Welcome to Canadian Punjabi Post
Follow us on

28

March 2024
 
ਨਜਰਰੀਆ

ਇੱਕ ਮੌਕਾ..

June 19, 2020 08:29 AM

-ਲਾਲ ਚੰਦ ਸਿਰਸੀਵਾਲਾ
ਉਹ ਆਪਣੇ ਗੱਭਰੂ ਮੁੰਡੇ ਨੂੰ ਕਿਸੇ ਕੰਮ ਵਾਸਤੇ ਨਹੀਂ ਸਨ ਕਹਿੰਦੇ। ਮੈਂ ਕਈ ਵਾਰ ਦੇਖਿਆ, ਜੇ ਉਹ ਕੰਮ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਅੱਗਿਓਂ ਟੋਕ ਦਿੰਦੇ, ‘‘ਰਹਿਣ ਦੇ, ਅਸੀਂ ਆਪੇ ਕਰਲਾਂਗੇ, ਸਰਜੂ ਤੇਰੇ ਬਿਨਾਂ।''
ਇੱਕ ਵਾਰ ਮੈਥੋਂ ਰਿਹਾ ਨਾ ਗਿਆ, ‘ਗੱਭਰੂ ਮੁੰਡਾ ਐ, ਤੁਸੀਂ ਇਹਦੀ ਐਂ ਬੇਇਜ਼ਤੀ ਕਰਦੇ ਹੋ ਸਭ ਦੇ ਸਾਹਮਣੇ!’
ਉਨ੍ਹਾਂ ਦਾ ਜੁਆਬ ਸੀ, ‘‘ਸਾਲਾ ਚੋਰ ਐ, ਪੈਸੇ ਚੁਰਾ ਕੇ ਨਸ਼ਾ ਪੱਤਾ ਕਰਦੈ। ਇਹਨੇ ਤਾਂ ਥੱਲੇ ਲਾਤੇ।'' ਇਸ ਦੇ ਨਾਲ ਹੀ ਉਹ ਗੱਲ ਮੁਕਾ ਦਿੰਦੇ।
ਮੈਂ ਸਲਾਹ ਦਿੱਤੀ ਕਿ ਇਹਨੂੰ ਕੋਈ ਜ਼ਿੰਮੇਵਾਰੀ ਦਿਉ, ਨਸ਼ੇ ਛੱਡਣ ਲਈ ਦਵਾਈ ਦਿਵਾਓ, ਕੌਂਸਲਿੰਗ ਕਰਵਾਉ, ਸੁਧਰਨ ਦਾ ਇੱਕ ਮੌਕਾ ਦੇ ਕੇ ਦੇਖੋ। ਉਹ ਸਗੋਂ ਹੋਰ ਉਚੀ ਆਵਾਜ਼ ਵਿੱਚ ਬੋਲੇ, ‘‘ਜਿਹੜਾ ਵਿਗੜ ਗਿਆ, ਬਸ ਵਿਗ਼ੜ ਗਿਆ। ਨਸ਼ੇੜੀ ਤੇ ਚੋਰ ਕਦੀ ਸੁਧਰੇ ਨੇ! ਸਾਡੇ ਕਰਮ ਹੀ ਮਾੜੇ ਨੇ ਜੋ ਸਾਡੇ ਘਰ ਜੰਮਿਆ।''
ਮੁੰਡਾ ਚੁੱਪ-ਚਾਪ ਅੰਦਰ ਚਲਾ ਗਿਆ। ਮੈਂ ਉਸ ਗੱਭਰੂ ਦੇ ਭਵਿੱਖ ਅਤੇ ਮਾਪਿਆਂ ਦੇ ਦੁੱਖ ਵਿੱਚ ਗੁਆਚ ਗਿਆ.. ਇੱਕ ਡੇਅਰੀ ਫਾਰਮ ਉਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਧਰਮਿੰਦਰ ਦੀ ਕਹਾਣੀ ਦਿਮਾਗ ਵਿੱਚ ਫਿਲਮ ਵਾਂਗ ਘੁੰਮਣ ਲੱਗੀ। ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰ ਦੀ ਨੌਕਰੀ ਦੌਰਾਨ ਇਲਾਜ, ਬਣਾਉਟੀ ਗਰਭਧਾਨ (ਏ ਆਈ) ਅਤੇ ਵੈਕਸੀਨੇਸ਼ਨ ਵਰਗੇ ਕੰਮਾਂ ਵਾਸਤੇ ਅਕਸਰ ਫਾਰਮ `ਤੇ ਜਾਣਾ ਤਾਂ ਉਹ ਪਹਿਲਾਂ ਹੀ ਸਾਬਣ, ਪਾਣੀ, ਰੱਸੀ ਤਿਆਰ ਕਰ ਕੇ ਅਤੇ ਪਸ਼ੂ ਨੂੰ ਸਾਫ ਜਗ੍ਹਾ ਬੰਨ੍ਹ ਕੇ ਰੱਖਦਾ। ਇਲਾਜ ਤੋਂ ਬਾਅਦ ਪਰਹੇਜ਼ ਖੁਰਾਕ ਬਾਰੇ ਪੂਰੀ ਜਾਣਕਾਰੀ ਲੈਂਦਾ। ਉਹ ਆਪਣੀ ਸਿਹਤ, ਫਰਜ਼ ਅਤੇ ਪਰਵਾਰਕ ਲੋੜਾਂ ਬਾਰੇ ਵੀ ਬਹੁਤ ਸੰਜੀਦਾ ਗੱਲਾਂ ਕਰਦਾ। ਮੈਂ ਉਸ ਤੋਂ ਬਹੁਤ ਪ੍ਰਭਾਵਿਤ ਸੀ।
ਇੱਕ ਵਾਰ ਡੇਅਰੀ ਮਾਲਕ ਤੋਂ ਧਰਮਿੰਦਰ ਬਾਰੇ ਜਾਨਣਾ ਚਾਹਿਆ ਤਾਂ ਉਹਨੇ ਦੱਸਿਆ ਕਿ ਗਿਆਰਾਂ ਕੁ ਸਾਲਾਂ ਦਾ ਸੀ ਇਹ, ਜਦੋਂ ਇਸ ਦਾ ਵੱਡਾ ਭਰਾ ਇਹਨੂੰ ਰੰਗੀਨਾ ਸੁਪਨੇ ਦਿਖਾ ਕੇ ਪੰਜਾਬ ਲੈ ਆਇਆ। ਹੁਸ਼ਿਆਰ ਛੋਟਾ ਹੁੰਦਾ ਹੀ ਬਹੁਤ ਸੀ। ਮੇਰੇ ਸਹੁਰਿਆਂ ਨਾਲ ਕੰਮ ਉੱਤੇ ਲਾ ਦਿੱਤਾ। ਦੋ ਤਿੰਨ ਸਾਲਾਂ ਵਿੱਚ ਵੱਡਾ ਹੋ ਗਿਆ ਤੇ ਸਾਰੇ ਕੰਮ ਸਿੱਖ ਗਿਆ। ਫਿਰ ਇੱਕ ਵਾਰ ਪੂਰੇ ਸਾਲ ਦੀ ਤਨਖ਼ਾਹ ਐਡਵਾਂਸ ਲੈ ਕੇ ਰਾਤ ਨੂੰ ਤਿੱਤਰ ਹੋ ਗਿਆ। ਭਰਾ ਉਸ ਦਾ ਪਹਿਲਾਂ ਹੀ ਬਿਹਾਰ ਗਿਆ ਹੋਇਆ ਸੀ। ਉਹਨੂੰ ਇਸ ਦੇ ਭੱਜਣ ਦਾ ਬੜਾ ਦੁੱਖਾ ਲੱਗਾ। ਹੌਲੀ-ਹੌਲੀ ਖੁਰਾ ਨਿੱਕਲਿਆ ਕਿ ਲੁਧਿਆਣੇ ਕਿਸੇ ਡੇਅਰੀ ਵਿੱਚ ਮਹੀਨੇ ਦੀ ਤਨਖ਼ਾਹ ਉੱਤੇ ਕੰਮ ਕਰ ਰਿਹਾ ਹੈ। ਬੱਸ ਫਿਰ ਕੀ ਸੀ, ਫੜ ਲਿਆ ਜਾ ਕੇ, ਤੇ ਮਹੀਨੇ ਦੇ ਪੈਸੇ ਡੇਅਰੀ ਵਾਲੇ ਨੂੰ ਦੇ ਕੇ ਘਰ ਲਿਆਂਦਾ। ਥੋੜ੍ਹਾ ਬਹੁਤਾ ਕੁੱਟਿਆ ਵੀ। ਪੈਸੇ ਦੇਣ ਨੂੰ ਇਹਦੇ ਕੋਲ ਹੈ ਨਹੀਂ ਸਨ, ਤੇ ਸਹੁਰੇ ਇਸ ਬੇਇਤਬਾਰੇ ਨੂੰ ਕੰਮ ਉੱਤੇ ਰੱਖਣ ਤੋਂ ਜਵਾਬ ਦੇ ਗਏ। ਫਿਰ ਉਨ੍ਹਾਂ ਇਹਨੂੰ ਮੇਰੇ ਨਾਲ ਤੋਰ ਦਿੱਤਾ। ਮੈਂ ਘਰ ਆ ਕੇ ਸੰਗਲ ਲਾ ਦਿੱਤਾ। ਰੋਟੀ ਪਾਣੀ ਦੇ ਦਿੰਦੇ, ਬਾਹਰ ਅੰਦਰ ਜਾਣ ਵੇਲੇ ਧਿਆਨ ਰੱਖਦੇ ਕਿ ਕਿਤੇ ਭੱਜ ਨਾ ਜਾਵੇ। ਫਿਰ ਇਹ ਇੱਕ ਦਿਨ ਬੋਲ ਪਿਆ, ‘‘ਸਰਦਾਰ ਜੀ, ਗਲਤੀ ਕਿਸ ਸੇ ਨਹੀਂ ਹੋਤੀ, ਸੁਧਰਨੇ ਕਾ ਏਕ ਮੌਕਾ ਤੋਂ ਮਿਲਨਾ ਚਾਹੀਏ। ਮੁਝੇ ਏਕ ਮੌਕਾ ਦੋ, ਆਪ ਕਾ ਕਾਮ ਕਰੂੰਗਾ, ਔਰ ਵਾਅਦਾ ਕਰਤਾ ਹੂੰ, ਸ਼ਿਕਾਇਤ ਕਾ ਮੌਕਾ ਨਹੀਂ ਦੰੂਗਾ।'' ਮੈਨੂੰ ਤਰਸ ਜਿਹਾ ਆ ਗਿਆ। ਸੰਗਲ ਖੋਲ੍ਹ ਦਿੱਤਾ ਤੇ ਕਿਹਾ, ਪਹਿਲੇ ਪੈਸੇ ਵੀ ਛੱਡੇ, ਜਿੱਥੇ ਜਾਣੈ ਜਾਹ, ਪਰ ਬੰਦਾ ਬਣ ਕੇ ਰਹੀਂ। ਕਹਿੰਦਾ, ‘‘ਨਹੀਂ ਸਰਦਾਰ ਜੀ, ਆਪ ਕੇ ਜਹਾਂ ਹੀ ਕਾਮ ਕਰੂੰਗਾ। ਜੋ ਦੇਨਾ ਹੈ, ਦੇ ਦੇਨਾ। ਮੈਂ ਕਹੀਂ ਔਰ ਨਹੀਂ ਜਾਊਂਗਾ।''
ਬੱਸ ਉਹ ਦਿਨ ਤੇ ਆਹ ਦਿਨ, ਪੰਦਰਾਂ ਸਾਲ ਹੋ ਗਏ, ਚਾਰ ਵਜੇ ਉਠਦੈ, ਦਸ ਵਜੇ ਤੱਕ ਕੱਖ ਪਾ, ਧਾਰਾਂ ਕੱਢ, ਗੋਹਾ ਚੱਕ, ਪੱਠੇ ਲਿਆ, ਸਾਰਾ ਕੰਮ ਨਿਬੇੜ ਕੇ ਵਾਲਾਂ ਨੂੰ ਤੇਲ ਲਾ ਲੈਂਦਾ। ਇਸੇ ਤਰ੍ਹਾਂ ਸ਼ਾਮ ਚਾਰ ਵਜੇ ਸ਼ੁਰੂ ਹੋ ਕੇ ਕੰਮ ਨਿਬੇੜ ਕੇ ਅੱਠ ਵਜੇ ਨਹਾ ਕੇ ਫਿਰ ਬੀ ਬੀ ਸੀ ਦੀਆਂ ਖਬਰਾਂ ਸੁਣਦੈ। ਇੱਕ ਦਿਨ ਕਹਿੰਦਾ, ‘‘ਸਰਦਾਰ ਜੀ! 