-ਪਰਮਜੀਤ ਮਾਨ
ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਹਿੰਦੀ-ਚੀਨੀ ਭਾਈ-ਭਾਈ ਦੀਆਂ ਗੱਲਾਂ ਬੜੇ ਜ਼ੋਰ ਨਾਲ ਹੁੰਦੀਆਂ ਸਨ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਚੀਨ ਨੂੰ ਨੇੜਲਾ ਮਿੱਤਰ ਸਮਝਦੇ ਸਨ, ਪਰ ਅਚਾਨਕ 20 ਅਕਤੂਬਰ 1962 ਨੂੰ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ। ਸਰਕਾਰ, ਫੌਜ ਅਤੇ ਸਾਰਾ ਦੇਸ਼ ਹੈਰਾਨ ਰਹਿ ਗਿਆ। ਕਿੱਥੇ ਹਿੰਦੀ-ਚੀਨੀ ਭਾਈ ਭਾਈ ਤੇ ਕਿੱਥੇ ਹਮਲਾ। ਉਸ ਵਕਤ ਨਾ ਦੇਸ਼ ਅਤੇ ਨਾ ਸਾਡੀ ਫੌਜ ਇਸ ਲੜਾਈ ਲਈ ਤਿਆਰ ਸੀ। ਇਹ ਲੜਾਈ 21 ਨਵੰਬਰ 1962 ਤੱਕ ਚੱਲੀ। ਬਾਅਦ ਵਿੱਚ ਇਸ ਲੜਾਈ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਤੇ ਅੱਜ ਤੱਕ ਵੀ ਇਸ ਦੀ ਚਰਚਾ ਚੱਲਦੀ ਰਹਿੰਦੀ ਹੈ।
ਅੱਜ ਉਸ ਲੜਾਈ ਦੀ ਕਹਾਣੀ ਬਾਰੇ ਸਭ ਨੂੰ ਪਤਾ ਹੈ, ਪਰ ਉਸ ਵਕਤ ਕਿਉਂਕਿ ਅਸੀਂ ਬੱਚੇ ਸਾਂ, ਸਾਨੂੰ ਬਹੁਤਾ ਪਤਾ ਨਹੀਂ ਸੀ। ਉਨ੍ਹਾਂ ਦਿਨਾਂ 'ਚ ਟੈਲੀਵਿਜ਼ਨ ਨਹੀਂ ਸੀ ਹੁੰਦਾ ਅਤੇ ਸਿਰਫ ਰੇਡੀਓ ਹੁੰਦਾ ਸੀ। ਅਸੀਂ ਰੇਡੀਓ ਉਪਰ ਤੇ ਆਮ ਲੋਕਾਂ ਤੋਂ ਗੱਲਾਂ ਸੁਣਦੇ ਕਿ ਚੀਨ ਨੇ ਭਾਰਤ ਦੀ ਪਿੱਠ 'ਚ ਛੁਰਾ ਮਾਰਿਆ ਹੈ। ਸਰਕਾਰ ਵੱਲੋਂ ਵੀ ਅਪੀਲ ਹੋ ਰਹੀ ਸੀ ਤੇ ਆਮ ਲੋਕਾਂ ਦੀ ਇੱਕੋ ਸੋਚ ਸੀ ਕਿ ਹਰ ਭਾਰਤੀ ਨੂੰ ਇਸ ਮੌਕੇ ਫੌਜ ਅਤੇ ਦੇਸ਼ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ। ਛੋਟੇ ਤੋਂ ਵੱਡੇ ਤੱਕ ਆਮ ਲੋਕਾਂ ਵਿੱਚ ਚੀਨ ਪ੍ਰਤੀ ਭਾਰੀ ਗੁੱਸਾ ਸੀ, ਜਿਵੇਂ ਅੱਜ ਵੀ ਹੈ। ਚੀਨ ਨੇ ਫਿਰ ਭਾਰਤ ਨਾਲ ਧੋਖਾ ਕੀਤਾ ਹੈ ਤੇ ਸਾਡੇ ਭਾਰਤੀ ਜਵਾਨਾਂ ਨੂੰ ਜਾਨ ਦੇਣੀ ਪਈ। ਅੱਜ ਵੀ ਸਾਰਾ ਦੇਸ਼ ਸਾਡੇ ਬਹਾਦਰ ਸੈਨਿਕਾਂ ਦੀ ਇਸ ਸ਼ਹਾਦਤ ਨੂੰ ਸਲਾਮ ਕਰਦਾ ਹੈ ਅਤੇ ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹਾ ਹੈ।
ਉਸ ਵਕਤ ਮੈਂ ਛੇਵੀਂ ਕਲਾਸ ਵਿੱਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਚਾਉਕੇ ਜ਼ਿਲ੍ਹੇ ਬਠਿੰਡਾ ਵਿੱਚ ਪੜ੍ਹਦਾ ਸੀ। ਮੇਰੇ ਪਿੰਡ ਰੜ੍ਹ ਵਿੱਚ ਉਸ ਸਮੇਂ ਪ੍ਰਾਇਮਰੀ ਤੱਕ ਦਾ ਸਕੂਲ ਸੀ। ਸਾਡੇ ਚਾਉਕੇ ਸਕੂਲ ਵਿੱਚ ਹੈਡ ਮਾਸਟਰ ਸਾਹਿਬ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਚੀਨ ਨੇ ਸਾਡੇ ਦੇਸ਼ 'ਤੇ ਹਮਲਾ ਕਰ ਦਿੱਤਾ ਹੈ ਤੇ ਦੇਸ਼ 'ਤੇ ਭੀੜ ਪਈ ਹੈ। ਸਾਨੂੰ ਸਭ ਨੂੰ ਜਿਸ ਤਰ੍ਹਾਂ ਹੋ ਸਕੇ, ਫੌਜ ਦੀ ਮਦਦ ਕਰਨੀ ਚਾਹੀਦੀ ਹੈ। ਅਨਾਜ, ਕੱਪੜੇ, ਨਕਦ ਪੈਸੇ ਜਾਂ ਜਿਸ ਵੀ ਤਰੀਕੇ ਨਾਲ ਮਦਦ ਕਰ ਸਕਦੇ ਹੋ, ਤੁਸੀਂ ਵੀ ਇਸ ਮਦਦ ਵਿੱਚ ਹਿੱਸਾ ਪਾਓ ਅਤੇ ਕਲਾਸ ਇੰਚਾਰਜ ਕੋਲ ਜਮ੍ਹਾਂ ਕਰਵਾਓ।
ਅਧਿਆਪਕਾਂ ਦੀਆਂ ਗੱਲਾਂ ਸੁਣ ਕੇ ਸਾਡੇ ਮਨ ਵਿੱਚ ਵੀ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਨ ਲੱਗਾ। ਸਾਡੇ ਕੋਲ ਨਾ ਪੈਸੇ ਤੇ ਨਾ ਕੱਪੜੇ ਸਨ, ਪਰ ਕੁਝ ਕਰਨਾ ਚਾਹੁੰਦੇ ਸਾਂ। ਅਸੀਂ ਛੇਵੀਂ ਕਲਾਸ ਵਾਲੇ ਰੜ੍ਹ ਦੇ 4-5 ਮੁੰਡਿਆਂ ਨੇ ਸਲਾਹ ਕੀਤੀ ਕਿ ਕਣਕ ਇਕੱਠੀ ਕਰੀਏ। ਅੱਜ-ਕੱਲ੍ਹ ਬਥੇਰੇ ਲੋਕ ਇੱਕ ਬੋਰੀ ਜਾਂ ਕਈ ਕਈ ਬੋਰੀਆਂ ਵੀ ਦਾਨ ਕਰ ਦਿੰਦੇ ਹਨ, ਪਰ 1962 ਵਿੱਚ ਸਾਡੇ ਪਿੰਡ ਰੜ੍ਹ ਵਿੱਚ ਇਹ ਸਥਿਤੀ ਨਹੀਂ ਸੀ। ਉਸ ਵਕਤ ਫਸਲ ਬਹੁਤ ਘੱਟ ਹੁੰਦੀ ਸੀ ਤੇ ਕਈਆਂ ਨੂੰ ਆਪਣੇ ਖਾਣ ਲਈ ਵੀ ਕਣਕ ਮੁੱਲ ਲੈਣੀ ਪੈਂਦੀ ਸੀ। ਨਾਲੇ ਸਾਨੂੰ ਜਵਾਕਾਂ ਨੂੰ ਬੋਰੀ ਦੇਣੀ ਵੀ ਕੀਹਨੇ ਸੀ। ਅਸੀਂ ਇੱਕ ਗੱਟਾ ਲਿਆ ਅਤੇ ਪਿੰਡ ਵਿੱਚ ਕਣਕ ਮੰਗਣ ਤੁਰ ਪਏ। ਹਰ ਘਰ ਦੇ ਦਰਵਾਜ਼ੇ ਮੂਹਰੇ ਗੱਟਾ ਫੜੀ ਖੜ੍ਹੇ ਹੋ ਕੇ ਕਿਸੇ ਨੂੰ ਮਾਈ, ਚਾਚੀ, ਤਾਈ, ਦਾਦੀ, ਕਹਿ ਉਸ ਨੂੰ ਚੀਨ ਨਾਲ ਲੱਗੀ ਜੰਗ ਬਾਰੇ ਦੱਸਦੇ ਤੇ ਕਣਕ ਮੰਗਦੇ। ਕਿਸੇ ਨੇ ਬਾਟੀ, ਕਿਸੇ ਨੇ ਥਾਲ, ਕਿਸੇ ਨੇ ਛਿੱਕੂ ਭਰ ਕੇ ਗੱਟੇ ਵਿੱਚ ਪਾ ਦੇਣਾ। ਕਈ ਪਾਠਕ ਸੋਚਣਗੇ ਮੈਂ ਚਾਚਾ, ਤਾਇਆ ਕਿਉਂ ਨ੍ਹੀ ਲਿਖਿਆ। ਅਸੀਂ ਸਵੇਰੇ ਰੋਟੀ ਖਾ ਕੇ ਇਕੱਠੇ ਹੋਏ ਤੇ ਮੰਗਣ ਤੁਰ ਪਏ। ਉਸ ਵਕਤ ਘਰਾਂ ਵਿੱਚ ਜ਼ਨਾਨੀਆਂ ਹੀ ਹੁੰਦੀਆਂ ਤੇ ਆਦਮੀ ਖੇਤਾਂ 'ਚ ਗਏ ਹੁੰਦੇ। ਜਿਹੜੇ ਆਦਮੀ ਵਿਹਲੇ ਹੁੰਦੇ, ਉਹ ਸੱਥਾਂ ਵਿੱਚ ਜਾ ਬੈਠਦੇ ਸਨ।
ਸ਼ਾਮ ਹੋਣ ਤੱਕ ਅਸੀਂ ਦੋ ਗੱਟੇ ਵਾਹਵਾ ਕਰ ਲਏ। ਸ਼ਾਇਦ ਵੀਹ-ਵੀਹ ਕਿਲੋ ਤੋਂ ਵੱਧ ਹੀ ਹੋਣਗੇ। ਅਗਲੇ ਦਿਨ ਵਾਰੀ ਵਾਰੀ ਸਿਰਾਂ 'ਤੇ ਚੁੱਕਦੇ ਹੋਏ ਅਸੀਂ ਉਨ੍ਹਾਂ ਨੂੰ ਚਾਉਕੇ ਸਕੂਲ ਵਿੱਚ ਲੈ ਗਏ ਤੇ ਲਿਜਾ ਕੇ ਆਪਣੇ ਮਾਸਟਰ ਜੀ ਕੋਲ ਜਮ੍ਹਾਂ ਕਰਵਾ ਦਿੱਤੇ। ਇਹ ਦੇਸ਼ ਭਗਤੀ ਦਾ ਜਜ਼ਬਾ ਸੀ, ਸਮਾਜ-ਸੇਵਾ ਸੀ, ਮਾਸਟਰ ਜੀ ਦੀ ਅਪੀਲ ਦਾ ਅਸਰ ਸੀ, ਜਾਂ ਹੋਰ ਕੀ ਸੀ, ਮੈਨੂੰ ਕੁਝ ਨਹੀਂ ਪਤਾ। 11 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਨ੍ਹਾਂ ਗੱਲਾਂ ਬਾਰੇ ਪਤਾ ਹੀ ਕਿੰਨਾ ਕੁ ਹੋ ਸਕਦਾ ਹੈ। ਇਹ ਗੱਲ ਜ਼ਰੂਰ ਸੀ ਕਿ ਅਸੀਂ ਬਹੁਤ ਖੁਸ਼ ਸਾਂ ਕਿ ਅਸੀਂ ਕੁਝ ਕੀਤਾ। ਕਣਕ ਇਕੱਠੀ ਕਰਨ ਦਾ ਚਾਅ ਸੀ ਤੇ ਜਦੋਂ ਮਾਸਟਰ ਜੀ ਕੋਲ ਜਮ੍ਹਾਂ ਕਰਵਾਈ ਤਾਂ ਅਲੱਗ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਹੋਈ ਸੀ। ਉਸ ਵਕਤ ਚਾਉਕੇ ਦੇ ਇਸ ਸਕੂਲ ਵਿੱਚ ਪੀਰਕੋਟ, ਸੂਚ, ਬੱਲੋ, ਬਦਿਆਲਾ, ਜ਼ੈਦ, ਰੜ੍ਹ, ਖੋਖਰ ਆਦਿ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ ਤੇ ਇਹ ਇਲਾਕੇ ਦਾ ਪ੍ਰਮੁੱਖ ਸਕੂਲ ਸੀ। ਸਾਡੇ ਇਸ ਕਦਮ ਲਈ ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ ਦਿੱਤੀ ਸੀ। ਅੱਜ ਚੀਨ ਬਾਰਡਰ ਦੇ ਹਾਲਾਤ ਨੇ ਦੇਖ 1962 ਵਾਲੀ ਇਹ ਗੱਲ ਯਾਦ ਆ ਗਈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਮੇਰੀ ਪਹਿਲੀ ਸਮਾਜ ਸੇਵਾ ਸੀ।