Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਕਹਾਣੀ: ਜੜ੍ਹ

June 03, 2020 10:34 AM

-ਦਿਓਲ ਪਰਮਜੀਤ

ਨੀਂਦ ਉਸ ਦੀਆਂ ਅੱਖਾਂ 'ਚ ਪੂਰੀ ਤਰ੍ਹਾਂ ਭਰੀ ਹੋਈ ਸੀ। ਨੀਂਦ ਤਾਂ ਆਉਣੀ ਹੀ ਸੀ, ਇੱਕ ਹਫ਼ਤੇ ਲਈ ਤਾਂ ਕੈਨੇਡਾ ਤੋਂ ਉਚੇਚੇ ਤੌਰ 'ਤੇ ਇੰਡੀਆ ਗਿਆ ਬੀਬੀ ਭਾਪੇ ਨੂੰ ਲੈਣ। ਇੱਕ ਹਫ਼ਤਾ ਤਾਂ ਉਠਦਿਆਂ ਬਹਿੰਦਿਆਂ ਹੀ ਨਿਕਲ ਗਿਆ। ਇਟਲੀ ਏਅਰਪੋਰਟ 'ਤੇ ਆਉਂਦਿਆਂ ਛੇ ਘੰਟੇ ਦਾ ਸਟੇਅ। ਦਲਜੀਤ ਨੇ ਸੋਚਿਆ ਬਿੰਦ ਕੁ ਅੱਖ ਲਾ ਲਵਾਂ। ਭਾਪੇ ਨੂੰ ਆਖ, ‘‘ਭਾਪਾ ਮੈਂ ਘੜੀ ਕੁ ਅੱਖ ਲਾ ਲਵਾਂ, ਜਦੋਂ ਲੋਕ ਉਠਣ ਲੱਗੇ, ਮੈਨੂੰ ਉਠਾ ਦੀਂ'' ਦਲਜੀਤ ਕੁਰਸੀਆਂ 'ਤੇ ਲੰਮਾ ਪੈ ਗਿਆ ਸੀ। ਹੋਇਆ ਕੀ, ਬੋਰਡਿੰਗ ਵਾਲਿਆਂ ਨੇ ਜਿਉਂ ਦਲਜੀਤ ਦਾ ਨਾਂ ਬੋਲਿਆ, ਭਾਪੇ ਨੇ ਪਾ 'ਤੀ ਰੌਲੀ, ‘ਓਏ ਦਲਜੀਤ! ਜ੍ਹਾਜ ਲੰਘ ਚੱਲਿਆ ਓਏ, ਆਪਾਂ ਏਥੇ ਰਹਿ ਜਾਣਾ।'' ਸੁਦਾਗਰ ਸਿਹੁੰ ਘਬਰਾਇਆ ਹੋਇਆ ਉਚੀ ਉਚੀ ਚੀਕਿਆ। ਨੇੜੇ ਬੈਠੀ ਬੰਸੋ ਦੱਬਵੀਂ ਆਵਾਜ਼ ਵਿੱਚ ਬੋਲੀ, ‘‘ਕਿਉਂ ਸਾਰਾ ਏਅਰਪੋਰਟ ਸਿਰ 'ਤੇ ਚੁੱਕ ਲਿਆ? ਹੌਲੀ ਬੋਲੋ, ਸਾਰੇ ਲੋਕੀਂ ਥੋਡੇ ਵੱਲ ਦੇਖ ਰਹੇ ਆ। ਐਹ ਘਰ ਨੀਂ ਗਾ।'' ‘‘ਓਏ ਦਲਜੀਤ- ਓ ਦਲਜੀਤ, ਉਠ, ਓਏ ਉਠ, ਤੈਨੂੰ ਨੀਂਦਰ ਚੜ੍ਹੀ ਆ, ਲੋਕ ਸਾਰੇ ਤੁਰਗੇ।'' ਸੁਦਾਗਰ ਸਿਹੰੁ ਫਿਰ ਬੋਲਿਆ। ਰੌਲ਼ੀ ਜਿਹੀ ਸੁਣ ਕੇ ਅੱਭੜਵਾਹੇ ਉਠਦਾ ਦਲਜੀਤ ਬੋਲਿਆ, ‘‘ਕੀ ਹੋਇਆ ਭਾਪਾ? ਰੌਲ਼ੀ ਕਾਹਨੂੰ ਪਈ ਆ? ਹੌਲ਼ੀ ਬੋਲੋ, ਏਅਰਪੋਰਟ 'ਤੇ ਸਾਰੇ ਲੋਕੀਂ ਦੇਖਦੇ ਆ।''
‘‘ਓਏ ਲੋਕਾਂ ਦੀ ਭੈਣ ਦੀ.. ਤੂੰ ਚੱਲ ਉਠ, ਏਥੇ ਰਹਿ ਗਏ ਤਾਂ ਕਿੱਧਰ ਜਾਵਾਂਗੇ?'' ਘਬਰਾਇਆ ਸੁਦਾਗਰ ਸਿਹੰੁ ਬੋਲੀ ਜਾ ਰਿਹਾ ਸੀ।
ਕਿੰਨੀ ਵਾਰੀ ਤਾਂ ਦਲਜੀਤ ਨੇ ਸੁਦਾਗਰ ਸਿਹੰੁ ਨੂੰ ਪੇਪਰ ਭੇਜੇ ਸਨ। ਜਦੋਂ ਵੀ ਸਪੌਂਸਰਸ਼ਿਪ ਜਾਂਦੀ, ਉਹ ਸਿਰਹਾਣੇ ਰੱਖ ਲੈਂਦਾ। ਪੇਪਰ ਜਮ੍ਹਾਂ ਨਾ ਕਰਾਉਂਦਾ। ਐਤਕੀ ਦਲਜੀਤ ਦੇ ਜ਼ੋਰ ਪਾਉਣ 'ਤੇ ਬੀਬੀ ਨੇ ਕਿਹਾ, ‘‘ਕਹਾਨੂੰ ਅੜੀ ਕਰੀ ਬੈਠਾਂ? ਜੇ ਮੁੰਡਾ ਤੇ ਨੂੰਹ ਏਨੇ ਤਰਲੇ ਕਰਦੇ ਆ ਤਾਂ ਜਾ ਆਉਨੇ ਆਂ ਇੱਕ ਵਾਰ। ਦਿਲ ਨਾ ਲੱਗਾ ਤਾਂ ਕਿਹੜਾ ਓਥੇ ਬੰਨ੍ਹ ਕੇ ਰੱਖ ਲੈਣ ਲੱਗੇ ਆਪਾਂ ਨੂੰ? ਨਾਲ਼ੇ ਅਸੀਂ ਵੀ ਧਰਮਰਾਜ ਨੂੰ ਕਹਿਣ ਜੋਗੇ ਹੋ ਜਾਂਗੇ ਕਿ ਅਸੀਂ ਵੀ ਭਾਈ ਕੈਨੇਡਾ ਗਏ ਸੀ।''
ਔਖੇ ਸੌਖੇ ਪੇਪਰ ਜਮ੍ਹਾਂ ਕਰਾ 'ਤੇ ਸੀ ਉਨ੍ਹਾਂ ਨੇ। ਜਿਉਂ ਹੀ ਇਮੀਗ੍ਰੇਸ਼ਨ ਵਾਲਿਆਂ ਨੇ ਡਾਕਟਰੀ ਮੰਗੀ ਤਾਂ ਬਿਪਤਾ ਪੈ ਗਈ। ਗੱਡੀ ਵਿੱਚ ਲੁਧਿਆਣੇ ਨੂੰ ਡਾਕਟਰੀ ਲਈ ਜਾਣਾ ਸੀ। ਸੁਦਾਗਰ ਸਿਹੰੁ ਦਾ ਗੱਡੀ 'ਚ ਬੈਠਣ ਸਾਰ ਦਮ ਘੁੱਟੇ ਤੇ ਬੰਸੋ ਨੂੰ ਉਲਟੀਆਂ। ਸੁਦਾਗਰ ਸਿਹੁੰ ਕੱਢੇ ਹਰਬੰਸ ਕੌਰ ਨੂੰ ਗਾਲ੍ਹਾਂ, ‘ਤੈਨੂੰ ਅੱਗ ਲੱਗੀ ਸੀ ਕੈਨੇਡਾ ਜਾਣ ਦੀ, ਲੈ ਲਾ ਦਾਖੂ ਦਾਣੇ। ਆਇਆ ਸਵਾਦ? ਮੁੰਡੇ ਨੂੰ ਬਥੇਰਾ ਆਖਿਆ ਕਿ ਤੂੰ ਆਪਣੇ ਟੱਬਰ 'ਚ ਰਾਜ਼ੀ ਬਾਜ਼ੀ ਰਹਿ। ਸਾਨੂੰ ਆ ਕੇ ਮਿਲ ਜਾਇਆ ਕਰ। ਸਾਨੂੰ ਸੱਦ ਕੇ ਤੂੰ ਕੀ ਕਰਾਉਣਾ ਹੈਥੇ?’
