* ਇੱਕ ਕਰੋੜ 30 ਲੱਖ ਪੌਂਡ ਨਕਦੀ ਵੀ ਫੜੀ
ਲੰਡਨ, 4 ਜੁਲਾਈ (ਪੋਸਟ ਬਿਊਰੋ)- ਯੂ ਕੇ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 700 ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਇਹ ਗੰਭੀਰ ਅਤੇ ਸੰਗਠਿਤ ਅਪਰਾਧੀਆਂ ਖ਼ਿਲਾਫ਼ ਹਾਲੇ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਗਈ ਹੈ। ਪੁਲਸ ਨੇ ਜਿੱਥੇ ਇੱਕ ਕਰੋੜ 30 ਲੱਖ ਪੌਂਡ ਦੀ ਰਾਸ਼ੀ ਜ਼ਬਤ ਕੀਤੀ ਹੈ, ਉਥੇ ਹੀ ਕਈ ਕਤਲ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਖ਼ਤਰਨਾਕ ਅਪਰਾਧੀਆਂ ਖ਼ਿਲਾਫ਼ ਤਿੰਨ ਮਹੀਨੇ ਚੱਲੇ ਇਸ ਅਪ੍ਰੇਸ਼ਨ ਵਿੱਚ 171 ਗ਼੍ਰਿਫ਼ਤਾਰੀਆਂ ਹੋਈਆਂ ਹਨ, ਜਦਕਿ ਮੈਟ ਪੁਲਸ, ਨੈਸ਼ਨਲ ਕ੍ਰਾਈਮ ਏਜੰਸੀ ਅਤੇ ਯੂਰਪ ਦੀ ਪੁਲਸ ਨੇ 746 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਲੰਡਨ ਪੁਲਸ ਨੇ ਇੱਕ ਕਰੋੜ 30 ਲੱਖ ਪੌਂਡ ਨਕਦੀ, 800 ਕਰੋੜ ਪੌਂਡ ਦਾ ਨਸ਼ਾ, 77 ਬੰਦੂਕਾਂ ਅਤੇ ਪੰਜ ਕਰੋੜ ਚਾਰ ਲੱਖ ਹੋਰ ਨਕਦੀ ਜ਼ਬਤ ਕੀਤੀ ਹੈ। ਗ਼੍ਰਿਫ਼ਤਾਰ ਕੀਤੇ ਲੋਕਾਂ 'ਚ ਪੁਲਸ ਅਧਿਕਾਰੀ ਤੇ ਕਾਨੂੰਨ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਅਪਰਾਧੀਆਂ ਵੱਲੋਂ ਗੱਲਬਾਤ ਲਈ ਜਿਸ ਮਿਲਟਰੀ ਗਰੇਡ ਦੇ ਸਿਸਟਮ ਦੀ ਵਰਤੋਂ ਕਰਕੇ ਨਸ਼ੇ ਅਤੇ ਹਥਿਆਰਾਂ ਦਾ ਕਾਰੋਬਾਰ ਕੀਤਾ ਜਾਂਦਾ ਸੀ, ਪੁਲਸ ਨੇ ਉਸੇ ਨੂੰ ਹੈਕ ਕਰਕੇ ਸਫਲਤਾ ਹਾਸਲ ਕੀਤੀ। ਇਸ ਵੱਡੇ ਅਪ੍ਰੇਸ਼ਨ 'ਚ ਐਨ ਸੀ ਏ ਕ੍ਰਾਈਮ ਸੁਕੈਡ ਅਤੇ ਯੂ ਕੇ ਦੀ ਸਾਰੀ ਫੋਰਸ ਨੇ ਮਿਲ ਕੇ ਅਪ੍ਰੈਲ ਤੋਂ ਕਾਰਵਾਈ ਸ਼ੁਰੂ ਕੀਤੀ ਸੀ।