Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਔਰਤ ਦੀ ਗੱਲ ਸੁਣੋਂ ਤਾਂ ਸਹੀ

June 25, 2020 09:28 AM

-ਨਿਕਿਤਾ ਆਜ਼ਾਦ
ਪਿੱਛੇ ਜਿਹੇ ਇੱਕ ਪੰਜਾਬੀ ਗਾਇਕ ਦੀ ਪਤਨੀ ਨੇ ਆਪਣੇ ਪਤੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਅਤੇ ਪੰਜਾਬੀ ਸਮਾਜ ਅਤੇ ਫ਼ਿਲਮ ਇੰਡਸਟਰੀ ਵਿੱਚ ਇਸ ਰਿਸ਼ਤੇ ਬਾਰੇ ਖ਼ੂਬ ਚਰਚਾ ਹੋ ਰਹੀ ਹੈ। ਘਰੇਲੂ ਹਿੰਸਾ ਬੇਹੱਦ ਗੰਭੀਰ ਮਸਲਾ ਹੈ ਜੋ ਭਾਰਤੀ ਸਮਾਜ ਵਿੱਚ ਹਰ ਤੀਜੇ ਘਰ ਵਿੱਚ ਵਾਪਰਦਾ ਹੈ। ਇਹ ਦੋਸ਼ ਸਮਾਜ ਨੂੰ ਸਮਝਣ ਅਤੇ ਪਰਖਣ ਵਾਲਿਆਂ ਨੂੰ ਹੈਰਾਨੀ ਭਰਿਆ ਨਹੀਂ ਲੱਗੇਗਾ। ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਔਨ ਵਿਮੈਨ (ਆਈ ਸੀ ਆਰ ਡਬਲਯੂ) ਦੀ ਖੋਜ ਦੱਸਦੀ ਹੈ ਕਿ ਭਾਰਤੀ ਪਰਵਾਰਾਂ ਵਿੱਚ ਹਰ ਤੀਜੀ ਔਰਤ ਨਾਲ ਘਰੇਲੂ ਹਿੰਸਾ ਹੁੰਦੀ ਹੈ।
ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਔਰਤਾਂ ਵੱਲੋਂ ਪਾਏ 90 ਫੀਸਦੀ ਕੇਸ ਝੂਠੇ ਹੁੰਦੇ ਹਨ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਵੀ ਕੋਈ ਝੂਠੇ ਕੇਸ ਹੋਣ, ਪਰ ਮਰਦਾਂ ਵੱਲੋਂ ਕੇਸਾਂ ਦਾ ਨਾਂਹ-ਬਰਾਬਰ ਹੋਣਾ ਅਤੇ ਔਰਤਾਂ ਵੱਲੋਂ ਕੇਸਾਂ ਦੀ ਭਰਮਾਰ ਕਿਸੇ ਸਮਾਜਿਕ ਢਾਂਚੇ ਵੱਲ ਇਸ਼ਾਰਾ ਕਰਦੀ ਹੈ। ਦੁਨੀਆ ਦੀਆਂ ਮਹਾਂਮਾਰੀਆਂ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਮਹਾਂਮਾਰੀਆਂ ਸਮਾਜਿਕ ਕੁਰੀਤੀਆਂ, ਤਾਣੇ-ਬਾਣੇ ਅਤੇ ਢਾਂਚੇ ਨੂੰ ਨੰਗਾ ਕਰਨ ਦਾ ਕੰਮ ਕਰਦੀਆਂ ਹਨ। ਮੈਡੀਕਲ ਇਤਿਹਾਸ ਦੇ ਸਕਾਲਰ ਡੇਵਿਡ ਆਰਨੋੋਲਡ ਤੋਂ ਲੈ ਕੇ ਪੰਜਾਬੀ ਇਤਿਹਾਸ ਦੇ ਖੋਜਾਰਥੀ ਅੰਸ਼ੂ ਮਲਹੋਤਰਾ ਦੀ ਖੋਜ ਦੱਸਦੀ ਹੈ ਕਿ ਮਹਾਂਮਾਰੀ ਵੱਲੋਂ ਪੈਦਾ ਹੋਈ ਆਰਥਿਕ ਅਤੇ ਸਮਾਜਿਕ ਬੇਤਰਤੀਬੀ ਵਿੱਚ ਸਮਾਜਿਕ ਬਣਤਰ ਨੰਗੇ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਭਾਰਤ ਵਿੱਚ ਲੌਕਡਾਊਨ ਦੇ ਐਲਾਨ ਤੋਂ ਬਾਅਦ ਘਰੇਲੂ ਹਿੰਸਾ ਦੇ ਹੈਲਪਲਾਈਨ ਨੰਬਰ 'ਤੇ ਕਾਲਾਂ ਦੀ ਗਿਣਤੀ 50 ਫੀਸਦੀ ਵਧ ਗਈ ਤੇ ਇਨ੍ਹਾਂ ਵਿੱਚ ਤਕਰੀਬਨ ਸਾਰੇ ਕੇਸ ਔਰਤਾਂ ਉਪਰ ਹੁੰਦੀ ਘਰੇਲੂ ਹਿੰਸਾ ਬਾਰੇ ਹਨ।
ਇਹ ਵਰਤਾਰਾ ਦੱਸਦਾ ਹੈ ਕਿ ਸਮਾਜ ਵਿੱਚ ਅੱਜ ਵੀ ਔਰਤ ਹੀ ਮੁੱਖ ਰੂਪ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਅੱਜ ਭਾਵੇਂ ਔਰਤ ਨੂੰ ਪੜ੍ਹਨ ਲਿਖਣ, ਨੌਕਰੀ ਕਰਨ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦੀ ਕਾਨੂੰਨੀ ਆਜ਼ਾਦੀ ਮਿਲ ਚੁੱਕੀ ਹੈ, ਪਰ ਘਰਾਂ ਤੇ ਸਮਾਜਿਕ ਰਿਸ਼ਤਿਆਂ ਵਿੱਚ ਰਹਿੰਦੀ ਔਰਤ ਲਈ ਇਹ ਆਜ਼ਾਦੀ ਜ਼ਿੰਦਗੀ ਵੱਲ ਪੈਰ ਨਹੀਂ ਪੁੱਟ ਸਕਦੀਆਂ। ਅੱਜ ਵੀ ਅਣਗਿਣਤ ਔਰਤਾਂ ਘਰੇਲੂ ਹਿੰਸਾ ਬਰਦਾਸ਼ਤ ਕਰਨ ਲਈ ਮਜ਼ਬੂਰ ਹਨ। ਪੰਜਾਬ ਵਿੱਚ ਔਰਤ ਹੱਕਾਂ ਲਈ ਲੜਨ ਵਾਲੇ ਵਕੀਲ ਇਸ ਗੱਲ ਦਾ ਪ੍ਰਮਾਣ ਦਿੰਦੇ ਹਨ ਕਿ ਹਜ਼ਾਰਾਂ ਕੇਸਾਂ ਵਿੱਚ ਕੋਈ ਵਿਰਲੀ ਹੀ ਔਰਤ ਹੁੰਦੀ ਹੈ ਜੋ ਅਦਾਲਤ ਜਾ ਕੇ ਲੜਨ ਦਾ ਫ਼ੈਸਲਾ ਲੈਂਦੀ ਹੈ। ਜ਼ਿਆਦਾਤਰ ਔਰਤਾਂ ਇਸ ਹਿੰਸਾ ਨਾਲ ਸਮਝੌਤਾ ਕਰ ਲੈਂਦੀਆਂ ਹਨ।
