Welcome to Canadian Punjabi Post
Follow us on

11

August 2020
ਨਜਰਰੀਆ

ਹਾਏ ਪੈਟਰੋਲ, ਹਾਏ ਡੀਜ਼ਲ

July 08, 2020 09:09 AM

-ਨੂਰ ਸੰਤੋਖਪੁਰੀ
ਉਪਰੋਂ ਅਸਮਾਨ 'ਚ ਸੂਰਜ ਮਹਾਰਾਜ ਅੱਗ ਵਰ੍ਹਾਉਂਦੀ ਗਰਮੀ ਦੇ ਗੋਲੇ ਠਾਹ ਠਾਹ ਕਰ ਕੇ ਧਰਤੀ 'ਤੇ ਦਬਾ-ਸਟ ਸੁੱਟੀ ਜਾ ਰਿਹਾ ਹੈ ਅਤੇ ਹੇਠਾਂ ਤੇਲ ਕੰਪਨੀਆਂ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਾ ਕੇ ਖਪਤਕਾਰਾਂ ਦਾ ਤੇਲ ਕੱਢੀ ਜਾ ਰਹੀਆਂ ਹਨ। ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਕੇ ਲੁੱਟਿਆ ਜਾ ਰਿਹਾ ਹੈ। ਲੋਕਾਂ ਦਾ ਲੱਕ ਤੋੜਨ ਵਿੱਚ ਜਿਹੜੀ ਕਸਰ ਕੋਰੋਨਾ ਲਾਕਡਾਊਨ, ਕਰਫਿਊ ਤੋਂ ਬਾਕੀ ਰਹਿ ਗਈ ਸੀ, ਉਹ ਕਸਰ ਤੇਲ ਦੀਆਂ ਵਧਦੀਆਂ ਕੀਮਤਾਂ ਪੂਰੀ ਕਰ ਰਹੀਆਂ ਹਨ। ਗੱਲ ਕੀ? ਲੋਕਾਂ ਦਾ ਲੱਕ ਸਿੱਧਾ ਨਹੀਂ ਹੋਣ ਦੇਣਾ। ਉਨ੍ਹਾਂ ਨੂੰ ਸਦਾ ਮਹਿੰਗਾਈ, ਬੇਰੋਜ਼ਗਾਰੀ, ਕਾਲਾਬਾਜ਼ਾਰੀ, ਮੁਨਾਫਾਖੋਰੀ, ਭਿ੍ਰਸ਼ਟਾਚਾਰ ਨੇ ਕੋਡੇ ਕਰੀ ਰੱਖਣਾ ਹੈ। ਭੁੰਜੇ ਜਾਂ ਖੂੰਜੇ ਲਾਈ ਰੱਖਣਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਬਾਕੀ ਕਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਉੱਚੇ-ਉੱਚੇ ਛੜੱਪੇ ਮਾਰ ਕੇ ਵਧ ਜਾਂਦੀਆਂ ਹਨ। ਅੱਜਕੱਲ੍ਹ ਤਾਂ ਲੋਕਾਂ ਨੂੰ ਉਚੀ-ਉਚੀ ਗਾਉਣਾ ਜਾਂ ਪਛਤਾਉਣਾ ਚਾਹੀਦਾ ਹੈ, ਕਿ
ਇੱਕ ਪਾਸੇ ਕੋਵਿਡ 19 ਮਹਾਮਾਰੀ ਨੇ ਸਾਡੀ ਜਾਨ ਸੁਕਾਈ।
ਦੂਜੇ ਪਾਸੇ ਤੇਲਾਂ ਦੀ ਮਹਿੰਗਾਈ ਸਾਡੀ ਸ਼ਾਮਤ ਲੈ ਆਈ।
ਸਾਨੂੰ ਸੁੱਖ ਦਾ ਸਾਹ ਕਿਵੇਂ ਆਵੇਗਾ ਦੱਸੋ ਸਰਕਾਰ ਜੀ?
