ਸਿਆਟਲ, 7 ਜੁਲਾਈ (ਪੋਸਟ ਬਿਊਰੋ)- ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਕੱਲ੍ਹ ਹੋਈ ਅੰਨ੍ਹੇਵਾਹ ਗੋਲੀਬਾਰੀ 'ਚ ਇੱਕ ਸੱਤ ਸਾਲਾ ਬੱਚੀ ਸਮੇਤ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਬੁਲਾਰੇ ਟਾਮ ਅਹਿਰਨ ਨੇ ਦੱਸਿਆ ਕਿ ਐਂਗਲਵੁੱਡ ਇਲਾਕੇ 'ਚ ਇਕ ਵੱਡੇ ਇਕੱਠ 'ਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇੱਕ ਸੱਤ ਸਾਲਾ, ਇੱਕ 14 ਸਾਲਾ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਬੁਲਾਰੇ ਅਨੁਸਾਰ ਚਾਰੇ ਦੋਸ਼ੀ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਪੁਲਸ ਉਨ੍ਹਾਂ ਨੂੰ ਤੇਜ਼ੀ ਨਾਲ ਭਾਲ ਰਹੀ ਹੈ। ਮੇਅਰ ਲੋਰੀ ਲਾਈਟਫੁੱਟ ਨੇ ਇਸ ਗੋਲੀਬਾਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਸਮਝਾ ਕੇ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਭਵਿੱਖ ਬੰਦੂਕਾਂ 'ਚ ਨਹੀਂ ਹੈ। ਇਸ ਗੋਲੀਬਾਰੀ ਦੀ ਘਟਨਾ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਪੁਲਸ ਨੇ ਸੁਰੱਖਿਆ ਦੇ ਹੋਰ ਮਜ਼ਬੂਤ ਪ੍ਰਬੰਧ ਕੀਤੇ ਹਨ ਤਾਂ ਕਿ ਕੋਈ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ।