Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਅੱਗੇ ਤੋਂ ਮੰਜੇ ਜੋੜ ਕੇ ਸਪੀਕਰ ਨਹੀਂ ਵੱਜਣੇ

July 02, 2020 10:02 AM

-ਪ੍ਰੋਫੈਸਰ ਸ਼ਿੰਗਾਰਾ ਸਿੰਘ ਭੁੱਲਰ
ਪਿਛਲੇ ਸਾਲ ਦਸੰਬਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਅੱਜ ਸੱਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਬੇਕਾਬੂ ਹੈ। ਇਸ ਮਹਾਂਮਾਰੀ ਨੇ ਪੂਰੇ ਵਿਸ਼ਵ ਦੀ ਆਰਥਿਕਤਾ ਦੀਆਂ ਚੂਲਾਂ ਪੂਰੀ ਤਰ੍ਹਾਂ ਹਿਲਾ ਦਿੱਤੀਆਂ ਹਨ। ਇਸ ਨੇ ਦੁਨੀਆ ਵਿੱਚ ਆਪਣੇ-ਆਪ ਨੂੁੰ ਵੱਡੇ ਲੰਬੜਦਾਰ ਕਹਾਉਣ ਵਾਲੇ ਦੇਸ਼ਾਂ ਦਾ ਅਜਿਹਾ ਘੋਗਾ ਚਿੱਤ ਕੀਤਾ ਹੈ ਕਿ ਆਉਣ ਵਾਲੇ ਲੰਬੇ ਸਮੇਂ ਤੱਕ ਉਨ੍ਹਾਂ ਦਾ ਪੈਰੀਂ ਆਉਣਾ ਤਾਂ ਦੂਰ, ਪੈਰਾਂ ਭਾਰ ਬੈਠ ਸਕਣਾ ਵੀ ਬੜਾ ਔਖਾ ਹੈ। ਇਟਲੀ ਤੋਂ ਯੂ ਕੇ ਵਰਗੇ ਉਤਮ ਦਰਜੇ ਦੀਆਂ ਸਿਹਤ ਸੇਵਾਵਾਂ ਦੇਣ ਵਾਲੇ ਮੁਲਕਾਂ ਦੀਆਂ ਇਸ ਮਹਾਮਾਰੀ ਨੇ ਗੋਡਣੀਆਂ ਲੁਆ ਦਿੱਤੀਆਂ ਹਨ। ਇਸ ਕਾਰਨ ਉਨ੍ਹਾਂ ਮੁਲਕਾਂ ਨੂੰ ਜਿੱਥੇ ਆਪਣੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ, ਉਥੇ ਆਪੋ-ਆਪਣੇ ਮੁਲਕ ਦੇ ਵਪਾਰ, ਕਿਰਤ ਤੇ ਸਿਹਤ ਮਹਿਕਮੇ ਚੱਲਦੇ ਰੱਖਣ ਵਿੱਚ ਵੀ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ।
ਇਸ ਮਹਾਮਾਰੀ ਦਾ ਚੰਗਾ ਲਾਭ ਇਹ ਹੋਇਆ ਕਿ ਵਾਤਾਵਰਣ ਸਾਫ-ਸੁਥਰਾ ਹੋ ਗਿਆ ਹੈ ਅਤੇ ਜੀਵ-ਜੰਤੂਆਂ ਨੂੰ ਸੁੱਖ ਦਾ ਸਾਹ ਆ ਗਿਆ ਹੈ। ਕੋਰੋਨਾ ਮਹਾਮਾਰੀ ਬੇਸ਼ੱਕ ਸਮਾਪਤ ਹੋ ਜਾਵੇ ਜਾਂ ਇਸ ਨੂੰ ਕਾਬੂ ਕਰਨ ਵਾਸਤੇ ਕੋਈ ਦਵਾਈ ਬੂਟੀ ਦੀ ਕਾਢ ਕੱਢ ਲਈ ਜਾਵੇ, ਪਰ ਇੱਕ ਗੱਲ ਪੱਲੇ ਬੰਨ੍ਹਣੀ ਜ਼ਰੂਰੀ ਬਣ ਗਈ ਹੈ ਕਿ ਸਾਨੂੰ ਇਸ ਦੇ ਨਾਲ ਜਿਊਣ ਦੀ ਆਦਤ ਪਾਉਣੀ ਪੈਣੀ ਹੈ। ਇਹ ਮਹਾਮਾਰੀ ਸਾਡੇ ਵਾਸਤੇ ਯੁੱਗ ਬਦਲੀ ਹੈ ਜਿਸ ਨੇ ਸਮੁੱਚਾ ਮਨੁੱਖੀ ਜੀਵਨ ਢੰਗ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਕੋਰੋਨਾ ਮਹਾਮਾਰੀ ਨੇ ਮਨੁੱਖੀ ਜੀਵਨ 'ਤੇ ਬਹੁਪੱਖੀ ਪ੍ਰਭਾਵ ਪਾਇਆ ਹੈ।
ਅੱਜਕੱਲ੍ਹ ਮਨੁੱਖ ਹੱਤ ਮਿਲਾਉਣ ਅਤੇ ਗਲਵੱਕੜੀ ਪਾ ਕੇ ਮਿਲਣ ਤੋਂ ਡਰਦਾ ਹੈ। ਮੀਟਰ-ਦੋ-ਮੀਟਰ ਦੀ ਦੂਰੀ ਦਾ ਫਾਸਲਾ ਰੱਖਣਾ ਆਪਣੇ ਤੇ ਦੂਸਰਿਆਂ ਦੇ ਬਚਾਅ ਵਾਸਤੇ ਜ਼ਰੂਰੀ ਹੋ ਗਿਆ ਹੈ। ਰਿਸ਼ਤੇਦਾਰੀਆਂ ਵਿੱਚ ਉਹ ਮੇਲ-ਮਿਲਾਪ ਨਹੀਂ ਰਿਹਾ। ਕੋਈ ਵੇਲਾ ਹੰੁਦਾ ਸੀ ਕਿ ਲੋਕ ਕਈ-ਕਈ ਦਿਨ ਰਿਸ਼ਤੇਦਾਰਾਂ ਦੇ ਰਹਿ ਆਉਂਦੇ ਸਨ। ਕੋਰੋਨਾ ਨੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਵਿਆਹ-ਸ਼ਾਦੀਆਂ, ਖੁਸ਼ੀਆਂ ਗਮੀਆਂ ਅਤੇ ਮਰਨੇ-ਪਰਨੇ ਦੇ ਮੌਕਿਆਂ 'ਤੇ ਨਾ ਹੀ ਪਹਿਲਾਂ ਵਰਗੀ ਰੌਣਕ ਅਤੇ ਨਾ ਇਕੱਠ ਰਹਿ ਗਏ ਹਨ। ਇਥੋਂ ਤੱਕ ਕਿ ਜੇ ਕਿਸੇ ਦੇ ਪਰਵਾਰਕ ਮੈਂਬਰ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੋਵੇ, ਉਸ ਦੇ ਪਰਵਾਰਕ ਮੈਂਬਰ ਅਰਥੀ ਨੂੰ ਮੋਢਾ ਦੇਣਾ ਦੂਰ, ਸਿਵਿਆਂ ਤੱਕ ਜਾਣ ਤੋਂ ਕਤਰਾਉਣ ਲੱਗੇ ਹਨ। ਪਿੰਡਾਂ ਦੀਆਂ ਸੱਥਾਂ ਖਾਲੀ ਹੋ ਚੁੱਕੀਆਂ ਹਨ। ਨੌਜਵਾਨਾਂ ਦਾ ਮੋੜਾਂ 'ਤੇ ਖੜ੍ਹਨਾ ਬੰਦ ਹੋ ਚੁੱਕਾ ਹੈ। ਧਾਰਮਿਕ ਅਸਥਾਨਾਂ ਉੱਤੇ ਇਕੱਠਾਂ ਦੀ ਰੂਪ-ਰੇਖਾ ਬਦਲ ਚੁੱਕੀ ਹੈ। ਪੰਚਾਇਤਾਂ ਦੇ ਇਜਲਾਸ, ਅਦਾਲਤਾਂ 'ਚ ਲੋਕਾਂ ਦੇ ਝਗੜਿਆਂ ਦੇ ਨਿਪਟਾਰੇ ਕਰਨ ਵਾਲਾ ਢੰਗ, ਅਫਸਰਾਂ ਦੇ ਦਫਤਰਾਂ ਵਿੱਚ ਉਨ੍ਹਾਂ ਨੂੰ ਮਿਲਣ ਵਾਸਤੇ ਵਿਧੀ ਆਦਿ ਸਭ ਵਰਤਾਰਾ ਨਵਾਂ ਰੂਪ ਧਾਰਨ ਕਰ ਗਿਆ ਹੈ। ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਵਿੱਚ ਹੁਣ ਬੇਵਜ੍ਹਾ ਦੀ ਬਜਾਏ ਸਿਰਫ ਪੱਚੀ ਯਾਤਰੂ ਸਫਰ ਕਰ ਸਕਦੇ ਹਨ ਤੇ ਇਹੀ ਵਿਵਸਥਾ ਹਵਾਈ ਜਹਾਜ਼ਾਂ ਵਿੱਚ ਵੀ ਲਾਗੂ ਹੋ ਚੁੱਕੀ ਹੈ।
ਮੇਲਿਆਂ-ਮਸਾਵਿਆਂ ਤੇ ਮੱਸਿਆ-ਸੰਗਰਾਂਦਾਂ ਦਾ ਰੰਗ ਫਿੱਕਾ ਪੈ ਚੁੱਕਾ ਹੈ। ਰਹੀ ਗੱਲ ਸਭਿਆਚਾਰਕ ਮੇਲਿਆਂ ਦੀ, ਉਨ੍ਹਾਂ ਦੀ ਫੂਕ ਇੱਕੀਵੀਂ ਸਦੀ ਦੇ ਫਲੋਟਿੰਗ ਰੂਪੀ ਸੋਸ਼ਲ ਮੀਡੀਆ ਨੇ ਪਹਿਲਾਂ ਹੀ ਕੱਢ ਦਿੱਤੀ ਹੈ ਅਤੇ ਰਹਿੰਦਾ-ਖੂੰਹਦਾ ਡੱਕਾ ਕੋਰੋਨਾ ਮਹਾਮਾਰੀ ਨੇ ਲਗਾ ਦਿੱਤਾ ਹੈ।
ਸਮਾਜ 'ਚ ਪਾਖੰਡਤੰਤਰ ਅਤੇ ਵਹਿਮ-ਭਰਮ ਦਾ ਪਸਾਰਾ ਬਹੁਤ ਜ਼ੋਰਾਂ 'ਤੇ ਸੀ, ਜਿਸ ਦੀ ਅਸਲੀਅਤ ਦਾ ਭਾਂਡਾ ਕੋਰੋਨਾ ਵਾਇਰਸ ਨੇ ਚੌਰਾਹੇ ਭੰਨਿਆ ਹੈ। ਭਵਿੱਖ ਵਿੱਚ ਭਾਵੇਂ ਇਹ ਵਹਿਮ-ਭਰਮ ਪੂਰੀ ਤਰ੍ਹਾਂ ਸਮਾਪਤ ਨਾ ਵੀ ਹੋਣ, ਪਰ ਇੱਕ ਗੱਲ ਪੱਕੀ ਹੈ ਕਿ ਬਹੁਤੇ ਲੋਕ ਇਸ ਤਰ੍ਹਾਂ ਦੇ ਚੁੰਗਲਾਂ 'ਚ ਮੁੜ ਕੇ ਨਹੀਂ ਫਸਣਗੇ ਜਿਸ ਕਰ ਕੇ ਨਜੂਮੀਆਂ, ਮੁੰਡੇ ਜੰਮਣ ਦੇ ਤਵੀਤ ਦੇਣ ਵਾਲਿਆਂ, ਕਾਲੇ ਜਾਦੂ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਰਤੀਆ ਇਲਾਜ ਕਰਨ ਵਾਲਿਆਂ, ਕਿਸੇ ਨੂੰ ਕਾਲੇ ਇਲਮ ਨਾਲ ਆਪਣੇ ਵੱਸ ਵਿੱਚ ਕਰਨ ਦਾ ਸ਼ਰਤੀਆ ਨੁਸਖਾ ਜਾਂ ਗਿੱਦੜ-ਸਿੰਙੀ ਦੇਣ ਵਾਲਿਆਂ ਅਤੇ ਬਾਹਰਲੇ ਮੁਲਕਾਂ ਦੇ ਵੀਜ਼ੇ ਲਵਾਉਣ ਦੀ ਗਾਰੰਟੀ ਦੇਣ ਵਾਲਿਆਂ ਆਦਿ ਨੂੰ ਆਪਣਾ ਤੋਰੀ ਫੁਲਕਾ ਚੱਲਦਾ ਰੱਖਣ ਵਾਸਤੇ ਨਵੇਂ ਜੁਗਾੜ ਕਰਨੇ ਪੈਣਗੇ। ਕਹਿਣ ਦਾ ਭਾਵ ਇਹ ਕਿ ਮਨੁੱਖ ਦਾ ਸਮੁੱਚਾ ਸਮਾਜਕ ਅਤੇ ਸਭਿਆਚਾਰਕ ਸਲੀਕਾ ਬਦਲ ਚੁੱਕਾ ਹੈ। ਜੀਵਨ ਢੰਗ ਤੇ ਰਹਿਣ-ਸਹਿਣ ਦਾ ਸਲੀਕਾ ਨਵੇਂ ਮੋੜ 'ਤੇ ਹੈ। ਜੀਵਨ ਢੰਗ ਬਦਲ ਗਏ ਹਨ। ਕਦਰਾਂ-ਕੀਮਤਾਂ ਬਦਲ ਰਹੀਆਂ ਹਨ। ਹੁਣ ਲੜ ਬੰਨ੍ਹਣ ਵਾਲੀ ਗੱਲ ਇਹ ਹੈ ਕਿ ਦੋ ਮੰਜਿਆਂ ਨੂੰ ਜੋੜ ਕੇ ਸਪੀਕਰ ਵੱਜਣੇ ਨਹੀਂ। ਜਿਹੜੇ ਵਾਜੇ ਵੱਜ ਗਏ, ਉਹ ਮੁੜ ਵੱਜਣੇ ਨਹੀਂ। ਬੱਸ ਯਾਦਾਂ ਬਾਕੀ ਰਹਿ ਜਾਣਗੀਆਂ।
ਉਹ ਯਾਦਾਂ ਉਸੇ ਤਰ੍ਹਾਂ ਜਿਵੇਂ ਸਾਡੇ ਬਜ਼ੁਰਗ ਸਾਨੂੰ ਸੁਣਾਇਆ ਕਰਦੇ ਸਨ ਅਤੇ ਅਸੀਂ ਆਪਣੇ ਸਾਥੀਆਂ ਅਤੇ ਬੱਚਿਆਂ ਨਾਲ ਸਾਂਝੀਆਂ ਕਰ ਕੇ ਤਾਜ਼ਾ ਕਰਦੇ ਹਾਂ। ਭਵਿੱਖ ਕਿਹੋ ਜਿਹਾ ਹੋਵੇਗਾ ਉਸ ਦਾ ਅੰਦਾਜ਼ਾ ਜੋ ਹਵਾ ਚੱਲ ਰਹੀ ਹੈ ਉਸ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਜੋ ਮਾਹੌਲ ਇੱਕੀਵੀਂ ਸਦੀ ਦੇ ਅੰਤ ਤੱਕ ਬਣਨ ਵਾਲਾ ਹੈ, ਉਹ ਨਾ ਸਮਾਜਕ ਤੇ ਨਾ ਸਭਿਆਚਾਰਕ ਹੋਵੇਗਾ। ਉਹ ਅਜਿਹਾ ਮਾਹੌਲ ਹੋਵੇਗਾ ਜਿਸ ਵਿੱਚ ਅਗਲੀਆਂ ਪੀੜ੍ਹੀਆਂ ਨਾ ਪੁਰਾਣੀਆਂ ਯਾਦਾਂ ਕਿਸੇ ਨਾਲ ਸਾਂਝੀਆਂ ਕਰਨਗੀਆਂ ਅਤੇ ਨਾ ਹੀ ਚੇਤੇ ਰੱਖਣਗੀਆਂ। ਉਸ ਦੌਰ ਵਿੱਚ ਹਰ ਕੋਈ ਆਪਣੇ ਲਾਭਾਂ, ਸਵਾਰਥਾਂ ਤੇ ਹਿੱਤਾਂ ਦੀ ਪੂਰਤੀ ਵਿੱਚ ਗੁਆਚਿਆ ਹੋਇਆ ਵਿਚਰਦਾ ਨਜ਼ਰ ਆਵੇਗਾ।
ਕੋਰੋਨਾ ਮਹਾਮਾਰੀ ਨੇ ਅਜਿਹੇ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨਾਲ ਮਨੁੱਖ ਸਮਾਜਕ ਤੇ ਸਭਿਆਚਾਰਕ ਵਰਤਾਰੇ ਦੇ ਘੇਰੇ ਤੋਂ ਨਿਰਮੋਹਾਂ ਹੋ ਕੇ ਨਿਰੰਤਰ ਦੂਰ ਹੁੰਦਾ ਜਾਵੇਗਾ। ਮਨੁੱਖ ਦਾ ਸੁਭਾਅ, ਸੋਚਣ ਦਾ ਢੰਗ, ਰਹਿਣ-ਸਹਿਣ ਤੇ ਵਿਹਾਰ ਏਨਾ ਕੁ ਵਿਗੜ ਜਾਂ ਕਹਿ ਲਓ ਬਦਲ ਜਾਵੇਗਾ ਕਿ ਉਹ ਬਾਕੀ ਭਾਈਚਾਰੇ ਨਾਲੋਂ ਟੁੱਟ ਕੇ ਰਹਿਣ ਵਿੱਚ ਭਲਾਈ ਮਹਿਸੂਸ ਕਰਨ ਲੱਗੇਗਾ। ਅਸੀਂ ਕਹਿ ਸਕਦੇ ਹਾਂ ਕਿ ਭਵਿੱਖ 'ਚ ਮਨੁੱਖ ਦੇ ਸਮਾਜਕ ਤੇ ਸਭਿਆਚਾਰਕ ਵਰਤਾਰੇ ਵਿੱਚ ਬਹੁਤ ਸਾਰੀ ਟੁੱਟ ਭੱਜ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ, ਜੋ ਮਨੁੱਖੀ ਮਾਨਸਿਕਤਾ, ਵਿਹਾਰ ਤੇ ਰਿਸ਼ਤਿਆਂ ਨੂੰ ਬਹੁਤ ਪ੍ਰਭਾਵਤ ਕਰਨਗੀਆਂ। ਇਸ ਦੇ ਸਿੱਟੇ ਵਜੋਂ ਸਮਾਜ ਦੀ ਪਰਿਭਾਸ਼ਾ ਬਦਲੇਗੀ, ਰਿਸ਼ਤਿਆਂ ਦੇ ਅਰਥ ਬਦਲਣਗੇ ਅਤੇ ਲੋਕਾਂ ਦੇ ਜੀਵਨ ਢੰਗ ਵਿੱਚ ਇੱਕ ਵੱਡੀ ਤਬਦੀਲੀ ਆਵੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’