Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਮੁਲਾਜ਼ਮ

June 24, 2020 09:37 AM

-ਸ਼ਰਨਜੀਤ ਕੌਰ
ਜਸਵੀਰ ਬਚਪਨ ਤੋਂ ਹੀ ਮੁਲਾਜ਼ਮ ਬਣਨਾ ਲੋਚਦੀ ਸੀ, ਕਿਉਂਕਿ ਜਦ ਵੀ ਘਰ ਵਿੱਚ ਦੂਜਿਆਂ ਨੂੰ ਵੇਖ ਕੇ ਕੋਈ ਬੇਲੋੜੇ ਖਰਚੇ ਦੀ ਇੱਛਾ ਜ਼ਾਹਰ ਕਰਦਾ ਤਾਂ ਉਹਦੀ ਮਾਂ ਝੱਟ ਆਖਦੀ, ‘‘ਨਹੀਂ ਭਾਈ, ਅਗਲੇ ਤਾਂ ਮੁਲਾਜ਼ਮ ਨੇ, ਆਪਾਂ ਨਹੀਂ ਉਨ੍ਹਾਂ ਦੀ ਰੀਸ ਕਰਨੀ।” ਜਸਵੀਰ ਨੂੰ ਲੱਗਦਾ ਕਿਵੇਂ ਨਾ ਕਿਵੇਂ ਮੁਲਾਜ਼ਮ ਬਣ ਜਾਵਾਂ, ਫਿਰ ਮੌਜਾਂ ਹੀ ਮੌਜਾਂ। ਉਸ ਨੇ ਸੁਣ ਰੱਖਿਆ ਸੀ ਕਿ ਮੁਲਾਜ਼ਮ ਬਣਨ ਲਈ ਪੜ੍ਹਨਾ ਪੈਂਦਾ ਹੈ, ਤੇ ਉਹ ਵੀ ਬਹੁਤ ਜ਼ਿਆਦਾ। ਫਿਰ ਕੀ ਸੀ, ਪੜ੍ਹਾਈ ਦਾ ਜਨੂੰਨ ਚੜ੍ਹਾ ਲਿਆ। ਦਸਵੀਂ, ਬਾਰ੍ਹਵੀਂ, ਬੀ ਏ, ਐੱਮ ਏ ਅਤੇ ਅੰਤ ਨੂੰ ਦਾਖਲਾ ਟੈਸਟ ਪਾਸ ਕਰ ਕੇ ਬੀ ਐੱਡ ਕਰ ਲਈ। ਘਰ ਦੀ ਆਰਥਕ ਹਾਲਤ ਬਹੁਤ ਵਧੀਆ ਨਾ ਹੋਣ ਕਾਰਨ ਉਸ ਨੇ ਖੁਦ ਪੜ੍ਹਨ ਦੇ ਨਾਲ-ਨਾਲ ਟਿਊਸ਼ਨਾਂ ਵੀ ਪੜ੍ਹਾਈਆਂ। ਪਤਲੀ ਆਰਥਿਕ ਹਾਲਤ ਕਾਰਨ ਉਚ ਵਿਦਿਆ ਲਈ ਯੂਨੀਵਰਸਿਟੀ ਨਾ ਜਾ ਸਕੀ ਤੇ ਘਰ ਰਹਿ ਕੇ ਪੜ੍ਹਾਈ ਕੀਤੀ। ਖੈਰ, ਭਲਾ ਹੋਵੇ ਉਸ ਸਮੇਂ ਦਾ, ਜਿਸ ਸਮੇਂ ਉਹ ਸੰਘਰਸ਼ ਕਰ ਰਹੀ ਸੀ, ਉਦੋਂ ਸਰਕਾਰੀ ਸਕੂਲਾਂ-ਕਾਲਜਾਂ ਦਾ ਠਾਠ ਸੀ। ਫੀਸਾਂ ਘੱਟ ਸਨ ਤੇ ਪੜ੍ਹਾਈ ਦਾ ਮਿਆਰ ਵੀ ਉਚਾ ਸੀ। ਅੱਜਕੱਲ੍ਹ ਵਾਂਗ ਨਾ ਬਹੁਤਾ ਨਿਜੀਕਰਨ ਸੀ ਤੇ ਨਾ ਹੀ ਸਰਕਾਰਾਂ ਕਿਸੇ ਕਾਰਪੋਰੇਟ ਘਰਾਣੇ ਲਈ ਆਪਣੇ ਅਦਾਰੇ ਵੇਚਦੀਆਂ ਸਨ।
