ਸਮੇਤ ਸਰਕਾਰੀ ਸੇਵਾ ਵਿੱਚ ਚੰਗੀਆਂ ਤਨਖਾਹਾਂ ਲੈਂਦੇ ਖੁਸ਼ ਸਨ। ਸ਼ਰਮਾ ਜੀ ਨੇ ਆਪਣੀ ਨੌਕਰੀ ਦੌਰਾਨ ਹੀ ਆਪਣੇ ਸਾਂਝੇ ਪਰਵਾਰ ਦੇ ਸੁਫਨੇ ਸਜਾ ਕੇ ਹੇਠਾਂ-ਉਪਰ ਸੋਹਣਾ ਘਰ ਬਣਾਉਣ ਤੋਂ ਬਾਅਦ ਬੜੇ ਚਾਵਾਂ ਨਾਲ ਦੋਵਾਂ ਪੁੱਤਰਾਂ ਦੇ ਵਿਆਹ ਵੀ ਕਰ ਦਿੱਤੇ ਸਨ।
ਇੱਕ ਦਿਨ ਪਤਨੀ ਧਰਮ ਦਈ ਪਤੀ ਨਾਲ ਸਲਾਹੀਂ ਪਈ ਆਖਣ ਲੱਗੀ, ‘‘ਜੀ, ਮੈਂ ਸੋਚਦੀ ਆਂ ਕਿ ਛੋਟੇ ਵਾਸਤੇ ਵੀ ਨੇੜੇ ਜਿਹੇ ਕੋਈ ਪਲਾਟ ਲੈ ਕੇ ਘਰ ਬਣਾ ਦੇਈਏ, ਅਤੇ ਦੋਵਾਂ ਦੀ ਰਜ਼ਾਮੰਦੀ ਨਾਲ ਵੱਖ ਕਰ ਦਿਆਂਗੇ, ਤਾਂ ਕਿ ਦੋਵਾਂ ਭਰਾਵਾਂ ਵਿੱਚ ਪਿਆਰ ਬਣਿਆ ਰਹੇਗਾ।”
ਪਤਨੀ ਦੀ ਸਾਧਾਰਨ ਜਿਹੀ ਗੱਲ ਸੁਣ ਕੇ ਸ਼ਰਮਾ ਜੀ ਗੰਭੀਰ ਹੁੰਦਿਆਂ ਬੋਲੇ, “ਧਰਮੀਏ, ਵੇਖਰੇਵੇਂ ਦੀ ਜਿਹੜੀ ਪੀੜ ਮੈਂ ਆਪਣੇ ਜੀਵਨ ਵਿੱਚ ਅੱਜ ਤਾਈਂ ਹੰਢਾ ਰਿਹਾ ਹਾਂ, ਉਹ ਪੀੜ ਅਸੀਂ ਆਪਣੇ ਪੁੱਤਰਾਂ ਅਤੇ ਆਪਣੇ-ਆਪ ਨੂੰ ਬੁੱਢੇ ਵਾਰੇ ਵੰਡ ਕੇ ਨਹੀਂ ਹੰਢਾਉਣੀ।”
‘‘ਵੇਖੋ ਜੀ, ਦੁਨੀਆਦਾਰੀ ਹੈ, ਹੁੰਦਾ ਆਇਆ ਹੈ, ਅਸੀਂ ਕੋਈ ਨਵੇਂ ਵੱਖ ਨਹੀਂ ਸੀ ਹੋਏ, ਸਾਡੇ ਬੱਚਿਆਂ ਵੱਖਰੇ ਹੋ ਕੇ ਕੋਈ ਨਵਾਂ ਕੰਮ ਨਹੀਂ ਕਰਨਾ। ਨਾਲੇ ਦੋ ਮੰਜ਼ਿਲੇ ਮਕਾਨਾਂ ਦਾ ਅੱਜ ਕੱਲ੍ਹ ਆਮ ਰਿਵਾਜ ਆ, ਸਗੋਂ ਚੰਗਾ ਹੈ, ਇੱਕ ਨੂੰਹ ਦੀਆਂ ਪੱਕੀਆਂ ਤੁਸੀਂ ਖਾਇਆ ਕਰਿਓ ਤੇ ਇੱਕ ਦੀਆਂ ਮੈਂ। ਕਿਹੋ ਜਿਹੀਆਂ ਮਿਲਦੀਆਂ ਨੇ ਦੂਜੇ-ਤੀਜੇ ਦਿਨ ਸੁਆਦ ਸਾਂਝਾ ਕਰ ਲਿਆ ਕਰਾਂਗੇ।” ਧਰਮ ਦਈ ਨੇ ਪਤੀ ਦੀ ਆਖੀ ਸੂਖਮ ਗੱਲ ਮਜ਼ਾਕ ਵਿੱਚ ਉਡਾ ਛੱਡੀ।
ਉਸ ਦੀ ਸਹਿਜ ਸੁਭਾਅ ਕਹੀ ਗੱਲ ਸ਼ਰਮਾ ਜੀ ਦਾ ਸੀਨਾ ਚੀਰ ਗਈ। ‘‘ਨਹੀਂ ਧਰਮੀਏ, ਜਿਸ ਨੂੰ ਮੈਂ ਛੋਟੇ ਹੁੰਦੇ ਨੂੰ ਢਾਕੇ ਲਾ ਕੇ ਖਿਡਾਇਆ ਹੈ, ਜਦੋਂ ਉਹ ਓਪਰਿਆਂ ਵਾਂਗ ਮੂੰਹ ਦੂਜੇ ਪਾਸੇ ਕਰ ਕੇ ਬਿਨਾਂ ਬੋਲਿਆਂ ਲੰਘ ਜਾਂਦਾ ਹੈ, ਉਦੋਂ ਮੇਰੀਆਂ ਅੱਖਾਂ ਨਹੀਂ ਰੋਂਦੀਆਂ, ਦਿਲ ਰੋਂਦਾ ਹੈ।” ਕਹਿੰਦਿਆਂ ਸ਼ਰਮਾ ਜੀ ਦਾ ਗਲਾ ਭਰ ਆਇਆ।