‘‘ਲੈ ਨਿਆਣੇ ਨੂੰ ਚਾਅ ਆਉਂਦਾ ਹੋਊ, ਜਦੋਂ ਲੋਕਾਂ ਦੇ ਮਾਪੇ ਦੇਖਦਾ ਹੋਊ,'' ਬੰਸੋ ਮੂੰਹ ਸਾਫ਼ ਕਰਦੀ ਬੋਲੀ, ‘‘ਨਾਲੇ ਮੈਨੂੰ ਕਾਹਨੂੰ ਚਾਅ ਚੜ੍ਹਿਆ ਸੀ। ਜਦੋਂ ਦੀ ਕੇਹਰੂ ਦੀ ਚਰਨੀ ਕੈਨੇਡਾ ਤੋਂ ਹੋ ਕੇ ਆਈ, ਟੌਹਰਾਂ ਮਾਰਦੀ ਫਿਰਦੀ ਅਖੇ ‘ਆਪਾਂ ਤੇ ਭਾਈ ਜਾਂਦੇ ਈ ਲੱਗ `ਗੇ ਸੀ ਕੰਮ 'ਤੇ। ਨਾਲ਼ੇ ਚਾਰ ਪੈਸੇ ਕਮਾ ਲਿਆਏ, ਨਾਲ਼ੇ ਗਜਰੇ ਵੀ ਬਣਾ ਲਿਆਏ।''
‘‘ਨਾ ਤੈਨੂੰ ਲੰਬੜਾਂ ਦੇ ਸੁੱਚੇ ਦਾ ਚੇਤਾ ਭੁੱਲ ਗਿਆ, ਜਿਹੜਾ ਆਂਹਦਾ ਸੀ, ‘ਕਨੇਡਾ ਕਾਹਦਾ ਯਾਰ ਛਲੇਡਾ ਆ, ਛਲੇਡਾ!' ਅਖੇ ‘ਬੁੜ੍ਹੇ ਸਾਰਾ ਦਿਨ ਘਰੇ ‘ਕੱਲੇ ਬੈਠੇ ਰਹਿੰਦੇ ਆ, ਸੋਫ਼ੇ ਤੋੜਨ ਨੂੰ। ਨੂੰਹ ਪੁੱਤ ਕੰਮ 'ਤੇ ਚਲੇ ਜਾਂਦੇ ਆ ਤੇ ਨਿਆਣੇ ਆਪਣੇ ਕੰਮਾਂ 'ਚ ਮਸਤ ਸਾਰਾ ਦਿਨ ਫ਼ੋਨਾਂ ਨਾਲ ਮੱਥਾ ਮਾਰਦੇ ਰਹਿੰਦੇ ਆ।' ਆਹ ਏਥੇ ਸੌ ਕਿਸੇ ਦੇ ਮੂੰਹ-ਮੱਥੇ ਲੱਗੀਦਾ।'' ਆਪਣੇ ਕੰਨ ਨੂੰ ਖੁਰਕਦਾ ਸੁਦਾਗਰ ਸਿਹੁੰ ਬੋਲਿਆ।
‘‘ਚੱਲ ਚੁੱਪ ਕਰ ਕਾਂ ਖਾਧਿਆ।'' ਬੰਸੋ ਮੂੰਹ-ਸਿਰ ਲਪੇਟ ਕਾਰ ਦੀ ਸੀਟ ਦੀ ਢੋਅ ਨਾਲ ਟੇਢੀ ਹੋ ਗਈ। ਸੁਦਾਗਰ ਸਿਹੁੰ ਦਾ ਪਾਰਾ ਸੱਤ ਅਸਮਾਨੀਂ ਜਾ ਚੜ੍ਹਿਆ। ਉਹ ਕਾਰ ਚਲਾਉਂਦੇ ਆਪਣੇ ਭਤੀਜੇ ਨੂੰ ਕਹਿਣ ਲੱਗਾ, ‘‘ਚੱਲ ਮੁੰਡਿਆ ਮੋੜ ਕਾਰ ਘਰ ਨੂੰ, ਕੀ ਕਰਨੈ ਕਨੇਡਾ। ਏਸ ਜਨਾਨੀ ਨੇ ਜਾਨ ਲੈਣੀ ਆ ਮੇਰੀ।'' ਭਤੀਜੇ ਨੇ ਬਥੇਰਾ ਸਮਝਾਇਆ, ਪਰ ਸੁਦਾਗਰ ਸਿਹੁੰ ਨੇ ਇੱਕ ਨਾ ਸੁਣੀ ਤੇ ਲੁਧਿਆਣੇ ਦੇ ਰਾਹ 'ਚੋਂ ਹੀ ਮੁੜ ਆਏ ਸਨ। ਜਦੋਂ ਦਲਜੀਤ ਨੂੰ ਪਤਾ ਲੱਗਾ ਤਾਂ ਉਹ ਬਹੁਤ ਖਪਿਆ। ਉਸ ਨੇ ਭਾਪੇ ਨੂੰ ਸਮਝਾਇਆ ਕਿ ਜੀਅ ਨਾ ਲੱਗਾ ਤਾਂ ਮੁੜ ਜਾਇਉ। ਫਿਰ ਦਲਜੀਤ ਅਤੇ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ 'ਤੇ ਹੀ ਲੁਧਿਆਣਿਉਂ ਡਾਕਟਰੀ ਕਰਵਾ ਕੇ ਆਇਆ ਸੀ।
ਜਦੋਂ ਵੀਜ਼ਾ ਲੱਗ ਕੇ ਘਰੇ ਆਇਆ ਤਾਂ ਖ਼ੁਸ਼ੀ ਦੀ ਥਾਂ ਸੁਦਾਗਰ ਸਿਹੁੰ ਨੂੰ ਫ਼ਿਕਰ ਪੈ ਗਿਆ ਕਿ ਏਨੀ ਦੂਰ ਜਾਣਾ ਕਿਵੇਂ? ਉਹ ਗੱਡੀ ਵਿੱਚ ਬੈਠ ਦੋਵੇਂ ਜਣੇ ਸ਼ਹਿਰ ਤੱਕ ਨਹੀਂ ਜਾ ਸਕਦੇ। ਜੱਕੋ-ਤੱਕੀ ਕਰਦਿਆਂ ਤਿੰਨ ਮਹੀਨੇ ਲੰਘ ਗਏ ਕਿ ਸ਼ਾਇਦ ਕੋਈ ਕਨੇਡਾ ਤੋਂ ਆਵੇ ਤਾਂ ਉਹ ਸਾਥ ਨਾਲ ਆ ਜਾਣਗੇ, ਪਰ ਅਜਿਹਾ ਸਬੱਬ ਨਾ ਬਣਿਆ। ਓਧਰ ਸੁਦਾਗਰ ਸਿਹੁੰ ਦੀ ਜ਼ਿੱਦ ਕਿ ਜੇ ਦਲਜੀਤ ਨੇ ਲਿਜਾਣਾ ਤਾਂ ਆ ਕੇ ਲੈ ਜਾਵੇ, ‘ਕੱਲਿਆਂ ਨੇ ਅਸੀਂ ਗਵਾਚਣਾ ਥੋੜ੍ਹਾ? ਹਰਬੰਸ ਕੌਰ ਨੇ ਬਥੇਰਾ ਸਮਝਾਇਆ ਕਿ ਕਿਹੜਾ ਬੱਸੇ ਚੜ੍ਹ ਕੇ ਜਾਣਾ? ਜਹਾਜ਼ ਵਿੱਚ ਚੜ੍ਹ ਕੇ ਜਾਣਾ ਤੇ ਅੱਗੋਂ ਅਗਲਿਆਂ ਨੇ ਲੈ ਜਾਣਾ।
