Welcome to Canadian Punjabi Post
Follow us on

29

March 2024
 
ਨਜਰਰੀਆ

ਬਾਬਲ ਮੇਰਾ ਦੇਸਾਂ ਦਾ ਰਾਜਾ..

June 24, 2020 09:33 AM

-ਜਸਪ੍ਰੀਤ ਕੌਰ ਸੰਘਾ
ਸਮਾਜਿਕ ਜੀਵਨ ਦਾ ਆਧਾਰ ਰਿਸ਼ਤੇ ਹਨ। ਇਹ ਰਿਸ਼ਤੇ-ਨਾਤੇ ਹੀ ਹਨ ਜੋ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ। ਆਪਣਿਆਂ ਦਾ ਸਾਥ ਵੱਡੀ ਤੋਂ ਵੱਡੀ ਔਕੜ ਸਮੇਂ ਵੀ ਬੰਦੇ ਨੂੰ ਡੋਲਣ ਨਹੀਂ ਦਿੰਦਾ। ਰਿਸ਼ਤਿਆਂ ਦੀ ਫੁਲਵਾੜੀ ਵਿੱਚ ਅਨੇਕਾਂ ਰਿਸ਼ਤੇ ਪਨਪਦੇ ਹਨ। ਹਰ ਰਿਸ਼ਤੇ ਦੀ ਆਪਣੀ ਪਰਿਭਾਸ਼ਾ, ਮਹੱਤਵ ਅਤੇ ਮਰਿਆਦਾ ਹੁੰਦੀ ਹੈ। ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ, ਮਾਂ-ਧੀ, ਪਿਓ-ਪੁੱਤਰ ਆਦਿ ਸਾਡੇ ਸਭ ਤੋਂ ਨਜ਼ਦੀਕੀ ਰਿਸ਼ਤੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਬਹੁਤ ਪਿਆਰਾ ਅਤੇ ਖ਼ੂਬਸੂਰਤ ਰਿਸ਼ਤਾ ਹੈ ‘ਪਿਓ-ਧੀ' ਦਾ ਰਿਸ਼ਤਾ। ਅਸੀਂ ਮਾਂ-ਧੀ ਦੇ ਰਿਸ਼ਤੇ ਦੀ ਗੱਲ ਆਮ ਕਰਦੇ ਹਾਂ, ਪਰ ਪਿਓ-ਧੀ ਦਾ ਰਿਸ਼ਤਾ ਅਕਸਰ ਅਣਗੌਲਿਆ ਜਾਂਦਾ ਹੈ, ਜਦੋਂ ਕਿ ਪਿਓ-ਧੀ ਦੇ ਰਿਸ਼ਤੇ ਵਿੱਚ ਵੀ ਓਨਾ ਹੀ ਪਿਆਰ ਅਤੇ ਸਤਿਕਾਰ ਹੁੰਦਾ ਹੈ ਜਿੰਨਾ ਮਾਂ-ਧੀ ਦੇ ਰਿਸ਼ਤੇ ਵਿਚਕਾਰ ਦੇਖਣ ਨੂੰ ਮਿਲਦਾ ਹੈ। ਧੀ ਆਪਣੇ ਬਾਬਲ ਦੇ ਜਿਗਰ ਦਾ ਟੋਟਾ ਹੁੰਦੀ ਹੈ। ਬਾਬਲ ਦਾ ਮਾਣ ਅਤੇ ਅਣਖ ਉਸਦੀ ਧੀ ਹੁੰਦੀ ਹੈ। ਧੀਆਂ ਦੀ ਅਸਲੀ ਸਰਦਾਰੀ ਵੀ ਬਾਬਲ ਦੇ ਘਰ ਹੁੰਦੀ ਹੈ। ਬਾਬਲ ਦਾ ਸਾਇਆ ਧੀ ਲਈ ਉਸ ਛਾਂਦਾਰ ਰੁੱਖ ਵਾਂਘ ਹੁੰਦਾ ਹੈ ਜਿਸ ਹੇਠ ਉਹ ਸਾਰੀ ਉਮਰ ਬੇਪ੍ਰਵਾਹੀਆਂ ਮਾਣਦੀ ਹੈ। ਜ਼ਿੰਦਗੀ ਦੇ ਹਰ ਮੋੜ 'ਤੇ ਧੀ ਨੂੰ ਬਾਬਲ ਦੇ ਸਾਥ ਦੀ ਲੋੜ ਹੁੰਦੀ ਹੈ।
