Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਵਿਅੰਗ: ਵਹੁਟੀ ਨੂੰ ਖੁਸ਼ ਰੱਖਣ ਦੇ ਨੁਸਖੇ

June 17, 2020 09:34 AM

-ਬਲਰਾਜ ਸਿੰਘ
ਸੁੱਖ ਨਾਲ ਸਾਡਾ ਵਿਆਹ ਹੋਇਆਂ 40 ਸਾਲ ਬੀਤ ਗਏ ਹਨ। ਇਸ ਲੰਮੇ ਅਰਸੇ ਦੌਰਾਨ ਅਸੀਂ ਹਰ ਪਲ ਵਹੁਟੀ ਦੇ ਅੰਗ-ਸੰਗ ਰਹੇ ਹਾਂ। ਜੇ ਕਦੇ ਮਜਬੂਰੀ ਵੱਸ ਵਹੁਟੀ ਨਾਲ ਸਹੁਰੇ ਘਰ ਜਾਣਾ ਵੀ ਪਿਆ ਹੈ ਤਾਂ ਖੋਟੇ ਪੈਸੇ ਵਾਂਗ ਨਾਲ ਹੀ ਵਾਪਸ ਆ ਗਏ। ਸਿੱਟੇ ਵਜੋਂ ਅਸੀਂ ਵਹੁਟੀ ਦੇ ਸੁਭਾਅ ਦੀਆਂ ਧੁੱਪਾਂ-ਛਾਵਾਂ ਨੂੰ ਪਰਖ ਚੁੱਕੇ ਹਾਂ, ਝੱਖੜਾਂ ਅਤੇ ਹਨੇਰੀਆਂ ਨੂੰ ਸਹਿ ਚੁੱਕੇ ਹਾਂ। ਇੰਨੇ ਲੰਮੇ ਤਜਰਬੇ ਬਾਅਦ ਸਾਡੀ ਜਾਣਕਾਰੀ ਵਿੱਚ ਇੰਨਾ ਕੁ ਵਾਧਾ ਹੋ ਹੀ ਗਿਆ ਹੈ ਕਿ ਅਸੀਂ ਵਹੁਟੀ ਨੂੰ ਖੁਸ਼ ਰੱਖਣ ਦੇ ਢੰਗਾਂ ਬਾਰੇ ਲੰਮਾ ਚੌੜਾ ਬਹੁ-ਜਿਲਦੀ ਐਨਸਾਈਕਲੋਪੀਡੀਆ ਲਿਖ ਸਕਦੇ ਹਾਂ। ਸਾਡਾ ਮੰਤਵ ਕਦੇ ਕਦਾਈਂ ਵਰਤੀ ਜਾਣ ਵਾਲੀ ਹਵਾਲਾ ਪੁਸਤਕ ਲਿਖ ਕੇ ਪੂਰਾ ਨਹੀਂ ਹੋਣਾ, ਅਸੀਂ ਤਾਂ ਵਿਆਂਦੜ ਲਾੜੇ-ਲਾੜੀ ਦੀ ਜ਼ਿੰਦਗੀ ਨੂੰ ਸਦਾ ਲਈ ਨਿੱਤ ਦੇ ਲੜਾਈ ਝਗੜਿਆਂ ਤੇ ਚਿੰਤਾਵਾਂ ਤੋਂ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਕਿ ਉਹ ਵੀ ਸਾਡੇ ਵਾਂਗ ਹੱਸਦੇ ਖੇਡਦੇ ਪ੍ਰਸੰਨ, ਲੰਮੀ ਉਮਰ ਬਿਤਾ ਸਕਣ। ਅਸੀਂ ਇਹ ਨੁਸਖੇ ਆਪਣੇ ਵਿਆਹੁਤਾ ਜੀਵਨ ਦੇ ਚਾਲੀ ਸਾਲਾਂ ਦੌਰਾਨ ਹਰ ਕਸੌਟੀ 'ਤੇ ਪਰਖ ਕੇ ਦੇਖ ਲਏ ਹਨ, ਨਤੀਜਾ ਸ਼ਤ ਪ੍ਰਤੀਸ਼ਤ ਰਿਹਾ ਹੈ। ਪੇਸ਼ ਹਨ ਆਪਣੀ ‘ਬੈਟਰ ਹਾਫ' ਨੂੰ ਖੁਸ਼ ਰੱਖਣ ਦੇ ਸਾਡੇ ਅਜ਼ਮਾਏ ਹੋਏ ਨਾਯਾਬ ਨੁਸਖੇ :
ਵਹੁਟੀ ਨੂੰ ਖੁਸ਼ ਰੱਖਣ ਦਾ ਸਭ ਤੋਂ ਅਹਿਮ ਨੁਸਖਾ ਇਹ ਹੈ ਕਿ ਤੁਸੀਂ ਆਦਮ ਹੁੰਦੇ ਹੋਏ ਵੀ ਸਭ ਤਰ੍ਹਾਂ ਦੇ ਨਾਰੀ ਮੈਗਜ਼ੀਨ ਬਿਨਾਂ ਨਾਗਾ ਬੜੀ ਸ਼ਿੱਦਤ ਨਾਲ ਵਾਚਦੇ ਰਹੋ। ਹਰ ਰੋਜ਼ ਆਪਣੇ ਬਾਕੀ ਰੁਝੇਵੇਂ ਛੱਡ ਕੇ ਘੱਟੋ ਘੱਟ ਇੱਕ ਘੰਟਾ ਇਸ ਨੇਕ ਕੰਮ 'ਤੇ ਖਰਚੋ। ਤੁਹਾਨੂੰ ਜਦੋਂ ਵੀ ਕਿਸੇ ਨਵੇਂ ਡਿਜ਼ਾਈਨ ਜਾਂ ਨਵੇਂ ਫੈਸ਼ਨ ਵਾਲੇ ਸ਼ਰਾਰੇ, ਗਰਾਰੇ, ਪਜਾਮੀ ਸੂਟ ਜਾਂ ਪਲਾਜ਼ੋ ਸੂਟ ਬਾਰੇ ਪਤਾ ਲੱਗੇ ਤਾਂ ਉਸੇ ਦਿਨ ਅੱਖ ਦੇ ਫੋਰ ਵਿੱਚ ਵਹੁਟੀ ਨੂੰ ਉਹ ਨਵਾਂ ਸੂਟ ਲੈ ਕੇ ਦੇਣ ਦਾ ਪ੍ਰੋਗਰਾਮ ਉਲੀਕ ਲਓ। ਸੂਟ ਭਾਵੇਂ ਤੁਹਾਨੂੰ ਕਿੰਨਾ ਵੀ ਮਹਿੰਗਾ ਕਿਉਂ ਨਾ ਲੱਗੇ, ਪੈਸੇ ਦੇਣ ਲੱਗਿਆਂ ਭਾਵੇਂ ਅੱਧੀ ਤਨਖਾਹ ਕਿਉਂ ਨਾ ਬਿਲੇ ਲੱਗ ਜਾਵੇ, ਪਰ ਕਦੇ ਭੁੱਲ ਕੇ ਵੀ ਮੱਥੇ ਵੱਟ ਨਾ ਪਾਓ, ਸਗੋਂ ਸੁਕਰਾਤ ਵਾਂਗ ਹੱਸਦੇ ਹੱਸਦੇ ਸ਼ਹੀਦੀ ਜਾਮ ਆਬੇ-ਹਯਾਤ ਸਮਝ ਕੇ ਪੀ ਜਾਓ। ਹਰ ਵਾਰ, ‘‘ਵਾਹ ਬਈ ਵਾਹ! ਕਿੱਡੀ ਵਧੀਆ ਚੁਆਇਸ ਹੈ ਤੁਹਾਡੀ। ਇਹ ਪਹਿਨ ਕੇ ਤਾਂ ਤੁਸੀਂ ਜਮਾਂ ਈ ਬਸਰੇ ਦੀ ਹੂਰ ਲੱਗੋਗੇ,” ਏਦਾਂ ਦੇ ਮਾਖਿਓਂ ਮਿੱਠੇ ਵਾਕ ਉਚਾਰਨੇ ਕਦੇ ਵੀ ਨਾ ਭੁੱਲੋ। ਇਸ ਖੇਖਣ ਨਾਲ ਵਹੁਟੀ ਦੀ ਖੁਸ਼ੀ ਨਿਸ਼ਚੇ ਹੀ ਦੁੱਗਣੀ ਹੋ ਜਾਵੇਗੀ।
ਵਹੁਟੀ ਨੂੰ ਖੁਸ਼ ਰੱਖਣ ਦਾ ਦੂਜਾ ਰਾਮ ਬਾਣ ਜਿਹਾ ਨੁਸਖਾ ਇਹ ਹੈ ਕਿ ਤੁਸੀਂ ਉਸ ਦੇ ਸੁੰਦਰੀਕਰਨ ਵੱਲ ਲੋੜ ਤੋਂ ਵੱਧ ਤਵੱਜੋ ਦਿਓ। ਆਪਣੇ ਇੰਟਰਨੈੱਟ ਕੁਨੈਕਸ਼ਨ ਵਾਲੇ ਮੋਬਾਈਲ ਫੋਨ ਉੱਤੇ ਮੱਥਾਪੱਚੀ ਕਰ ਕੇ ਹਰ ਦਸ ਪੰਦਰਾਂ ਦਿਨ ਬਾਅਦ ਆਪਣੀ ਵਹੁਟੀ ਲਈ ਨਵੇਂ-ਨਵੇਂ ਪਾਊਡਰ, ਲਿਪਸਟਿਕਾਂ, ਕਰੀਮਾਂ ਤੇ ਬਿੰਦੀਆਂ ਜ਼ਰੂਰ ਖਰੀਦਦੇ ਰਹੋ। ਵਹੁਟੀ ਨੇ ਕਿਹੜਾ ਪੁੱਛ ਪੜਤਾਲ ਕਰਨੀ ਹੈ? ਹਰ ਵਾਰ ਨਿਸ਼ਚਿੰਤ ਹੋ ਕੇ ਇਹ ਕੁਫ਼ਰ ਜ਼ਰੂਰ ਤੋਲੋ ਕਿ ਇਸ ਲਿਪਸਟਿਕ ਨੂੰ ਅਮਕੇ ਦੇਸ਼ ਦੀ ਰਾਜਕੁਮਾਰੀ ਲਾਉਂਦੀ ਹੈ, ਇਸ ਬਿੰਦੀ ਨੂੰ ਢਿਮਕੇ ਦੇਸ਼ ਦੀ ਮਹਾਰਾਣੀ ਲਾਉਂਦੀ ਹੈ, ਇਹ ਕਰੀਮ ਤਾਂ ਫਲਾਣੀ ਹੀਰੋਇਨ ਵਰਤਦੀ ਹੈ। ਬਿੰਦੀ ਤੇ ਕਰੀਮ ਲਾਉਣ ਪਿੱਛੋਂ ਇਨ੍ਹਾਂ ਰੂਪਵਤੀਆਂ ਦੇ ਚੜ੍ਹਦੇ ਸੂਰਜ ਵਰਗੇ ਦਮਕਦੇ ਮੱਥੇ ਦੀਆਂ ਲਿਸ਼ਕੋਰਾਂ ਵੱਜਣ ਦੇ ਸੋਹਲੇ ਜ਼ਰੂਰ ਗਾਓ। ਤੁਸੀਂ ਵਹੁਟੀ ਨੂੰ ਕਦੇੇ-ਕਦਾਈਂ ਗਲੇ ਦਾ ਹਾਰ ਅਤੇ ਨਵੀਆਂ ਝਾਂਜਰਾਂ ਵੀ ਲੈ ਕੇ ਦੇਣੀਆਂ ਨਾ ਭੁੱਲੋ। ਝਾਂਜਰਾਂ ਦੀ ਛਣ-ਛਣ ਦੀ ਸੰਗੀਤਕ ਆਵਾਜ਼ ਨਾਲ ਘਰ ਵਿੱਚ ਹਰ ਸਮੇਂ ਮਿੱਠੇ ਤਰਾਨੇ ਗੂੰਜਣਗੇ ਤੇ ਤੁਹਾਡੀ ਵਹੁਟੀ ਦਾ ਦਿਲ ਵੀ ਚੱਤੋ ਪਹਿਰ ਖਿੜਿਆ ਰਹੇਗਾ।
ਵਹੁਟੀ ਨੂੰ ਖਰੀਦਦਾਰੀ ਕਰਾਉਂਦੇ ਸਮੇਂ ਉਸ ਵੱਲੋਂ ਖਰੀਦੇ ਹੋਏ ਭਾਰੇ-ਭਾਰੇ ਸੈਂਡਲਾਂ ਤੇ ਗੁਰਗਾਬੀਆਂ ਵਾਲੇ ਡੱਬੇ, ਵੱਡੇ-ਵੱਡੇ ਸਟੋਰਾਂ 'ਚ ਇਧਰ ਉਧਰ ਲਿਜਾਣ ਸਮੇਂ ਆਪਣੇ ਸਬਰ ਦਾ ਪੈਮਾਨਾ ਕਦੇ ਨਾ ਛਲਕਣ ਦਿਓ। ਥਕਾਵਟ ਕਾਰਨ ਹਰ ਸਾਹ ਨਾਲ ਨਿਕਲਣ ਵਾਲੀਆਂ ਹਾਏ-ਹਾਏ ਦੀਆਂ ਹੂੰਗਰਾਂ ਨੂੰ ਹੁਸ਼ਿਆਰੀ ਨਾਲ ਸੰਘ 'ਚ ਹੀ ਨਪੀੜ ਲਓ। ਲੱਤਾਂ ਵਿੱਚ ਚੀਸਾਂ ਪੈਣ ਦੇ ਬਾਵਜੂਦ ਮੁਸਕੁਰਾਹਟਾਂ ਵੰਡਦੇ ਰਹੋ। ਸਾਡੇ ਦੱਸੇ ਉਪਰੋਕਤ ਗੁਰਮੰਤਰ ਕਾਰਨ ਤੁਹਾਡੀ ਅੱਧੀ ਜਾਂ ਪੌਣੀ ਕਮਾਈ ਹਰ ਮਹੀਨੇ ਜ਼ਰੂਰ ਭੰਗ ਦੇ ਭਾੜੇ ਚਲੀ ਜਾਵੇਗੀ। ਤੁਹਾਨੂੰ ਸਾਰਾ ਮਹੀਨਾ ਹੱਥ ਘੁੱਟ ਕੇ ਗੁਜ਼ਰਨਾ ਹੋਵੇਗਾ ਤੇ ਰੋਜ਼ ਦੇ ਖਰਚਿਆਂ ਵਿੱਚ ਵੀ ਕਟੌਤੀ ਕਰਨੀ ਪਵੇਗੀ, ਪਰ ਇਹ ਕੋਈ ਮਨਸੂਰ ਜਿੰਨੀ ਵੱਡੀ ਕੁਰਬਾਨੀ ਨਹੀਂ। ਵਹੁਟੀ ਨੂੰ ਖੁਸ਼ ਰੱਖਣ ਲਈ ਕਿੰਨੀਆਂ ਕੁ ਦੁਸ਼ਵਾਰੀਆਂ ਤਾਂ ਝੱਲਣੀਆਂ ਹੀ ਪੈਣਗੀਆਂ। ਇੰਨੀ ਕੁ ਮਾਇਕ ਚੂੰਢੀ ਵਢਾਉਣੀ ਹੀ ਪਵੇਗੀ।