ਜਸਵੀਰ ਪੜ੍ਹਾਈ ਪੂਰੀ ਕਰ ਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਪਈ। ਚੰਗੇ ਭਾਗੀ ਉਹਦੀ ਯੋਗਤਾ ਨੂੰ ਵੇਖਦਿਆਂ ਇੱਕ ਚੰਗੇ ਪਰਵਾਰ ਵਿੱਚ ਉਹਦਾ ਰਿਸ਼ਤਾ ਹੋ ਗਿਆ। ਮੁੰਡਾ ਵੀ ਚੰਗਾ ਪੜ੍ਹਿਆ ਲਿਖਿਆ ਸੀ, ਨੌਕਰੀ ਭਾਵੇਂ ਪ੍ਰਾਈਵੇਟ ਕਰਦਾ ਸੀ, ਪਰ ਅਗਾਂਹਵਧੂ ਸੋਚ ਰੱਖਦਾ ਸੀ। ਇਸ ਲਈ ਵਿਆਹ ਬਿਨਾਂ ਦਾਜ ਦੇ ਹੋਇਆ ਸੀ। ਇਸ ਤਰ੍ਹਾਂ ਇੱਕ ਸਾਧਾਰਨ ਪਰਵਾਰ ਦੀ ਕੁੜੀ ਬਿਨਾਂ ਆਪਣੇ ਪਰਵਾਰ ਦੇ ਸਿਰ ਕਰਜ਼ੇ ਦੀ ਪੰਡ ਚੜ੍ਹਾਏ, ਬੂਹਿਓਂ ਉਠ ਗਈ। ਉਹਦੇ ਚੰਗੇ ਭਾਗਾਂ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ। ਫਿਰ ਉਸ ਦਾ ਸੁਫਨਾ ਸੱਚ ਹੋਣ ਦਾ ਦਿਨ ਆ ਗਿਆ ਤੇ ਉਸ ਦੀ ਚੋਣ ਸਰਕਾਰੀ ਨੌਕਰੀ ਲਈ ਹੋ ਗਈ, ਪਰ ਤਿੰਨ ਸਾਲ ਲਈ ਠੇਕੇ 'ਤੇ ਨੌਕਰੀ, ਉੱਕੀ ਪੁੱਕੀ 10 ਕੁ ਹਜ਼ਾਰ ਤਨਖਾਹ, ਉੱਤੋਂ ਸਟੇਸ਼ਨ ਮਿਲਿਆ ਰੱਬ ਦੀਆਂ ਜੜ੍ਹਾਂ 'ਚ। ਮਨ ਦੁਖੀ ਹੋਇਆ, ਪਰ ਹੋਰ ਚਾਰਾ ਵੀ ਕੋਈ ਨਹੀਂ ਸੀ, ਸਰਕਾਰੀ ਮੁਲਾਜ਼ਮ ਜੋ ਬਣਨਾ ਸੀ। ਨੌਕਰੀ ਜੁਆਇਨ ਕਰ ਲਈ। ਸਾਰੀ ਤਨਖਾਹ ਆਉਣ ਜਾਣ ਦੇ ਖਰਚਿਆਂ ਵਿੱਚ ਉੱਡ ਜਾਣੀ। ਘਰ ਪਰਵਾਰ ਦਾ ਵੀ ਚੰਗੀ ਤਰ੍ਹਾਂ ਖਿਆਲ ਨਾ ਰੱਖ ਹੋਣਾ, ਸਫਰ ਦੀ ਥਕਾਵਟ ਤੇ ਕੰਮਾਂ ਦੀ ਬਹੁਲਤਾ ਨੇ ਛੁੱਟੀ ਵਾਲੇ ਦਿਨ ਵੀ ਫਾਡੀ ਬਣਾ ਛੱਡਣਾ। ਘਰ ਵਿੱਚ ਗੱਲ ਗੱਲ 'ਤੇ ਉਸ ਨੂੰ ਮਿਹਣੇ ਸੁਣਨ ਨੂੰ ਮਿਲਣੇ, ‘‘ਮੁਲਾਜ਼ਮ ਹੋਊ ਅਗਲੀ ਆਪਣੇ ਲਈ ਹੋਊ, ਸਾਨੂੰ ਕੀ ਮਿਲੂ? ਜਾਂ ਤਾਂ ਇਨ੍ਹਾਂ ਨੂੰ ਅੱਡ ਕਰੋ, ਖਰਚਾ ਘਟੇ, ਨਹੀਂ ਸਾਡੇ ਬਰਾਬਰ ਕੰਮ ਕਰਨ।”
ਉਹ ਮਨ ਹੀ ਮਨ ਤੜਫਦੀ ਤੇ ਸੋਚਦੀ ਕਿ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸਿਰਫ ਮੁਲਾਜ਼ਮ ਸਮਝ ਸਕਦੇ ਹਨ। ਸਹੀ ਸਮੇਂ ਤੋਂ ਵੀ ਦਸ ਮਿੰਟ ਪਹਿਲਾਂ ਹਾਜ਼ਰ ਚਾਹੀਦੇ ਹਾਂ। ਉਹ ਕੀ ਜਾਣੇ ਸਮੇਂ ਦੀ ਪਾਬੰਦੀ, ਜਿਹਨੇ ਆਪਣੀ ਮਰਜ਼ੀ ਨਾਲ ਘਰ ਦੇ ਕੰਮ ਕਰਨੇ ਨੇ। ਸਮੇਂ 'ਤੇ ਪਹੁੰਚਣ ਲਈ ਮੁਲਾਜ਼ਮ ਕਈ ਵਾਰ ਭੁੱਖੇ ਪੇਟ ਮੰਜ਼ਿਲ ਨੂੰ ਤੁਰ ਪੈਂਦੇ ਨੇ ਤੇ ਬਾਰ੍ਹਾਂ ਵਜੇ ਤੱਕ ਰੋਟੀ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਹੁੰਦੀ। ਉਹ ਇਹ ਸਭ ਸੋਚ ਲੈਂਦੀ, ਪਰ ਕਹਿ ਨਾ ਪਾਉਂਦੀ। ਡਰਦੀ ਸੀ ਕਿ ਬੋਲੀ ਤਾਂ ਸਵਾ ਕੁ ਸਾਲ ਦਾ ਬਾਲ ਘਰ ਰਹਿੰਦਾ ਸੀ, ਉਹ ਵੀ ਇਨ੍ਹਾਂ ਨਹੀਂ ਰੱਖਣਾ। ਆਪਣੇ ਬੱਚੇ ਲਈ ਵਿੱਤੋਂ ਵੱਧ ਕੰਮ ਕਰਦੀ, ਸੁਵੱਖਦੇ ਉਠਦੀ ਤੇ ਅਲਸਾਈਆਂ ਅੱਖਾਂ ਨਾਲ ਆਪਣੇ ਕੰਮ ਮੁਕਾ ਬਸ ਜਾ ਚੜ੍ਹਦੀ। ਸ਼ਾਮ ਢਲੀ ਤੋਂ ਥੱਕੀ-ਟੁੱਟੀ ਰੂਹ ਸਣੇ ਘਰ ਪਹੁੰਚਦੀ ਤੇ ਆਪਣੇ ਹਿੱਸੇ ਦੇ ਕੰਮਾਂ ਨੂੰ ਮੂੰਹ ਅੱਡੀ ਖੜੇ ਵੇਖਦੀ। ਨਾ ਕੰਮ ਪੂਰੇ ਹੁੰਦੇ, ਨਾ ਨੀਂਦ, ਨਾ ਪੁੱਤਰ ਦੇ ਚਾਅ।
ਫਿਰ ਵੀ ਜੁਟੀ ਹੋਈ ਸੀ, ਪਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ। ਆਨੇ ਬਹਾਨੇ ਘਰਦਿਆਂ ਨੇ ਉਸ ਨੂੰ ਆਪਣਾ ਬੱਚਾ ਨਾਲ ਲੈ ਜਾਣ ਦਾ ਫੁਰਮਾਨ ਸੁਣਾ ਦਿੱਤਾ। ਕਸੂਤੇ ਫਸੇ, ਕੀ ਹੋਵੇ? ਏਨੀ ਦੂਰ ਤੱਕ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਸਨ। ਬੱਚਾ ਨਾਲ ਲਿਜਾਣਾ ਬੜਾ ਮੁਸ਼ਕਲ ਸੀ, ਗਰਮੀ ਨਹੀਂ ਸੀ ਸਹਾਰ ਸਕਣਾ। ਆਖਰ ਅਗਾਂਹਵਧੂ ਸੋਚ ਕੰਮ ਆਈ, ਉਸ ਦੇ ਪਤੀ ਨੇ ਪ੍ਰਾਈਵੇਟ ਨੌਕਰੀ ਛੱਡ ਕੇ ਘਰ ਰਹਿ ਕੇ ਬੱਚਾ ਪਾਲਣ ਦਾ ਫੈਸਲਾ ਲੈ ਲਿਆ, ਕਿਉਂਕਿ ਜਸਵੀਰ ਦੀ ਨੌਕਰੀ ਸਰਕਾਰੀ ਸੀ, ਤੇ ਸਰਕਾਰੀ ਨੌਕਰੀ ਮਿਲਣਾ ਖਾਲਾ ਜੀ ਦਾ ਵਾੜਾ ਨਹੀਂ। ਨੌਕਰੀ ਲਈ ਪਹਿਲਾਂ ਉਸ ਨੂੰ ਟੈਟ ਪਾਸ ਕਰਨਾ ਪਿਆ ਸੀ, ਫਿਰ ਸਬਜੈਕਟ ਟੈਸਟ, ਗੋਡਣੀ ਲੱਗ ਗਈ ਸੀ ਅਗਲੀ ਦੀ। ਪ੍ਰਾਈਵੇਟ ਨੌਕਰੀ, ਘਰ ਦੀਆਂ ਜ਼ਿੰਮੇਵਾਰੀਆਂ ਤੇ ਰਾਤ ਨੂੰ ਟੈਸਟਾਂ ਦੀ ਤਿਆਰੀ, ਸੁੱਕ ਕੇ ਤੀਲਾ ਹੋ ਗਈ ਸੀ ਉਹ। ਮਸਾਂ ਤਾਂ ਮਾਲਕ ਨੇ ਸੁਣੀ ਸੀ।
ਪਤੀ ਦੇ ਫੈਸਲੇ ਨੇ ਜਸਬੀਰ ਨੂੰ ਅਥਾਹ ਤਾਕਤ ਬਖਸ਼ੀ। ਉਸ ਨੇ ਸੋਚਿਆ ਦੋ ਸਾਲ ਨਿਕਲ ਗਏ, ਇੱਕ ਸਾਲ ਹੋਰ ਨਿਕਲ ਜਾਵੇ, ਫਿਰ ਪੂਰੀ ਤਨਖਾਹ ਮਿਲਣ ਲੱਗੇਗੀ। ਜਦੋਂ ਖਰਚੇ ਕੱਟ ਕੇ ਟੱਬਰ ਦੇ ਹੱਥ 'ਤੇ ਤੀਹ ਹਜ਼ਾਰ ਟਿਕਿਆ ਤਾਂ ਇਨ੍ਹਾਂ ਨੂੰ ਪਤਾ ਲੱਗੂ ਮੁਲਾਜ਼ਮ ਦਾ ਮੁੱਲ। ਇਹ ਕੀ, ਨਤੀਜਾ ਸੋਚ ਤੋਂ ਉਲਟ ਨਿਕਲਿਆ, ਉਸ ਦੇ ਪਤੀ ਦੇ ਇਸ ਫੈਸਲੇ ਨਾਲ ਬਾਕੀ ਟੱਬਰ ਨੂੰ ਪੰਜ ਭੱਠ ਬੁਖਾਰ ਚੜ੍ਹ ਗਿਆ। ਪਰਵਾਰਕ ਕਲੇਸ਼ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਨੂੰ ਅੱਡ ਕਰਨ ਦਾ ਫੈਸਲਾ ਹੋ ਗਿਆ। ਬਾਪੂ ਆਖਣ ਲੱਗਾ, ‘‘ਲਓ ਬਈ, ਘਰ ਤੁਹਾਨੂੰ ਬਣਾ ਕੇ ਦੇ ਦਿੱਤਾ, ਰੱਸੋ ਵੱਸੋ, ਪਰ ਦੋ ਸਾਲ ਜ਼ਮੀਨ 'ਚੋਂ ਕਿਸੇ ਹਿੱਸੇ ਠੇਕੇ ਦੀ ਝਾਕ ਨਾ ਰੱਖਿਓ, ਘਰ ਪਾਉਣ ਕਾਰਨ ਮੈਂ ਵੀ ਦੇਣ ਲੈਣ ਤਾਰਨੈ।”
ਉਹ ਦੋਵੇਂ ਜੀਅ ਚੁਪਚਾਪ ਖਾਲੀ ਹੱਥ ਖਾਲੀ ਘਰ ਵਿੱਚ ਆ ਬੈਠੇ ਤੇ ਆਪਣੇ ਆਪ ਨੂੰ ਇਹ ਕਹਿ ਕੇ ਧਰਵਾਸ ਦੇ ਲਿਆ ਕਿ ਲਾਇਕ ਪੁੱਤਰ ਤਾਂ ਕੱਲਰਾਂ 'ਚ ਵੀ ਘਰ ਬੰਨ੍ਹ ਲੈਂਦੇ ਨੇ, ਸਾਡੇ ਸਿਰ 'ਤੇ ਫਿਰ ਵੀ ਛੱਤ ਹੈ।
ਦਿਨ ਬੀਤਦੇ ਗਏ, ਪੁੱਤਰ ਤਿੰਨ ਸਾਲ ਤੋਂ ਉਪਰ ਹੋ ਚੁੱਕਾ ਸੀ, ਉਸ ਨੂੰ ਸਕੂਲ ਪੜ੍ਹਨੇ ਪਾ ਦਿੱਤਾ। ਉਸ ਦੇ ਪਤੀ ਨੂੰ ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਮਿਲ ਗਈ ਤੇ ਸਭ ਤੋਂ ਵੱਡੀ ਸਕੂਨ ਦੀ ਗੱਲ ਇਹ ਸੀ ਕਿ ਚੋਣਾਂ ਨੇੜੇ ਹੋਣ ਕਾਰਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਅਤੇ ਜਸਵੀਰ ਦੀ ਬਦਲੀ ਵੀ ਨੇੜੇ ਹੀ ਹੋ ਗਈ।
ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਤੇ ਜਸਵੀਰ ਸਹੀ ਅਰਥਾਂ ਵਿੱਚ ਉਹ ਮੁਲਾਜ਼ਮ ਬਣ ਗਈ ਸੀ, ਜਿਸ ਲਈ ਉਸ ਨੇ ਅਸੀਮ ਤਪੱਸਿਆ ਕੀਤੀ ਸੀ, ਪਰ ਅਜੇ ਦੋ ਕੁ ਮਹੀਨੇ ਖੁਸ਼ੀ ਖੁਸ਼ੀ ਗੁਜ਼ਰੇ ਸਨ ਕਿ ਕੋਰੋਨਾ ਦਾ ਕਹਿਰ ਅਣਕਿਆਸੇ ਬੱਦਲ ਵਾਂਗ ਵਰ੍ਹ ਪਿਆ। ਸਭ ਕੁਝ ਅਹਿਲ ਹੋ ਗਿਆ, ਦੁਨੀਆ ਠਠੰਬਰ ਗਈ, ਸਭ ਘਰਾਂ ਵਿੱਚ ਡੱਕੇ ਗਏ, ਨਾਢੂ ਖਾਂ ਕਹਾਉਣ ਵਾਲੇ ਵੱਡੇ-ਵੱਡੇ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਗੜਬੜਾ ਗਈਆਂ। ਰੋਜ਼ ਸਰਕਾਰਾਂ ਦੇ ਨਵੇਂ-ਨਵੇਂ ਫੈਸਲੇ ਸੁਣਨ ਨੂੰ ਮਿਲਣ ਲੱਗੇ ਤੇ ਅਜਿਹਾ ਹੀ ਇੱਕ ਫੈਸਲਾ ਮੁਲਾਜ਼ਮਾਂ ਦੀ ਤਨਖਾਹ ਉਪਰ ਵੱਡਾ ਕੱਟ ਲਾਉਣ ਦਾ ਸੀ, ਜੋ ਜਸਵੀਰ 'ਤੇ ਅਸਮਾਨੀ ਬਿਜਲੀ ਵਾਂਗ ਡਿੱਗਿਆ ਤੇ ਉਹ ਤੜਫ ਉਠੀ, ‘‘ਮਸਾਂ ਉਮਰ ਦੇ ਚਾਲੀ ਵਰ੍ਹੇ ਖਪਾ ਕੇ ਆਪਣੀਆਂ ਲੋੜਾਂ ਦੇ ਖੰਭ ਪਸਾਰਨ ਦੀ ਤਿਆਰੀ ਕੀਤੀ ਸੀ। ਤੀਹ ਸਾਲ ਮੁਲਾਜ਼ਮ ਬਣਨ ਖਾਤਰ ਜਫਰ ਜਾਲੇ ਅਤੇ ਦਸ ਸਾਲ ਕੱਚਾ ਮੁਲਾਜ਼ਮ ਹੋਣ ਕਾਰਨ। ਕੀ ਸਰਕਾਰ ਨੂੰ ਵੀ ਮੁਲਾਜ਼ਮ ਰੋੜਾਂ ਵਾਂਗ ਰੜਕਣੇ ਸਨ? ਅਜੇ ਕੱਲ੍ਹ ਮੈਂ ਪੱਕੀ ਮੁਲਾਜ਼ਮ ਬਣੀ ਹਾਂ ਤੇ ਅੱਜ ਪੱਕੇ ਮੁਲਾਜ਼ਮਾਂ ਦੀ ਤਨਖਾਹ ਕੱਟ ਲਉ, ਮੇਰਾ ਕਸੂਰ ਕੀ ਹੈ? ਇਹੋ ਕਿ ਮੈਂ ਮੁਲਾਜ਼ਮ ਬਣਨ ਦਾ ਸੁਫਨਾ ਲਿਆ। ਕਾਸ਼! ਮੈਂ ਮੁਲਾਜ਼ਮ ਬਣਨ ਦਾ ਸੁਫਨਾ ਨਾ ਲੈ ਕੇ ਵੱਡਾ ਨੇਤਾ ਬਣਨ ਦਾ ਸੁਫਨਾ ਲੈਂਦੀ, ਤਾਂ ਅੱਜ ਚਾਲੀ ਵਰ੍ਹਿਆਂ ਬਾਅਦ ਆਪਣੀ ਹੋਣੀ 'ਤੇ ਹੰਝੂ ਕੇਰਨ ਦੀ ਥਾਂ ਕਿਸੇ ਟੀ ਵੀ ਚੈਨਲ 'ਤੇ ਅਜਿਹਾ ਫੈਸਲਾ ਸੁਣਾ ਕੇ ਵਾਹ-ਵਾਹ ਖੱਟ ਰਹੀ ਹੁੰਦੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