‘‘ਆਹੋ! ਤੂੰ ਜਾਣਾ ਨਾ ਜਲੰਧਰ। ਗੱਲਾਂ ਮਾਰਦੀ ਆ! ਨਾ ਬੋਲੀ ਆਉਂਦੀ ਐ, ਨਾ ਰਾਹ ਦਾ ਪਤਾ।'' ਜਦੋਂ ਸੁਦਾਗਰ ਸਿਹੁੰ ਉਚੀ ਬੋਲਿਆ ਤਾਂ ਹਰਬੰਸ ਕੌਰ ਸੁਣ ਕੇ ਚੁੱਪ ਹੋ ਗਈ। ਉਨ੍ਹਾਂ ਦੀ ਆਪਸ ਵਿੱਚ ਹੁੰਦੀ ਖਹਿਬੜਬਾਜ਼ੀ ਸੁਣ ਕੇ ਭਤੀਜਾ ਆ ਗਿਆ। ਉਸ ਨੇ ਪਿਆਰ ਨਾਲ ਸਮਝਾਇਆ, ‘‘ਚਾਚਾ ਜਹਾਜ਼ ਵਾਲੇ ਆਪੇ ਈ ਲੈ ਜਾਂਦੇ ਆ। ਕੋਈ ਗਵਾਚਣ ਦਾ ਡਰ ਨਈ ਹੁੰਦਾ।'' ਕੋਈ ਗੱਲ ਨਾ ਬਣਦੀ ਦੇਖ ਕੇ ਆਖ਼ਰ ਦਲਜੀਤ ਨੂੰ ਇੱਕ ਹਫ਼ਤੇ ਦੀਆਂ ਛੁੱਟੀਆਂ ਕਰਕੇ ਬੀਬੀ ਭਾਪੇ ਨੂੰ ਇੰਡੀਆ ਤੋਂ ਲੈਣ ਜਾਣਾ ਪਿਆ।
ਸੁਦਾਗਰ ਸਿਹੁੰ ਤੇ ਬੰਸੋ ਪਹਿਲੀ ਵਾਰੀ ਜਹਾਜ਼ ਵਿੱਚ ਚੜ੍ਹੇ, ਜਿਨ੍ਹਾਂ ਨੂੰ ਕਦੇ ਕਾਰ 'ਚ ਸ਼ਹਿਰ ਜਾਣਾ ਔਖਾ ਲੱਗਦਾ ਸੀ। ਜਹਾਜ਼ ਵਿੱਚ ਦਲਜੀਤ ਤਾਂ ਸੀਟ ਦੇ ਪਿੱਛੇ ਲੱਗੀ ਸਕਰੀਨ 'ਤੇ ਹਿੰਦੀ ਫ਼ਿਲਮ ਲਾ ਕੇ ਵੇਖਣ ਵਿੱਚ ਮਸਤ ਹੋ ਗਿਆ, ਪਰ ਸੁਦਾਗਰ ਸਹੁੰ ਸਕਰੀਨ 'ਤੇ ਆ ਰਹੇ ਕਿਲੋਮੀਟਰ ਵੇਖ ਵੇਖ ਘਬਰਾਈ ਜਾ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਦੁਨੀਆਂ ਤੋਂ ਏਨਾ ਦੂਰ ਜਾ ਰਿਹਾ ਸੀ ਜਿੱਥੋਂ ਮੁੜਨਾ ਨਾਮੁਮਕਿਨ ਸੀ। ਦਲਜੀਤ ਨੇ ਉਸ ਦੀ ਸੋਚਾਂ ਦੀ ਲੜੀ ਤੋੜਦਿਆਂ ਕਿਹਾ, ‘‘ਭਾਪਾ, ਬਸ ਥੋੜ੍ਹਾ ਹੀ ਰਹਿ ਗਿਆ, ਪਹੁੰਚ ਜਾਣਾ ਆਪਾਂ ਛੇਤੀ ਹੀ।''
‘‘ਇਹ ਕਨੇਡਾ ਵੀ ਰੱਬ ਦੀ ਧੁੰਨੀ 'ਚ ਈ ਬਣਾਇਆ ਲੱਗਦੈ ਰੱਬ ਨੇ।'' ਸੁਦਾਗਰ ਸਿਹੁੰ ਦੀ ਉਚੀ ਆਵਾਜ਼ ਸੁਣ ਕੇ ਲਾਗਲੀਆਂ ਸੀਟਾਂ 'ਤੇ ਬੈਠੇ ਪੰਜਾਬੀ ਹੱਸ ਪਏ। ਜਿਉਂ ਜਹਾਜ਼ ਆ ਕੇ ਲੱਗਾ, ਦਲਜੀਤ ਨੇ ਜੀਤੀ ਨੂੰ ਫੋਨ ਕਰ ਦਿੱਤਾ ਕਿ ਆ ਕੇ ਲੈ ਜਾ। ਉਨ੍ਹਾਂ ਦਾ ਘਰ ਏਅਰਪੋਰਟ ਤੋਂ ਬਹੁਤੀ ਦੂਰ ਨਹੀਂ ਸੀ। ਸਮਾਨ ਲੈਂਦਿਆਂ, ਇਮੀਗ੍ਰੇਸ਼ਨ ਕਰਾਉਂਦਿਆਂ ਉਨ੍ਹਾਂ ਨੂੰ ਟਾਈਮ ਲੱਗ ਜਾਣਾ ਸੀ। ਪੰਝੀ ਤੀਹ ਮਿੰਟਾਂ ਦੀ ਡਰਾਈਵ ਬਾਅਦ ਉਹ ਘਰ ਪਹੁੰਚੇ। ਅੰਦਰ ਵੜਦਿਆਂ ਹੀ ਸੁਦਾਗਰ ਸਿਹੁੰ ਤੇ ਬੰਸੋ ਨੇ ਆਪਣੀ ਨਿਗ੍ਹਾ ਘਰ ਦੇ ਹਰ ਖੂੰਜੇ ਘੁੰਮਾਈ ਤੇ ਸੋਫ਼ੇ 'ਤੇ ਬੈਠ ਗਏ। ਰਸਮੀ ਜਿਹੀਆਂ ਗੱਲਾਂ ਤੋਂ ਬਾਅਦ ਜੀਤ ਉਠੀ ਤੇ ਕਿਚਨ ਵੱਲ ਗਈ। ਨਾਲ ਹੀ ਉਨ੍ਹਾਂ ਨੂੰ ਖਾਣ ਬਾਰੇ ਪੁੱਛਿਆ ਕਿ ਪਹਿਲਾਂ ਚਾਹ ਹੀ ਬਣਾ ਲਵੇ ਕਿ ਰੋਟੀ ਖਾ ਲੈਣੀ ਹੈ? ‘‘ਨਹੀਂ ਰੋਟੀ ਨੂੰ ਤਾਂ ਬਿਲਕੁਲ ਚਿੱਤ ਨਹੀਂ, ਚਾਹ ਹੀ ਪੀਂਦੇ ਆਂ, ਕਿੰਨੇ ਦਿਨ ਹੋ ਗਏ ਘਰ ਦੀ ਚਾਹ ਪੀਤੀ ਨੂੰ।'' ਬੰਸੋ ਨੇ ਦੁਖੀ ਜਿਹੇ ਲਹਿਜੇ 'ਚ ਆਖਿਆ। ਫਿਰ ਬੋਲੀ, ‘‘ਜ੍ਹਾਜ ਵਿੱਚ ਤੱਤਾ ਪਾਣੀ ਮੱਥੇ ਮਾਰਿਆ ਉਨ੍ਹਾਂ ਨੇ। ਕੱਚੀ ਚਾਹ, ਪੱਤੀ ਦੀਆਂ ਪੁੜੀਆਂ ਤੇ ਨਾਲ ਹੀ ਦੁੱਧ ਦੀਆਂ ਡੱਬੀਆਂ, ਨਿੱਕੀਆਂ ਨਿੱਕੀਆਂ, ਗਲਾਸ 'ਚ ਤੱਤਾ ਪਾਣੀ। ਦਲਜੀਤ ਨੇ ਘੋਲ 'ਤਾ ਸਾਰਾ ਕੁਝ ਤੱਤੇ ਪਾਣੀ 'ਚ, ਅਖੇ ਬਣ ਗਈ ਚਾਹ। ਚਾਹ ਕਾਹਦੀ ਨਿਰਾ ਮੂਤ ਮਧਾਣਾ।''
‘‘ਹਾਂ ਜੀ, ਮੰਮੀ ਜਹਾਜ਼ ਵਿੱਚ ਤਾਂ ਇਵੇਂ ਦੀ ਹੁੰਦੀ ਗੋਰਿਆਂ ਦੀ ਚਾਹ,'' ਜੀਤ ਹੱਸਦੀ ਹੋਈ ਬੋਲੀ।
‘‘ਸੰਤਰੇ ਦਾ ਜੂਸ ਵੀ ਖੱਟਾ-ਟੀਟ,'' ਸੁਦਾਗਰ ਸਿਹੁੰ ਨੇ ਆਪਣੀ ਚੁੱਪ ਤੋੜੀ।
ਸੁਦਾਗਰ ਸਿਹੁੰ ਦੀ ਸਾਰੀ ਰਾਤ ਅੱਖਾਂ ਵਿੱਚ ਨਿਕਲ ਗਈ। ਉਹ ਪਿੰਡ ਤੋਂ ਕੈਨੇਡਾ ਦੀਆਂ ਦੂਰੀਆਂ ਮਾਪਦਾ ਰਿਹਾ। ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਬਹੁਤ ਦੂਰ ਕਿਸੇ ਹੋਰ ਦੁਨੀਆਂ ਵਿੱਚ ਆ ਗਿਆ ਹੋਵੇ।
ਅਗਲੇ ਦਿਨ ਸਵੇਰੇ ਉਠ ਕੇ ਜੀਤੀ ਅਤੇ ਦਲਜੀਤ ਗਰੌਸਰੀ ਵਗੈਰਾ ਲੈਣ ਚਲੇ ਗਏ, ਪਰ ਸੁਦਾਗਰ ਸਿਹੰੁ ਅਤੇ ਹਰਬੰਸ ਕੌਰ ਉਨ੍ਹਾਂ ਨਾਲ ਜਾਣ ਨੂੰ ਨਾ ਮੰਨੇ। ਮਗਰੋਂ ਆਪਣੀ ਪੱਗ ਹਰਬੰਸ ਕੌਰ ਨੂੰ ਫੜਾ ਕੇ ਸੁਦਾਗਰ ਸਿਹੁੰ ਬੋਲਿਆ, ‘‘ਹਰਬੱਸ ਕੌਰੇ, ਆਹ ਮੇਰੀ ਪੱਗ ਈ ਜ਼ਰਾ ਪਾਣੀ 'ਚ ਫ਼ੁਲਕ ਦੇ, ਕਈ ਦਿਨ ਹੋ ਗਏ ਬੰਨ੍ਹੀ ਫਿਰਦੇ ਨੂੰ।''
‘‘ਜੀਤੀ ਆਉਂਦੀ ਆ ਤਾਂ ਕਹਿੰਨੀ ਆਂ, ਮੈਨੂੰ ਤੇ ਏਥੋ ਦਾ ਕੋਈ ਸ੍ਹਾਬ-ਕਤਾਬ ਜਿਹਾ ਨਹੀਂ ਹਾਲੇ।''
‘‘ਲੈ, ਸ੍ਹਾਬ-ਕਤਾਬ ਨੂੰ ਕਿਹੜਾ ਮੁਨੀਮੀਂ ਕਰਨੀ ਐਂ? ਰਾਤ ਜਿੱਥੇ ਨਹਾਤੇ ਸੀ, ਓਥੇ ਈ ਪਾਣੀ ਛੱਡ ਕੇ ਧੋ ਦੇ।''
‘‘ਲਿਆ ਫੜਾ ਉਰੇ, ਫ਼ੁਲਕ ਦਿੰਨੀ ਆਂ।''
ਪੱਗ ਧੋਣ ਤੋਂ ਬਾਅਦ ਨਵੀਂ ਮੁਸੀਬਤ ਪੈ ਗਈ ਕਿ ਇਸ ਨੂੰ ਸੁੱਕਣੇ ਕਿੱਥੇ ਪਾਇਆ ਜਾਵੇ? ਸੁਦਾਗਰ ਸਿਹੁੰ ਨੇ ਸੋਫ਼ਿਆਂ 'ਤੇ ਪਾਉਣ ਲਈ ਕਿਹਾ ਤਾਂ ਹਰਬੰਸ ਕੌਰ ਨੇ ਇਹ ਕਹਿੰਦਿਆਂ ਮਨ੍ਹਾਂ ਕਰ ਦਿੱਤਾ ਕਿ ਜੇ ਸੋਫ਼ੇ ਗਿੱਲੇ ਹੋ ਗਏ ਤਾਂ ਨੂੰਹ-ਪੁੱਤ ਗੁੱਸਾ ਕਰਨਗੇ।
