Welcome to Canadian Punjabi Post
Follow us on

29

March 2024
 
ਨਜਰਰੀਆ

ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਵਾਰਿਸ ਸ਼ਾਹ

July 02, 2020 09:59 AM

-ਦਰਸ਼ਨ ਸਿੰਘ ਪ੍ਰੀਤੀਮਾਨ
ਕਿਸੇ ਨੂੰ ਅਮਰ ਕਰਨ ਦੀ ਸਮਰੱਥਾ ਰੱਖਣ ਵਾਲਾ ਮਨੁੱਖ ਆਪ ਵੀ ਅਮਰ ਹੋ ਜਾਂਦਾ ਹੈ। ਅਥਾਹ ਗਿਆਨ ਹੋਣਾ, ਸ਼ਬਦਾਂ ਦਾ ਭੰਡਾਰ ਹੋਣਾ, ਬੋਲੀ ਵਿੱਚ ਮਿਠਾਸ ਹੋਣਾ, ਯਾਦਾਸ਼ਤ ਪੂਰੀ ਕਾਇਮ ਹੋਣੀ, ਲਗਨ ਹੋਣੀ, ਮਿਹਨਤ ਕਰਨ ਤੋਂ ਨਾ ਅੱਕਣਾ ਨਾ ਥੱਕਣਾ, ਆਸ਼ਾਵਾਦੀ ਹੋਣਾ ਅਤੇ ਹੌਸਲਾ ਰੱਖਣ ਵਾਲਾ ਇਨਸਾਨ ਪ੍ਰਸਿੱਧੀ ਵੀ ਖੱਟਦਾ ਹੈ, ਆਪਣੀ ਮੰਜ਼ਿਲ ਵੀ ਪਾਉਂਦਾ ਹੈ ਤੇ ਲੋਕਾਂ ਲਈ ਚਾਨਣ ਦਾ ਵਣਜਾਰਾ ਵੀ ਬਣਦਾ ਹੈ। ਲੋਕ ਉਸ ਨੂੰ ਆਪਣਾ ਬਣਾ ਲੈਂਦੇ ਹਨ ਤੇ ਉਹ ਸਦਾ ਲਈ ਲੋਕਾਂ ਦਾ ਹੋ ਜਾਂਦਾ ਹੈ। ਉਹ ਸਮਾਜ ਲਈ ਰਾਹ ਦਸੇਰਾ ਬਣ ਜਾਂਦਾ ਹੈ, ਹੱਟੀ, ਭੱਠੀ, ਸੱਥੀ ਉਸ ਦੀਆਂ ਗੱਲਾਂ ਤੁਰਦੀਆਂ ਹਨ। ਲੋਕ ਉਸ ਦੀ ਜ਼ੁਬਾਨੋਂ ਨਿਕਲੇ ਸ਼ਬਦ ਵਾਰ-ਵਾਰ ਦੁਹਰਾਉਂਦੇ ਹਨ। ਉਸ ਦੇ ਕਹੇ ਅਤੇ ਲਿਖੇ ਵਾਕ ਲੋਕਾਂ ਦੀ ਜ਼ੁਬਾਨ 'ਤੇ ਆਪ ਮੁਹਾਰੇ ਆ ਚੜ੍ਹਦੇ ਹਨ। ਇੱਕ ਅਜਿਹਾ ਹੀ ਸ਼ਖਸ ਹੋਇਆ ਹੈ, ਜੋ ਕਿੱਸਾ ਹੀਰ-ਰਾਂਝੇ ਨੂੰ ਅਮਰ ਕਰਦਾ-ਕਰਦਾ ਆਪ ਵੀ ਅਮਰ ਹੋ ਗਿਆ। ਉਹ ਹੈ ਸੱਯਦ ਵਾਰਿਸ ਸ਼ਾਹ।
ਸੱਯਦ ਵਾਰਿਸ ਸ਼ਾਹ ਦਾ ਜਨਮ 1722 ਈਸਵੀ ਵਿੱਚ ਗੁਲਸ਼ੇਰ ਖਾਨ ਦੇ ਘਰ ਪਿੰਡ ਜੰਡਿਆਲਾ ਸ਼ੇਰ ਖਾਨ, ਜ਼ਿਲਾ ਸ਼ੇਖੂਪੁਰ (ਪਾਕਿਸਤਾਨ) ਵਿੱਚ ਹੋਇਆ। ਉਸ ਨੇ ਕਸੂਰ ਅਤੇ ਪਾਕਪੱਟਨ ਤੋਂ ਵਿਦਿਆ ਹਾਸਲ ਕੀਤੀ। ਉਹ ਮੁੱਢ ਤੋਂ ਹੀ ਗਾਉਣ ਦਾ ਸ਼ੌਕ ਰੱਖਦਾ ਸੀ, ਹੌਲੀ-ਹੌਲੀ ਲਿਖਣ ਦੀ ਚੇਟਕ ਲੱਗ ਗਈ ਤੇ ਗਾਉਣ ਵੀ ਲੱਗ ਪਿਆ। ਲੋਕ ਉਸ ਦੀ ਲਿਖਤ ਦੀ ਤਾਰੀਫ ਕਰਦੇ ਅਤੇ ਬੜੇ ਧਿਆਨ ਨਾਲ ਸੁਣਦੇ। ਇਸੇ ਤਰ੍ਹਾਂ ਜਦ ਲੇਖਕ ਦੇ ਪਾਠਕ ਤੇ ਗਾਇਕ ਦੇ ਸਰੋਤੇ ਹੌਂਸਲਾ ਦੇਣ ਲੱਗ ਪੈਣ ਤਾਂ ਲੇਖਕ, ਕਲਾਕਾਰ ਅਗਾਂਹ ਵਧਦਾ ਹੈ। ਇਵੇਂ ਹੀ ਇਹ ਕਿੱਸਾਕਾਰ ਵੀ ਅੱਗੇ ਵਧਿਆ।
ਵਾਰਿਸ ਸ਼ਾਹ ਨੇ ਕਿੱਸਾ ਹੀਰ ਨੂੰ ਨਿਵੇਕਲੇ ਢੰਗ ਨਾਲ ਲਿਖਿਆ, ਜੋ ਪੰਜਾਬੀ ਸਾਹਿਤ ਵਿੱਚ ਉਤਮ ਰਚਨਾ ਬਣ ਗਈ। ਅਹਿਮਦ ਤੇ ਮਕਬੂਲ ਦਾ ਪ੍ਰਭਾਵ ਕਬੂਲਣ ਵਾਲੇ ਨੇ ਅਹਿਮਦਯਾਰ ਤੇ ਬਖਸ਼ ਜਿਹਲਮੀ ਦੇ ਮੁੱਖੋਂ ਇਹ ਕਿੱਸਾ ਲਾਸਾਨੀ ਕ੍ਰਿਤ ਅਖਵਾਇਆ। ਕਿੱਸਾ ਹੀਰ ਵਿੱਚ ਕਵੀ ਨੇ ਸਭਿਆਚਾਰ ਦੇ ਪਿਛੋਕੜ ਦਾ ਚਿੱਤਰ ਪੇਸ਼ ਕਰ ਕੇ ਵਿਖਾਇਆ ਹੈ। ਆਪਣੇ ਲੋਕਾਂ ਨਾਲ ਕਿੱਸਾਕਾਰ ਦੀ ਗੂੜ੍ਹੀ ਸਾਂਝ ਹੋਣ ਕਰ ਕੇ ਜਨ-ਜੀਵਨ ਦੇ ਦਰਸ਼ਨ ਕਰਾਏ ਹਨ। ਉਸ ਸਮੇਂ ਦੇ ਲੋਕਾਂ ਦੀ ਰਹਿਣੀ-ਬਹਿਣੀ, ਰਸਮ-ਰਿਵਾਜ ਖੁਸ਼ੀਆਂ-ਗਮੀਆਂ ਸਭ ਲਿਖ ਧਰੀਆਂ ਹਨ।
ਵਾਰਿਸ ਸ਼ਾਹ ਨੇ ਕਿੱਸਾ ‘ਹੀਰ' ਨੂੰ ਬੈਂਤ ਛੰਦਾਂ ਵਿੱਚ ਪਰੋਇਆ ਹੈ। ਸਾਰੀ ਬੋਲੀ ਮੁਹਾਵਰੇਦਾਰ ਅਪਣਾਈ ਹੈ। ਇਤਿਹਾਸਕ ਪੱਖ ਮੁਗ਼ਲ ਸਾਮਰਾਜ ਦਾ ਪੂਰਨ ਸੀਨ ਖਿੱਚ ਵਿਖਾਇਆ ਹੈ। ਕਵੀ ਕਿੱਸੇ ਵਿੱਚ ਗੱਲ ਨੂੰ ਇੱਕ-ਦੋ ਵਾਕਾਂ 'ਚ ਆਖ ਕੇ ਸੰਤੁਸ਼ਟ ਨਹੀਂ ਹੁੰਦਾ, ਸਗੋਂ ਉਸ ਦਾ ਅੱਗਾ, ਪਿੱਛਾ ਖੋਜਦਾ ਹੈ। ਲੋਕਾਂ ਦੇ ਨਿੱਜੀ ਅਤੇ ਸ਼੍ਰੇਣੀ ਧਰਮ ਦਾ ਵਿਸਥਾਰ ਲੰਬਾ ਹੀ ਲੰਬਾ ਲੈ ਕੇ ਗਿਆ। ਕਵੀ ਨੇ ਅਜਿਹੇ ਕਈ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ, ਜੋ ਅਜੋਕੀ ਪੰਜਾਬੀ ਵਿੱਚ ਨਹੀਂ ਮਿਲਦੇ। ਹਰ ਗੱਲ ਸਪੱਸ਼ਟ ਆਖਣ ਵਾਲੇ ਦੀ ਬੋਲੀ ਢੁੱਕਵੀਂ-ਫੱਬਣੀ, ਸੋਹਣੀ ਤੇ ਬੌਧਿਕ ਗੁਣਾਂ ਨਾਲ ਭਰਪੂਰ ਹੈ। ਸੱਯਦ ਦੂਰ ਤੱਕ ਵੇਖਣ, ਪਰਖਣ ਦੀ ਸੋਝੀ ਰੱਖਦਾ ਹੈ। ਉਹ ਫਕੀਰੀ ਦਾ ਮਰਤਬਾ ਗਾਉਂਦਾ, ਪੰਜਾਂ ਪੀਰਾਂ ਦੀ ਗੱਲ ਕਰਦਾ ਹੈ ਅਤੇ ਕੁਦਰਤੀ ਸੁੰਦਰਤਾ ਤੋਂ ਮਨੁੱਖੀ ਸੁੰਦਰਤਾ ਦੇ ਵਧੀਆ ਤੋਂ ਵਧੀਆ ਨਮੂਨੇ ਪੇਸ਼ ਕਰ ਕੇ ਸਾਹਮਣੇ ਲਿਆ ਧਰਦਾ ਹੈ।
ਵਾਰਿਸ ਸ਼ਾਹ ਨੇ ਕਿੱਸਾ ਹੀਰ ਬਹੁਤ ਮਿਹਨਤ ਨਾਲ ਤਿਆਰ ਕੀਤਾ, ਤਾਹੀਓਂ ਲੋਕ ਦਿਲਾਂ ਨੂੰ ਬਹੁਤ ਭਾਇਆ ਹੈ। ਕਵੀ ਨੇ ਹੀਰ-ਰਾਂਝੇ ਨੂੰ ਅਮਰ ਕੀਤਾ, ਤਾਹੀਓਂ ਆਪ ਵੀ ਅਮਰ ਹੋ ਗਿਆ। ਉਸ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਇਸ ਲਈ ਸਮਾਜ ਵੀ ਉਸ ਨੂੰ ਕਦੇ ਨਹੀਂ ਭੁਲਾਉਂਦਾ। ਕੁਦਰਤ ਨੇ ਕਵੀ ਨੂੰ ਐਸੇ ਦਿਮਾਗ ਦੀ ਬਖਸ਼ਿਸ਼ ਕੀਤੀ, ਜਿਸ ਨੇ ਇੰਨਾ ਲਾਸਾਨੀ ਮਹਾਕਾਵਿ ਕਿੱਸਾ ਤਿਆਰ ਕਰ ਦਿੱਤਾ। ਵਾਰਿਸ ਨੇ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਵਿਲੱਖਣ ਪੈੜਾਂ ਪਾਈਆਂ ਕਿ ਅੱਜ ਕਵੀ ਦਾ ਨਾਂਅ ਸੰਸਾਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਵਾਰਿਸ ਸ਼ਾਹ ਨੇ ਖੋਜਕਾਰਾਂ ਲਈ ਇੱਕ ਨਿਵੇਕਲੀ ਕਲਾ ਰਾਹੀਂ ਹੀਰ ਲਿਖ ਕੇ ਆਪਣੀ ਈਨ ਮਨਾਈ, ਉਸ ਨੇ ਸਮਾਜ ਦੀਆਂ ਉਨ੍ਹਾਂ ਅਟੱਲ ਸੱਚਾਈਆਂ ਨੂੰ ਕਿੱਸੇ ਰਾਹੀਂ ਪੇਸ਼ ਕੀਤਾ, ਜੋ ਅੱਜ ਤੱਕ ਵੀ ਅਟੱਲ ਹਨ, ਜਿਵੇਂ-ਵਾਰਿਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ। ਵਾਰਿਸ ਸ਼ਾਹ ਨੇ ਇਸ ਕਿੱਸੇ ਵਿੱਚ ਉਹ ਰੱਬੀ ਰੁਹਾਨੀ ਪਿਆਰ ਭਰਿਆ ਜੋ ਅੱਜ ਤੱਕ ਕੋਈ ਕਿੱਸਾਕਾਰ ਨਹੀਂ ਕਰ ਸਕਿਆ। ਸੱਯਦ ਵਾਰਿਸ ਸ਼ਾਹ 1798 ਈਸਵੀ ਵਿੱਚ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕਵੀਆਂ ਦੇ ਬੋਹੜ ਬਾਬੇ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ। ਭਾਵੇਂ ਸਰੀਰਕ ਤੌਰ 'ਤੇ ਉਹ ਸਾਡੇ ਵਿਚਕਾਰ ਨਹੀਂ, ਪਰ ਉਸ ਦਾ ਕਿੱਸਾ ‘ਹੀਰ' ਉਸ ਨੂੰ ਰਹਿੰਦੀ ਦੁਨੀਆ ਤੱਕ ਅਮਰ ਰੱਖੇਗਾ। ਮਾਂ ਬੋਲੀ ਪੰਜਾਬੀ ਦੇ ਲਾਡਲੇ ਲਾਲ ਦਾ ਨਾਂਅ ਹਮੇਸ਼ਾ ਚਮਕਦਾ ਰਹੇਗਾ। ਉਨ੍ਹਾਂ ਦੀ ਵਿਲੱਖਣ ਲਿਖਤ ਨੂੰ ਬੜੇ ਮਾਣ-ਆਦਰ ਨਾਲ ਪੜ੍ਹਿਆ ਜਾਂਦਾ ਰਹੇਗਾ।
ਵਾਰਿਸ ਸ਼ਾਹ ਬਾਰੇ ਉਘੇ ਕਵੀਆਂ ਦੇ ਵਿਚਾਰ
ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ
ਹਰਫ਼ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ।
ਜਿਹੜੀ ਓਸਿ ਚੋਪੜ ਪਈ ਆਖੀ, ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈ, ਵਾਂਙ ਫੁੱਲਾਂ ਦੀ ਖਾਰੀ।
-ਮੀਆਂ ਮੁਹੰਮਦ ਬਖਸ਼
***
ਮਿੱਠੀ ਬੋਲੀ ਦੇ ਵਾਰਸਾ! ਸੱਚ ਮੰਨੀ,
ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ।
ਪੰਜਾਂ ਪਾਣੀਆਂ ਵਿੱਚ ਤੂੰ ਲਾਏਂ ਲਹਿਰਾਂ,
ਆਸ਼ਕ ਸਮਝਦੇ ਅੱਖ ਦਾ ਨੀਰ ਤੈਨੂੰ।
ਕਲਮ ਨਹੀਂ, ਇਹ ਛਾਤੀਆਂ ਵਿੰਨ੍ਹਣੇ ਨੂੰ,
ਵਾਹ ਵਾਹ ਦਿੱਤਾ ‘ਵਿਧਾਤਾ' ਨੇ ‘ਤੀਰ' ਤੈਨੂੰ।
ਦਿੱਤੀ ਜਿੰਦ ਤੂੰ ‘ਹੀਰ ਸਲੇਟੜੀ' ਨੂੰ,
ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ।
-ਵਿਧਾਤਾ ਸਿੰਘ ਤੀਰ
ਕਿੱਸਾ ‘ਹੀਰ’ ਦੇ ਕੁਝ ਬੈਂਤ
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ।
