* ਵਾਲ ਸਟ੍ਰੀਟ ਦੇ ਵਿਸ਼ਲੇਸ਼ਕਾਂ ਨੂੰ ਬਿਡੇਨ ਤਕੜਾ ਜਾਪਣ ਲੱਗਾ
ਵਾਸ਼ਿੰਗਟਨ, 4 ਜੁਲਾਈ, (ਪੋਸਟ ਬਿਊਰੋ)- ਅਮਰੀਕੀ ਆਰਥਿਕਤਾ ਦੇ ਪ੍ਰਤੀਕ ਵਾਲ ਸਟ੍ਰੀਟ ਦੇ ਵਿਸ਼ਲੇਸ਼ਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਦੇਸ਼ ਵਿੱਚ ਅਗਲੇ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਰੀਪਬਲਿਕਨ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਪਛੜ ਗਏ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੀ ਵੋਟਰਾਂ ਉੱਤੇ ਪਕੜ ਲਗਾਤਾਰ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਸੰਭਾਵਿਤ ਬਾਜ਼ਾਰ ਪ੍ਰਭਾਵ ਵੀ ਲਗਾਤਾਰ ਵਧ ਰਿਹਾ ਨੋਟ ਕੀਤਾ ਗਿਆ ਹੈ।
ਸਮਝਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੀ ਸਥਿਤੀ ਨਾ ਸੰਭਾਲ ਸਕਣ ਕਾਰਨ ਹਰ ਪਾਸੇ ਉੱਤੇ ਹੋਈ ਆਲੋਚਨਾ ਅਤੇ ‘ਬਲੈਕ ਲਾਈਵਸ ਮੈਟਰ` ਦੇ ਵਿਰੋਧ ਪ੍ਰਦਰਸ਼ਨਾਂ ਉੱਤੇ ਟਰੰਪ ਦੀ ਪ੍ਰਤੀਕਿਰਿਆ ਕਾਰਨ ਬੀਤੇ ਮਹੀਨੇ ਜੋਅ ਬਿਡੇਨ ਲਈ ਆਮ ਲੋਕਾਂ ਦੀ ਹਮਾਇਤ ਕਾਫੀ ਵਧ ਗਈ ਹੈ। ਰੀਅਲ ਕਲੀਅਰ ਪਾਲੀਟਿਕਸ ਵਲੋਂ ਮਿੱਥੀ ਹੋਈ ਵੋਟਰ ਔਸਤ ਦੇ ਮੁਤਾਬਕ ਅੱਜ ਸ਼ੁੱਕਰਵਾਰ ਨੂੰ ਸੱਟਾ ਬਾਜ਼ਾਰਾਂ ਨੇ ਡੇਲਾਵੇਅਰ ਦੀਆਂ ਚੋਣਾਂ ਲਈ ਜੋਅ ਬਿਡੇਨ ਨੂੰ 59 ਫੀਸਦੀ ਤੋਂ ਵੀ ਉੱਤੇ ਰੱਖਿਆ, ਜਿਹੜਾ ਇੱਕ ਹਫਤਾ ਪਹਿਲਾਂ ਰਿਕਾਰਡ ਕੀਤੇ ਗਏ ਡੋਨਾਲਡ ਟਰੰਪ ਦੇ 23 ਫੀਸਦੀ ਦੇ ਨੇੜੇ ਸੀ। ਇਸੇ ਕਾਰਨ ਅਮਰੀਕਾ ਵਿੱਚ ਇਨਵੈੱਸਟਮੈਂਟ ਦੀਆਂ ਭਵਿੱਖਬਾਣੀਆਂ ਜੋਅ ਬਿਡੇਨ ਵੱਲ ਨੂੰ ਸਰਕ ਰਹੀਆਂ ਹਨ। ਫਿਰ ਵੀ ਜਾਣਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਅਜੇ ਕਈ ਮਹੀਨੇ ਬਾਕੀ ਹਨ, ਜੇ ਇਸ ਦੌਰਾਨ ਅਰਥ ਵਿਵਸਥਾ ਦੀ ਹਾਲਤ ਵਿੱਚ ਸੁਧਾਰ ਆਇਆ ਤੇ ਕੋਰੋਨਾ ਦੀ ਮਾਰ ਕੁਝ ਘਟ ਗਈ ਤਾਂ ਡੋਨਾਲਡ ਟਰੰਪ ਦੀ ਸਥਿਤੀ ਸੁਧਰ ਵੀ ਸਕਦੀ ਹੈ।