ਅੰਮ੍ਰਿਤਸਰ, 4 ਜੂਨ (ਪੋਸਟ ਬਿਊਰੋ)- ਅਕਾਲ ਤਖਤ ਸਾਹਿਬ ਵਿਖੇ ਛੇ ਜੂਨ ਦੇ ਅਪਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਦੇ ਸਮਾਗਮ ਲਈ ਅੱਜ ਸ੍ਰੀ ਅਖੰਡ ਪਾਠ ਸ਼ੁਰੂ ਹੋ ਗਏ ਹਨ। ਛੇ ਜੂਨ ਨੂੰ ਇਨ੍ਹਾਂ ਦੇ ਭੋਗ ਪਾਏ ਜਾਣਗੇ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਸਮਾਗਮ ਦਾ ਧਿਆਨ ਰੱਖ ਕੇ ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੀਆਂ ਸੰਗਤਾਂ ਰੋਕਣ ਲਈ ਗਲਿਆਰਾ ਪੁਲਸ ਵੱਲੋਂ ਵੀ ਪੁਖਤਾ ਪ੍ਰਬੰਧ ਕਰਵਾ ਦਿੱਤੇ ਹਨ ਅਤੇ ਗਲਿਆਰਾ ਚੌਕੀ ਵਿੱਚ ਪੈਂਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਾਖਲ ਹੋਣ ਲਈ ਗਲਿਆਰੇ ਤੋਂ ਕਈ ਰਸਤੇ ਹਨ, ਜਿਨ੍ਹਾਂ ਵਿੱਚ ਬਾਬਾ ਅਟੱਲ ਰਾਏ ਜੀ, ਗੁਰਦੁਆਰਾ ਬੀਬੀ ਕੌਲਾਂ ਜੀ, ਗੇਟ ਆਟਾ ਮੰਡੀ, ਗੇਟ ਖਜ਼ਾਨਾ ਡਿਓਢੀ, ਘੰਟਾ ਘਰ ਗੇਟ, ਗੇਟ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵੱਲ ਰੋਕਾਂ ਲਾਈਆਂ ਗਈਆਂ ਹਨ। ਘੰਟਾ ਘਰ ਗੇਟ, ਖਜ਼ਾਨਾ ਡਿਓਢੀ ਗੇਟ ਅਤੇ ਸਰਾਂ ਵਾਲੇ ਗੇਟ ਵੱਲੋਂ ਡਿਊਟੀ ਵਾਲੇ ਮੁਲਾਜ਼ਮ ਅਤੇ ਸੇਵਾ ਵਾਲੇ ਪ੍ਰੇਮੀਆਂ ਨੂੰ ਹੀ ਡਿਊਟੀ ਪਾਸ ਦੇਖ ਕੇ ਅੰਦਰ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ ਤੇ ਆਮ ਸੰਗਤਾਂ ਦੇ ਲੰਘਣ ਦੀ ਮੁਕੰਮਲ ਮਨਾਹੀ ਹੈ।
ਵਰਨਣ ਯੋਗ ਹੈ ਕਿ ਛੇ ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੀ ਫੌਜੀ ਕਾਰਵਾਈ ਅਪਰੇਸ਼ਨ ਬਲਿਊ ਸਟਾਰ ਦੇ ਸੰਬੰਧ ਵਿੱਚ ਸਮਾਗਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਗਰਮ ਖਿਆਲੀਆਂ ਵੱਲੋਂ ਸਰਕਾਰਾਂ ਦੇ ਖਿਲਾਫ ਰੋਸ ਵੀ ਪ੍ਰਗਟ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਮੌਕੇ ਕੌਮ ਦੇ ਨਾਂਅ ਸੰਦੇਸ਼ ਦਿੱਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿੱਚ ਹੁੰਦੇ ਇਕੱਠ ਕਾਰਨ ਇਸ ਸਾਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਕੱਠ ਰੋਕਣ ਲਈ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਾਮਦਾਸ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਅਨੁਸਾਰ ਹਦਾਇਤਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਪ੍ਰਸ਼ਾਸਨ ਨੇ ਬੰਦ ਕੀਤੇ ਹਨ, ਜਿਸ ਬਾਰੇ ਉਹੀ ਦੱਸ ਸਕਦੇ ਹਨ। ਸ਼੍ਰੋਮਣੀ ਕਮੇਟੀ ਲਗਾਤਾਰ ਸਰਕਾਰ ਤੋਂ ਸੰਗਤਾਂ ਦੇ ਦਰਸ਼ਨ ਲਈ ਧਾਰਮਿਕ ਸਥਾਨ ਖੋਲ੍ਹਣ ਲਈ ਮੰਗ ਕਰ ਰਹੀ ਹੈ।