ਵਹੁਟੀ ਨੂੰ ਖੁਸ਼ ਰੱਖਣ ਦਾ ਤੀਜਾ ਢੰਗ ਇਹ ਹੈ ਕਿ ਤੁਸੀਂ ਚੰਗੇ ਲਾਂਗਰੀ ਜ਼ਰੂਰ ਬਣੋ ਤਾਂ ਕਿ ਤੁਸੀਂ ਆਪਣੀ ਪਾਕ ਕਲਾ ਰਾਹੀਂ ਵਹੁਟੀ ਦਾ ਮਨ ਜਿੱਤ ਕੇ ਉਸ ਨੂੰ ਸਦਾ ਪ੍ਰਸੰਨ ਰੱਖ ਸਕੋ। ਜੇ ਤੁਸੀਂ ਖਾਣਾਦਾਰੀ 'ਚੋਂ ਬਿਲਕੁਲ ਕੋਰੇ ਹੋ ਤਾਂ ਚੰਗਾ ਹੋਵੇਗਾ, ਜੇ ਤੁਸੀਂ ਆਨੀ-ਬਹਾਨੀ ਰਸੋਈ 'ਚ ਜਾ ਕੇ ਵਹੁਟੀ ਤੋਂ ਖਾਣਾਦਾਰੀ ਦਾ ਕੰਮ ਸਿੱਖ ਲਓ। ਜੇ ਕਿਸੇ ਕੁਕਿੰਗ ਕਾਲਜ 'ਚੋਂ ਪਾਰਟ ਟਾਈਮ ਛੇ ਕੁ ਮਹੀਨੇ ਦਾ ਖਾਣਾਦਾਰੀ ਦਾ ਕੋਰਸ ਕਰ ਲਵੋ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਉਥੇ ਚਾਹ, ਕੌਫੀ, ਜੂਸ ਤੇ ਮਿਲਕ ਸ਼ੇਕ ਵਰਗੇ ਪਦਾਰਥਾਂ ਤੋਂ ਇਲਾਵਾ ਭਾਂਤ-ਭਾਂਤ ਦੀਆਂ ਜ਼ਾਇਕੇਦਾਰ ਦਾਲਾਂ, ਸਬਜ਼ੀਆਂ, ਚਾਈਨੀਜ਼, ਇੰਡੀਅਨ ਤੇ ਕਾਂਟੀਨੈਂਟਲ ਡਿਸ਼ਾਂ ਬਣਾਉਣੀਆਂ ਵੀ ਜ਼ਰੂਰੀ ਸਿੱਖ ਲੈਣਾ। ਇਸ ਕਲਾ ਦਾ ਸਦਉਪਯੋਗ ਕਰਨ ਲਈ ਸਵੇਰੇ ਵਹੁਟੀ ਦੇ ਉਠਣ ਤੋਂ ਪਹਿਲਾਂ ਹੀ ਜਾਗ ਜਾਓ ਤੇ ਚਿਹਰੇ 'ਤੇ ਮੁਸਕੁਰਾਹਟ ਲਿਆ ਕੇ ‘ਸ਼ੁਭ ਸਵੇਰ' ਦਾ ਮਿੱਠਾ ਉਚਾਰਨ ਕਰਦੇ ਹੋਏ ਵਹੁਟੀ ਨੂੰ ਗਰਮਾ ਗਰਮ ਚਾਹ ਦਾ ਕੱਪ ਪੇਸ਼ ਕਰੋ। ਇਸ ਤਰ੍ਹਾਂ ਤੁਹਾਡੀ ਵਹੁਟੀ ਦੇ ਚਿਹਰੇ 'ਤੇ ਖੇੜਾ ਆਏਗਾ ਤੇ ਤੁਹਾਡੇ ਵਿੱਚ ਸੇਵਾ ਭਾਵਨਾ ਜਿਹੇ ਅਦੁੱਤੀ ਗੁਣ ਦਾ ਸੰਚਾਰ ਹੋਵੇਗਾ। ਵਹੁਟੀ ਨੇ ਜਦੋਂ ਪੇਕੇ ਜਾਣਾ ਹੋਵੇ, ਕਿੱਟੀ ਪਾਰਟੀ ਦਾ ਲੁਤਫ਼ ਲੈਣਾ ਹੋਵੇ ਜਾਂ ਉਸ ਦੀ ਤਬੀਅਤ ਨਾਸਾਜ਼ ਹੋਵੇ ਤਾਂ ਤੁਸੀਂ ਆਪਣੀ ਖਾਣਾਦਾਰੀ ਦੀ ਨਿਪੁੰਨਤਾ ਸਦਕਾ ਬਿਨਾਂ ਵਹੁਟੀ ਨੂੰ ਪਰੇਸ਼ਾਨ ਕੀਤਿਆਂ ਸਾਰੇ ਟੱਬਰ ਦਾ ਢਿੱਡ ਭਰ ਸਕਦੇ ਹੋ।
ਤੁਹਾਡੀ ਇਸ ਸੇਵਾ ਭਾਵਨਾ ਨਾਲ ਤੁਹਾਡੀ ਵਹੁਟੀ ਹਮੇਸ਼ਾ ਬਾਗੋ-ਬਾਗ ਰਹੇਗੀ। ਸਾਡਾ ਇਹ ਨੁਸਖਾ ਪਿਛਲੇ ਚਾਲੀ ਸਾਲਾਂ 'ਚ ਸੌ ਫੀਸਦੀ ਕਾਰਗਰ ਸਿੱਧ ਹੋਇਆ ਹੈ। ਅਸੀਂ ਹਰ ਕਿਸਮ ਦੀਆਂ ਸ਼ਾਕਾਹਾਰੀ ਅਤੇ ਮਾਸਾਹਾਰੀ ਡਿਸ਼ਾਂ ਅੱਖ ਦੇ ਫੋਰ 'ਚ ਤਿਆਰ ਕਰ ਸਕਦੇ ਹਾਂ। ਹਰ ਕਿਸਮ ਦੀ ਰੈਸਿਪੀ ਸਾਡੀਆਂ ਉਂਗਲਾਂ 'ਤੇ ਹੈ। ਸਾਨੂੰ ਹਰ ਸਬਜ਼ੀ ਅਤੇ ਦਾਲ ਵਿੱਚ ਠੀਕ ਅਨੁਪਾਤ ਵਿੱਚ ਪਾਣੀ, ਘਿਓ, ਅਦਰਕ, ਲਸਣ, ਪਿਆਜ਼, ਲੂਣ ਅਤੇ ਮਿਰਚ ਮਸਾਲੇ ਪਾਉਣੇ ਭਲੀ ਭਾਂਤ ਆ ਗਏ ਹਨ। ਉਮੀਦ ਹੈ ਆਪਣੀ ਇਸ ਮੁਹਾਰਤ ਸਦਕਾ ਅਸੀਂ ਇਸ ਵਾਰ ਆਇਰਲੈਂਡ ਹੋਣ ਵਾਲਾ ਵਿਸ਼ਵ ਪੱਧਰ ਦਾ ਸੁਪਰ ਸ਼ੈਫ ਮੁਕਾਬਲਾ ਜਿੱਤ ਕੇ ਦਸ ਹਜ਼ਾਰ ਡਾਲਰ ਜ਼ਰੂਰ ਮੁੱਛ ਲਵਾਂਗੇ।
ਵਹੁਟੀ ਨੂੰ ਖੁਸ਼ ਰੱਖਣ ਦਾ ਚੌਥਾ ਢੰਗ ਇਹ ਹੈ ਕਿ ਸਾਲ ਵਿੱਚ ਘੱਟੋ ਘੱਟ ਦੋ ਵਾਰ ਉਸ ਨੂੰ ਕਿਸੇ ਰਮਣੀਕ ਪਹਾੜੀ ਸਥਾਨ 'ਤੇ ਲਿਜਾਣਾ ਨਾ ਭੁੱਲੋ। ਗਰਮੀਆਂ ਵਿੱਚ ਪਹਾੜਾਂ ਦੀਆਂ ਠੰਢੀਆਂ, ਮਿੱਠੀਆਂ ਤੇ ਰੁਮਕਦੀਆਂ ਪੌਣਾਂ ਵਿੱਚ ਸ਼ਿਮਲੇ, ਮਸੂਰੀ, ਡਲਹੌਜੀ, ਪਹਿਲਗਾਮ ਜਾਂ ਗੁਲਮਾਰਗ ਦੀ ਸੈਰ ਕਰਾਓ ਤੇ ਸਰਦੀਆਂ 'ਚ ਇਨ੍ਹਾਂ ਸਥਾਨਾਂ 'ਤੇ ਹੁੰਦੀ ਬਰਫਬਾਰੀ ਦਾ ਲੁਤਫ਼ ਦਿਵਾਓ। ਸਾਡਾ ਜ਼ਾਤੀ ਤਜਰਬਾ ਹੈ ਕਿ ਗਰਮੀਆਂ ਵਿੱਚ ਤਾਪਮਾਨ ਵੱਧ ਹੋਣ ਕਾਰਨ ਵਹੁਟੀ ਦਾ ਗੁੱਸਾ ਵੀ ਉਸੇ ਅਨੁਪਾਤ ਵਿੱਚ ਵਧ ਜਾਂਦਾ ਹੈ ਤੇ ਘਰ ਵਿੱਚ ਮਹਾਂਭਾਰਤ ਛਿੜਨ ਦੇ 95 ਫੀਸਦੀ ਆਸਾਰ ਹੁੰਦੇ ਹਨ। ਪਹਾੜਾਂ ਦੀ ਠੰਢੀ-ਠਾਰ ਹਵਾ ਕਾਰਨ ਵਹੁਟੀ ਪ੍ਰਸੰਨਚਿੱਤ ਰਹੇਗੀ ਤੇ ਤੁਹਾਡੀ ਜਾਨ ਸੌਖੀ ਰਹੇਗੀ। ਜੇ ਗਰਮੀਆਂ ਸ਼ਾਂਤੀ ਨਾਲ ਲੰਘ ਗਈਆਂ ਤਾਂ ਅਗਲੇ ਮਹੀਨਿਆਂ ਦਾ ਸੰਚਿਤ ਹੋਇਆ ਗੁੱਭ-ਗੁਭਾਟ ਪਹਾੜਾਂ 'ਤੇ ਹੋ ਰਹੀ ਬਰਫਬਾਰੀ ਦੇਖ ਕੇ ਕਾਫੂਰ ਹੋ ਜਾਵੇਗਾ।
ਵਹੁਟੀ ਨੂੰ ਖੁਸ਼ ਰੱਖਣ ਦਾ ਪੰਜਵਾਂ ਢੰਗ ਇਹ ਹੈ ਕਿ ਤੁਸੀਂ ਉਸ ਦੇ ਪੇਕਿਆਂ ਦੀ ਕਦੇ ਵੀ ਖੁਨਾਮੀ ਨਾ ਕਰੋ। ਹਰ ਗੱਲ 'ਤੇ ਉਨ੍ਹਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹੋ। ਭਾਵੇਂ ਉਹ ਕਿੰਨੇ ਵੀ ਕੰਜੂਸ, ਮੱਖੀ ਚੂਸ ਕਿਉਂ ਨਾ ਹੋਣ, ਭਾਵੇਂ ਉਨ੍ਹਾਂ ਨੇ ਆਪਣੀ ਕੁੜੀ ਵਿਆਹੁਣ ਬਾਅਦ ਕਦੇ ਵੀ ਤੁਹਾਡੇ ਘਰ ਵੱਤੀ ਨਾ ਵਾਹੀ ਹੋਵੇ, ਤੁਸੀਂ ਉਨ੍ਹਾਂ ਨੂੰ ਅਤਿ ਦਰਜੇ ਦੇ ਮਿਲਾਪੜੇ ਐਲਾਨਣ ਤੋਂ ਕਦੇ ਗੁਰੇਜ਼ ਨਾ ਕਰੋ ਤੇ ਹਮੇਸ਼ਾ ਉਨ੍ਹਾਂ ਦੀ ਤੁਲਨਾ ਦਾਨਵੀਰ ਕਰਣ ਨਾਲ ਕਰਦੇ ਰਹੋ। ਭਾਵੇਂ ਤੁਹਾਡੀ ਵਹੁਟੀ ਦੇ ਰਿਸ਼ਤੇਦਾਰ ਕਿੱਡੇ ਵੀ ਕੁਪੱਤੇ ਤੇ ਆਢਾ ਲਾਉਣ ਵਾਲੇ ਹੋਣ, ਤੁਸੀਂ ਉਨ੍ਹਾਂ ਨੂੰ ਹਮੇਸ਼ਾ ਹੀ ਮਿੱਠਬੋਲੜੇ ਤੇ ਅਤਿ ਦਰਜੇ ਦੇ ਸਾਊ ਗਰਦਾਨਦੇ ਰਹੋ। ਤੁਹਾਡੀ ਇਸ ਫੂਕ ਛਕਾਉਣ ਵਾਲੀ ਕਲਾ ਸਦਕਾ ਤੁਹਾਡੀ ਵਹੁਟੀ ਦੇ ਚਿਹਰੇ 'ਤੇ ਹਮੇਸ਼ਾ ਖੁਸ਼ੀਆਂ ਤੇ ਖੇੜੇ ਰਹਿਣਗੇ।
ਸਾਨੂੰ ਸੌ ਫੀਸਦੀ ਯਕੀਨ ਹੈ ਕਿ ਵਹੁਟੀ ਨੂੰ ਖੁਸ਼ ਰੱਖਣ ਦੇ ਸਾਡੇ ਵੱਲੋਂ ਸੁਝਾਏ ਗਏ ਇਨ੍ਹਾਂ ਨੁਸਖਿਆਂ ਦੀ ਬਦੌਲਤ ਤੁਹਾਡਾ ਪਰਵਾਰਕ ਜੀਵਨ ਹਾਸਿਆਂ, ਖੇੜਿਆਂ ਤੇ ਖੁਸ਼ੀਆਂ ਨਾਲ ਸਰਸ਼ਾਰ ਹੋ ਜਾਵੇਗਾ। ਘਰ ਵਿੱਚ ਮਹਾਂਭਾਰਤ ਨਹੀਂ ਹੋਵੇਗੀ। ਘਰ ਦੀ ਕਰਾਕਰੀ ਨਾ ਟੁੱਟਣ ਕਾਰਨ ਮਹੀਨੇ 'ਚ ਹਜ਼ਾਰਾਂ ਰੁਪਏ ਦੀ ਬੱਚਤ ਹੋਵੇਗੀ। ਇਨ੍ਹਾਂ ਨੁਸਖਿਆਂ ਸਦਕਾ ਤੁਸੀਂ ਤੇ ਤੁਹਾਡੀ ਵਹੁਟੀ ਆਪਣੇ ਮੁਹੱਲੇ ਵਿੱਚ ਇੱਕ ਆਦਰਸ਼ ਦੰਪਤੀ ਵਜੋਂ ਵੀ ਸਹਿਜੇ ਹੀ ਨਾਮਣਾ ਖੱਟ ਲਓਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’