ਬਠਿੰਡਾ, 6 ਜੁਲਾਈ (ਪੋਸਟ ਬਿਊਰੋ)- ਇੱਕ ਸਥਾਨਕ ਇੰਸਟੀਚਿਊਟ ਦੇ ਅਕਾਊਂਟੈਂਟ ਵੱਲੋਂ ਵਿਦਿਆਰਥੀਆਂ ਦੀ ਫੀਸ ਜੇਬ ਵਿੱਚ ਪਾਉਣ ਅਤੇ ਉਨ੍ਹਾਂ ਨੂੰ ਫਰਜ਼ੀ ਰਸੀਦਾਂ ਦੇਣ ਦੇ ਦੋਸ਼ ਵਿੱਚ ਸਦਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਜਦ ਕਿ ਦੋਸ਼ੀ ਅਕਾਊਂਟੈਂਟ ਫਰਾਰ ਹੋਣ ਵਿੱਚ ਸਫਲ ਹੋ ਗਿਆ ਹੈ।
ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈ ਐਚ ਐਮ) ਦੇ ਅਕਾਊਂਟੈਂਟ ਰਾਹੁਲ ਗਰਗ ਉੱਤੇ ਵਿਦਿਆਰਥੀਆਂ ਦੀ ਫੀਸਾਂ ਵਿੱਚ 9,78,650 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪ੍ਰਿੰਸੀਪਲ ਰਾਜਨੀਤ ਕੋਹਲੀ ਵੱਲੋਂ ਕੀਤੀ ਦੀ ਸ਼ਿਕਾਇਤ ਨੂੰ ਪੁਲਸ ਨੇ ਜਾਂਚ ਵਿੱਚ ਸਹੀ ਪਾਇਆ ਅਤੇ ਅਕਾਊਂਟੈਂਟ 'ਤੇ ਮਾਮਲਾ ਦਰਜ ਕਰ ਲਿਆ ਹੈ। ਐਸ ਐਸ ਪੀ ਬਠਿੰਡਾ ਨੂੰ 15 ਜਨਵਰੀ 2019 ਨੂੰ ਆਈ ਐਚ ਐਮ ਦੇ ਪ੍ਰਿੰਸੀਪਲ ਨੇ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਅਕਾਊਂਟੈਂਟ ਨੇ ਫਰਜ਼ੀ ਰਸੀਦਾਂ ਦੇ ਕੇ ਵਿਦਿਆਰਥੀਆਂ ਨੂੰ ਦਿੱਤੀਆਂ ਅਤੇ ਪੈਸੇ ਜੇਬ ਵਿੱਚ ਪਾ ਲਏ ਹਨ। ਇਸ ਦਾ ਖੁਲਾਸਾ ਸਲਾਨਾ ਆਡਿਟ ਦੌਰਾਨ ਹੋਇਆ, ਜਦੋਂ ਚਾਰਟਰਡ ਅਕਾਊਂਟੈਂਟ ਨੇ ਵੇਖਿਆ ਕਿ 43 ਵਿਦਿਆਰਥੀਆਂ ਦੀ ਫੀਸ ਜਮ੍ਹਾ ਨਹੀਂ ਹੋਈ। ਜਦੋਂ ਜਾਂਚ ਕੀਤੀ ਤਾਂ ਵਿਦਿਆਰਥੀਆਂ ਨੂੰ ਦਿੱਤੀਆਂ ਰਸੀਦਾਂ ਫਰਜ਼ੀ ਨਿਕਲੀਆਂ। ਸ਼ਿਕਾਇਤ ਮਿਲਣ ਉੱਤੇ ਐਸ ਐਸ ਪੀ ਨੇ ਐਸ ਪੀ ਸਿਟੀ ਜਸਪਾਲ ਸਿੰਘ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਅਤੇ ਜਾਂਚ ਵਿੱਚ ਨਿਊਟ੍ਰੀਸ਼ਨ ਗ੍ਰੋਥ ਸੈਂਟਰ ਵਿੱਚ ਪੜ੍ਹਦੇੇ ਵਿਦਿਆਰਥੀਆਂ ਵਿੱਚ ਫੀਸ ਵਸੂਲੀ ਗਈ, ਪਰ ਫਰਜ਼ੀ ਕੈਸ਼ ਬੁੱਕ ਤੋਂ ਰਸੀਦਾਂ ਕੱਟਣ ਦਾ ਪਤਾ ਲੱਗਾ। ਇਸ ਪਿੱਛੋੋਂ ਦਫ਼ਤਰ ਰਿਕਾਰਡ ਵਿੱਚ ਕਾਰਬਨ ਪੇਪਰ ਲਾ ਕੇ ਅਕਾਊਂਟੈਂਟ ਗਰਗ ਨੇ ਖੁਦ ਡੀ ਡੀ ਡੀ (ਡਿਮਾਂਡ ਡਰਾਫਟ) ਨੰਬਰ ਲਿਖ ਕੇ ਧੋਖਾ ਕੀਤਾ ਸੀ। ਪੁਲਸ ਕੇਸ ਦਰਜ ਕਰ ਦੋਸ਼ੀ ਦੀ ਗ਼੍ਰਿਫ਼ਤਾਰੀ ਲਈ ਛਾਪਾਮਾਰੀ ਕਰ ਰਹੀ ਹੈ।