10 ਸੇ 4 ਵਜੇ ਤੱਕ ਵਿਹਲਾ ਰਹਿਤਾ ਹੂੰ, ਘਰ ਮੇਂ ਜ਼ਿਆਦਾ ਕਾਮ ਹੈ ਤੋ ਬੀਬੀ ਸੇ ਨਹੀਂ ਹੋਤਾ, ਆਪ ਮੁਝੇ ਇਸ ਕਾਮ ਕੇ ਅਲੱਗ ਸੇ ਪੈਸੇ ਦੇ ਦੇਨਾ, ਉਨ ਕੇ ਸਾਥ ਵੀ ਕਾਮ ਕਰ ਦੂੰਗਾ।'' ਮੈਂ ਤਾਂ ਟਾਲਦਾ ਸੀ ਪਰ ਇਹਨੇ ਪੰਦਰਾਂ ਸੌ ਵਿੱਚ ਝਾੜੂ-ਪੋਚਾ, ਸਾਫ-ਸਫਾਈ ਦਾ ਬੀਬੀ ਨਾਲ ਸੌਦਾ ਕਰ ਲਿਆ। ਮੇਰੀ ਪਤਨੀ ਤੇ ਬੀਵੀ ਨਸ਼ਿਆਂ ਤੋਂ ਨਫ਼ਰਤ ਕਰਦੇ ਹਨ ਤਾਂ ਘਰੇ ਕੰਮ ਕਰਨ ਤੋਂ ਪਹਿਲਾਂ ਜਰਦਾ, ਬੀੜੀ ਛੱਡ ਗਿਆ। ਖ਼ੁਸ਼ੀ ਦੇ ਮੌਕੇ, ਤਿੱਥ ਤਿਉਹਾਰ ਅਤੇ ਵਧਾਈਆ ਲੈ ਲੈਂਦਾ ਤੇ ਪੈਸੇ ਜੋੜਦਾ ਰਿਹਾ। ਬਿਹਾਰ ਘਰ ਬਣਾ ਲਿਆ। ਭੈਣ ਦਾ ਤੇ ਆਪਣਾ ਵਿਆਹ ਦਾ ਖਰਚ ਕੀਤਾ। ਥੋੜ੍ਹੀ ਜ਼ਮੀਨ ਵੀ ਲੈ ਲਈ, ਸੋਹਣਾ ਜੀਵਨ ਬਸਰ ਕਰ ਰਿਹਾ ਹੈ। ਘਰ ਕੰਮ ਵਾਸਤੇ ਜਿੰਨੇ ਪੈਸੇ ਐਡਵਾਂਸ ਮੰਗਦੈ, ਦੇ ਦਿੰਦੇ ਹਾਂ। ਘਰ ਦਾ ਜੀਅ ਹੀ ਬਣ ਗਿਐ। ਇਸ ਵੇਲੇ ਬਹੁਤ ਸਿਆਣਾ ਤੇ ਜ਼ਿੰਮੇਵਾਰ ਹੋ ਗਿਆ। ਇਸ ਦੇ ਸਿਰ ਤੇ ਮੈਨੂੰ ਫਿਕਰ ਕੋਈ ਨਹੀਂ। ਇਹ ਵੀ ਉਸ ਮੌਕੇ ਨੂੰ ਹਮੇਸ਼ਾਂ ਯਾਦ ਰੱਖਦੈ।'' ਕਹਾਣੀ ਦਾ ਅੰਤ ਹੁੰਦਿਆਂ ਮੇਰੇ ਖਿਆਲਾਂ ਵਿੱਚ ਉਸ ਪਰਵਾਰ ਵਰਗੇ ਅਨੇਕਾਂ ਹੀ ਮਾਪੇ ਆਉਣ ਲੱਗੇ ਜਿਨ੍ਹਾਂ ਦੇ ਬੱਚੇ ਕਿਸੇ ਕਾਰਨ ਕੁਰਾਹੇ ਪੈ ਗਏ। ਸੋਚ ਰਿਹਾ ਸੀ ਕਿ ਮਿਲਿਆ ਅਤੇ ਸੰਭਾਲਿਆ ਸਿਰਫ਼ ਇੱਕ ਮੌਕਾ ਕਿੰਨਾ ਕੁਝ ਬਦਲ ਦਿੰਦਾ ਹੈ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