ਸਾਡੇ ਲੋਕ ਗੀਤਾਂ ਵਿੱਚ ਵੀ ਇਸਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ-
ਡੱਬੀ ਭਰੀ ਸੰਧੂਰ, ਇੱਕ ਫੁੱਲ ਤੋੜੀਦਾ
ਐਸ ਵੇਲੇ ਜ਼ਰੂਰ ਬਾਬਲ ਲੋੜੀਂਦਾ।
ਧੀ ਦੇ ਜਨਮ ਨਾਲ ਹੀ ਬਾਪ ਦੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ, ਕਿਉਂਕਿ ਧੀ ਨੂੰ ਪਾਲਣਾ, ਉਸ ਨੂੰ ਚੰਗੇ ਸੰਸਕਾਰ ਦੇਣੇ ਅਤੇ ਉਸਦਾ ਕੰਨਿਆਦਾਨ ਕਰਨਾ ਮਾਂ-ਬਾਪ ਦਾ ਸਭ ਤੋਂ ਵੱਡਾ ਫਰਜ਼ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮਾਂ-ਧੀ ਦੇ ਰਿਸ਼ਤੇ ਵਿੱਚ ਨੇੜਤਾ ਵੱਧ ਹੁੰਦੀ ਹੈ ਤੇ ਧੀ ਆਪਣੇ ਬਾਬਲ ਨੂੰ ਆਪਣੇ ਦਿਲ ਦੀ ਗੱਲ ਦੱਸਣ ਤੋਂ ਸੰਕੋਚ ਕਰਦੀ ਹੈ, ਪਰ ਜਦੋਂ ਧੀ ਜਵਾਨ ਹੁੰਦੀ ਹੈ ਤਾਂ ਉਸ ਦੇ ਲਈ ਵਰ ਲੱਭਣ ਦੀ ਜ਼ਿੰਮੇਵਾਰੀ ਬਾਬਲ ਦੀ ਹੁੰਦੀ ਹੈ। ਇਸੇ ਲਈ ਧੀ ਆਪਣੇ ਬਾਬਲ ਨੂੰ ਸੰਬੋਧਿਤ ਹੋ ਕੇ ਆਖਦੀ ਹੈ:
ਵੇ ਬਾਬਲ ਵਰ ਤੇ ਟੋਲੀਓ ਜੀ
ਕੋਈ ਹਾਣੋ ਹਾਣੀ
ਵੇ ਬਾਬਲ ਵੱਡਾ ਨਾ ਸਹੇੜਿਓ ਜੀ
ਮੇਰੀ ਉਮਰ ਅੰਞਾਣੀ
ਵੇ ਬਾਬਲ ਨਿੱਕਾ ਨਾ ਸਹੇੜਿਓ ਜੀ
ਜਿਹਨੇ ਸਾਰ ਨਾ ਜਾਣੀ।