2000 ਸਾਲ ਤੋਂ ਬਣੀ ਪਿੱਤਰੀ ਸੱਤਾ ਵਿੱਚੋਂ ਨਿਕਲ ਕੇ ਔਰਤ ਦਾ ਆਪਣਾ ਸੱਚ ਬੋਲ ਪਾਉਣਾ ਅਤੇ ਸਮਾਜ ਦੇ ਸਾਹਮਣੇ ਆਪਣੇ ਨਾਲ ਹੋਏ ਅੱਤਿਆਚਾਰ ਦੀ ਗੱਲ ਕਰ ਸਕਣਾ ਸੌਖਾ ਕੰਮ ਨਹੀਂ, ਕਿਉਂਕਿ ਅੱਧੇ ਤੋਂ ਵੱਧ ਸਮਾਜ ਔਰਤ ਵਿਰੁੱਧ ਖੜ੍ਹਾ ਹੰਦਾ ਹੈ। ਉਪਰੋਕਤ ਪੰਜਾਬੀ ਗਾਇਕ ਦੀ ਪਤਨੀ ਨਾਲ ਵੀ ਅਜਿਹਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਉਸਦੇ ਗਾਇਕ ਪਤੀ ਨੇ ਲਾਈਵ ਹੋ ਕੇ ਪਤਨੀ ਦੇ ਸਾਰੇ ਦੋਸ਼ ਰੱਦ ਕਰ ਦਿੱਤੇ। ਉਸ ਨੇ ਕਿਹਾ ਸੀ, ‘ਮੈਂ ਬਲਾਤਕਾਰ ਤਾਂ ਨਹੀਂ ਕਰ ਦਿੱਤਾ, ਮੇਰੀ ਪਤਨੀ ਹੈ, ਮੈਂ ਆਪਣੇ ਕੋਲ ਹੀ ਰੱਖਾਂਗਾ, ਜੱਟ ਦੀ ਪਸੰਦ ਐਂ ਕਿਵੇਂ ਜਾਣ ਦੇਵਾਂਗਾ।'' ਇਸ ਤੋਂ ਪਹਿਲਾਂ ਕਿ ਉਹ ਇਹ ਸਭ ਕੁਝ ਕਹਿੰਦਾ, ਉਸ ਦੀ ਲਾਈਵ ਵੀਡੀਓ ਵਿੱਚ ਕਮੈਂਟਾਂ ਦੀ ਭਰਮਾਰ ਹੋ ਗਈ ਕਿ ਅਸੀਂ ਤੁਹਾਡੇ ਨਾਲ ਹਾਂ, ਅੱਜਕੱਲ੍ਹ ਦੀਆਂ ਔਰਤਾਂ ਝੂਠੀਆਂ ਹਨ। ਕੁਝ ਭੱਦੀ ਸ਼ਬਦਾਵਲੀ ਨਾਲ ਗਾਇਕ ਦੀ ਪਤਨੀ ਅਤੇ ਔਰਤਾਂ ਬਾਰੇ ਗੱਲਾਂ ਕਰਦੇ ਹਨ। ਗਾਇਕ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੇ ਫ਼ੈਸਲਾ ਲੈ ਲਿਆ ਕਿ ਉਹ ਗੁਨਾਹਗਾਰ ਨਹੀਂ ਹੈ।
ਦੂਜੇ ਪਾਸੇ, ਜਦੋਂ ਗਾਇਕ ਦੀ ਪਤਨੀ ਨੇ ਆਪਣੀ ਲਾਈਵ ਵੀਡੀਓ ਬਣਾਈ ਤਾਂ ਉਸ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਉਸਨੂੰ ਗਾਲ੍ਹਾਂ ਦੇਣ, ਝੂਠੀ ਕਹਿਣ ਆਦਿ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਵੀਡੀਓ ਅਪਲੋਡ ਕਰਨ ਤੋਂ ਇੱਕ ਦਿਨ ਬਾਅਦ ਹੀ ਉਸ ਨੇ ਆਪਣੀ ਵੀਡੀਓ ਹਟਾ ਦਿੱਤੀ ਕਿਉਂਕਿ ਉਸਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਉਸ ਬਾਰੇ, ਉਸ ਦੇ ਸਰੀਰ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਯਾਦ ਰੱਖਣ ਦੀ ਲੋੜ ਹੈ ਕਿ ਪਤੀ 'ਤੇ ਦੋਸ਼ ਲਾਉਣ ਵਾਲੀ ਇਹ ਔਰਤ ਆਮ ਔਰਤਾਂ ਨਾਲੋਂ ਬੇਹੱਦ ਮਸ਼ਹੂਰ ਹੈ ਤੇ ਉਸ ਕੋਲ ਬਹੁਤ ਲੋਕਾਂ ਦੀ ਹਮਾਇਤ ਤੇ ਸਮਰਥਨ ਵੀ ਹੈ। ਫਿਰ ਵੀ ਉਸਦੀ ਵੀਡੀਓ ਅਤੇ ਉਸਦੀ ਜ਼ਿੰਦਗੀ ਦਾ ਜਿਵੇਂ ਮਜ਼ਾਕ ਬਣਾਇਆ ਗਿਆ, ਉਸ ਨੇ ਉਸਨੂੰ ਵੀਡੀਓ ਹਟਾਉਣ ਲਈ ਮਜ਼ਬੂਰ ਕਰ ਦਿੱਤਾ।
ਸਵਾਲ ਇਹ ਨਹੀਂ ੈ ਕਿ ਉਹ ਜੋ ਕਹਿੰਦੀ ਹੈ, ਉਹ ਹੋਇਆ ਜਾਂ ਨਹੀਂ, ਸਗੋਂ ਸਵਾਲ ਇਹ ਹੈ ਕਿ 2000 ਸਾਲ ਦੇ ਤਸ਼ੱਦਦ ਅਤੇ 70 ਸਾਲਾਂ ਦੀ ਕਾਨੂੰਨੀ ਆਜ਼ਾਦੀ ਤੋਂ ਬਾਅਦ ਜਦੋਂ ਕੋਈ ਔਰਤ ਆਪਣੇ ਨਾਲ ਹੋਈ ਹਿੰਸਾ ਦੀ ਗੱਲ ਕਰਦੀ ਹੈ ਤਾਂ ਅਸੀਂ ਉਸਨੂੰ ਪਹਿਲਾ ਸਵਾਲ ਕੀ ਪੁੱਛਦੇ ਹਾਂ? ਜੇ ਅਸੀਂ ਉਸਨੂੰ ਝੂਠੀ ਕਹਿ ਕੇ ਉਸਦਾ ਮੂੰਹ ਬੰਦ ਕਰਨ ਦਾ ਰਸਤਾ ਚੁਣਦੇ ਹਾਂ ਤਾਂ ਅਸੀਂ ਔਰਤ-ਵਿਰੋਧੀ ਹੀ ਨਹੀਂ, ਸਮਾਜ ਵਿਰੋਧੀ ਹੋ ਰਹੇ ਹਾਂ। ਅਸੀਂ ਉਨ੍ਹਾਂ ਔਰਤਾਂ, ਜਿਨ੍ਹਾਂ ਨੂੰ ਇਸ ਔਰਤ ਤੋਂ ਬੋਲਣ ਦੀ ਹਿੰਮਤ ਮਿਲਣੀ ਸੀ, ਦਾ ਰਾਹ ਰੋਕ ਰਹੇ ਹਾਂ, ਅਸੀਂ ਸਮਾਜ ਨੂੰ ਹੋਰ ਦਕਿਆਨੂਸੀ ਬਣਾਉਣ ਵਿੱਚ ਹਿੱਸਾ ਪਾ ਰਹੇ ਹਾਂ। ਔਰਤਾਂ ਨੂੰ ਮਿਲੇ ਹੱਕਾਂ ਵਿੱਚ ਇੱਕ ਹੱਕ ਨੌਕਰੀਆਂ, ਪੜ੍ਹਾਈ, ਕਾਨੂੰਨ ਆਦਿ ਵਿੱਚ ਰਾਖਵਾਂਕਰਨ ਦੇਣਾ ਹੈ। ਇਸ ਦਾ ਅਰਥ ਹਾਸ਼ੀਆਗਤ ਰਹੇ ਮਨੁੱਖਾਂ ਅਤੇ ਤਬਕਿਆਂ ਨੂੰ ਸਮਾਜ ਵਿੱਚ ਪ੍ਰਤੀਨਿਧਤਾ, ਆਜ਼ਾਦੀ ਅਤੇ ਬਰਾਬਰੀ ਦੇਣਾ ਹੈ। ਇਥੇ ਬਰਾਬਰੀ ਦਾ ਮਤਲਬ ਸਿਰਫ਼ ਉਨ੍ਹਾਂ ਨੂੰ ਹਾਕਮ ਰਹੇ ਮਨੁੱਖਾਂ ਬਰਾਬਰ ਖੜ੍ਹਾ ਕਰ ਦੇਣਾ ਨਹੀਂ, ਸਗੋਂ ਇਹ ਪੌੜੀਆਂ, ਰਿਆਇਤਾਂ ਅਤੇ ਸੁਵਿਧਾਵਾਂ ਦੇਣਾ ਵੀ ਹੈ ਜਿਨ੍ਹਾਂ ਨਾਲ ਉਹ ਨਵੀਂ ਨਵੀਂ ਮਿਲੀ ਪ੍ਰਤੀਨਿਧਤਾ ਤੱਕ ਪਹੁੰਚ ਕਰ ਸਕਣ।
ਇਹ ਕਹਿਣ ਵਿੱਚ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਸਮਾਜ ਵਿੱਚ ਔਰਤ, ਮਰਦ ਅਤੇ ਬਾਕੀ ਸਾਰੇ ਲਿੰਗ ਬਰਾਬਰ ਨਹੀਂ ਹਨ; ਮਰਦ ਕੋਲ ਸਦੀਆਂ ਤੋਂ ਸੱਤਾ ਰਹੀ ਹੈ। ਗ਼ੈਰ-ਮਰਦ ਪਛਾਣ ਵਾਲੇ ਲੋਕਾਂ ਲਈ ਬੋਲਣ ਦੇ, ਆਜ਼ਾਦ ਹੋਣ ਦੇ, ਇਨਸਾਫ਼ ਲੈਣ ਦੇ ਰਸਤੇ ਅਜੇ ਵੀ ਬਹੁਤ ਘੱਟ ਹਨ। ਜਦੋਂ ਉਹ ਬੋਲਣ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਥਾਂ ਹੌਸਲਾ ਦੇਣ ਦੀ, ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਉਤੇ ਭਰੋਸਾ ਕਰਨ ਦੀ ਲੋੜ ਹੈ।
ਦੋ ਸਾਲ ਪਹਿਲਾਂ ਦੁਨੀਆਂ ਭਰ ਵਿੱਚ ਜਦੋਂ ‘ਮੀਟੂ' ਲਹਿਰ ਚੱਲੀ ਸੀ, ਉਦੋਂ ਵੀ ਬਹੁਤ ਸਵਾਲ ਪੁੱਛੇ ਗਏ ਸਨ ਕਿ ਔਰਤ ਉਤੇ ਭਰੋਸਾ ਕਿਉਂ ਕੀਤਾ ਜਾਵੇ? ਉਸਦਾ ਜਵਾਬ ਨਾਰੀਵਾਦੀਆਂ ਨੇ ‘ਸਾਰੀਆਂ ਔਰਤਾਂ' ਉਤੇ ਵਿਸ਼ਵਾਸ ਕਰੋ ਕਹਿ ਕੇ ਦਿੱਤਾ ਸੀ, ਜਿਸਦਾ ਭਾਵ ਹੈ ਕਿ ਔਰਤਾਂ 'ਤੇ ਭਰੋਸਾ ਕਰਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਕੋਲ ਸਮਾਜਿਕ ਰਿਸ਼ਤਿਆਂ ਵਿੱਚ ਆਪਣੀ ਗੱਲ ਕਹਿ ਸਕਣ ਦੀ ਥਾਂ ਘੱਟ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮਰਦਾਂ ਦੀ ਗੱਲ ਸੁਣੀ ਨਹੀਂ ਜਾਣੀ ਚਾਹੀਦੀ, ਬਲਕਿ ਇਹ ਹੈ ਕਿ ਸਮਾਜ ਦੀ ਮੂਲ ਪਰਿਸਥਿਤੀ ਅਤੇ ਬੁਨਿਆਦੀ ਢਾਂਚੇ ਵਿੱਚ ਸ਼ੁਰੂ ਤੋਂ ਹੀ ਮਰਦ ਉਤੇ ਭਰੋਸਾ ਕੀਤਾ ਜਾਂਦਾ ਹੈ। ਮਰਦ ਉਤੇ ਭਰੋਸਾ ਇੱਕ ਡਿਫਾਲਟ ਸੈਟਿੰਗ ਹੈ।
ਆਪਣੇ ਆਂਢ ਗੁਆਂਢ ਝਾਤੀ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਘਰ ਤੇ ਬਾਹਰ ਦੇ ਸਭ ਤੋਂ ਵੱਧ ਜ਼ਿੰਮੇਵਾਰੀ ਵਾਲੇ ਸਮਝੇ ਜਾਣ ਵਾਲੇ ਕੰਮਾਂ ਵਿੱਚ ਮਰਦਾਂ ਦਾ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ। ਮਰਦ ਹੀ ਚੰਗੇ ਡਾਕਟਰ, ਚੰਗੇ ਨੇਤਾ, ਚੰਗੇ ਆਗੂ, ਚੰਗੇ ਬੁਲਾਰੇ, ਵੱਧ ਸਮਝਦਾਰ ਅਤੇ ਸੂਝਵਾਨ ਮੰਨੇ ਜਾਂਦੇ ਹਨ। ਉਨ੍ਹਾਂ ਕੋਲ ਪਹਿਲਾਂ ਹੀ ਇਹ ਢਾਂਚਾਗਤ ਹੱਕ ਹੈ ਕਿ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਬੋਲ, ਉਨ੍ਹਾਂ ਦੀ ਹੋਂਦ ਵੱਧ ਭਰੋਸੇਯੋਗ ਹੈ। ਸਵਾਲ ਇਹ ਰਿਆਇਤ, ਇਹ ਹੱਕ, ਇਹ ਸਹੂਲਤ ਔਰਤਾਂ ਨੂੰ ਦੇਣ ਦਾ ਹੈ। ਕੀ ਅਸੀਂ ਜਦੋ ਕੋਈ ਔਰਤ ਆਪਣਾ ਸੱਚ ਬੋਲਦੀ ਹੈ ਉਸਨੂੰ ‘ਵੀ' ਬੋਲਣ ਦਾ ਮੌਕਾ ਦੇਣ ਲਈ ਤਿਆਰ ਹਾਂ? ਜਿਸ ਤਰ੍ਹਾਂ ਪੰਜਾਬੀ ਗਾਇਕ ਦੀ ਪਤਨੀ ਨੂੰ ਆਪਣੀ ਵੀਡੀਓ ਹਟਾਉਣੀ ਪਈ ਅਤੇ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਲਿਖ ਕੇ ਅਤੇ ਫੋਨ ਕਰਕੇ ਨਾਰੀਵਾਦੀਆਂ ਉਤੇ ਹਮਲੇ ਕੀਤੇ ਗਏ ਹਨ, ਮੈਨੂੰ ਲੱਗਦਾ ਹੈ ਕਿ ਅਸੀਂ ਆਜ਼ਾਦੀ, ਬਰਾਬਰੀ ਅਤੇ ਇਨਸਾਫ਼ ਦੀ ਲੜਾਈ ਤੋਂ ਕੋਹਾਂ ਦੂਰ ਖੜ੍ਹੇ ਹਾਂ। ਇਸ ਮਾਮਲੇ ਵਿੱਚ ਸਾਫ਼ ਝਲਕਦਾ ਹੈ ਕਿ ਔਰਤ ਉਤੇ ਭਰੋਸਾ ਕਰਨਾ ਅਜੇ ਵੀ ਸਮਾਜ ਨੂੰ ਮਨਜ਼ੂਰ ਨਹੀਂ ਅਤੇ ਮਰਦ ਨੂੰ ਹੱਲਾਸ਼ੇਰੀ ਦੇਣਾ ਸਮਾਜ ਦਾ ਮੁੱਖ ਕੰਮ ਹੈ। ਅਜਿਹੇ ਢਾਂਚੇ ਵਿੱਚ ਇਹ ਔਰਤ ਦਾ ਹੱਕ ਹੈ ਕਿ ਉਨ੍ਹਾਂ ਨੂੰ ਕੁਝ ਖ਼ਾਸ ਰਿਆਇਤਾਂ ਮਿਲਣ ਤੇ ਉਨ੍ਹਾਂ ਦੀ ਗੱਲ ਸੁਣੇ ਜਾਣ ਦੇ ਮੌਕਿਆਂ ਲਈ ਕੁਝ ਪ੍ਰਬੰਧ ਕੀਤੇ ਜਾਣ। ਇਨ੍ਹਾਂ ਪ੍ਰਬੰਧਾਂ ਵਿੱਚੋਂ ਇੱਕ ਹੈ ਭਰੋਸਾ ਕਰਨਾ।
ਇਸਦਾ ਭਾਵ ਇਹ ਨਹੀਂ ਹੈ ਕਿ ਮਰਦ ਉਤੇ ਜ਼ਰਾ ਵੀ ਭਰੋਸਾ ਨਾ ਕਰੋ, ਪਰ ਇਹ ਹੈ ਜਦੋਂ ਕੋਈ ਔਰਤ ਆਪਣੇ ਨਾਲ ਹੋਈ ਹਿੰਸਾ ਦੀ ਗੱਲ ਕਰਦੀ ਹੈ ਤਾਂ ਉਸ ਨੂੰ ਸੁਣੋ ਅਤੇ ਬੋਲਣ ਦਿਓ। ਝੂਠੇ ਕੇਸਾਂ ਨੂੰ ਢਾਲ ਬਣਾ ਕੇ ਔਰਤ ਵਿਰੋਧੀ ਹੋਣਾ ਅਤੇ ਔਰਤ ਦੀ ਆਵਾਜ਼ ਬੰਦ ਕਰਵਾਉਣ ਦੀ ਮੁਹਿੰਮ ਚਲਾਉਣਾ ਸਮਾਜ ਦੀ ਬੌਧਿਕ ਕੰਗਾਲੀ ਹੋਵੇਗੀ। ਇਸ ਦੀ ਥਾਂ ਸੁਚੇਤ ਰਹਿ ਕੇ ਹਰ ਮਾਮਲੇ ਦੀ ਸੁਤੰਤਰ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ ਜਿਸ ਵਿੱਚ ਔਰਤ ਵੀ ਗ਼ਲਤ ਹੋ ਸਕਦੀ ਹੈ। ਔਰਤ ਦਾ ਕਿਸੇ ਖ਼ਾਸ ਮਾਮਲੇ ਵਿੱਚ ਗ਼ਲਤ ਹੋਣਾ ਅਤੇ ਔਰਤਾਂ ਉਤੇ ਭਰੋਸਾ ਕਰਨਾ ਆਪਾਵਿਰੋਧੀ ਬਿਆਨ ਨਹੀਂ ਹਨ ਕਿਉਂਕਿ ਔਰਤ ਦੀ ਗ਼ਲਤੀ ਉਸਦੀ ਗੱਲ ਸੁਣ ਕੇ ਵੀ ਪਛਾਣੀ ਜਾ ਸਕਦੀ ਹੈ ਤੇ ਇਸ ਤਰ੍ਹਾਂ ਅਸੀਂ ਸਮਾਜ ਦੀਆਂ ਬਾਕੀ ਔਰਤਾਂ ਦੇ ਪੈਰਾਂ 'ਤੇ ਕੁਹਾੜੀ ਮਾਰਨ ਤੋਂ ਵੀ ਬਚ ਸਕਦੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’