ਮਕਰ ਫ਼ਨ ਨੂੰ ਭੰਨ ਕੇ ਸਾਫ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ।
ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ।
ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ।
ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੱਟ ਵਗਾਹਵਨੇ ਹਾਂ।
ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ।
***
ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ।
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉ ਖੰਡ ਦੀਆਂ ਬੋਰੀਆਂ ਵੋ।
ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ।
ਧੋ ਧਾਇ ਕੇ ਮਲਾਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉਂ ਖੋਰੀਆਂ ਵੋ।
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ।
ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ।
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ।
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਵੋ।
***
ਹੀਰ ਆਖਦੀ ਜੋਗੀਆ ਝੂਠ ਆਖੇਂ,
ਕੌਣ ਰੁੱਠੜੇ ਯਾਰ ਮਿਲਾਂਵਦਾ ਈ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ,
ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ,
ਜਿਹੜਾ ਜੀਉ ਦਾ ਰੋਗ ਗਵਾਂਵਦਾ ਈ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ,
ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ।
ਭਲਾ ਮੋਏ ਤੇ ਵਿਛੜੇ ਕੌਣ ਮੇਲੇ,
ਐਵੇਂ ਜੀਊੜਾ ਲੋਕ ਵਲਾਂਵਦਾ ਈ।
ਇੱਕ ਬਾਜ਼ ਥੋਂ ਕਾਉਂ ਨੇ ਕੁੰਜ ਖੋਹੀ,
ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ।
ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ,
ਵੇਖਾਂ ਆਣ ਕੇ ਕਦੋਂ ਬੁਝਾਂਵਦੀ ਈ।
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ,
ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