ਧਰਮ ਦਈ ਪਤੀ ਦੀ ਪੀੜ ਭਲੀ ਭਾਂਤ ਸਮਝਦੀ। ਕਿਉਂਕਿ ਉਹ ਜਦੋਂ ਇਸ ਘਰ ਵਿੱਚ ਵਿਆਹੀ ਆਈ ਸੀ ਤਾਂ ਉਸ ਦਾ ਛੋਟਾ ਦਿਓਰ ਸਮੀਰ ਅੱਠਵੀਂ ਵਿੱਚ ਪੜ੍ਹਦਾ ਸੀ। ਬਹੁਤ ਸ਼ਰਮਾਕਲ, ਵੱਡੇ ਭਰਾ ਦਾ ਆਗਿਆਕਾਰੀ ਅਤੇ ਭਾਬੀ ਨਾਲ ਨਣਾਨਾਂ ਵਾਂਗ ਨਿੱਕੇ-ਨਿੱਕੇ ਘਰ ਦੇ ਕੰਮ ਕਰਵਾਉਂਦਾ ਭਾਬੀ ਜੀ-ਭਾਬੀ ਜੀ ਕਰਦਾ ਬਹੁਤ ਪਿਆਰਾ ਲੱਗਦਾ। ਸਕੂਲੋਂ ਆਏ ਨੂੰ ਬੱਚਿਆਂ ਵਾਂਗ ਪਿਆਰ ਨਾਲ ਗਲ ਲਾਉਂਦਿਆਂ ਧਰਮ ਦਈ ਨੂੰ ਇਵੇਂ ਲੱਗਦਾ ਜਿਵੇਂ ਉਸ ਦਾ ਨਿੱਕੀ ਉਮਰੇ ਸਦਾ ਲਈ ਵਿਛੜ ਗਿਆ ਵੀਰ ਪਰਮਾਤਮਾ ਦੁਬਾਰਾ ਮਿਲਾ ਦਿੱਤਾ ਹੋਵੇ।
ਘਰ ਦਾ ਕੋਈ ਪੁਸ਼ਤੈਨੀ ਕਾਰੋਬਾਰ ਜੇ ਕੋਈ ਬਹੁਤਾ ਵੱਡਾ ਨਹੀਂ ਸੀ ਤਾਂ ਐਨਾ ਮਾੜਾ ਵੀ ਨਹੀਂ ਸੀ। ਸ਼ਹਿਰ ਦੇ ਨਾਲ ਮਿਲ ਚੁੱਕੇ ਕਸਬੇ ਦੀ ਛੋਟੀ ਦੁਕਾਨਦਾਰੀ 'ਚੋਂ ਪਰਵਾਰ ਦੀ ਰੋਟੀ ਚੱਲੀ ਜਾਂਦੀ ਸੀ। ਸੱਤ-ਅੱਠ ਸਾਲ ਦੇ ਅਰਸੇ ਵਿੱਚ ਧਰਮ ਦਈ ਦੋ ਪੁੱਤਰਾਂ ਦੀ ਮਾਂ ਬਣ ਗਈ ਤੇ ਸਮੀਰ ਪੜ੍ਹ-ਲਿਖ ਕੇ ਚੰਗੀ ਨੌਕਰੀ 'ਤੇ ਲੱਗ ਗਿਆ। ਸ਼ਰਮਾ ਜੀ ਦੇ ਮਾਤਾ-ਪਿਤਾ ਸੋਚਦੇ ਸਨ ਕਿ ਸਮੀਰ ਦੀ ਸਰਕਾਰੀ ਨੌਕਰੀ ਲੱਗਣ ਨਾਲ ਘਰ ਦੀ ਹਾਲਤ ਸੁਧਰ ਜਾਏਗੀ। ਉਨ੍ਹਾਂ ਆਪਣੇ ਪਿੱਛੋਂ ਸ਼ਰਮਾ ਜੀ ਨੂੰ ਘਰ ਦਾ ਜ਼ਿੰਮੇਵਾਰ ਆਗੂ ਸਮਝਦਿਆਂ ਸਮੀਰ ਦੇ ਵਿਆਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਆਪਣੇ ਜੀਂਦੇ ਜੀ ਉਹ ਛੋਟੇ ਪੁੱਤਰ ਦੇ ਪੋਤੇ-ਪੋਤੀਆਂ ਵੀ ਖਿਡਾਅ ਲੈਣ। ਸ਼ਰਮਾ ਜੀ ਨੇ ਧਰਮ ਦਈ ਨੂੰ ਸਲਾਹ ਦੇਂਦਿਆਂ ਕਿਹਾ, ‘‘ਆਪਣੀ ਰਿਸ਼ਤੇਦਾਰੀ 'ਚੋਂ ਕੋਈ ਲੜਕੀ ਵੇਖ ਲੈ ਤਾਂ ਕਿ ਇਕੱਠਿਆਂ ਚੰਗਾ ਜੀਵਨ ਗੁਜ਼ਰ ਜਾਏਗਾ। ਬਹੁਤੀ ਪੁੱਛ-ਪੜਤਾਲ ਵੀ ਕੋਈ ਨਹੀਂ ਕਰੇਗਾ। ਵਿਆਹੋਂ ਬਾਅਦ ਦੋਵੇਂ ਭਰਾ ਰਲ ਕੇ ਇੱਕ ਸੈਟ ਉਪਰ ਹੋਰ ਪਾ ਲਵਾਂਗੇ।”
ਸੋਚ ਤਾਂ ਸ਼ਰਮਾ ਜੀ ਦੀ ਠੀਕ ਸੀ, ਦਿਓਰ ਦੀ ਆਗਿਆਕਾਰੀ ਵਿੱਚ ਵੀ ਕੋਈ ਫਰਕ ਨਹੀਂ ਸੀ, ਪਰ ਸੈੱਟ ਪਾਉਣ ਵਾਲੀ ਗੱਲ ਧਰਮ ਦਈ ਦੇ ਗਲੇ ਤੋਂ ਥੱਲੇ ਨਾ ਉਤਰਦੀ। ਫਿਰ ਵੀ ਉਸਨੇ ਦੋਵਾਂ ਭਰਾਵਾਂ ਨੂੰ ਰਾਮ-ਲਛਮਣ ਦੀ ਨਜ਼ਰ ਨਾਲ ਵੇਖਦਿਆਂ ਹਾਮੀ ਭਰ ਦਿੱਤੀ। ਦਿਓਰ ਨੌਕਰੀ 'ਤੇ ਲੱਗਾ ਹੋਣ ਕਰ ਕੇ ਆਸਾਨੀ ਨਾਲ ਇੱਕ ਮੱਧਵਰਗੀ ਪਰਵਾਰ ਵਿੱਚੋਂ ਨੌਕਰੀ ਲੱਗੀ ਕੁੜੀ ਦਾ ਰਿਸ਼ਤਾ ਮਿਲ ਗਿਆ। ਧਰਮ ਦਈ ਨੇ ਬੜੇ ਚਾਵਾਂ ਨਾਲ ਦਿਓਰ ਵਿਆਹ ਲਿਆ।
