ਭਗਤਾ ਭਾਈਕਾ/ ਜਗਰਾਓਂ, 13 ਨਵੰਬਰ (ਪੋਸਟ ਬਿਊਰੋ)- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕੁਝ ਡੇਰਾ ਪ੍ਰੇਮੀਆਂ ਨੂੰ ਕੱਲ੍ਹ ਐਸ ਆਈ ਟੀ ਪਿੰਡ ਗੁਰੂਸਰ ਤੇ ਭਗਤਾ ਭਾਈਕਾ ਲੈ ਕੇ ਆਈ ਅਤੇ ਜਾਂਚ ਕੀਤੀ।
ਐਸ ਆਈ ਟੀ ਵਿੱਚ ਸ਼ਾਮਲ ਇੰਸਪੈਕਟਰ ਦਲਵੀਰ ਸਿੰਘ ਦੀ ਅਗਵਾਈ ਹੇਠ ਡੇਰਾ ਪ੍ਰੇਮੀ ਜਤਿੰਦਰਵੀਰ ਅਰੋੜਾ ਉਰਫ ਜਿੰਮੀ, ਕੁਲਦੀਪ ਸਿੰਘ, ਦਲਜੀਤ ਸਿੰਘ ਤੇ ਸੁਖਮੰਦਰ ਸਿੰਘ ਨੂੰ ਪਹਿਲਾਂ ਦਿਆਲਪੁਰਾ ਥਾਣੇ ਲੈ ਕੇ ਆਈ, ਜਿਥੋਂ ਐਸ ਐਚ ਓ ਹਰਜੀਤ ਸਿੰਘ ਮਾਨ ਸਮੇਤ ਪੁਲਸ ਸਭ ਤੋਂ ਪਹਿਲਾਂ ਪਿੰਡ ਗੁਰੂਸਰ ਪੁੱਜੀ, ਜਿਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੰਡਿਤ ਕਰਕੇ ਸੁੱਟੇ ਗਏ ਸਨ। ਇਸ ਤੋਂ ਬਾਅਦ ਭਗਤਾ ਭਾਈਕਾ ਵਿੱਚ ਉਨ੍ਹਾਂ ਤਿੰਨ ਥਾਵਾਂ 'ਤੇ ਵੀ ਡੇਰਾ ਪ੍ਰੇਮੀਆਂ ਨੂੰ ਲਿਜਾਇਆ ਗਿਆ, ਜਿਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਿੰਡ ਗੁਰੂਸਰ ਵਿੱਚ ਡੇਰਾ ਪ੍ਰੇਮੀਆਂ ਨੂੰ ਗੱਡੀ ਵਿੱਚੋਂ ਉਤਾਰਿਆ ਤਾਂ ਉਹ ਪੁਲਸ ਟੀਮ ਨੂੰ ਘਟਨਾ ਵਾਲੇ ਥਾਂ ਲੈ ਗਏ। ਇਥੇ ਡੇਰਾ ਪ੍ਰੇਮੀਆਂ ਨੇ ਇਸ਼ਾਰਾ ਕਰਕੇ ਕਿਹਾ ਕਿ ਇਥੇ ਗੁਰੂ ਦੇ ਅੰਗ ਸੁੱਟੇ ਸਨ। ਉਹ ਡੇਰਾ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਦੀ ਫਿਰਨੀ ਤੋਂ ਸੁੱਟਦੇ ਹੋਏ ਪਿੰਡ ਵਿੱਚ ਬਣੇ ਥੜ੍ਹੇ 'ਤੇ ਪਹੁੰਚ ਗਏ, ਜਿਥੇ ਬਾਕੀ ਬਚਦੇ ਅੰਗ ਉਨ੍ਹਾਂ ਪਾੜ ਕੇ ਥੜ੍ਹੇ ਉਪਰ ਸੁੱਟੇ ਸਨ। ਦੋਸ਼ੀਆਂ ਨੇ ਗੁਰੂ ਸਾਹਿਬ ਦੇ ਅੰਗ ਉਨ੍ਹਾਂ ਥਾਵਾਂ 'ਤੇ ਖਿਲਾਰੇ ਜਿਥੇ ਲੋਕਾਂ ਨੂੰ ਜਲਦੀ ਪਤਾ ਲੱਗ ਸਕੇ। ਐਸ ਐਸ ਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਬੇਅਦਬੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਘਟਨਾ ਸਥਾਨ 'ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਕਿ ਉਨ੍ਹਾਂ ਕਿਸ ਤਰ੍ਹਾਂ ਜੁਰਮ ਕੀਤਾ ਹੈ।