ਟੋਰਾਂਟੋ, 3 ਜੂਨ (ਪੋਸਟ ਬਿਊਰੋ) : ਓਨਟਾਰੀਓ ਦੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਹ ਸਲਾਇਵਾ ਦੇ ਅਧਾਰ ਉੱਤੇ ਕੋਵਿਡ-19 ਦਾ ਇੱਕ ਟੈਸਟ ਤਿਆਰ ਕਰ ਰਹੀ ਹੈ। ਇਸ ਨਾਲ ਸਬੰਧਤ ਕਿੱਟ ਹਥੇਲੀ ਵਿੱਚ ਫਿੱਟ ਹੋ ਜਾਵੇਗੀ ਤੇ 20 ਮਿੰਟਾਂ ਵਿੱਚ ਹੀ ਇਹ ਦੱਸ ਸਕੇਗੀ ਕਿ ਸਬੰਧਤ ਵਿਅਕਤੀ ਨੂੰ ਕਰੋਨਾਵਾਇਰਸ ਹੈ ਜਾਂ ਨਹੀਂ।
ਇਹ ਟੈਸਟ ਅਜੇ ਰਿਸਰਚ ਵਾਲੇ ਪੜਾਅ ਵਿੱਚ ਹੀ ਹੈ ਤੇ ਇਹ ਗਿਊਲੇਫ, ਓਨਟਾਰੀਓ ਸਥਿਤ ਕੰਪਨੀ ਡੀਪ ਬਾਇਓਲੌਜਿਕਸ ਕੰਪਨੀ ਦੀ ਕਾਢ ਹੈ। ਫੈਡਰਲ ਸਰਕਾਰ ਵੱਲੋਂ ਨੈਸ਼ਨਲ ਰਿਸੋਰਸ ਕਾਉਂਸਲ ਆਫ ਕੈਨੇਡਾ (ਐਨਆਰਸੀ) ਰਾਹੀਂ ਇਸ ਕੰਪਨੀ ਨੂੰ 300,000 ਡਾਲਰ ਦੀ ਮਾਲੀ ਮਦਦ ਦਿੱਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਇਸ ਰਿਸਰਚ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ।
ਡੀਪ ਬਾਇਓਲੌਜਿਕਸ ਦੀ ਸੀਈਓ ਦੀਆ ਸ਼ਾਹੀਨਾਸ ਨੇ ਆਖਿਆ ਕਿ ਇਸ ਫੰਡਿੰਗ ਲਈ ਉਹ ਫੈਡਰਲ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਆਖਿਆ ਕਿ ਇਸ ਆਰਥਿਕ ਮਦਦ ਸਦਕਾ ਉਨ੍ਹਾਂ ਦੀ ਕੰਪਨੀ ਅਗਲੇ ਤਿੰਨ ਮਹੀਨਿਆਂ ਵਿੱਚ ਹੀ ਕਲੀਨਿਕਲ ਸੈਂਪਲ ਟੈਸਟਿੰਗ ਕਰਨੀ ਸ਼ੁਰੂ ਕਰ ਦੇਵੇਗੀ।