ਅਕਸਰ ਪਰਵਾਰਾਂ ਵਿੱਚ ਜਿਵੇਂ ਹੁੰਦਾ ਹੈ। ਨਵੇਂ ਨਵੇਂ ਚਾਅ ਜਲਦੀ ਹੀ ਮੱਠੇ ਪੈਣ ਲੱਗਦੇ ਹਨ। ਇਕੱਠੇ ਪਰਵਾਰ 'ਚ ਨਵਾਂ ਵਿਆਹਿਆ ਜੋੜਾ ਇਕਾਂਤ ਭਾਲਦਾ ਹੈ। ਇਹ ਕੁਦਰਤੀ ਵੀ ਹੁੰਦਾ ਹੈ। ਵੱਡੀ ਹੋਣ ਦੇ ਨਾਤੇ ਧਰਮ ਦਈ ਇਸ ਸਭ ਦਾ ਖਿਆਲ ਰੱਖਦੀ, ਪਰ ਬਜ਼ੁਰਗ ਮਾਤਾ-ਪਿਤਾ ਨਵੇਂ ਵਿਆਹੇ ਜੋੜੇ ਦਾ ਘਰ ਪ੍ਰਤੀ ਅਵੇਸਲਾਪਣ ਮਹਿਸੂਸ ਕਰਨ ਲੱਗ ਪਏ। ਸ਼ਰਮਾ ਜੀ ਦੀ ਮਾਤਾ, ਜਿਸ ਨੇ ਮੂੰਹ ਨ੍ਹੇਰੇ ਉਠ-ਉਠ ਬਹੁਕਰ ਬਹਾਰੀ ਅਤੇ ਰਿੜਕਣੇ ਪਾਏ ਸਨ, ਉਹ ਧਰਮ ਦਈ ਨੂੰ ਆਖਦੀ, ‘‘ਕੁੜੇ ਬਹੂ, ਨਿੱਕੀ ਨੂੰ ਸਾਜਰੇ ਉਠਣ ਲਈ ਆਖਿਆ ਕਰ।”
‘‘ਕੋਈ ਨਾ ਬਾ ਜੀ, ਹਾਲੇ ਉਨ੍ਹਾਂ ਦੇ ਮੌਜਾਂ ਮਾਣਨ ਦੇ ਦਿਨ ਨੇ, ਜਦੋਂ ਜ਼ਿੰਮੇਵਾਰੀਆਂ ਪੈ ਗਈਆਂ, ਉਠਣਾ ਈ ਆ।” ਧਰਮ ਦਈ ਸੱਸ ਦੀ ਨਸੀਹਤ ਘੱਟ ਹੀ ਗੌਲਦੀ। ਜਿਸ ਦਾ ਭਾਵ ਸੀ ਜੁਆਕ-ਜੱਲਾ ਹੋ ਗਿਆ ਤਾਂ ਨੀਂਦਾਂ ਆਪੇ ਹੀ ਉੱਡ ਜਾਣੀਆਂ ਆ।
ਵਿਆਹ 'ਤੇ ਕੀਤੇ ਖਰਚਿਆਂ ਤੋਂ ਥੋੜ੍ਹਾ ਸੁਰਖਰੂ ਹੋਣ ਤੋਂ ਬਾਅਦ ਘਰੇਲੂ ਖਰਚਿਆਂ ਤੋਂ ਭਰਾ ਨੂੰ ਹੱਥ ਘੁੱਟਦਿਆਂ ਵੇਖ ਸ਼ਰਮਾ ਜੀ ਨੇ ਛੋਟੇ ਨੂੰ ਕਿਹਾ, ‘‘ਸਮੀਰ ਕੁਝ ਤੂੰ ਕਰ, ਕੁਝ ਮੈਂ ਕਰਦਾਂ, ਰਲ-ਮਿਲ ਕੇ ਆਪਾਂ ਮਕਾਨ ਦੀ ਛੱਤ 'ਤੇ ਇੱਕ ਸੈੱਟ ਹੋਰ ਬਣਾ ਲਈਏ।”
ਸਮੀਰ ਪਹਿਲਾਂ ਵੀ ਭਰਾ ਅੱਗੇ ਘੱਟ ਬੋਲਦਾ ਸੀ, ਉਸ ਦਿਨ ਵੀ ਕੋਈ ਜੁਆਬ ਨਾ ਦਿੱਤਾ। ਸ਼ਾਇਦ ਚੁੱਪ ਹੀ ਉਸ ਦੀ ਅਸਹਿਮਤੀ ਸੀ। ਕਈ ਵਾਰ ਉਹ ਦੋਵੇਂ ਜੀਅ ਹੋਟਲ ਤੋਂ ਈ ਖਾਣਾ ਖਾ ਆਉਂਦੇ, ਧਰਮ ਦਈ ਵੱਲੋਂ ਬਣਾਇਆ ਭੋਜਨ ਪਿਆ ਰਹਿ ਜਾਂਦਾ। ਨਵੇਂ-ਨਵੇਂ ਵਿਆਹ ਕਰ ਕੇ ਉਹ ਕੋਈ ਖਾਸ ਖਿਆਲ ਨਾ ਕਰਦੀ। ਸਮੀਰ ਤੇ ਉਸ ਦੀ ਪਤਨੀ ਕਾਫੀ ਦੇਰ ਨਾਲ ਉਠਦੇ। ਧਰਮ ਦਈ ਨੇ ਤਾਂ ਉਠ ਕੇ ਪਤੀ ਵਾਸਤੇ ਖਾਣਾ ਤਿਆਰ ਕਰਨਾ ਹੀ ਹੁੰਦਾ ਸੀ। ਕਦੀ-ਕਦੀ ਦਿਓਰ-ਦਰਾਣੀ ਸ਼ਾਹ ਵੇਲਾ ਕਰ ਲੈਂਦੇ, ਕਦੀ ਚੁੱਪ ਕਰ ਕੇ ਤੁਰ ਜਾਂਦੇ। ਜ਼ੁਬਾਨ ਸਾਂਝੀ ਬਹੁਤ ਘੱਟ ਕਰਦੇ।
ਬੇਸ਼ੱਕ ਦਰਾਣੀ ਧਰਮ ਦਈ ਵਾਂਗ ਮੱਧ ਵਰਗੀ ਪਰਵਾਰ 'ਚੋਂ ਸੀ, ਪਰ ਸਰਕਾਰੀ ਨੌਕਰੀ 'ਤੇ ਲੱਗੀ ਹੋਣ ਕਰ ਕੇ ਜਲਦੀ ਹੀ ਉਸ ਦੇ ਵਤੀਰੇ ਵਿੱਚ ਫਰਕ ਆ ਗਿਆ ਸੀ। ਸਮੀਰ ਦਾ ਪਤਨੀ ਵੱਲ ਝੁਕਣਾ ਕੁਦਰਤੀ ਸੀ। ਬਜ਼ੁਰਗ ਪਿਤਾ ਨੇ ਘਰ ਦੀ ਚੁੱਪ ਮਹਿਸੂਸ ਕਰਦਿਆਂ ਇੱਕ ਦਿਨ ਸਮੀਰ ਨੂੰ ਕੋਲ ਬੁਲਾ ਕੇ ਕਿਹਾ, ‘‘ਪੁੱਤਰ, ਘਰ ਦਾ ਮਾਹੌਲ ਮੈਨੂੰ ਸਾਜਗਾਰ ਨਹੀਂ ਲੱਗਦਾ, ਕੀ ਗੱਲ ਹੈ? ਘੱਟੋ ਘੱਟ ਪਿਓ ਨੂੰ ਤਾਂ ਦੱਸ! ਦੋਵੇਂ ਭਰਾ ਮਿਲ ਕੇ ਰਿਹਾਇਸ਼ ਵੀ ਵਧਾਓ, ਕਿਸੇ ਆਏ-ਗਏ ਤੋਂ ਵੀ ਮੁਸ਼ਕਲ ਹੁੰਦੀ ਹੈ।” ਬਜ਼ੁਰਗ ਨੇ ਇਸ਼ਾਰੇ ਨਾਲ ਛੋਟੇ ਪੁੱਤ ਨੂੰ ਸਮਝਾਉਣ ਦਾ ਯਤਨ ਕੀਤਾ।
‘‘ਭਾਪਾ ਜੀ, ਪੂਰਾ ਪਰਵਾਰ ਇਕੱਠਾ ਰਹਿਣ ਦਾ ਯੁੱਗ ਬੀਤ ਗਿਆ। ਅੱਜਕੱਲ੍ਹ ਹਰੇਕ ਆਜ਼ਾਦੀ ਚਾਹੁੰਦਾ ਹੈ। ਰਜਨੀ ਦਾ ਸੁਝਾਅ ਹੈ ਕਿ ਕੋਈ ਪਲਾਟ ਲੈ ਕੇ ਇੱਕ ਘਰ ਹੋਰ ਬਣਾ ਲਈਏ, ਉਹ ਆਖਦੀ ਸੀ ਕਿ ਭਾਪਾ ਜੀ ਤੇ ਬੀ ਜੀ ਹੁਰਾਂ ਦੇ ਹੁੰਦਿਆਂ ਦੋਵੇਂ ਘਰ ਵੱਸ ਜਾਣਗੇ ਤੇ ਉਹ ਵੀ ਬੇਫਿਕਰ ਹੋ ਜਾਣਗੇ। ਬਥੇਰਾ ਕਸ਼ਟ ਝੱਲਿਆ ਹੈ ਸਾਰੀ ਉਮਰ। ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਮਾਤਾ-ਪਿਤਾ ਦੀ ਸੇਵਾ ਕਰਨ।'' ਸਮੀਰ ਨੇ ਜੋ ਦਿਲ ਵਿੱਚ ਸੀ, ਕਹਿ ਕੇ ਲੋੜ ਤੋਂ ਵੱਧ ਸਿਆਣਪ ਘੋਟ ਕੇ ਪਿਤਾ ਨੂੰ ਹੈਰਾਨ ਕਰ ਦਿੱਤਾ।
ਪਿਤਾ ਨੂੰ ਮਹਿਸੂਸ ਹੋਇਆ ਸਰਕਾਰੀ ਨੌਕਰੀ ਕਰ ਕੇ ਪੁੱਤਰ ਜਲਦੀ ਸਿਆਣਾ ਹੋ ਗਿਆ ਹੈ। ਉਨ੍ਹਾ ਨੇ ਸਮੀਰ ਦੇ ਮੋਢੇ 'ਤੇ ਹੱਥ ਰੱਖ ਕੇ ਗੰਭੀਰ ਹੁੰਦਿਆਂ ਸਿਰਫ ਏਨਾ ਕਿਹਾ, ‘‘ਪੁੱਤਰ, ਵਿਆਹ ਕਰਵਾ ਕੇ ਜੇ ਤੇਰਾ ਵੱਡਾ ਭਰਾ ਤੇਰੇ ਵਾਂਗ ਸਿਆਣਾ ਬਣ ਜਾਂਦਾ ਤਾਂ ਸ਼ਾਇਦ ਤੂੰ ਸਰਕਾਰੀ ਨੌਕਰੀ 'ਤੇ ਨਾ ਹੁੰਦਾ, ਮੈਂ ਸੋਚਦਾ ਸਾਂ ਹਰਮੇਸ਼ ਨੇ ਮੇਰੀ ਕਬੀਲਦਾਰੀ ਦਾ ਭਾਰ ਵੰਡਾਇਆ ਸੀ, ਤੂੰ ਭਰਾ ਦੀ ਕਬੀਲਦਾਰੀ 'ਚ ਸਹਿਯੋਗੀ ਬਣੇਂਗਾ।”
ਸਮੀਰ ਬਿਨਾਂ ਕੋਈ ਜੁਆਬ ਦਿੱਤਿਆਂ ਜਾ ਚੁੱਕਾ ਸੀ।
ਵੱਖਰਾ ਘਰ ਬਣਾ ਕੇ ਸੇਵਾ ਕਰਨ ਦਾ ਭਾਵ ਤੇ ਪੁੱਤਰ ਦੀ ਦਿਲੀ ਮਨਸ਼ਾ ਬਜ਼ੁਰਗ ਭਲੀ-ਭਾਂਤ ਸਮਝ ਗਿਆ ਸੀ। ਛੋਟੇ ਪੁੱਤਰ ਦੀ ਅਜਿਹੀ ਸੋਚ ਸੁਣ ਕੇ ਦੁੱਖ ਲੱਗਾ ਸੀ, ਕਿਉਂਕਿ ਵੱਡੇ ਨੇ ਛੋਟੇ ਨੂੰ ਪੁੱਤਰਾਂ ਵਾਂਗ ਰੱਖਿਆ ਸੀ। ਸਮੀਰ ਨੇ ਕੁਝ ਸਮਾਂ ਆਪਣੀ ਸਮਝ ਅਨੁਸਾਰ ਕਰਜ਼ੇ ਤੋਂ ਸੁਰਖਰੂ ਹੋਣ ਬਾਅਦ ਆਪਣਾ ਬੋਝਾ ਘੁੱਟ ਲਿਆ, ਵਹੁਟੀ ਦੀ ਕਮਾਈ ਤਾਂ ਸਾਂਝੇ ਘਰ ਵਿੱਚ ਭਰਾ ਦੇ ਹੱਥ 'ਤੇ ਰੱਖਣੀ ਹੀ ਕੀ ਸੀ। ਦਰਅਸਲ ਜਦੋਂ ਸਾਡੀ ਆਪਣੀ ਕਮਾਈ ਸਾਂਝੇ ਘਰ ਵਿੱਚ ਖਰਚ ਹੋਣ ਲੱਗਦੀ ਹੈ ਤਾਂ ਸਾਨੂੰ ਖਰਚ ਨਾਜਾਇਜ਼ ਹੋ ਰਿਹਾ ਲੱਗਦਾ ਹੈ ਤੇ ਅਸੀਂ ਜਮ੍ਹਾ ਘਟਾਓ ਕਰਨੀ ਸ਼ੁਰੂ ਕਰ ਦਿੰਦੇ ਹਾਂ।
ਛੋਟੇ ਪੁੱਤਰ ਵੱਲੋਂ ਕੋਈ ਚੱਜ ਦਾ ਹੁੰਗਾਰਾ ਨਾ ਮਿਲਣ ਕਰ ਕੇ ਸਿਆਣੇ ਬਾਪ ਨੇ ਸਭ ਕੁਝ ਸਮਝਦਿਆਂ ਹੋਇਆਂ ਇੱਕ ਦਿਨ ਸਮੀਰ ਨੂੰ ਕਹਿ ਦਿੱਤਾ, ‘ਪੁੱਤਰ, ਤੁਸੀਂ ਦੋਵੇਂ ਜੀਅ ਨੌਕਰੀ ਕਰਦੇ ਹੋ, ਘਰ ਦੀ ਹਾਲਤ ਤੈਥੋਂ ਗੁਝੀ ਨਹੀਂ, ਭਰਾ ਤੇਰਾ ਇੱਕਲਾ ਕਮਾਉਣ ਵਾਲਾ ਤੇ ਕਬੀਲਦਾਰ ਹੈ। ਆਪਣਾ ਘਰ ਬਣਾਉਣ ਵਿੱਚ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਣੀ। ਹਾਂ, ਘਰ ਦੀ ਥੋੜ੍ਹੀ ਬਹੁਤ ਜੋ ਵੀ ਜਾਇਦਾਦ ਹੈ, ਉਸ ਵਿੱਚੋਂ ਤੇਰਾ ਬਣਦਾ ਹਿੱਸਾ ਮਿਲ ਜਾਵੇਗਾ।’
ਬਸ ਜਿਵੇਂ ਸਮੀਰ ਆਪ ਪਹਿਲ ਨਾ ਕਰ ਕੇ ਪਿਤਾ ਜਾਂ ਭਰਾ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ। ਦੋਵਾਂ ਜੀਆਂ ਨੂੰ ਬਹਾਨਾ ਮਿਲ ਗਿਆ ਕਿ ਪਿਤਾ ਜੀ ਹਰਮੇਸ਼ ਦਾ ਪੱਖ ਲੈਂਦੇ ਹਨ। ਉਹ ਬੋਲਣੋਂ ਚਾਲਣੋਂ ਵੀ ਗਏ। ਜਲਦੀ ਹੀ ਕਿਰਾਏ 'ਤੇ ਮਕਾਨ ਲੈ ਕੇ ਆਪਣਾ ਦਾਜ ਦਾ ਸਾਮਾਨ ਵਿੱਚ ਰੱਖ ਕੇ ਆਪਣੇ-ਆਪ ਨੂੰ ਆਜ਼ਾਦ ਕਰ ਲਿਆ। ਧਰਮ ਦਈ ਨੂੰ ਦੁੱਖ ਤਾਂ ਬੁਹਤ ਲੱਗਾ, ਜਦੋਂ ਬੱਚਿਆਂ ਵਾਂਗ ਰੱਖਿਆ ਦਿਓਰ ਤੇ ਹੱਥੀਂ ਵਿਆਹ ਕੇ ਲਿਆਂਦੀ ਛੋਟੀਆਂ ਭੈਣਾਂ ਵਰਗੀ ਦਰਾਣੀ ਚੁੱਪ ਕਰ ਕੇ ਆਪਣੇ ਘਰੋਂ ਚਲੇ ਗਏ। ਉਸ ਨੇ ‘ਸਾਰਿਆਂ ਨਾਲ ਈ ਹੁੰਦਾ ਆਇਆ’ ਸੋਚ ਮਨ ਨੂੰ ਧਰਵਾਸ ਦੇ ਲਿਆ। ਸ਼ਰਮਾ ਜੀ ਨੇ ਦੋ ਦਿਨ ਰੋਟੀ ਨਹੀਂ ਖਾਧੀ। ਦੋਵਾਂ ਜੀਆਂ ਆਪਣੇ-ਆਪਣੇ ਮਹਿਕਮਿਆਂ ਤੋਂ ਲੋਨ ਲੈ ਕੇ ਵਧੀਆ ਘਰ ਵੀ ਬਣਾ ਲਿਆ। ਦੋਵਾਂ ਭਰਾਵਾਂ ਵਿੱਚ ਇੱਕ ਤਰ੍ਹਾਂ ਲੀਕ ਹੀ ਖਿੱਚੀ ਗਈ।
ਧਰਮ ਦਈ ਨੂੰ ਯਾਦ ਹੈ, ਬੇਸ਼ੱਕ ਸਮੀਰ ਵਿਆਹ ਕਰਵਾ ਕੇ ਅਲੱਗ ਹੋ ਗਿਆ, ਉਸ ਦੇ ਘਰ ਬੱਚਾ ਹੋਣ ਕਰ ਕੇ ਬੀਬੀ-ਭਾਪੇ ਦੀਆਂ ਵੰਡੀਆਂ ਵੀ ਪੈ ਗਈਆਂ, ਪਰ ਸ਼ਰਮਾ ਜੀ ਖੇਡਾਂ ਵਿੱਚ ਮਸਤ ਆਪਣੇ ਬੱਚਿਆਂ ਨੂੰ ਆਖਦੇ, ‘ਧਰਮੀਏ ਜੀਂਦੇ ਜੀ ਮੈਂ ਆਪਣੇ ਬੱਚਿਆਂ ਨੂੰ ਵੱਖ ਨਹੀਂ ਹੋਣ ਦੇਣਾ, ਮੇਰੇ ਤੋਂ ਬਾਅਦ ਜੋ ਮਰਜ਼ੀ ਕਰਨ।’ ਸ਼ਰਮਾ ਜੀ ਭਰਾ ਦੇ ਵਿਛੋੜੇ ਦੀ ਪੀੜ ਮਹਿਸੂਸ ਕਰਦੇ ਅਕਸਰ ਭਾਵੁਕ ਹੋ ਜਾਂਦੇ। ਧਰਮ ਦਈ ਆਪਣਾ ਤਰਕ ਦੇਂਦੀ ਆਖਦੀ, ‘‘ਸ਼ਰਮਾ ਜੀ, ਜ਼ਮਾਨਾ ਬਦਲ ਗਿਆ ਹੈ। ਨੂੰਹ ਚੰਗੀ ਨੂੰਹ ਤਾਂ ਬਣ ਸਕਦੀ ਹੈ, ਧੀ ਨਹੀਂ। ਇਸ ਤਰ੍ਹਾਂ ਹੀ ਮਾਪਿਆਂ ਦੀ ਸਹੇੜ ਚੰਗਾ ਜਵਾਈ ਹੋ ਸਕਦਾ ਹੈ, ਪਰ ਪੁੱਤਰ ਨਹੀਂ।”
‘ਜਦੋਂ ਅਸੀਂ ਨੂੰਹਾਂ ਨੂੰ ਧੀਆਂ ਸਮਝਾਂਗੇ, ਕਿਵੇਂ ਨਾ ਧੀਆਂ ਬਣਨਗੀਆਂ?’ ਸ਼ਰਮਾ ਜੀ ਬੜੇ ਵਿਸ਼ਵਾਸ ਨਾਲ ਆਖਦੇ।
ਧਰਮ ਦਈ ‘ਵਕਤ ਦਾ ਇੰਤਜ਼ਾਰ ਕਰੋ’ ਕਹਿ ਕੇ ਗੱਲ ਨਬੇੜ ਦਿੰਦੀ, ਪਰ ਦੂਜਾ ਘਰ ਬਣਾਉਣ ਦੇ ਮਾਮਲੇ ਵਿੱਚ ਧਰਮ ਦਈ ਨੇ ਸ਼ਰਮਾ ਜੀ ਦੀ ਇੱਕ ਨਾ ਸੁਣੀ। ਆਗਿਆਕਾਰ ਪੁੱਤਰਾਂ ਨੂੰ ਸਮਝਾਅ ਕੇ ਨੇੜੇ ਹੀ ਹੋਰ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਪਤੀ ਨੂੰ ਵੀ ਜਾਇਦਾਦ ਦੇ ਮਾਮਲੇ ਵਿੱਚ ਦੋਵਾਂ ਪੁੱਤਰਾਂ ਨੂੰ ਬਰਾਬਰ ਹਿੱਸੇ ਕਰ ਕੇ ਜੋ ਕਿਸੇ ਦਾ ਲੈਣ-ਦੇਣ ਬਣਦਾ ਸੀ, ਪੁੱਤਰਾਂ ਦੀ ਰਜ਼ਾਮੰਦੀ ਨਾਲ ਦੇਣ ਲਈ ਮਨਾ ਲਿਆ। ਦੋਵੇਂ ਪੁੱਤਰ ਤੇ ਨੂੰਹਾਂ ਵੀ ਖੁਸ਼ ਸਨ। ਸ਼ਰਮਾ ਜੀ ਵੀ ਦੂਜਾ ਘਰ ਬਣਾਉਣ ਦੇ ਮਾਮਲੇ 'ਚ ਧਰਮ ਦਈ ਨੂੰ ਠੀਕ ਸਮਝਣ ਲੱਗ ਪਏ ਕਿ ਘੱਟ ਤੋਂ ਘੱਟ ਸਾਡੇ ਵਾਂਗ ਤੋੜ ਵਿਛੋੜਾ ਤਾਂ ਨਹੀਂ ਹੋਵੇਗਾ। ਇੱਕ ਦੂਜੇ ਨੂੰ ਮਿਲਣ ਲਈ ਦੋਵੇਂ ਭਰਾ ਤਰਲੇ ਤਾਂ ਨਹੀਂ ਲੈਣਗੇ?
