Welcome to Canadian Punjabi Post
Follow us on

29

March 2024
 
ਨਜਰਰੀਆ

ਮੈਂ ਅਭਾਗਣ ਸੜਕ ਬੋਲਦੀ ਹਾਂ

June 04, 2020 09:44 AM

-ਪਰਮਜੀਤ ਸਿੰਘ ਪਰਵਾਨਾ
ਮੈਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਂਦੀ ਕੌਮੀ ਸ਼ਾਹ-ਰਾਹ ਵਾਲੀ ਵੱਡੀ ਸੜਕ ਬੋਲ ਰਹੀ ਹਾਂ। ਪਹਿਲਾਂ ਮੈਂ ਕਦੇ ਨਹੀਂ ਬੋਲੀ। ਸੈਂਕੜੇ ਮੀਲ ਪੈਦਲ ਚੱਲਣ ਵਾਲੇ ਲਾਚਾਰ ਪਰਵਾਸੀਆਂ ਦੇ ਪੈਰਾਂ ਵਿੱਚ ਪੈਂਦੇ ਛਾਲੇ ਵੇਖ ਕੇ ਵੀ ਮੈਂ ਦਰਸ਼ਕ ਬਣੀ ਰਹੀ। ਕਰੜੇ ਜਿਗਰੇ ਨਾਲ ਸਭ ਕੁਝ ਵੇਖਦੀ ਰਹੀ। ਆਪਣੇ ਜਜ਼ਬਾਤ ਨੂੰ ਹਮੇਸ਼ਾ ਆਪਣੇ ਅੰਦਰ ਲੁਕੋਈ ਅਫਸੋਸ ਕਰਦੀ ਰਹੀ, ਪਰ ਅੱਜ ਮੈਥੋਂ ਨਹੀਂ ਰਿਹਾ ਜਾ ਰਿਹਾ। ਮੈਂ ਅੱਕ ਕੇ ਬੋਲਣ ਲੱਗੀ ਹਾਂ। ਮੇਰੇ ਪਿੰਡੇ 'ਤੇ ਜਿੰਨਾ ਖੂਨ ਡੁੱਲ੍ਹਿਆ ਹੈ, ਓਨਾ ਸ਼ਾਇਦ ਵੱਡੀਆਂ-ਵੱਡੀਆਂ ਜੰਗਾਂ ਵਿੱਚ ਨਾ ਡੁੱਲ੍ਹਿਆ ਹੋਵੇ। ਸੰਸਾਰ ਸਿਹਤ ਸੰਗਠਨ ਦੇ ਇਕ ਸਰਵੇਖਣ ਮੁਤਾਬਕ ਹਰ ਸਾਲ ਵਿਸ਼ਵ ਵਿੱਚ 13.5 ਲੱਖ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਨੇ, ਜਿਨ੍ਹਾਂ ਵਿੱਚ ਪੰਜ ਤੋਂ 29 ਸਾਲ ਉਮਰ ਤੱਕ ਦੇ ਵਿਅਕਤੀਆਂ ਦੀ ਗਿਣਤੀ ਵੱਧ ਹੁੰਦੀ ਹੈ। ਮੇਰੇ ਦੇਸ਼ ਭਾਰਤ ਵਿੱਚ ਹਰ ਸਾਲ ਡੇਢ ਲੱਖ ਵਿਅਕਤੀ ਸੜਕਾਂ 'ਤੇ ਦਮ ਤੋੜਦੇ ਹਨ। ਅਨੇਕਾਂ ਪਰਵਾਰਾਂ ਦੇ ਵੈਣ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ।