ਨਾ ਵੱਟੋ ਘੇਸਲ ਤੇ ਸੁਣੋ ਜਨਤਾ ਪਾਉਂਦੀ ਹਾਲ-ਦੁਹਾਈ।
ਜਿਸ ਤਰ੍ਹਾਂ ਪੈਟਰੋਲ ਤੇ ਡੀਜ਼ਲ ਤੇਲ ਦੀ ਕੀਮਤ ਨੂੰ ਅੱਗ ਲੱਗੀ ਹੋਈ ਹੈ, ਉਸ ਨੂੰ ਵੇਖ ਕੇ ਇਹ ਕਹਿਣਾ ਚਾਹੀਦਾ ਹੈ, ‘‘ਤੇਲ ਦੇਖੋ! ਤੇਲ ਦੀ ਧਾਰ ਦੇਖੋ! ਨਾਲ ਹੀ ਤੇਲ ਦੀ ਕੀਮਤ ਦੀ ਮਾਰ ਦੇਖੋ!” ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਪੈਂਦੀ ਮਹਿੰਗਾਈ ਦੀ ਮਾਰ ਦੇਖੋ। ਹਰ ਪਾਸੇ ਮੱਚੀ ਹਾਹਾਕਾਰ ਦੇਖੋ। ਅੱਖਾਂ-ਕੰਨ ਬੰਦ ਕਰ ਕੇ ਬੈਠੀ ਕੇਂਦਰੀ ਸਰਕਾਰ ਦੇਖੋ। ਮਹਿੰਗੇ ਤੇਲਾਂ ਨਾਲ ਬਾਕੀ ਕਈ ਵਸਤਾਂ ਦੀ ਵਧਦੀ ਮਹਿੰਗਾਈ ਦੀ ਰਫਤਾਰ ਦੇਖੋ। ਤੇਲ ਕੰਪਨੀਆਂ ਦੀ ਮੁਨਾਫਾਖੋਰੀ ਕਾਰਨ ਖਪਤਕਾਰਾਂ ਦੀ ਮਾਲੀ ਹਾਲਤ ਖੁਰ-ਖੁਰ ਕੇ ਪਾਣੀ ਨਾਲੋਂ ਜ਼ਿਆਦਾ ਪਤਲੀ ਹੋ ਰਹੀ ਹੈ।
ਕੋਈ ਆਮ ਖਪਤਕਾਰ ਆਪਣੇ ਦੋਪਹੀਆ ਜਾਂ ਚੌਪਹੀਆ ਵਾਹਨ ਵਿੱਚ ਪੈਟਰੋਲ ਜਾਂ ਡੀਜ਼ਲ ਪੁਆਉਣ ਲਈ ਜਦੋਂ ਕਿਸੇ ਪੈਟਰੋਲ ਪੰਪ ਵੱਲ ਜਾਂਦਾ ਹੈ, ਤਾਂ ਉਦੋਂ ਉਹਦਾ ਦਿਲ ਜ਼ੋਰ-ਜ਼ੋਰ ਨਾਲ ਲਹੂ ‘ਪੰਪ’ ਕਰਨ ਲੱਗ ਪੈਂਦਾ ਹੈ। ਸਾਹ ‘ਜੰਪ’ ਕਰਨ ਲੱਗ ਪੈਂਦਾ ਹੈ। ਜਿਵੇਂ ਕੋਰੋਨਾ ਵਾਇਰਸ ਨੇ ਮਹਿੰਗਾਈ ਨਾਲ ਰਲ ਕੇ ਦਿਲ ਅਤੇ ਫੇਫੜਿਆਂ 'ਤੇ ਵਾਰ ਕਰ ਦਿੱਤਾ ਹੋਵੇ। ਜਿਨ੍ਹਾਂ ਲੋਕਾਂ ਨੇ (ਭਾਵੇਂ ਕਿਸ਼ਤਾਂ ਉਪਰ) ਨਵੇਂ ਦੋਪਹੀਆ ਜਾਂ ਚੌਪਹੀਆ ਵਾਹਨ ਖਰੀਦੇ ਹਨ, ਉਨ੍ਹਾਂ ਦੇ ‘ਹੂਟੇ, ਝੂਟੇ’ ਲੈਣ ਦੇ ਚਾਅ ਨੂੰ ਤੇਲ ਨੂੰ ਲੱਗੀ ਮਹਿੰਗਾਈ ਦੀ ਅੱਗ ਨੇ ਧੂੰਆਂ-ਧੂੰਆਂ ਕਰ ਕੇ ਰੱਖ ਦਿੱਤਾ ਹੈ। ਹਰ ਤਰ੍ਹਾਂ ਮਹਿੰਗਾਈ ਨੇ ਸਭ ਤੋਂ ਆਮ ਤੇ ਗਰੀਬ ਲੋਕਾਂ ਦੀ ਨਾਸੀਂ ਧੂੰਆਂ ਲਿਆ ਦਿੱਤਾ ਹੈ। ਮੌਜੂਦਾ ਸਮੇਂ ਦੇ ਇੱਕ ‘ਮਹਾਨ’ ਤੇ ‘ਦੂਰਅੰਦੇਸ਼’ ਨੇਤਾ ਜੀ ਦਾ ਇੱਕ ਸੁਨਹਿਰੀ ਫਰਮਾਨ ਗੌਰ ਕਰਨ ਲਾਇਕ ਹੈ :
