* ਦਿੱਲੀ ਸਣੇ ਛੇ ਸ਼ਹਿਰਾਂ ਤੋਂ ਕੋਲਕਾਤਾ ਲਈ ਫਲਾਈਟਾਂ 'ਤੇ ਰੋਕ
ਚੰਡੀਗੜ੍ਹ, 5 ਜੁਲਾਈ (ਪੋਸਟ ਬਿਊਰੋ)- ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਵਾਲੀਆਂ ਵੱਖ-ਵੱਖ ਹਵਾਈ ਕੰਪਨੀਆਂ, ਚਾਰਟਰਡ ਜਹਾਜ਼ਾਂ ਤੇ ਹੋਰ ਆਪਰੇਟਰਾਂ ਲਈ ਪੰਜਾਬ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਨੇ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਮਨਜ਼ੂਰੀ ਕੁਝ ਸ਼ਰਤਾਂ ਨਾਲ ਦੇ ਦਿੱਤੀ ਹੈ।
ਨਵੀਂਆਂ ਹਦਾਇਤਾਂ ਅਨੁਸਾਰ ਆਵਾਜਾਈ ਦੀ ਸੌਖ ਮੁੱਖ ਰੱਖ ਕੇ ਇਹ ਏਅਰਲਾਈਨਾਂ ਹੋਰਨਾਂ ਰਾਜਾਂ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਮੁਸਾਫਰਾਂ ਵਾਲੀਆਂ ਉਡਾਣਾਂ ਵੀ ਮੋਹਾਲੀ ਲਿਆ ਸਕਦੀਆਂ ਹਨ ਅਤੇ ਜੰਮੂ-ਕਸਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀ ਅੰਮ੍ਰਿਤਸਰ ਆ ਸਕਦੇ ਹਨ। ਜ਼ਿਲਾ ਪ੍ਰਸ਼ਾਸਨ ਨਾਲ ਸਲਾਹ ਕਰਨ ਅਤੇ ਆਉਣ ਵਾਲੇ ਯਾਤਰੀਆਂ ਨੂੰ ਸੰਭਾਲਣ ਦੀ ਯੋਗਤਾ ਅਤੇ ਸਹੀ ਸੰਸਥਾਗਤ ਕੁਆਰੰਟਾਈਨ ਯਕੀਨੀ ਕਰਨ ਪਿੱਛੋਂ ਉਡਾਣਾਂ ਦਾ ਵੱਖ-ਵੱਖ ਸਮਾਂ ਤੈਅ ਕੀਤਾ ਜਾ ਸਕਦਾ ਹੈ। ਕਿਸੇ ਵੀ ਹਵਾਈ ਅੱਡੇ ਤੋਂ ਦਿਨ 'ਚ ਦੋ ਉਡਾਣਾਂ ਜਾ ਸਕਣਗੀਆਂ। ਖਾਸ ਹਾਲਾਤ ਵਿੱਚ ਜ਼ਿਆਦਾ ਉਡਾਣਾਂ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਵਲ ਏਵੀਏਸ਼ਨ ਦੇ ਡਾਇਰੈਕਟਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸੰਬੰਧਤ ਰਾਜ ਸਰਕਾਰਾਂ ਆਪਣੇ ਨੋਡਲ ਅਫਸਰ ਨਾਮਜ਼ਦ ਕਰ ਸਕਦੀਆਂ ਹਨ, ਜਿਨ੍ਹਾਂ ਦੇ ਨਾਂਅ ਤੇ ਸੰਪਰਕ ਵੇਰਵੇ ਦੀ ਜਾਣਕਾਰੀ ਈਮੇਲ ਰਾਹੀਂ ਨਾਗਰਿਕ ਏਵੀਏਸ਼ਨ ਦੇ ਡਾਇਰੈਕਟਰ ਦਫਤਰ ਨੂੰ ਦਿੱਤੀ ਜਾ ਸਕਦੀ ਹੈ।
ਇਸ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਕੇਸਾਂ ਨੂੰ ਦੇਖ ਕੇ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਦੇ ਛੇ ਮਹਾਨਗਰਾਂ ਤੋਂ ਕੋਲਕਾਤਾ ਲਈ ਹਵਾਈ ਸੇਵਾ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਕੋਲਕਾਤਾ ਏਅਰਪੋਰਟ ਨੂੰ ਇਹ ਕਿਹਾ ਗਿਆ ਹੈ ਕਿ 19 ਜੁਲਾਈ ਜਾਂ ਅਗਲੇ ਹੁਕਮਾਂ ਤੱਕ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ ਅਤੇ ਅਹਿਮਦਾਬਾਦ ਤੋਂ ਕੋਲਕਾਤਾ ਲਈ ਕਿਸੇ ਉਡਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਨਾ ਇਨ੍ਹਾਂ ਸ਼ਹਿਰਾਂ ਲਈ ਇਥੋਂ ਜਹਾਜ਼ ਜਾਵੇਗਾ। ਵਰਨਣ ਯੋਗ ਹੈ ਕਿ ਇਨ੍ਹਾਂ ਛੇ ਸ਼ਹਿਰਾਂ ਵਿੱਚ ਹੀ ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਕੇਸ ਹਨ।