ਮੈਂ ਵਿਛੜਿਆਂ ਨੂੰ ਮਿਲਾਉਂਦੀ ਰਹੀ ਹਾਂ, ਪਰ ਮੇਰੇ ਸਾਹਮਣੇ ਜਦੋਂ ਕੋਈ ਆਪਣਿਆਂ ਨੂੰ ਤੋੜ-ਵਿਛੋੜਾ ਦੇ ਜਾਂਦਾ ਹੈ ਤਾਂ ਮੇਰੀ ਹੂਕ ਅੰਬਰਾਂ ਤੱਕ ਜਾਂਦੀ ਹੈ। ਮੈਂ ਲਾਚਾਰ ਹਾਂ, ਕਰ ਕੁਝ ਨਹੀਂ ਸਕਦੀ। ਮੇਰੇ ਰਾਹੀਆਂ ਨੂੰ ਬਹੁਤ ਸਮਝਾਇਆ ਜਾਂਦਾ ਹੈ। ਨਸੀਹਤਾਂ ਦਿੱਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀ ਨਾਸਮਝੀ ਕਾਰਨ ਜਦੋਂ ਕੋਈ ਮੇਰੇ ਪਿੰਡੇ 'ਤੇ ਤੜਫ-ਤੜਫ ਕੇ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ ਤਾਂ ਸੱਚ ਮੰਨਿਓ, ਸਭ ਤੋਂ ਵੱਧ ਦੁੱਖ ਮੈਨੂੰ ਹੁੰਦੈ। ਠੀਕ ਹੈ ਕਿ ਮੇਰੇ ਰਾਹੀ ਵੀ ਬਹੁਤ ਹੱਦ ਤੱਕ ਕਸੂਰਵਾਰ ਹਨ, ਪਰ ਸਮੇਂ ਦੀਆਂ ਸਰਕਾਰਾਂ 'ਤੇ ਉਹ ਅਧਿਕਾਰੀ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ, ਘੱਟ ਕਸੂਰਵਾਰ ਨਹੀਂ। ਮੇਰੇ ਜਿਸਮ 'ਤੇ ਬੜੇ ਵੱਡੇ-ਵੱਡੇ ਜ਼ਖਮ (ਟੋਏ) ਇਨ੍ਹਾਂ ਸਰਕਾਰਾਂ ਤੇ ਅਧਿਕਾਰੀਆਂ ਨੂੰ ਕਈ ਸਾਲਾਂ ਤੋਂ ਵਾਸਤੇ ਪਾ ਰਹੇ ਨੇ, ਲੋਕ ਧਰਨੇ ਲਾ ਕੇ ਤੇ ਪੱਤਰਕਾਰ ਖਬਰਾਂ ਰਾਹੀਂ ਇਨ੍ਹਾਂ ਜ਼ਖਮਾਂ ਨੂੰ ਠੀਕ ਕਰਨ ਦੇ ਵਾਸਤੇ ਪਾ ਰਹੇ ਹਨ, ਪਰ ਸਰਕਾਰਾਂ ਤੇ ਅਧਿਕਾਰੀਆਂ ਦੇ ਕੰਨਾਂ 'ਤੇ ਕਦੇ ਜੂੰ ਨਹੀਂ ਸਰਕੀ। ਕੌਣ ਪ੍ਰਵਾਹ ਕਰਦਾ ਹੈ ਸੜਕ 'ਤੇ ਚੱਲਣ ਵਾਲੇ ਆਮ ਲੋਕਾਂ ਦੀ? ਅਧਿਕਾਰੀ, ਮੰਤਰੀਆਂ ਦੇ ਘਰਾਂ ਨੂੰ ਜਾਂਦਿਆਂ ਸੜਕਾਂ ਲਿਸ਼ਕਾਉਣ ਲਈ ਤਰਲੋਮੱਛੀ ਹੁੰਦੇ ਵੇਖੇ ਨੇ, ਪਰ ਆਮ ਲੋਕਾਂ ਦੀਆਂ ਸੜਕਾਂ ਦੀ ਸਾਰ ਲੈਣ ਲਈ ਕਿਸੇ ਸਰਕਾਰ ਕੋਲ ਨਾ ਕੋਈ ਵਕਤ ਹੈ ਅਤੇ ਨਾ ਪੈਸਾ।
ਮੇਰੀਆਂ ਛੋਟੀਆਂ ਭੈਣਾਂ (ਲਿੰਕ ਸੜਕਾਂ) ਦੀ ਹਾਲਤ ਮੇਰੇ ਤੋਂ ਵੇਖੀ ਨਹੀਂ ਜਾਂਦੀ। ਕੀ ਦੱਸਾਂ ਕੌਮੀ ਸ਼ਾਹ-ਰਾਹ 'ਤੇ ਕਈ ਥਾਈਂ ਮੇਰੀ ਹਾਲਤ ਵੀ ਬਹੁਤ ਤਰਸ ਯੋਗ ਹੈ। ਛੋਟੇ ਟੋਏ ਤਾਂ ਹੈ ਈ ਨੇ, ਬਾਰਸ਼ਾਂ ਦੇ ਸਮੇਂ ਮੈਨੂੰ ਕਈ ਵਾਰ ਛੱਪੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੱਕੜ ਮੇਰਾ ਬੁਰਾ ਹਾਲ ਕਰ ਦਿੰਦਾ ਹੈ। ਪਾਣੀ 'ਚ ਡੁੱਬੀ ਮੈਂ ਦਮ ਤੋੜ ਜਾਂਦੀ ਹਾਂ। ਗੱਲੀ-ਬਾਤੀਂ ਤਾਂ ਦੇਸ਼ ਦੀ ਤੁਲਨਾ ਵਿਕਸਤ ਦੇਸ਼ਾਂ ਨਾਲ ਕੀਤੀ ਜਾਂਦੀ ਹੈ, ਪਰ ਕਦੇ ਦੇਸ਼ ਦੀ ਯੋਜਨਾ ਵੀ ਉਨ੍ਹਾਂ ਦੇਸ਼ਾਂ ਦੇ ਹਾਣ ਦੀ ਹੋਵੇਗੀ? ਪਟਿਆਲਾ ਜ਼ਿਲੇ ਵਿਚਲੀ ਮੇਰੀ ਛੋਟੀ ਭੈਣ (ਲਿੰਕ ਸੜਕ) ਬੇਹੱਦ ਦੁਖੀ ਹੋ ਕੇ ਦੱਸਦੀ ਸੀ ਕਿ ਉਸ ਦੀ ਪਿਛਲੇ ਅੱਠ ਸਾਲਾਂ ਤੋਂ ਕਿਸੇ ਨਾ ਸਾਰ ਨਹੀਂ ਲਈ। ਡੇਢ-ਡੇਢ ਫੁੱਟ ਦੇ ਡੂੰਘੇ ਟੋਏ ਪੈ ਗਏ ਨੇ ਉਸ 'ਤੇ। ਸਕੂਲੀ ਬੱਚੇ ਜ਼ਖਮੀ ਹੁੰਦੇ ਹੀ ਰਹਿੰਦੇ ਹਨ, ਪਿੱਛੇ ਜਿਹੇ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਸਾਈਕਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਤਾ ਲੱਗਾ ਹੈ ਕਿ ‘ਕਮਿਸ਼ਨ’ ਜ਼ਿਆਦਾ ਸੀ, ਮਟੀਰੀਅਲ ਬਹੁਤ ਘਟੀਆ ਲੱਗਾ। ਲੁੱਕ ਦੀ ਥਾਂ ਬੱਸ ‘ਥੁੱਕ’ ਹੀ ਲੱਗਾ।
ਤਦੇ ਤਾਂ ਕੁਝ ਮਹੀਨਿਆਂ 'ਚ ਉਹ ਖੰਡਰ ਬਣ ਗਈ। ਲੋਕਾਂ ਨੇ ਇਸ ਜਾਨਲੇਵਾ ਰਸਤੇ ਦਾ ਖਹਿੜਾ ਛੱਡ ਕੇ ਨੇੜਿਉਂ ਹੋਰ ਸ਼ਾਰਟ ਕੱਟ ਰਾਹ ਬਣਾ ਲਿਆ ਹੈ। ਉਸੇ ਦਿਨ ਤੋਂ ਮੈਂ ਬਹੁਤ ਉਦਾਸ ਹਾਂ। ਇਕੱਲਤਾ ਮਹਿਸੂਸ ਕਰਦੀ ਹਾਂ। ਆਪਣਿਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਨਾ। ਮੈਂ ਅਕਸਰ ਸੋਚਦੀ ਹਾਂ ਕਿ ਮੇਰਾ ਦੇਸ਼ ਵੈਲਫੇਅਰ ਸਟੇਟ ਕਦੋਂ ਬਣੇਗਾ? ਮੇਰੇ ਰਾਹੀ ਹਰ ਵਾਹਨ ਖਰੀਦਣ 'ਤੇ ਰੋਡ ਟੈਕਸ ਭਰਦੇ ਹਨ। ਇਹ ਟੈਕਸ ਭਰਨ ਤੋਂ ਬਾਅਦ ਕੀ ਵਧੀਆ ਸੜਕਾਂ ਦੇਣਾ ਸਰਕਾਰਾਂ ਦਾ ਫਰਜ਼ ਨਹੀਂ? ਟੋਲ ਟੈਕਸ ਕਿਉਂ ਲਿਆ ਜਾਂਦਾ ਹੈ? ਮੈਂ ਪਹਿਲਾਂ ਵੀ ਕਿਹਾ ਹੈ ਕਿ ਮੇਰੇ ਪਿੰਡੇ ਨੂੰ ਲਹੂ-ਲੁਹਾਨ ਕਰਨ ਵਿੱਚ ਮੇਰੇੇ ਰਾਹੀ ਵੀ ਘੱਟ ਕਸੂਰਵਾਰ ਨਹੀਂ। ਮੇਰੀ ਖਰਾਬ ਹਾਲਤ ਕਾਰਨ ਕਈ ਵਾਰ ਕਿਸੇ ਹਾਦਸੇ ਵੇਲੇ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ, ਪਰ ਬਹੁਤੇ ਕੇਸਾਂ ਵਿੱਚ ਉਹ ਖੁਦ ਦੋਸ਼ੀ ਹੁੰਦੇ ਨੇ। ਜਦੋਂ ਮੇਰੇ ਰਾਹੀ ਲਾਲ ਬੱਤੀ ਦੀ ਉਲੰਘਣਾ ਕਰਦੇ ਨੇ, ਸ਼ਰਾਬ ਪੀ ਕੇ ਕੋਈ ਵਾਹਨ ਚਲਾਉਂਦੇ ਨੇ, ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ 'ਤੇ ਗੱਲਾਂ ਕਰਦੇ ਨੇ, ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਨੇ ਤਾਂ ਉਹ ਘੱਟ ਕਸੂਰਵਾਰ ਨਹੀਂ। ਮੈਂ ਹੈਰਾਨ ਹੁੰਦੀ ਹਾਂ ਕਿ ਲੋਕਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਨਹੀਂ ਰਹੀ। ਗੱਡੀ ਏਨੀ ਤੇਜ਼ ਚਲਾਉਣਗੇ ਕਿ ਜਿਵੇਂ ਕਿਤੇ ਜਾ ਕੇ ਅੱਗ ਬੁਝਾਉਣੀ ਹੋਵੇ।
ਰੱਬ ਦਾ ਵਾਸਤਾ ਜੇ ਮੇਰੇ ਪਿਆਰਿਓ! ਤੁਹਾਡੇ ਪਰਵਾਰ ਨੂੰ ਤੁਹਾਡੀ ਬਹੁਤ ਲੋੜ ਹੈ। ਜ਼ਿੰਦਗੀ ਭਰ ਤੜਫਾਉਣ ਵਾਲਾ ਸੱਲ ਨਾ ਦੇਣਾ ਆਪਣੇ ਪਰਵਾਰ ਨੂੰ। ਜ਼ਿੰਦਗੀ ਨੂੰ ਸੰਜਮ ਅਤੇ ਠਰ੍ਹੰਮੇ ਨਾਲ ਬਿਤਾਉਣ ਦੀ ਜਾਂਚ ਸਿੱਖੋ। ਅਨੁਸ਼ਾਸ਼ਿਤ ਜੀਵਨ ਤੁਹਾਨੂੰ ਕਦੇ ਕਿਸੇ ਸੰਕਟ ਵਿੱਚ ਨਹੀਂ ਪਾਉਂਦਾ। ਇਹ ਗੱਲ ਯਾਦ ਰੱਖਿਓ ਮੇਰੀ, ਨਿਯਮ ਤੋੜਨਾ ਕਦੇ ਵੀ ਸ਼ਾਨ ਨਾ ਸਮਝਣਾ। ਸੜਕਾਂ 'ਤੇ ਫੁਕਰਪੁਣਾ ਅਤੇ ਨਿਯਮ ਤੋੜਨੇ ਬਹੁਤ ਮਹਿੰਗੇ ਪੈਂਦੇ ਹਨ। ਕਦੇ ਵੀ ਲਾਪਰਵਾਹ ਨਾ ਬਣਨਾ।