‘ਦੋਪਹੀਆ ਅਤੇ ਚੌਪਹੀਆ ਵਾਹਨ ਮਾਲਕ ਭੁੱਖੇ ਨਹੀਂ ਮਰਦੇ। ਜੇ ਉਹ ਮਹਿੰਗਾ ਪੈਟਰੋਲ ਤੇ ਡੀਜ਼ਲ ਖਰੀਦ ਸਕਦੇ ਨੇ, ਤਾਹੀਓਂ ਉਹ ਖਰੀਦਦੇ ਹਨ। ਫਿਰ ਰੌਲਾ ਕਿਸ ਗੱਲ ਦਾ? ਭਾਵ ਸਾਈਕਲ ਚਲਾਓ ਜਾਂ ਤੁਰ ਕੇ ਦੂਰ-ਨੇੜੇ ਜਾਣਾ ਹੈ ਤਾਂ ਜਾਓ।’ ਬਿਲਕੁਲ ਠੀਕ ਆਖਿਆ ਨੇਤਾ ਜੀ ਨੇ। ਸ਼ਾਇਦ ਇਸੇ ਲਈ ਤੇਲ ਦੀਆਂ ਕੀਮਤਾਂ ਵਧਾ-ਵਧਾ ਕੇ ਵਾਹਨ ਮਾਲਕਾਂ ਦੀ ਮਾਲੀ ਸਮਰੱਥਾ ਦੀ ਪ੍ਰਖਿਆ ਲਈ ਜਾ ਰਹੀ ਹੈ। ਉਨ੍ਹਾਂ ਦੇ ਸਟੈਂਡਰਡ ਨੂੰ ਨਾਪਿਆ-ਤੋਲਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨਾਲ-ਤੋਲ 'ਚ ਪੂਰੇ ਉਤਰਨ ਵਿੱਚ ਫੇਲ੍ਹ ਹੋ ਜਾਣਗੇ, ਉਹ ‘ਹਾਏ ਤੇਲ! ਹਾਏ ਤੇਲ' ਪਿੱਟਦੇ ਹੋਏ ਭੁੱਖਿਆਂ ਦੀ ਕਤਾਰ ਵਿੱਚ ਖੜ੍ਹਨਗੇ। ਉਂਝ ਵੀ ਕੋਰੋਨਾ ਸੰਕਟ ਤੋਂ ਪਹਿਲਾਂ ਭਾਰਤ 'ਚ ਤੀਹ ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ। ਅੱਜਕੱਲ੍ਹ ਇਨ੍ਹਾਂ ਰੀਂਗਣ ਵਾਲੇ ਜੀਵਾਂ ਭਾਵ ਗਰੀਬਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਗਿਆ ਹੋਵੇਗਾ।
ਮਹਿੰਗੀ ਰਸੋਈ ਗੈਸ, ਮਹਿੰਗੀ ਬਿਜਲੀ, ਮਹਿੰਗਾ ਪਾਣੀ, ਮਹਿੰਗਾ ਘਿਓ-ਤੇਲ, ਮਹਿੰਗਾ ਆਟਾ, ਲੂਣ-ਮਸਾਲਾ, ਮਹਿੰਗੀਆਂ ਦਾਲਾਂ ਸਬਜ਼ੀਆਂ ਤੇ ਮਹਿੰਗੇ ਇਲਾਜ ਨੇ ਬਹੁਤ ਸਾਰੇ ਲੋਕਾਂ ਨੂੰ ਕੱਖੋਂ ਹੌਲੇ ਕਰ ਕੇ ਰੱਖ ਦਿੱਤਾ ਹੈ। ਅੰਦਰੋਂ ਪੋਲੇ ਕਰ ਦਿੱਤਾ ਹੈ। ਸਾਰੇ ਲੋਕ ਲੰਮੇ-ਲੰਮੇ ਚੋਲੇ ਪਾ ਕੇ ਸਾਧਗਿਰੀ ਨਹੀਂ ਕਰ ਸਕਦੇ। 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅਤੇ ਠੱਗੀ-ਠੋਰੀ ਵੱਢੀ ਖੋਰੀ, ਮੁਨਾਫਾਖੋਰੀ, ਬੇਈਮਾਨੀ, ਕਾਲਾਬਾਜ਼ਾਰੀ ਆਦਿ ਖੇਤਰਾਂ ਵਿੱਚ ਕਈ ਲੋਕਾਂ ਨੇ ਵੱਡੇ-ਵੱਡੇ ਰਿਕਾਰਡ ਕਾਇਮ ਕਰ ਦਿੱਤੇ ਹਨ। ਪੈਟਰੋਲ ਤੇ ਡੀਜ਼ਲ ਦੀ ਕੀਮਤ ਨਵੇਂ ਤੋਂ ਨਵਾਂ ਰਿਕਾਰਡ ਕਾਇਮ ਕਰ ਰਹੀ ਹੈ।
ਕਿਸੇ ਸਮੇਂ ਸੰਸਾਰ ਪੱਧਰ 'ਤੇ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੱਚੇ ਤੇਲ ਦੀ ਕੀਮਤ ਹੋਣ ਸਮੇਂ ਵੀ ਡੀਜ਼ਲ ਤੇ ਪੈਟਰੋਲ ਦੀ ਕੀਮਤ ਸੱਤਰ ਅਤੇ ਅੱਸੀ ਰੁਪਏ ਪ੍ਰਤੀ ਲੀਟਰ ਤੋਂ ਘੱਟ ਹੁੰਦੀ ਸੀ। ਅੱਜਕੱਲ੍ਹ ਕੱਚੇ ਤੇਲ ਦੀ ਕੀਮਤ ਚਾਲੀ ਡਾਲਰ ਪ੍ਰਤੀ ਬੈਰਲ ਹੈ ਤੇ ਸਿਤਮ ਇਹ ਹੈ ਕਿ ਡੀਜ਼ਲ ਤੇ ਪੈਟਰੋਲ ਦੀ ਕੀਮਤ ਸੱਤਰ ਸਾਲ ਦੇ ਇਤਿਹਾਸ ਵਿੱਚ ਸਭ ਤੋਂ ਵਧੇਰੇ ਕ੍ਰਮਵਾਰ 71.34 ਰੁਪਏ ਤੇ 80.09 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਤੇਲ ਦੇ ਵਪਾਰ 'ਤੇ ਨਜ਼ਰ ਰੱਖਣ ਵਾਲੇ ‘ਮਾਹਰ’ ਦਾ ਕਹਿਣਾ ਹੈ ਕਿ ਭਾਰਤ ਦੀਆਂ ਤੇਲ ਕੰਪਨੀਆਂ ਨੇ ਭਾਰਤ ਵਿੱਚ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਦਾ ਮੱਕੂ ਠੱਪ ਦਿੱਤਾ ਹੈ। ਭਾਰਤ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਤੇਲ ਉਪਰ ਪ੍ਰਤੀ ਲੀਟਰ ਐਕਸਾਈਜ਼ ਡਿਊਟੀ 32 ਰੁਪਏ ਰੋਕ ਰੱਖੀ ਹੈ ਅਤੇ ਪੰਜਾਬ ਸਰਕਾਰ ਨੇ ਆਪਣਾ ਖਾਲੀ ਪੀਪਾ (ਖਜ਼ਾਨਾ) ਭਰਨ ਲਈ 22 ਰੁਪਏ ਪ੍ਰਤੀ ਲੀਟਰ ਵੈਟ ਵੱਖਰਾ ਠੋਕ ਰੱਖਿਆ ਹੈ। ਲੋਕ ਹਾਲ-ਦੁਹਾਈ ਪਾ ਰਹੇ ਹਨ। ਹਾਏ ਤੌਬਾ ਕਰ ਰਹੇ ਹਨ। ਜੇ ਇਨ੍ਹਾਂ ਤੇਲਾਂ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਪਹੁੰਚ ਗਈ, ਫਿਰ ਖਪਤਕਾਰਾਂ ਨੇ ਦੁਹੱਥੜੀਂ ਪਿੱਟਣਾ ਸ਼ੁਰੂ ਕਰ ਦੇਣਾ ਹੈ।

Have something to say? Post your comment