‘‘ਦਲਜੀਤ ਦੇ ਭਾਪਾ ਮੈਨੂੰ ਤੇ ਬਾਹਰ ਕੋਈ ਰੱਸੀ ਰੁੱਸੀ ਬੰਨ੍ਹੀ ਨਈ ਦਿੱਸਦੀ,'' ਬਾਹਰ ਵੱਲ ਵੇਖਦੀ ਹੋਈ ਹਰਬੰਸ ਕੌਰ ਬੋਲੀ।
ਸੁਦਾਗਰ ਸਿਹੁੰ ਬਾਹਰ ਵੱਲ ਦੇਖਦਿਆਂ ਕਹਿਣ ਲੱਗਾ, ‘‘ਆਹ ਲੱਕੜਾਂ ਦੀਆਂ ਕੰਧਾਂ ਕਾਹਦੇ ਲਈ ਕੱਢੀਆਂ ਇਨ੍ਹਾਂ ਨੇ? ਇਨ੍ਹਾਂ 'ਤੇ ਪਾ ਦੇ, ਇਹ ਕੱਪੜੇ ਸੁੱਕਣੇ ਪਾਉਣ ਲਈ ਹੀ ਐਂ।''
‘‘ਨਹੀਂ, ਮੈਨੂੰ ਨਹੀਂ ਲੱਗਦਾ, ‘‘ਬੰਸੋ ਬੋਲੀ, ‘‘ਇਹ ਤਾਂ ਵਿਹੜੇ 'ਚ ਵਾੜ ਕੀਤੀ ਐ ਕੋਈ ਕੁੱਤੇ ਬਿੱਲੇ ਤੋਂ।''
‘‘ਲੈ ਆਹ ਘਾਹ ਦੇਖ ਕਿੰਨਾ ਹਰਾ ਤੇ ਸੋਹਣਾ,'' ਹਰੇ ਭਰੇ ਘਾਹ ਨੂੰ ਵੇਖ ਕੇ ਖ਼ੁਸ਼ ਹੁੰਦਾ ਸੁਦਾਗਰ ਸਿਹੁੰ ਬੋਲਿਆ, ‘‘ਇਹਦੇ 'ਤੇ ਪਾ ਦੇ, ਝੱਟ ਸੁੱਕ ਜਾਣੀ ਆਂ।''
ਜਦੋਂ ਦਲਜੀਤ ਤੋਂ ਪਤਾ ਲੱਗਾ ਕਿ ਇਸ ਘਾਹ ਨੂੰ ਹਰਾ-ਭਰਾ ਰੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਖਾਦ-ਪਾਣੀ ਪਾਉਣਾ ਪੈਂਦਾ ਹੈ ਤੇ ਕੱਟਣਾ ਵੀ ਪੈਂਦਾ ਹੈ ਤਾਂ ਹਰਬੰਸ ਕੌਰ ਸੋਚਣ ਲੱਗੀ ਕਿ ‘‘ਹੈ ਪਾਗਲ, ਖਾਦਾਂ ਪਾਣੀ ਪਾ ਪਾ ਕੇ ਹਰਾ-ਕਚੂਰ ਕੀਤਾ ਘਾਹ ਐਂਵੇ ਸੁੱਟ ਦਿੰਦੇ ਆ। ਜੇ ਕਿਤੇ ਮੱਝ ਰੱਖੀ ਹੋਵੇ ਤਾਂ ਕਿੰਨਾ ਦੁੱਧ ਦੇਵੇ? ਏਨੇ ਵੱਡੇ ਵਿਹੜੇ 'ਚ ਤਾਂ ਮੱਝ ਝੱਟ ਰੱਜ ਜਾਇਆ ਕਰੇ। ਸਾਡੇ ਓਥੇ ਤਾਂ ਗੁੱਜਰਾਂ ਦੇ ਡੰਗਰਾਂ ਨੇ ਈ ਸਾਰਾ ਘਾਹ ਮਰੁੰਡਿਆ ਪਿਆ। ਮਰੁੰਡਿਆ ਕਰੁੰਡਿਆ ਘਾਹ ਚੁਗ ਚੁਗ ਕੇ ਈ ਉਨ੍ਹਾਂ ਦੀਆਂ ਮੱਝਾਂ ਆਥਣੇ ਬਾਲਟੀਆਂ ਭਰ ਦਿੰਦੀਆਂ ਦੁੱਧ ਦੀਆਂ।
ਦੋ-ਚਾਰ ਦਿਨ ਦਲਜੀਤ ਵੀ ਆ ਕੇ ਕੰਮ 'ਤੇ ਨਾ ਗਿਆ ਕਿ ਬੀਬੀ ਭਾਪੇ ਨੂੰ ਔਖਾ ਨਾ ਲੱਗੇ ਤੇ ਉਨ੍ਹਾਂ ਦਾ ਦਿਲ ਲੱਗ ਜਾਵੇ। ਦੋ-ਚਾਰ ਦਿਨ ਉਹ ਉਨ੍ਹਾਂ ਨੂੰ ਟੋਰਾਂਟੋ ਸ਼ਹਿਰ ਤੇ ਸਟੋਰਾਂ 'ਚ ਘੁਮਾਉਂਦਾ-ਫਿਰਾਉਂਦਾ ਰਿਹਾ। ਇੱਕ ਦਿਨ ਬੜੇ ਚਾਅ ਨਾਲ ਸੀ ਐਨ ਟਾਵਰ ਵਿਖਾਉਣ ਲੈ ਗਿਆ ਪਰ ਪਛਤਾਉਂਦਾ ਹੋਇਆ ਹੀ ਘਰ ਮੁੜਿਆ। ਬੀਬੀ ਤਾਂ ਸ਼ੀਸ਼ੇ ਵਿਚਲੀ ਥੱਲੇ ਵੇਖ ਕੇ ਏਨਾ ਡਰੀ ਕਿ ਖਿਸਕ ਕੇ ਪਿਛਾਂਹ ਕੰਧ ਨਾਲ ਜਾ ਲੱਗੀ ਤੇ ‘ਵਾਗਰੂ ਵਾਗਰੂ' ਕਰੀ ਗਈ।
ਸ਼ਾਮੀ ਘਰੇ ਆ ਕੇ ਗਲਾਸੀ ਲਾਉਂਦਿਆਂ ਸੁਦਾਗਰ ਸਿਹੁੰ ਆਖਣ ਲੱਗਾ, ‘‘ਓਏ ਦਲਜੀਤ, ਕਨੇਡਾ ਤੁਹਾਡਾ ਬਹੁਤ ਸੋਹਣਾ, ਬਾਹਲਾ ਸਾਫ਼-ਸੁਥਰਾ, ਇਹ ਦੱਸ ਕਿ ਅਸੀਂ ਵਾਪਸ ਕਦੋਂ ਜਾਣਾ?''