ਹਰ ਬਾਬਲ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਧੀ ਲਈ ਸਭ ਤੋਂ ਵਧੀਆ ਵਰ ਚੁਣੇ ਜੋ ਉਸਦੀ ਧੀ ਨੂੰ ਦੁਨੀਆ ਦੀ ਹਰ ਖ਼ੁਸ਼ੀ ਦੇ ਸਕੇ। ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਘਰ ਕੱਚੇ ਹੁੰਦੇ ਸਨ ਤੇ ਹਰ ਧੀ ਦੀ ਇੱਛਾ ਹੁੰਦੀ ਸੀ ਕਿ ਉਸ ਦਾ ਪੱਕੇ ਘਰ ਰਿਸ਼ਤਾ ਹੋਵੇ, ਕਿਉਂਕਿ ਪੱਕੇ ਘਰਾਂ ਨੂੰ ਅਮੀਰੀ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਇਸੇ ਲਈ ਤਾਂ ਇੱਕ ਧੀ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸਨੂੰ ਕੱਚੇ ਘਰ ਨਾ ਵਿਆਹੇ। ਪਿਓ-ਧੀ ਦੀ ਇਸ ਵਾਰਤਾਲਾਪ ਨੂੰ ਸੁਹਾਗ ਰੂਪੀ ਲੋਕ ਗੀਤਾਂ ਵਿੱਚ ਇੰਜ ਪੇਸ਼ ਕੀਤਾ ਗਿਆ ਹੈ:
ਕੱਚੇ ਕੋਠੇ ਵਾਲੇ ਘਰ ਨਾ ਦਈਂ ਬਾਬਲਾ
ਸਾਥੋਂ ਲਿੱਪੇ ਨਾ ਜਾਣ ਵੇ ਬਨੇਰੇ ਬਾਬਲਾ।
ਜੱਗ ਦੀ ਰੀਤ ਅਨੁਸਾਰ ਹਰ ਬਾਬਲ ਨੂੰ ਆਪਣੇ ਜਿਗਰ ਦਾ ਟੋਟਾ ਬੇਗਾਨੇ ਹੱਥੀਂ ਸੌਂਪਣਾ ਹੀ ਪੈਂਦਾ ਹੈ। ਸਮਾਜਿਕ ਰੀਤੀ-ਰਿਵਾਜਾਂ ਵਿੱਚ ਬੱਝਾ ਬਾਬਲ ਚਾਵਾਂ-ਲਾਡਾਂ ਨਾਲ ਪਾਲੀ ਆਪਣੀ ਧੀ ਨੂੰ ਹੱਥੀਂ ਬੇਗਾਨੀ ਕਰ ਦਿੰਦਾ ਹੈ। ਧੀ ਦਾ ਦਾਨ ਭਾਵੇਂ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ, ਪਰ ਫੇਰ ਵੀ ਧੀ ਦੇ ਵਿਆਹ ਸਮੇਂ ਧੀ ਦਾ ਬਾਬਲ ਹਮੇਸ਼ਾਂ ਹੀ ਨਿਵਦਾ ਹੈ:
ਬਾਬਲ ਕਿਉਂ ਨਿਵਿਆ ਨੀਂ ਧਰਮੀ ਕਿਉਂ ਨਿਵਿਆ
ਇਸ ਬਾਬਲ ਘਰ ਕੰਨਿਆ ਕੰਵਾਰੀ
ਨੀਂ ਬਾਬਲ ਧਰਮੀ ਤਾਂ ਨਿਵਿਆ।