ਮੈਂ ਜਾਣਦੀ ਹਾਂ ਕਿ ਰਾਤ ਸਮੇਂ ਗੱਡੀ ਚਲਾਉਣੀ ਕਾਫੀ ਔਖੀ ਹੈ, ਪਰ ਤੁਹਾਡੀ ਲਾਪਰਵਾਹੀ ਤੁਹਾਡੀ ਤੇ ਹੋਰਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਵਾਹਨਾਂ ਦੇ ਬਹੁਤੇ ਚਾਲਕ ਸੜਕੀ ਨਿਯਮਾਂ ਤੋਂ ਅਣਜਾਣ ਹਨ ਜਾਂ ਜਾਣਬੁੱਝ ਕੇ ਉਨ੍ਹਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ ਨਾਸਮਝ ਦੂਜਿਆਂ ਦੀ ਜਾਨ ਦਾ ਖੌਅ ਬਣਦੇ ਹਨ। ਰਾਤ ਸਮੇਂ ਲਾਈਟਾਂ ਡਾਊਨ ਕਰ ਕੇ ਵਾਹਨ ਚਲਾਉਣਾ ਚਾਹੀਦਾ ਹੈ, ਪਰ ਭਾਰਤ ਦੇ ਨੱਬੇ ਫੀਸਦੀ ਤੋਂ ਵੱਧ ਚਾਲਕ ਅਜਿਹਾ ਨਹੀਂ ਕਰਦੇ। ਲਾਈਟਾਂ ਬਹੁਤ ਤੇਜ਼ ਹੁੰਦੀਆਂ ਹਨ। ਅੱਗੋਂ ਕੁਝ ਨਜ਼ਰ ਨਹੀਂ ਆਉਂਦਾ। ਜਿੰਨਾ ਮਰਜ਼ੀ ਤੁਸੀਂ ਡਿੱਪਰ ਦੀ ਵਰਤੋਂ ਕਰੋ, ਸਾਹਮਣੇ ਵਾਲੇ ਵਾਹਨ ਦਾ ਚਾਲਕ ਮਜਾਲ ਹੈ ਕਿ ਆਪਣਾ ਹੱਥ ਹਿਲਾਵੇ। ਅਜਿਹੇ ਡਰਾਈਵਰ ਹੀ ਤੁਹਾਡੇ ਸੰਕਟ ਦਾ ਕਾਰਨ ਬਣਦੇ ਹਨ।
ਮੈਂ ਬੇਹੱਦ ਦਰਦਨਾਕ ਹਾਦਸਿਆਂ ਦੀ ਚਸ਼ਮਦੀਦ ਹਾਂ। ਜਦੋਂ ਜ਼ਰਾ ਜਿੰਨੀ ਅਣਗਹਿਲੀ ਕਾਰਨ ਸੈਂਕੜੇ-ਹਜ਼ਾਰਾਂ ਪਰਵਾਰਾਂ ਦੇ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ। ਜਦੋਂ ਮੈਂ ਰਾਹੀਆਂ ਤੋਂ ਅਣਗਹਿਲੀ ਦਾ ਕਾਰਨ ਪੁੱਛਦੀ ਹਾਂ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਰੱਬ ਦਾ ਵਾਸਤਾ ਹੈ, ਅਨੁਸ਼ਾਸਨ ਧਾਰਨ ਕਰੋ ਤੇ ਨਿਯਮਾਂ ਦੀ ਪਾਲਣਾ ਵੀ ਕਰੋ ਤਾਂ ਕਿ ਸੜਕਾਂ 'ਤੇ ਜ਼ਿੰਦਗੀ ਮਹਿਕੇ ਨਾ ਕਿ ਸਹਿਕੇ। ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਫਰਿਆਦ 'ਤੇ ਜ਼ਰੂਰ ਗੌਰ ਕਰਨਾ ਅਤੇ ਅਪਣਾਉਣ ਦੀ ਕੋਸ਼ਿਸ਼ ਵੀ ਕਰਨਾ। ਬਹੁਤ-ਬਹੁਤ ਧੰਨਵਾਦੀ ਹੋਵਾਂਗੀ। ਤੁਹਾਡਾ ਸਫਰ ਹਮੇਸ਼ਾ ਸੁਹਾਵਣਾ ਰਹੇ। ਤੁਹਾਡੀ ਅਤੇ ਤੁਹਾਡੇ ਪਰਵਾਰ ਲਈ ਫਿਕਰਮੰਦ, ਕੌਮੀ ਸ਼ਾਹ ਰਾਹ ਵਾਲੀ ਵੱਡੀ ਸੜਕ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