‘‘ਓ ਭਾਪਾ ਅਜੇ ਘੁੰਮ-ਫਿਰ ਕੇ ਦੇਖੋ, ਜਾਣ ਦੀ ਕਾਹਦੀ ਕਾਹਲੀ ਆ? ਅਖੇ ‘ਕੋਹ ਨਾ ਚੱਲੀ, ਬਾਬਾ ਤਿਹਾਈ।' ਜਿੱਦਾਂ ਦਾ ਘਰ ਓਥੇ ਛੱਡ ਕੇ ਆਏ, ਓਦਾਂ ਦਾ ਇਹ ਆ। ਬੜਾ ਕੁਝ ਦੇਖਣ ਵਾਲਾ ਏਥੇ। ਪਾਰਕ ਪੂਰਕ ਦਿਖਾਉਂਦੇ ਆਂ ਤੁਹਾਨੂੰ, ਉਹ ਦੇਖ ਆਇਆ ਕਰੋ,'' ਦਲਜੀਤ ਨੇ ਤਰਲਾ ਜਿਹਾ ਪਾਇਆ। ਪਰ ਸੁਦਗਾਰ ਸਿਹੁੰ ਦਾ ਦਮ ਘੁੱਟ ਰਿਹਾ ਸੀ।
ਬੇਸ਼ੱਕ ਦਲਜੀਤ ਸੁਦਾਗਰ ਸਿਹੁੰ ਨਾਲ ਦੋਸਤਾਂ ਵਰਗਾ ਵਰਤਾਓ ਕਰਦਾ ਸੀ ਤੇ ਹਰ ਤਰ੍ਹਾਂ ਉਸਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਵੀ ਕੁਝ ਹੀ ਦਿਨਾਂ ਬਾਅਦ ਸੁਦਾਗਰ ਸਿਹੁੰ ਘੁਟਨ ਜਿਹੀ ਮਹਿਸੂਸ ਕਰਨ ਲੱਗ ਪਿਆ। ਉਸ ਨੂੰ ਮੁੜ ਮੁੜ ਸੁੱਚੇ ਦੀ ਗੱਲ ਯਾਦ ਆ ਰਹੀ ਸੀ, ‘‘ਕਨੇਡਾ ਕਾਹਦਾ, ਛਲੇਡਾ ਆ, ਛਲੇਡਾ!'' ਏਧਰ ਬੰਸੋ ਅਤੇ ਸੁਦਾਗਰ ਸਿਹੰੁ ਨੂੰ ਤਾਂ ਘਰ 'ਚ ਕੋਈ ਦਾਲ-ਸਬਜ਼ੀ ਚੰਗੀ ਨਾ ਲੱਗੇ।
‘‘ਹੈਂ ਦਲਜੀਤ ਦੇ ਭਾਪਾ! ਏਧਰ ਤਾਂ ਦਾਲਾਂ ਸਬਜ਼ੀਆਂ ਵੀ ਫੁਕਲੀਆਂ ਫੁਕਲੀਆਂ ਜਿਹੀਆਂ ਬਣਦੀਆਂ।''
‘‘ਸਾਰਾ ਕੁਝ ਤੇ ਫਰਿੱਜਾਂ 'ਚੋਂ ਮਿਲਦਾ, ਏਥੇ ਕਿਹੜਾ ਤਾਜ਼ੀਆਂ ਆਉਂਦੀਆਂ ਖੇਤਾਂ 'ਚੋਂ, ਹਰਬੰਸ ਕੁਰੈ,'' ਉਸ ਨੇ ਤਰਕ ਦਿੱਤਾ।
‘‘ਓਦਾਂ ਹਨਾਂ ਹੈ ਸਾਰਾ ਕੁਝ ਖ਼ਾਲਸ ਏਥੇ, ਸਾਡੇ ਤਾਂ ਮਿਲਾਵਟਾਂ ਨੇ ਮਾਰ ਲਿਆ,'' ਮੂੰਹ ਬਣਾਉਂਦੀ ਬੰਸੋੋ ਬੋਲੀ।
‘‘ਚੱਲ ਹਰਬੰਸ ਕੁਰੇ, ਆਪਣੀ ਸਾਰੀ ਉਮਰ ਓਥੇ ਲੰਘਗੀ ਜਿਵੇਂ ਦੀ ਤਿਵੇਂ,'' ਸੁਦਾਗਰ ਸਿਹੁੰ ਬੋਲਿਆ, ‘‘ਐਥੇ ਹੈ ਤਾਂ ਸਭ ਕੁਝ ਸੋਹਣਾ, ਖਾਣਾ-ਪੀਣਾ ਸੋਹਣਾ, ਮਹਿਲਾਂ 'ਚ ਰਹਿੰਦੇ ਨੇ, ਫ਼ਲਾਂ ਨਾਲ ਇਨ੍ਹਾਂ ਦੀਆਂ ਫ਼ਰਿੱਜਾਂ ਭਰੀਆਂ ਨੇ। ਮਿਹਨਤਾਂ ਵੀ ਕਰਦੇ ਨੇ।'' ਫਿਰ ਥੋੜ੍ਹਾ ਰੁਕ ਕੇ ਬੋਲਿਆ, ‘‘ਪਰ ਆਪਣੇ ਲਈ ਏਥੇ ਔਖਾ, ਆਪਾਂ ਸਾਰਾ ਦਿਨ ਘਰੇ, ਨਿਆਣੇ ਵੀ ਸਕੂਲੇ। ਇਨ੍ਹਾਂ ਨੂੰ ਕਰਨ ਦਿਉ ਮੌਜਾਂ, ਇਨ੍ਹਾਂ ਦੇ ਦਿਨ ਆ, ਆਪਣੇ ਓਥੇ ਸੋਹਣੇ ਨਿਕਲੀ ਜਾਂਦੇ ਆ।''
ਹਰਬੰਸ ਕੌਰ ਕੁਝ ਨਾ ਬੋਲੀ ਤਾਂ ਸੁਦਾਗਰ ਸਿਹੁੰ ਫਿਰ ਬੋਲਿਆ, ‘‘ਚਲੋ ਦਿਨ ਤਾਂ ਇਨ੍ਹਾਂ ਦੇ ਸੋਹਣੇ ਨਿਕਲੀ ਜਾਂਦੇ ਆ ਹਰਬੰਸ ਕੌਰੇ ਪਰ ਜਿੰਨੇੇ ਪੈਸੇ ਇਹ ਏਥੇ ਏਡੇ ਘਰ 'ਤੇ ਖਰਚੀ ਬੈਠੇ ਆ ਜੇ ਕਿਤੇ ਇਹ ਇੰਡੀਆ ਭੇਜੇ ਹੁੰਦੇ ਤਾਂ ਚਾਰ ਕਿੱਲੇ ਹੋਰ ਬਣੇ ਹੋਣੇ ਸੀ। ਪਿੰਡ 'ਚ ਭੋਰਾ ਹੋਰ ਟੌਹਰ ਵਧਦਾ।'' ਉਹ ਹਰ ਸ਼ੈਅ ਨੂੰ ਇੰਡੀਆ ਨਾਲ ਜੋੜ ਕੇ ਵੇਖਦਾ ਸੀ।
‘‘ਦਲਜੀਤ ਦੇ ਭਾਪਾ ਕਦੇ ਖ਼ੁਸ਼ ਵੀ ਹੋ ਲਿਆ ਕਰ। ਸੋਹਣੇ ਮੁਲਖ 'ਚ ਪੁੱਤ ਆ ਗਿਆ, ਸੋਹਣਾ ਘਰ-ਬਾਰ ਬਣਾ ਲਿਆ। ਨਿਆਣੇ ‘ਗੇ੍ਰਜੀ ਸਕੂਲਾਂ 'ਚ ਗੋਰਿਆਂ ਦੇ ਨਿਆਣਿਆਂ ਦੇ ਬਰੋਬਰ ਪੜ੍ਹਦੇ ਐ। ਤੂੰ ਬਸ ਐਵੇਂ ਈ ਕੁੜ ਕੁੜ ਕਰਦਾ ਰਹਿੰਨਾਂ।''