ਅਚਾਨਕ ਦੁਨੀਆ 'ਤੇ ਅਜਿਹੀ ਮਹਾਮਾਰੀ ਫੈਲ ਗਈ, ਜਿਸ ਨਾਲ ਦੁਨੀਆ ਤਰਾਹ-ਤਰਾਹ ਕਰਨ ਲੱਗ ਪਈ। ਆਪਣੇ ਭੈਣ-ਭਰਾ, ਸਕੇ-ਸੰਬੰਧੀ ਇੱਕ ਦੂਜੇ ਨੂੰ ਛੂਹਣ ਨਾਲ ਲੱਗਣ ਵਾਲੀ ਬਿਮਾਰੀ ਤੋਂ ਡਰ ਕੇ ਇੱਕ ਦੂਜੇ ਕੋਲ ਆਉਣੋਂ ਤ੍ਰਹਿਕਣ ਲੱਗੇ। ਸਿਹਤ ਮਾਹਰਾਂ ਅਨੁਸਾਰ ਜੇ ਬਿਮਾਰੀ ਤੋਂ ਬਚਣਾ ਹੈ ਤਾਂ ਇਹ ਕੁਝ ਕਰਨਾ ਜ਼ਰੂਰੀ ਸੀ। ਇਸ ਅਦਿੱਖ ਲੱਛਣਾਂ ਵਾਲੀ ਬਿਮਾਰੀ ਨੇ ਹੱਸਦੇ-ਵੱਸਦੇ ਪਰਵਾਰਾਂ ਤੇ ਸਮਾਜ ਵਿੱਚ ਦੂਰੀਆਂ ਬਣਾ ਕੇ ਮਨੁੱਖੀ ਸਭਿਅਤਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਬਿਮਾਰੀ ਨਾਲ ਮਰਨ ਵਾਲਿਆਂ ਨੂੰ ਸਾਂਝੇ ਸਿਵਿਆਂ ਵਿਚ ਥਾਂ ਨਾ ਮਿਲਣੀ ਅਤੇ ਆਪਣਿਆਂ ਵੱਲੋਂ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਪ੍ਰਵਾਨ ਨਾ ਕਰਨਾ ਵੀ ਰਿਸ਼ਤਿਆਂ ਦੇ ਪਤਲੇ ਅਤੇ ਖੋਖਲੇਪਣ 'ਤੇ ਪ੍ਰਸ਼ਨ ਚਿੰਨ੍ਹ ਲੱਗੇ।
ਸ਼ਰਮਾ ਜੀ ਦੇ ਦੋਵੇਂ ਪੁੱਤਰ ਘਰੋਂ ਦੂਰ ਨੌਕਰੀ ਕਰਦੇ ਸਨ। ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਨੂੰਹ ਤਿੰਨ-ਤਿੰਨ, ਚਾਰ-ਚਾਰ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਘਰ ਆਉਂਦੀ। ਉਹ ਡਿਊਟੀ ਦੌਰਾਨ ਕਈ ਮਰੀਜ਼ਾਂ ਵਿੱਚ ਵਿਚਰਦੀ ਸੀ। ਘਰ ਕੇ ਉਹ ਸੁਰੱਖਿਆ ਦੇ ਮੱਦੇਨਜ਼ਰ ਸੈਨੀਟੇਸ਼ਨ ਦਾ ਪੂਰਾ ਖਿਆਲ ਰੱਖਦੀ। ਡਿਊਟੀ ਵਾਲੇ ਕੱਪੜੇ ਬਦਲੇ ਕੇ ਜ਼ਰਮ ਰਹਿਤ ਕਰ ਕੇ ਫਿਰ ਡਿਟੋਲ ਮਿਲੇ ਪਾਣੀ ਨਾਲ ਇਸ਼ਨਾਨ ਕਰਨ ਤੋਂ ਬਾਅਦ ਬੱਚਿਆਂ ਦੇ ਨੇੜੇ ਆਉਂਦੀ, ਪਰ ਦਰਾਣੀ ਕੁਝ ਜ਼ਿਆਦਾ ਹੀ ਵਹਿਮ ਕਰ ਕੇ ਉਸ ਨਾਲ ਆਪਣੇ ਬੱਚਿਆਂ ਅਤੇ ਆਪਣੀ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ। ਪੂਰੀ ਸਾਵਧਾਨੀ ਵਰਤਣ ਦੇ ਬਾਵਜੂਦ ਸ਼ਰਮਾ ਜੀ ਨੂੰ ਘਰੇਲੂ ਪੜ੍ਹੀ ਲਿਖੀ ਨੂੰਹ ਦਾ ਨੌਕਰੀ ਕਰਦੀ ਨੂੰਹ ਪ੍ਰਤੀ ਅਜਿਹਾ ਵਤੀਰਾ ਚੰਗਾ ਨਾ ਲੱਗਦਾ। ਛੂਹਣ ਦੀ ਗੱਲ ਤਾਂ ਦੂਰ, ਦਰਾਣੀ-ਜਠਾਣੀ ਇੱਕ-ਦੂਜੀ ਨਾਲ ਜ਼ੁਬਾਨ ਤੱਕ ਸਾਂਝੀ ਨਾ ਕਰਦੀਆਂ। ਇਹ ਸ਼ਰਮਾ ਜੀ ਲਈ ਅਸਹਿ ਸੀ। ਲਗਾਤਾਰ ਇਹ ਸਥਿਤੀ ਰਹਿਣ ਨਾਲ ਸ਼ਰਮਾ ਜੀ ਤੋਂ ਰਿਹਾ ਨਾ ਗਿਆ। ਧਰਮ ਦਈ ਇਹ ਸਭ ਕੁਝ ਮਹਿਸੂਸ ਤਾਂ ਕਰਦੀ ਸੀ, ਪਰ ਹੋਊ ਪਰੇ ਦੀ ਨੀਤੀ ਅਪਣਾਉਂਦੀ ਆਖਦੀ, ‘‘ਜਿੰਨਾ ਬਚਾਅ ਰੱਖਿਆ ਜਾਵੇ ਓਨਾ ਹੀ ਚੰਗਾ ਹੈ।”
ਸ਼ਰਮਾ ਜੀ ਸਹਿਮਤ ਨਾ ਹੋਏ, ਅ‘ਧਰਮੀਏ, ਅੱਕਿਆ-ਥੱਕਿਆ ਬੰਦਾ ਆਪਣੇ ਘਰ ਪਰਵਾਰ ਨੂੰ ਮਿਲ ਕੇ ਸਕੂਨ ਹਾਸਲ ਕਰਨ ਆਉਂਦਾ ਹੈ, ਪਰਵਾਰ ਦੇ ਜੀਅ ਉਸ ਨਾਲ ਇਹ ਵਰਤਾਓ ਕਰਨਗੇ ਤਾਂ ਉਸ ਦੇ ਦਿਲ 'ਤੇ ਕੀ ਬੀਤੇਗੀ?’ ਸ਼ਰਮਾ ਜੀ ਨੇ ਨੌਕਰੀ ਕਰਦੀ ਨੂੰਹ ਦੀ ਮਾਨਸਿਕ ਪੀੜ ਮਹਿਸੂਸ ਕਰਦਿਆਂ ਘਰੇਲੂ ਨੂੰਹ ਨੂੰ ਕਹਿ ਹੀ ਦਿੱਤਾ, ‘‘ਪੁੱਤਰ ਆਪਣੀ ਭੈਣ ਨੂੰ ਹਾਲ-ਚਾਲ ਪੁੱਛਿਆ?”
