Welcome to Canadian Punjabi Post
Follow us on

29

March 2024
 
ਨਜਰਰੀਆ

ਮਿਹਨਤ ਦੀ ਪੌੜੀ

July 07, 2020 09:35 AM

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਸਮਾਂ ਬਹੁਤ ਬਲਵਾਨ ਹੁੰਦਾ ਹੈ। ਇਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਸਮਾਂ ਬਦਲਣ ਨਾਲ ਮਨੁੱਖ ਦੇ ਹਾਲਾਤ ਵੀ ਬਦਲਦੇ ਹਨ। ਇਨਸਾਨ ਦੀਆਂ ਲੱਖ ਕੋਸ਼ਿਸ਼ਾਂ ਸਮੇਂ ਅਤੇ ਹਾਲਾਤ ਨੂੰ ਇੱਕੋ ਜਿਹਾ ਨਹੀਂ ਰੱਖ ਸਕਦੀਆਂ। ਕਈ ਇਨਸਾਨ ਚੰਗੇ ਹਾਲਾਤ ਵਿੱਚ ਥੋੜ੍ਹੀ ਜਿਹੀ ਮੁਸ਼ਕਲ ਆਉਣ `ਤੇ ਹੌਸਲਾ ਛੱਡ ਦਿੰਦੇ ਹਨ, ਕਈ ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਆਮ ਵਾਂਗ ਲੱਗਦੇ ਹਨ। ਜਿਹੜੇ ਸਮਝ ਲੈਂਦੇ ਹਨ ਕਿ ਮੁਸੀਬਤਾਂ ਜ਼ਿੰਦਗੀ ਦਾ ਹਿੱਸਾ ਹਨ, ਉਨ੍ਹਾਂ ਨੂੰ ਮੁਸੀਬਤਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ। ਮੁਸੀਬਤ ਨੂੰ ਖਿੜੇ ਮੱਥੇ ਟੱਕਰਨ ਦੀ ਆਪਣੀ ਹੱਡ ਬੀਤੀ ਮੈਨੂੰ ਕਦੇ ਨਹੀਂ ਭੁੱਲਦੀ।
ਤਕਰੀਬਨ ਤਿੰਨ ਦਹਾਕੇ ਪੁਰਾਣੀ ਘਟਨਾ ਹੈ। ਮੈਨੂੰ ਨਿਊਜ਼ੀਲੈਂਡ ਆਇਆਂ ਨੂੰ ਅਜੇ ਥੋੜ੍ਹਾ ਸਮਾਂ ਹੋਇਆ ਸੀ। ਅਜੇ ਮੈਨੂੰ ਇਸ ਦੇਸ਼ ਦੇ ਲੋਕਾਂ ਅਤੇ ਇਥੋਂ ਦੇ ਕੰਮਾਂ ਕਾਰਾਂ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਸੀ। ਚੜ੍ਹਦੀ ਜਵਾਨੀ ਵਿੱਚ ਜਦੋਂ ਬਹੁਤੇ ਨੌਜਵਾਨ ਆਪਣੇ ਮਾਂ-ਪਿਓ ਦੀ ਕਮਾਈ `ਤੇ ਐਸ਼ ਕਰਦੇ ਹੁੰਦੇ ਹਨ, ਉਸ ਵੇਲੇ ਮੈਂ ਨਿਊਜ਼ੀਲੈਂਡ ਦੀ ਧਰਤੀ `ਤੇ ਆ ਗਿਆ ਸੀ। ਇਥੇ ਨਾ ਆਪਣਾ ਘਰ ਪਰਵਾਰ ਸੀ ਤੇ ਨਾ ਕੋਈ ਰਿਸ਼ਤੇਦਾਰ। ਇਸ ਦੇਸ਼ ਦੀ ਬੋਲੀ ਤੋ ਵੀ ਅਣਜਾਣ ਸਾਂ। ਨਾ ਕੋਲ ਪੈਸਾ ਸੀ, ਨਾ ਵਰਕ ਪਰਮਿਟ। ਰੈਣ ਬਸੇਰੇ ਲਈ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਸਨ। ਵੀਜ਼ਾ ਨਾ ਹੋਣ ਕਰ ਕੇ ਅਜਿਹੇ ਹਾਲਾਤ ਵਿੱਚ ਰੋਟੀ ਪਾਣੀ ਦਾ ਵਸੀਾਲ ਕਰਨਾ ਅਤੇ ਇਮੀਗਰੇਸ਼ਨ ਤੋਂ ਬਚ ਕੇ ਰਹਿਣਾ ਕੋਈ ਸੌਖਾ ਕੰਮ ਨਹੀਂ ਸੀ। ਹਰ ਰਾਤ ਦੂਜੇ ਦਿਨ ਬਾਰੇ ਸੋਚਣਾ ਪੈਂਦਾ ਹੈ ਕਿ ਕੱਲ੍ਹ ਮੁਸੀਬਤ ਆਉਣ ਤੇ ਕਿਵੇਂ ਨਜਿੱਠਾਂਗਾ? ਫੋਨ ਨਹੀਂ ਹੁੰਦੇ ਸਨ, ਇਸ ਲਈ ਦਿਲ ਦਾ ਦਰਦ ਫਰੋਲਣ ਦਾ ਵੀ ਕੋਈ ਹੀਲਾ-ਵਸੀਲਾ ਨਹੀਂ ਸੀ।
ਉਨ੍ਹਾਂ ਦਿਨਾਂ ਵਿੱਚ ਕਈ ਕਈ ਮੁੰਡੇ ਗਰੁੱਪਾਂ ਵਿੱਚ ਇਕੱਠਾ ਕੰਮ ਕਰਦੇ ਸਨ। ਇੱਕ ਦਿਨ ਸਾਨੂੰ ਨਿਊਜ਼ੀਲੈਂਡ ਵਸਦੇ ਇੱਕ ਪੰਜਾਬੀ ਕਿਸਾਨ ਦੇ ਗੰਢਿਆਂ ਦੇ ਖੇਤ ਵਿੱਚ ਕੰਮ ਮਿਲਿਆ। ਸਾਡਾ ਬਾਰ੍ਹਾਂ ਕੁ ਜਣਿਆਂ ਦਾ ਗਰੁੱਪ ਸੀ। ਉਹ ਪੰਜਾਬੀ ਮਾਲਕ ਸਭ ਨੂੰ ਛੇ ਡਾਲਰ ਘੰਟੇ ਦੇ ਹਿਸਾਬ ਨਾਲ ਦੇਣਾ ਮੰਨਿਆ। ਸਾਰਾ ਦਿਨ ਕੰਮ ਕਰ ਕੇ ਸ਼ਾਮ ਨੂੰ ਪਰਤ ਆਏ। ਘਰ ਆ ਕੇ ਮੋਹਰੀ ਮੁੰਡੇ ਨੇ ਮੈਨੂੰ ਦੱਸਿਆ ਕਿ ਪੰਜਾਬੀ ਮਾਲਕ ਨੇ ਹੌਲੀ ਕੰਮ ਕਰਨ ਕਰ ਕੇ ਮੈਨੂੰ ਕੰਮ ਤੋਂ ਜੁਆਬ ਦੇ ਦਿੱਤਾ ਸੀ। ਕੰਮ ਖੁੱਸਣ ਕਰ ਕੇ ਉਸ ਦਿਨ ਮੈਂ ਫਿਰ ਬੇਰੁਜ਼ਗਾਰ ਹੋ ਗਿਆ। ਖੈਰ, ਇਧਰ ਉਧਰ ਭਟਕਦਿਆਂ ਮੈਨੂੰ ਕੀਵੀ ਫਰੂਟ ਦਾ ਕੰਮ ਮਿਲ ਗਿਆ। ਮਿਹਨਤ ਅਤੇ ਲਗਨ ਨਾਲ ਕਾਫੀ ਸਮਾਂ ਇਹੋ ਕੰਮ ਕਰਦਾ ਰਿਹਾ। ਸਿੱਖਦਾ, ਤਜਰਬੇ ਕਰਦਾ ਕੰਪਨੀ ਨੂੰ ਵੀ ਅੱਗੇ ਤੋਰਦਾ ਰਿਹਾ। ਆਕਲੈਂਡ ਦੀ ਉਹ ਕੰਪਨੀ ਇੱਕ ਦਿਨ ਸ਼ਹਿਰ ਦੀ ਕੀਵੀ ਫਰੂਟ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ। ਕੰਪਨੀ ਲਈ ਮੇਰੀ ਮਿਹਨਤ ਅਤੇ ਦੇਣ ਸਦਕਾ ਮੈਨੂੰ ਉਸ ਕੰਪਨੀ ਦਾ ਮੈਨੇਜਰ ਬਣਨ ਦਾ ਮੌਕਾ ਪ੍ਰਾਪਤ ਹੋਇਆ।
ਇਤਫਾਕ ਦੇਖੋ, ਮੈਨੂੰ ਆਪਣੇ ਗੰਢਿਆਂ ਵਾਲੇ ਖੇਤ ਵਿੱਚੋਂ ਕੰਮ ਤੋਂ ਜੁਆਬ ਦੇਣ ਵਾਲੇ ਪੰਜਾਬੀ ਕਿਸਾਨ ਨੇ ਕੀਵੀ ਫਰੂਟ ਦਾ ਬਾਗ ਲਾਉਣ ਦਾ ਮਨ ਬਣਾਇਆ। ਬਾਗ ਲਾਉਣ ਲਈ ਸਲਾਹ ਲੈਣ ਲਈ ਉਸ ਨੇ ਸਾਡੀ ਕੰਪਨੀ ਨਾਲ ਸੰਪਰਕ ਕੀਤਾ। ਅੱਗੋਂ ਕੰਪਨੀ ਦਾ ਮੈਨੇਜਰ ਮੈਂ ਸਾਂ। ਉਸ ਨੇ ਸਾਡੇ ਦਫਤਰ ਫੋਨ ਕਰ ਕੇ ਦਫਤਰ ਤੋਂ ਸਲਾਹ ਲਈ ਬੁਕਿੰਗ ਕਰਵਾ ਲਈ। ਦਫਤਰ ਵਿੱਚ ਡਿਊਟੀ ਵਾਲੀ ਔਰਤ ਨੇ ਉਸ ਨੂੰ ਦੱਸ ਦਿੱਤਾ ਕਿ ਮੈਨੇਜਰ ਸਮੇਤ ਸਾਡੀ ਕੰਪਨੀ ਦੇ ਸਾਡੇ ਚਾਰ ਮਾਹਿਰ ਸ਼ਖਸ ਉਹਨੂੰ ਸਲਾਹ ਦੇਣ ਆਉਣਗੇ। ਤੈਨੂੰ ਸਲਾਹ-ਮਸ਼ਵਰੇ ਲਈ ਪ੍ਰਤੀ ਘੰਟਾ ਫੀਸ ਅਦਾ ਕਰਨੀ ਪਵੇਗੀ। ਉਹ ਪੰਜਾਬੀ ਕਿਸਾਨ ਸਹਿਮਤ ਹੋ ਗਿਆ।
ਮਿੱਥੇ ਦਿਨ ਉਤੇ ਅਸੀਂ ਚਾਰ ਜਣੇ ਕੰਪਨੀ ਦੀਆਂ ਗੱਡੀਆਂ ਵਿੱਚ ਉਸ ਪੰਜਾਬੀ ਕਿਸਾਨ ਦੇ ਖੇਤ ਚਲੇ ਗਏ। ਮੇਰੇ ਨਾਲ ਦੇ ਤਿੰਨ ਸਾਥੀ ਸਥਾਨਕ ਗੋਰੇ ਸਨ। ਕਿਸਾਨ ਨੇ ਪਹਿਲੀ ਨਜ਼ਰੇ ਹੀ ਮੈਨੂੰ ਪਛਾਣ ਲਿਆ। ਉਹ ਇਹ ਜਾਣ ਕੇ ਹੈਰਾਨ ਹੋਇਆ ਕਿ ਮੈਂ ਏਡੀ ਵੱਡੀ ਫਰੂਟ ਕੰਪਨੀ ਦਾ ਮੈਨੇਜਰ ਕਿੱਦਾਂ ਬਣ ਗਿਆ? ਮੈਨੂੰ ਕਹਿਣ ਲੱਗਾ, ‘ਬਈ ਬੜੀ ਤਰੱਕੀ ਕਰ ਗਿਐਂ?’ ਮੇਰਾ ਜੁਆਬ ਸੀ, ‘ਅੰਕਲ ਜੀ, ਸਭ ਤੁਹਾਡੀ ਮਿਹਰਬਾਨੀ ਸਦਕਾ ਹੈ। ਜੇ ਤੁਸੀਂ ਮੈਨੂੰ ਕੰਮ ਤੋਂ ਜੁਆਬ ਨਾ ਦਿੰਦੇ ਤਾਂ ਮੈਨੂੰ ਮਿਹਨਤ, ਲਗਨ ਅਤੇ ਅੱਗੇ ਵਧਣ ਦੀ ਜਾਗ ਨਹੀਂ ਸੀ ਲੱਗਣੀ।’ ਸ਼ਾਇਦ ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਅਸੀਂ ਆਪਣਾ ਕੰਮ ਸ਼ੁਰੂ ਕੀਤਾ। ਹਰ ਦੋ ਘੰਟੇ ਬਾਅਦ ਕੌਫੀ ਵਾਸਤੇ ਰੁਕਦੇ। ਬਾਅਦ ਦੁਪਹਿਰ ਰੋਟੀ ਵਾਸਤੇ ਵੀ ਰੁਕੇ। ਦਿਨ ਭਰ ਅਸੀਂ ਉਸ ਨੂੰ ਸਲਾਹ-ਮਸ਼ਵਰਾ ਦੇਣਾ ਸੀ। ਮਿੱਟੀ ਚੈੱਕ ਕਰ ਕੇ ਸਾਰੀ ਰਿਪੋਰਟ ਤਿਆਰ ਕਰਨੀ ਸੀ। ਇਸ ਕੰਮ ਲਈ ਮੈਨੇਜਰ ਵਜੋਂ ਮੇਰੀ ਫੀਸ 100 ਡਾਲਰ ਪ੍ਰਤੀ ਘੰਟਾ ਸੀ। ਗੱਡੀ ਦਾ ਅਤੇ ਖਾਣੇ ਦਾ ਖਰਚਾ ਵੱਖਰਾ ਸੀ, ਜਿਹੜਾ ਪੰਜਾਬੀ ਮਾਲਕ ਨੂੰ ਹੀ ਅਦਾ ਕਰਨਾ ਪਿਆ।
ਮੈਨੂੰ ਕਈ ਸਾਲ ਪਹਿਲਾਂ ਗੁਜ਼ਰਿਆ ਉਹ ਦਿਨ ਯਾਦ ਆ ਰਿਹਾ ਸੀ, ਜਦ ਉਹ ਮੈਨੂੰ ਖੇਤ ਵਿੱਚ ਕੰਮ ਦੇ ਬਦਲੇ ਛੇ ਡਾਲਰ ਪ੍ਰਤੀ ਘੰਟਾ ਦੇਣ ਤੋਂ ਜੁਆਬ ਦੇ ਗਿਆ ਸੀ, ਪਰ ਅੱਜ 100 ਡਾਲਰ ਪ੍ਰਤੀ ਘੰਟਾ ਦੇਣ ਲਈ ਬੁਲਾ ਕੇ ਲਿਆਇਆ ਸੀ। ਸੋਚ ਰਿਹਾ ਸਾਂ, ਇਹ ਮਿਹਨਤ ਰੂਪੀ ਕਲਾ ਕਰ ਕੇ ਹੀ ਸੰਭਵ ਹੋਇਆ ਹੈ। ਸ਼ਾਮ ਨੂੰ ਤੁਰਨ ਲੱਗੇ ਤਾਂ ਪੰਜਾਬੀ ਕਿਸਾਨ ਕਹਿਣ ਲੱਗਾ, ‘‘ਆਪਾਂ ਇੱਕੋ ਮਿੱਟੀ ਦੇ ਜਾਏ ਹਾਂ। ਕਿਸੇ ਦਿਨ ਪਰਵਾਰ ਨੂੰ ਲੈ ਕੇ ਆਵੀਂ। ਆਪਾਂ ਮਿਲ ਬੈਠਾਂਗੇ।”
‘‘ਕੰਪਨੀ ਦੇ ਬਹੁਤ ਰੁਝੇਵੇਂ ਨੇ ਅੰਕਲ ਜੀ, ਫਿਰ ਵੀ ਕੋਸ਼ਿਸ਼ ਕਰਾਂਗਾ।” ਇਹ ਆਖ ਕੇ ਮੈਂ ਆਪਣੇ ਸਾਥੀਆਂ ਨਾਲ ਵਾਪਸ ਮੁੜ ਆਇਆ। ਕੰਪਨੀ ਦੀ ਗੱਡੀ ਵਿੱਚ ਬੈਠਿਆਂ ਮਿਹਨਤ ਦੀ ਪੌੜੀ ਨਾਲ ਜ਼ਿੰਦਗੀ ਵਿੱਚ ਹਾਸਲ ਸਥਾਨ ਮਨ ਮਸਤਕ ਨੂੰ ਸ਼ਰਸਾਰ ਕਰ ਰਿਹਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