‘‘ਉਹ ਤਾਂ ਤੇਰੀ ਗੱਲ ਠੀਕ ਆ ਹਰਬੰਸ ਕੁਰੇ, ਪਰ ਕੀ ਜ਼ਿੰਦਗੀ ਐਂ ਇਨ੍ਹਾਂ ਦੀ ਏਥੇ? ਆਹ ਦਲਜੀਤ ਕਿੰਨੇ ਦਿਨਾਂ ਦਾ ਟਰੱਕ ਤੋਂ ਨਈ ਮੁੜਿਆ। ਨੂੰਹ ਵੀ ਸਵੇਰੇ ਈ ਚਲੀ ਜਾਂਦੀ ਐ ਤੇ ਪੋਤੇ-ਪੋਤੀਆਂ ਕਦੀ ਦਿੱਸਦੇ ਈ ਨਈ। ਆਪਾਂ ਤਾਂ ਆਪਣੇ ਪਿੰਡ ਈ ਠੀਕ ਆਂ। ਓਥੇ ਕੋਈ ਮੂੁੰਹ-ਮੱਥੇ ਤਾਂ ਲੱਗਦਾ.. ਨਾਲੇਂ ਆਪਣੇ ਦੇਸ਼, ਆਪਣਾ ਘਰ ਐ ਓਥੇ।''
ਦਰਅਸਲ ਏਨੇ ਕੁ ਦਿਨਾਂ ਵਿੱਚ ਹੀ ਸੁਦਾਗਰ ਸਿਹੁੰ ਆਪਣੇ ਆਪ ਨੂੰ ਨਿਕੰਮਾ ਤੇ ਨੂੰਹ-ਪੁੱਤ 'ਤੇ ਨਿਰਭਰ ਹੋਇਆ ਮਹਿਸੂਸ ਕਰਨ ਲੱਗ ਪਿਆ ਸੀ। ਆਪਣੇ ਘਰ ਉਸ ਨੇ ਸਾਰੀ ਉਮਰ ਸਰਦਾਰੀ ਕੀਤੀ, ਹਰ ਕੰਮ ਉਹਦੀ ਮਰਜ਼ੀ ਨਾਲ ਹੁੰਦਾ ਤੇ ਘਰ ਦਾ ਹਰ ਜੀਅ ਉਸ ਨੂੰ ਪੁੱਛ ਕੇ ਤੁਰਦਾ ਸੀ। ਏਥੇ ਉਸਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਘਰੋਂ ਜਾਂਦਾ ਤੇ ਕਦੋਂ ਵਾਪਸ ਆਉਂਦਾ ਹੈ। ਬੱਚੇ ਅਕਸਰ ਆਪਸ ਵਿੱਚ ਅੰਗਰੇਜ਼ੀ ਬੋਲਦੇ ਜਿਸ ਨੂੰ ਹਰਬੰਸ ਕੌਰ ‘ਕੀਚਨ-ਮੀਚਨ' ਦੱਸਦੀ। ਨੂੰਹ-ਪੁੱਤ ਨੇ ਕੋਸ਼ਿਸ਼ ਕੀਤੀ ਕਿ ਬੀਬੀ ਭਾਪਾ ਕਦੇ ਪਾਰਕ ਹੀ ਜਾ ਆਇਆ ਕਰਨ। ਓਥੇ ਬਥੇਰੇ ਬਜ਼ੁਰਗ ਆ ਕੇ ਬੈਠਦੇ ਹਨ। ਪਰ ਸੁਦਾਗਰ ਸਿਹੁੰ ਦੀ ਪਾਰਕ ਵਿੱਚ ਵੀ ਦਾਲ ਨਾ ਗਲੀ। ਓਥੇ ਬਜ਼ੁਰਗਾਂ ਦੀਆਂ ਪੈਨਸ਼ਨ ਲੈਣ ਤੇ ਡਾਲਰ ਕਮਾਉਣ ਦੀਆਂ ਗੱਲਾਂ ਉਸਨੂੰ ਮੁੂਲ ਨਾ ਭਾਈਆਂ।
ਜੀਤੀ ਕੰਮ ਤੋਂ ਆਉਂਦੀ ਹੋਈ ਬੀਬੀ ਭਾਪੇ ਦੇ ਰੋਜ਼ ਦੇ ਆਪਸੀ ਵਾਰਤਾਲਾਪ ਬਾਰੇ ਸੋਚ ਰਹੀ ਸੀ। ਸੱਚੀ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਆਪਣੇ ਜ਼ੋਰ 'ਤੇ ਹੰਢਾਈ, ਆਪ ਰੱਖਿਆ-ਢੱਕਿਆ ਹੁੰਦਾ, ਉਨ੍ਹਾਂ ਦਾ ਵਿਦੇਸ਼ੀ ਧਰਤੀ 'ਤੇ ਕਿੱਥੇ ਦਿਲ ਲੱਗਦਾ? ਪਰਮਿੰਦਰ ਵੀ ਦੱਸਦੀ ਸੀ ਕਿ ਜਦੋਂ ਉਹਦਾ ਸੱਸ ਸਹੁਰਾ ਕਨੇਡਾ ਆਇਆ, ਵਾਹਵਾ ਉਨ੍ਹਾਂ ਦਾ ਇੰਡੀਆ ਕੰਮ-ਕਾਰ, ਕੋਠੀਆਂ, ਕਾਰਾਂ ਤੇ ਤਿੰਨ ਮੁੰਡੇ ਕਨੇਡਾ ਅਤੇ ਇੱਕ ਇੰਡੀਆ ਸੀ। ਬਜ਼ੁਰਗ ਹਫ਼ਤੇ ਬਾਅਦ ਹੀ ਕਾਹਲਾ ਪੈ ਗਿਆ। ਪਰਮਿੰਦਰ ਨੇ ਜਿੱਥੇ ਵੀ ਜਾਣਾ, ਨਾਲ ਲੈ ਜਾਣਾ। ਅਖ਼ਬਾਰਾਂ ਪੰਜਾਬੀ ਦੀਆਂ ਲਿਆ ਲਿਆ ਕੇ ਦੇਣੀਆਂ ਕਿ ਬਾਪੂ ਦਾ ਦਿਲ ਲੱਗਿਆ ਰਹੇ। ਪਰ ਕਿੱਥੇ! ਬਾਪੂ ਨੇ ਸਵੇਰੇ ਉਠਦੇ ਕਹਿਣਾ, ‘‘ਪੁੱਤ ਚੱਲ ਲਾ ਫ਼ੋਨ ਪਿੰਡ, ਪੁੱਛਾਂ ਕਿ ਕਿੰਨਾ ਕੁ ਰਹਿ ਗਿਆ ਝੋਨਾ ਚੁੱਕਣ ਵਾਲਾ? ਉਹ ਕਾਕਾ ਮੱਝਾਂ ਦੇ ਸੰਗਲਾਂ ਨੂੰ ਜਿੰਦੇ ਲਾ ਕੇ ਸੌਂਦਾ ਕਿ ਨਹੀਂ? ਹੋਰ ਕੋਈ ਪੰਜਾਹ ਪੰਜਾਹ ਹਜ਼ਾਰ ਦੀਆਂ ਮੱਝਾਂ ਖੋਲ੍ਹ ਕੇ ਲੈ ਜੇ।'' ਬਾਪੂ ਨੂੰ ਬਸ ਹਰ ਵੇਲੇ ਇੰਡੀਆ ਰਹਿੰਦੇ ਮੁੰਡੇ ਦਾ ਫ਼ਿਕਰ, ‘‘ਕੀ ਕਰਦਾ ਹੋਊ ਵਿਚਾਰਾ? ਭਈਆਂ ਵੱਲ ਗੇੜਾ ਮਾਰਦਾ ਹੋਊ, ਮੰਡੀ ਜਾਂਦਾ ਹੋਊ, ਕਿ ਡੰਗਰ ਵੱਛਾ ਦੇਖਦਾ ਹੋਊ?.. ਮੈਂ ਚੱਲ ਉਹਦੀ ਮਦਦ ਹੀ ਕਰ ਦਿੰਦਾ ਸੀ। ਮੰਡੀ ਜਾ ਬੈਠ ਜਾਂਦਾ ਸੀ, ਡੰਗਰ ਵੱਛੇ ਨੂੰ ਪਾਣੀ-ਧਾਣੀ ਡਾਹ ਦਿੰਦਾ ਸੀ। ਏਥੇ ਪੁੱਤ ਮੈਨੂੰ ਕੋਈ ਕੰਮ ਤਾਂ ਹੈਨੀ, ਮੇਰੀ ਟਿਕਟ ਕਰਾਓ ਤੇ ਭੇਜੋ ਇੰਡੀਆ।''