ਬਾਬਲ ਅਮੀਰ ਹੋਵੇ ਜਾਂ ਗ਼ਰੀਬ, ਧੀ ਲਈ ਉਸਦਾ ਬਾਬਲ ਹਮੇਸ਼ਾਂ ਰਾਜਾ ਹੀ ਹੁੰਦਾ ਹੈ ਤੇ ਪੇਕਿਆਂ ਦਾ ਘਰ ਉਸਦੇ ਲਈ ਕਿਸੇ ਮਹਿਲ ਤੋਂ ਘੱਟ ਨਹੀਂ ਹੁੰਦਾ। ਇਹ ਸੱਚ ਵੀ ਹੈ ਕਿ ਜੋ ਸਰਦਾਰੀ ਇੱਕ ਧੀ ਆਪਣੇ ਬਾਬਲ ਦੇ ਘਰ ਮਾਣਦੀ ਹੈ, ਉਹ ਸਹੁਰੇ ਘਰ ਘੱਟ ਨਸੀਬ ਹੁੰਦੀ ਹੈ। ਧੀਆਂ ਦੀ ਸਰਦਾਰੀ ਬਾਬਲ ਦੇ ਸਿਰ 'ਤੇ ਹੀ ਹੁੰਦੀ ਹੈ। ਧੀਆਂ ਨੂੰ ਵੀ ਆਪਣੇ ਬਾਬਲ ਦੀ ਸਰਦਾਰੀ ਸਭ ਤੋਂ ਵੱਧ ਪਿਆਰੀ ਹੰੁਦੀ ਹੈ। ਧੀ ਤਾਂ ਆਪਣੇ ਬਾਬਲ ਦਾ ਸਿਰ ਹਮੇਸ਼ਾਂ ਮਾਣ ਨਾਲ ਉਚਾ ਹੋਇਆ ਹੀ ਦੇਖਣਾ ਚਾਹੁੰਦੀ ਹੈ। ਇਸਦਾ ਵਰਨਣ ਲੋਕ ਗੀਤ ਵੀ ਕਰਦੇ ਹਨ:
ਬਾਬਲ ਮੇਰਾ ਦੇਸਾਂ ਦਾ ਰਾਜਾ
ਮਤ ਕਿਤੇ ਨਿੰਦਿਆ ਨੇ ਜਾਵੇ
ਬਾਬਲ ਦੇਸਾਂ ਦਾ ਰਾਜਾ
ਜੱਸ ਬਹੁਤਾ ਪਾਵੇ।
ਧੀ ਦੇ ਵਿਛੋੜੇ ਦਾ ਦਰਦ ਇੱਕ ਬਾਪ ਲਈ ਅਸਹਿ ਹੁੰਦਾ ਹੈ। ਜਦੋਂ ਬਾਪ ਆਪਣੇ ਹੱਥੀਂ ਆਪਣੀ ਲਾਡਲੀ ਧੀ ਨੂੰ ਵਿਦਾ ਕਰਦਾ ਹੈ ਤਾਂ ਘਰ ਦੀਆਂ ਕੰਧਾਂ ਵੀ ਰੋਂਦੀਆਂ ਹਨ। ਧੀ ਲਈ ਵੀ ਆਪਣੀ ਵਸੀ-ਵਸਾਈ ਦੁਨੀਆ ਛੱਡ ਕੇ ਪਰਾਏ ਘਰ ਜਾਣਾ ਆਸਾਨ ਨਹੀਂ ਹੁੰਦਾ। ਇਸੇ ਲਈ ਧੀ ਆਪਣੇ ਬਾਬਲ ਅੱਗੇ ਉਸਨੂੰ ਆਪਣੇ ਘਰ ਰੱਖਣ ਨੂੰ ਅਰਜੋਈਆਂ ਕਰਦੀ ਹੈ, ਪਰ ਬਾਬਲ ਸਮਾਜਿਕ ਰੀਤਾਂ ਅੱਗੇ ਮਜਬੂਤ ਅਜਿਹਾ ਕਰਨ ਤੋਂ ਅਸਮਰੱਥ ਹੁੰਦਾ ਹੈ ਤੇ ਆਪਣੇ ਦਿਲ 'ਤੇ ਪੱਥਰ ਰੱਖ ਆਪਣੀ ਲਾਡੋ ਰਾਣੀ ਨੂੰ ਬੇਗਾਨਿਆਂ ਹੱਥੀਂ ਸੌਂਪ ਦਿੰਦਾ ਹੈ:
ਗਲੀਆਂ ਤੇ ਹੋਈਆਂ ਬਾਬਲ ਭੀੜੀਆਂ
ਮੇਰਾ ਆਂਗਨ ਹੋਇਆ ਪ੍ਰਦੇਸ਼ ਵੇ ਬਾਬਲ
ਰੱਖ-ਰੱਖ ਬਾਬਲ ਘਰ ਆਪਣੇ
ਧੀ ਚੱਲੀ ਬਿਗਾਨੜੇ ਦੇਸ ਵੇ ਬਾਬਲ।
