ਬੈਂਗਲੁਰੂ, 13 ਨਵੰਬਰ (ਪੋਸਟ ਬਿਊਰੋ)- ਕੇਂਦਰ ਸਰਕਾਰ ਦੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨੰਤ ਕੁਮਾਰ ਪਿਛਲੇ ਕਈ ਮਹੀਨਿਆਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਨ, ਕੱਲ੍ਹ ਤੜਕੇ ਉਨ੍ਹਾਂ ਦਾ ਇਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 59 ਸਾਲ ਦੇ ਸਨ।
ਇਸ ਸੰਬੰਧ ਵਿੱਚ ਸ੍ਰੀ ਸ਼ੰਕਰਾ ਕੈਂਸਰ ਫਾਊਂਡੇਸ਼ਨ ਟਰੱਸਟ ਦੇ ਚੇਅਰਮੈਨ ਬੀ ਆਰ ਨਾਗਰਾਜ ਨੇ ਦੱਸਿਆ ਕਿ ਦੱਖਣੀ ਬੈਂਗਲੁਰੂ ਤੋਂ ਪਾਰਲੀਮੈਂਟ ਮੈਂਬਰ ਬੀਤੀ ਅਕਤੂਬਰ ਵਿੱਚ ਅਮਰੀਕਾ ਤੇ ਬ੍ਰਿਟੇਨ ਤੋਂ ਇਲਾਜ ਕਰਵਾ ਕੇ ਘਰ ਮੁੜੇ ਸਨ, ਉਨ੍ਹਾਂ ਨੇ ਕਰੀਬ ਦੋ ਵਜੇ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਤੇਜਸਵਿਨੀ ਤੇ ਦੋ ਬੇਟੀਆਂ ਐਸ਼ਵਰਿਆ ਅਤੇ ਵਿਜੇਤਾ ਛੱਡ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਐਸ ਸ਼ਾਂਤਾਰਾਮ ਨੇ ਦੱਸਿਆ ਕਿ ਅਨੰਤ ਕੁਮਾਰ ਕਈ ਦਿਨਾਂ ਤੋਂ ਜੀਵਨ ਰੱਖਿਅਕ ਪ੍ਰਣਾਲੀ ਉੱਤੇ ਸਨ ਤੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਬੰਦ ਕਰ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਸਨਮਾਨ ਵਜੋਂ ਪੂਰੇ ਦੇਸ਼ 'ਚ ਤਿਰੰਗਾ ਅੱਧਾ ਝੁਕਿਆ ਰਹੇਗਾ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੇ ਵੱਖ-ਵੱਖ ਸੀਨੀਅਰ ਆਗੂਆਂ ਨੇ ਛੇ ਵਾਰ ਪਾਰਲੀਮੈਂਟ ਮੈਂਬਰ ਰਹੇ ਅਨੰਤ ਕੁਮਾਰ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰ ਯੋਗ ਹੈ ਕਿ ਅਨੰਤ ਕੁਮਾਰ ਦੱਖਣੀ ਬੈਂਗਲੁਰੂ ਤੋਂ ਸਾਲ 1996 ਵਿੱਚ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਹ 1987 'ਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜਨੀਤਕ ਜੀਵਨ ਵਿੱਚ ਉਹ ਸੂਬਾ ਸਕੱਤਰ, ਯੁਵਾ ਮੋਰਚਾ ਦੇ ਪ੍ਰਧਾਨ, ਪਾਰਟੀ ਜਨਰਲ ਸਕੱਤਰ ਅਤੇ ਰਾਸ਼ਟਰੀ ਸਕੱਤਰ ਵਰਗੇ ਅਹੁਦਿਆਂ 'ਤੇ ਰਹੇ। ਕੁਮਾਰ ਤੇਜ਼ੀ ਨਾਲ ਰਾਜਨੀਤਕ ਪੌੜੀਆਂ ਚੜ੍ਹੇ, ਜਿਨ੍ਹਾਂ ਨੇ ਆਰ ਐਸ ਐਸ ਵਰਕਰ ਵਜੋਂ ਸ਼ੁਰੂਆਤ ਕੀਤੀ ਤੇ ਉਮਰ ਦੇ ਤੀਜੇ ਦਹਾਕੇ 'ਚ ਕੇਂਦਰੀ ਮੰਤਰੀ ਬਣੇ। ਉਸ ਸਾਲ 1998 'ਚ ਅਟਲ ਬਿਹਾਰੀ ਵਾਜਪਾਈ ਸਰਕਾਰ ਦੀ ਕੈਬਨਿਟ 'ਚ ਸਭ ਤੋਂ ਨੌਜਵਾਨ ਮੰਤਰੀ ਸਨ।