ਉਹ ਉਲਟਾ ਬੋਲੀ, ‘‘ਭਾਪਾ ਜੀ, ਉਹ ਆਪ ਈ ਸਾਡੇ ਨਾਲ ਜ਼ੁਬਾਨ ਸਾਂਝੀ ਕਰ ਕੇ ਖੁਸ਼ ਨਹੀਂ, ਫਿਰ ਸਾਡੀਆਂ ਵੀ ਕੀ ਬਾਹਵਾਂ ਆਕੜੀਆਂ ਨੇ। ਮੈਂ ਕਹਿਨੀ ਆਂ, ਸਾਡੇ ਘਰ ਦੇ ਬੂਹੇ ਬਾਰੀਆਂ ਈ ਲੱਗ ਜਾਣ ਤੇ ਅਸੀਂ ਆਪਣੇ ਘਰ ਜਾਈਏ, ਫਿਰ ਤੁਸੀਂ ਵੀ ਸੌਖੇ ਹੋ ਜਾਇਓ।”
ਸ਼ਰਮਾ ਜੀ ਨੇ ਅੱਜ ਤੱਕ ਨੂੰਹਾਂ ਨੂੰ ਧੀਆਂ ਸਮਝਿਆ ਸੀ, ਪਰ ਪਤਨੀ ਧਰਮ ਦਈ ਦੇ ਬੋਲ ਸੱਚ ਹੋ ਗਏ। ਕਦੀ ਵੀ ਉੱਚੀ ਆਵਾਜ਼ ਵਿੱਚ ਗੱਲ ਨਾ ਕਰਨ ਵਾਲੀ ਦੇ ਦਿਲ ਵਿੱਚ ਅੰਤਾਂ ਦਾ ਭਰਿਆ ਜ਼ਹਿਰ ਸੁਣ ਕੇ ਸ਼ਰਮਾ ਜੀ ਦੰਗ ਰਹਿ ਗਏ ਸਨ। ਉਹ ਬਹੁਤ ਦੁਖੀ ਆਵਾਜ਼ ਵਿੱਚ ਸਿਰਫ ਏਨਾ ਹੀ ਬੋਲੇ, ‘‘ਬੇਟੀ, ਆਪਣੇ ਅੰਦਰ ਦੀ ਨਫਰਤ ਅਤੇ ਸ਼ੰਕਾ ਦੇ ਜ਼ਹਿਰ ਨੂੰ ਮਾਰੋ, ਇਹ ਕੋਰੋਨਾ ਵਾਇਰਸ ਨਾਲੋਂ ਵੀ ਖਤਰਨਾਕ ਹੈ।”
‘‘ਭਾਪਾ ਜੀ, ਇਸ ਸਮੇਂ ਤੁਹਾਡੇ ਵੱਲੋਂ ਵੀ ਬੱਚਿਆਂ ਨੂੰ ਚੁੰਮ ਕੇ ਬਹੁਤਾ ਲਾਡ ਲਡਾਉਣਾ ਠੀਕ ਨਹੀਂ।” ਕਹਿ ਕੇ ਨੂੰਹ ਰਾਣੀ ਨੇ ਆਪਣੇ ਬੱਚੇ ਤੇ ਖੁਦ ਆਪਣੇ ਕਮਰੇ ਦੇ ਅੰਦਰ ਹੋ ਕੇ ਠਾਹ ਦੇਣੇ ਦਰਵਾਜ਼ਾ ਬੰਦ ਕਰ ਲਿਆ। ਸ਼ਰਮਾ ਜੀ ਨੂੰ ਇੰਝ ਲੱਗਾ ਜਿਵੇਂ ਪਿਛਲੀ ਉਮਰੇ ਵਖਰੇਵੇਂ ਦਾ ਦੂਜਾ ਤੀਰ ਅੱਜ ਉਨ੍ਹਾਂ ਦੇ ਸੀਨੇ ਵਿੱਚ ਲੱਗਾ ਹੋਵੇ। ਉਹ ਬੋਝਲ ਹੋ ਚੁੱਕੀਆਂ ਲੱਤਾਂ ਘਸੀਟਦੇ ਹੋਏ ਆਪਣੇ ਕਮਰੇ ਵਿੱਚ ਆ ਕੇ ਆਪਣਾ ਸਿਰ ਫੜ ਕੇ ਬੈਠ ਗਏ। ਕੁਝ ਪਲ ਪਹਿਲਾਂ ਜ਼ੋਰ ਨਾਲ ਬੰਦ ਕੀਤੇ ਦਰਵਾਜ਼ੇ ਦੀ ਠਾਹ ਵਾਰ-ਵਾਰ ਬੇਵੱਸ ਸ਼ਰਮਾ ਜੀ ਦੇ ਦਿਮਾਗ ਵਿੱਚ ਵੱਜਣ ਲੱਗੀ। ਸਭ ਕੁਝ ਵੇਖਦੀ ਤੇ ਸਮਝਦੀ ਹੋਈ ਧਰਮ ਦਈ ਪਤੀ ਦੇ ਨੇੜੇ ਬੈਠ ਕੇ ਆਉਣ ਵਾਲੇ ਸਮੇਂ ਵਿੱਚ ਖੁਦ ਵੀ ਪੋਤੇ-ਪੋਤੀਆਂ ਤੋਂ ਬਣਨ ਵਾਲੀ ਦੂਰੀ ਦੀ ਗੁੱਝੀ ਪੀੜ ਦੇ ਅਹਿਸਾਸ ਨਾਲ ਡੂੰਘਾ ਹਾਉਕਾ ਭਰ ਕੇ ਸੋਚਾਂ ਵਿੱਚ ਡੁੱਬ ਗਈ।

Have something to say? Post your comment