ਧੀ ਦਾ ਕਾਜ ਰਚਾ ਕੇ ਉਸਨੂੰ ਵਿਦਾ ਕਰ ਕੇ ਭਾਵੇਂ ਧੀ ਦਾ ਬਾਬਲ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ ਹੈ, ਪਰ ਆਪਣੀ ਲਾਡਲੀ ਨੂੰ ਬੇਗਾਨੇ ਵੱਸ ਪਾਉਣ ਲਈ ਉਸਨੂੰ ਪਹਾੜ ਜਿੱਡਾ ਜੇਰਾ ਕਰਨਾ ਪੈਂਦਾ ਹੈ। ਇਸੇ ਲਈ ਸਾਡੇ ਲੋਕ ਗੀਤਾਂ ਵਿੱਚ ਉਸ ਨੂੰ ਧਰਮੀ ਬਾਬਲ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ। ਜਿਸ ਧੀ ਨੂੰ ਉਂਗਲੀ ਫੜ ਤੁਰਨਾ ਸਿਖਾਇਆ ਹੋਵੇ, ਉਸ ਨੂੰ ਆਪਣੇ ਹੱਥੀਂ ਪ੍ਰਦੇਸੀ ਤੋਰਨਾ ਆਸਾਨ ਨਹੀਂ ਹੁੰਦਾ। ਧੀ ਦੀ ਵਿਦਾਈ ਸਮੇਂ ਬਾਬਲ ਦੇ ਦਿਲ ਦਾ ਹਾਲ ਕੋਈ ਕਲਮ ਬਿਆਨ ਨਹੀਂ ਕਰ ਸਕਦੀ। ਧੀਆਂ ਬਾਬਲ ਦੇ ਘਰ ਦਾ ਸ਼ਿੰਗਾਰ ਅਤੇ ਰੌਣਕ ਹੰੁਦੀਆਂ ਹਨ। ਹਰ ਧੀ ਆਪਣੇ ਬਾਬਲ ਦੇ ਘਰ ਰਾਣੀ ਹੁੰਦੀ ਹੈ। ਕੁਝ ਲੋਕ ਚਾਹੇ ਧੀਆਂ ਨੂੰ ਬੋਝ ਸਮਝਦੇ ਹਨ, ਪਰ ਸੱਚ ਇਹੀ ਹੈ ਕਿ ਧੀਆਂ ਮਾਪਿਆਂ ਦੇ ਦੁੱਖ-ਸੁੱਖ ਦੀਆਂ ਅਸਲੀ ਭਾਗੀਦਾਰ ਹੁੰਦੀਆਂ ਹਨ। ਧੀਆਂ ਮਰਦੇ ਦਮ ਤੱਕ ਆਪਣੇ ਬਾਬਲ ਦੇ ਘਰ ਦੀ ਸੁੱਖ ਮੰਗਦੀਆਂ ਹਨ। ਜੇ ਸਹੁਰੇ ਘਰ ਧੀ ਸੁਖੀ ਵੱਸਦੀ ਹੋਵੇ ਤਾਂ ਇਸ ਤੋਂ ਵੱਡੀ ਖ਼ੁਸ਼ੀ ਉਸਦੇ ਬਾਬਲ ਲਈ ਹੋਰ ਕੋਈ ਨਹੀਂ ਹੁੰਦੀ। ਧੀ ਚਾਹੇ ਵਿਆਹ ਤੋਂ ਬਾਅਦ ਪ੍ਰਦੇਸਣ ਹੋ ਜਾਂਦੀ ਹੈ ਪਰ ਪਿਓ-ਧੀ ਦੇ ਰਿਸ਼ਤੇ ਲਈ ਇਹ ਦੂਰੀ ਕੋਈ ਮਾਅਨੇ ਨਹੀਂ ਰੱਖਦੀ। ਧੀ ਦਾ ਬਾਬਲ ਤਾਂ ਆਪਣੇ ਆਖਰੀ ਸਾਹਾਂ ਤੱਕ ਆਪਣੀ ਧੀ ਦੀ ਸੁੱਖ ਮੰਗਦਾ ਹੈ ਤੇ ਧੀ ਸਹੁਰੇ ਘਰ ਬੈਠੀ ਵੀ ਆਪਣੇ ਬਾਬਲ ਦੇ ਪਿਆਰ, ਉਸਦੀ ਯਾਦ ਨੂੰ ਆਪਣੇ ਦਿਲ ਅੰਦਰ ਵਸਾ ਕੇ ਰੱਖਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