ਦਲਜੀਤ ਲੋਡ ਲਾ ਕੇ ਮੁੜਿਆ ਤਾਂ ਸਵੇਰੇ ਨਾਲ ਬੀਬੀ ਬਾਪੂ ਤੇ ਨਿਆਣਿਆਂ ਨੂੰ ਤਿਆਰ ਕਰ ਲੈ ਨਿਆਗਰਾ ਫ਼ੈਲਜ਼ ਨੂੰ ਤੁਰਿਆ। ਬਥੇਰੀ ਨਾਂਹ-ਨੁੱਕਰ ਕੀਤੀ ਬੇਬੇ ਬਾਪੂ ਨੇ, ਪਰ ਦਲਜੀਤ ਕਾਮਯਾਬ ਹੋ ਗਿਆ। ਰਾਹ 'ਚ ਹੈਮਿਲਟਨ ਤੱਕ ਪਹੁੰਚੇ ਤਾਂ ਭਾਪਾ ਕਹਿੰਦਾ, ‘‘ਓਏ ਦਲਜੀਤ! ਮੋੜ ਲਾ ਗੱਡੀ ਮਿੰਨਤ ਨਾਲ ਯਾਰ! ਅਸੀਂ ਨਹੀਂ ਦੇਖਣਾ ਜੋ ਵੀ ਉਹ ਹੈਗਾ। ਸਾਨੂੰ ਲੈ ਚੱਲ ਪਿਛਾਂਹ ਘਰ।''
‘‘ਲਉ ਆ ਗਿਆ, ਬਸ ਆ ਗਿਆ'' ਕਰਦਾ ਦਲਜੀਤ ਪਹੁੰਚ ਗਿਆ ਨਿਆਗਰਾ ਫ਼ਾਲਜ਼। ਕਾਰ ਪਾਰਕ ਕਰਕੇ ਉਹ ਫ਼ਾਲਜ ਦੇ ਕੰਢੇ ਪਹੁੰਚ ਗਏ। ਨੀਵੇਂ ਥਾਂ 'ਤੇ ਡਿੱਗਦਾ ਪਾਣੀ ਭਾਫ਼ ਬਣਕੇ ਉਚਾ ਉਡਦਾ ਬੱਦਲਾਂ ਦਾ ਰੂਪ ਧਾਰ ਰਿਹਾ ਸੀ ਤੇ ਕੁਝ ਭੂਰ ਮੀਂਹ ਦੇ ਰੂਪ ਵਿੱਚ ਲੋਕਾਂ 'ਤੇ ਡਿੱਗ ਰਹੀ ਸੀ। ਪਰ ਭਾਪੇ ਦੇ ਮਨ 'ਤੇ ਇਸਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਮਾੜਾ ਮੋਟਾ ਘੁੰਮ ਕੇ ਵਾਪਸ ਚਾਲੇ ਪਾ ਲਏ। ਨਾਲੇ ਭਾਪੇ ਦੀਆਂ ਰਾਹ 'ਚ ਖਰੀਆਂ ਖਰੀਆਂ ਸੁਣੀਆਂ, ‘‘ਨਾ ਆਹ ਦਰਿਆ ਅਸੀਂ ਪਹਿਲਾਂ ਨਹੀਂ ਸੀ ਦੇਖੇ, ਜਿਹੜੇ ਸਾਨੂੰ ਦਿਖਾਉਣ ਭੱਜਾ ਆਇਆ? ਸਤਲੁਜ ਦਰਿਆ ਨੇੜੇ ਈ ਵਗਦਾ ਸਾਡੇ। ਪਾਣੀ ਕੋਲੇ ਈ ਰਹਿੰਦੇ ਆਂ ਸਦਾ। ਬਥੇਰੇ ਹੜ੍ਹ ਹੰਢਾਏ ਆ ਆਪਣੇ ਹੱਡੀ। ਆਹ ਪਾਣੀ ਡਿੱਗਦਾ ਵਿਖਾਉਣ ਲਈ ਹੀ ਛੁੱਟੀ ਕਰਕੇ ਤੇ ਏਨਾ ਤੇਲ ਫ਼ੂਕ ਕੇ ਭੱਜਾ ਆਇਆ ਤੂੰ?''
ਦਲਜੀਤ ਦਾ ਵਿਚਾਰ ਸੀ ਕਿ ਕੁਝ ਦੇਰ ਓਥੇ ਠਹਿਰ ਕੇ ਉਹ ਫ਼ੋਟੋਆਂ ਖਿੱਚਣਗੇ ਤੇ ਫਿਰ ਮੈਰੀਨਲੈਂਡ ਜਾ ਕੇ ਮੱਛੀਆਂ ਦਾ ਸ਼ੋਅ ਵੇਖਣਗੇ ਪਰ ਸੁਦਾਗਰ ਸਿਹੁੰ ਨੇ ਕੁਝ ਦੇਰ ਬਾਅਦ ਹੀ ਰੌਲਾ ਪਾ ਦਿੱਤਾ ਕਿ ਉਸ ਨੇ ਕੁਝ ਨਹੀਂ ਵੇਖਣਾ, ਬਸ ਘਰ ਵਾਪਸ ਜਾਣਾ ਹੈ। ਤੇ ਨਿਆਣਿਆਂ ਦੇ ਰੌਲਾ ਪਾਉਂਦਿਆਂ ਉਹ ਘਰ ਮੁੜ ਆਏ। ਘਰ ਮੁੜੇ ਤਾਂ ਰੋਟੀ ਪਾਣੀ ਖਾ ਕੇ ਬੈਂਡਾਂ 'ਤੇ ਚਲੇ ਗਏ। ਸਵੇਰੇ ਉਠਦਿਆਂ ਜੀਤੀ ਜਦੋਂ ਥੱਲੇ ਆਈ ਤਾਂ ਸੁਦਾਗਰ ਸਿਹੁੰ ਤੇ ਬੰਸੋ ਟੀ ਵੀ ਦੇਖ ਰਹੇ ਸੀ। ਜੀਤੀ ਨੇ ਆਉਂਦਿਆਂ ਹੀ ਪੁੱਛਿਆ, ‘‘ਬੀਬੀ ਰਾਤ ਕੀ ਹੋਇਆ ਸੀ? ਇਵੇਂ ਲੱਗਦਾ ਜਿਵੇਂ ਸਾਰੀ ਰਾਤ ਤੁਸੀਂ ਸੁੱਤੇ ਨਹੀਂ।''
‘‘ਨਾ ਹੋਣਾ ਕੀ ਸੀ?'' ਬੰਸੋ ਬੋਲੀ, ‘‘ਤੇਰਾ ਭਾਪਾ ਪਾਸੇ ਮਾਰੀ ਜਾਵੇ, ਕਦੇ ਏਧਰ, ਕਦੇ ਓਧਰ! ਨਾ ਮੈਨੂੰ ਸੌਣ ਦੇਵੇ। ਹਾਰ ਕੇ ਮੈਂ ਆਖਿਆ ਨਹੀਂ ਨੀਂਦ ਆਉਂਦੀ ਤਾਂ ਜਾਹ ਉਠ ਕੇ ਥੱਲੇ ਚਲੇ ਜਾ। ਮੈਨੂੰ ਕਾਹਤੇ ਬੇਆਰਾਮ ਕੀਤਾ? ਮੈਨੂੰ ਵੀ ਆਪਣੇ ਨਾਲ ਈ ਸਜ਼ਾ ਦੇ ਰਿਹਾਂ? ਜਾ ਕੇ ਥੱਲੇ ਟੀਵੀ ਲਾ ਲੈੈ। ਬੱਤੀਆਂ ਬੁੱਤੀਆਂ ਨਾ ਜਗਾਉਂਦਾ ਫਿਰੀਂ, ਸਾਰਿਆਂ ਨੂੰ ਉਠਾ ਕੇ ਬਹਾ ਦੇਂਗਾ।''
ਸੁਦਾਗਰ ਸਿਹੁੰ ਦਾ ਰੋਜ਼ ਦਾ ਦਿਨ ਬੰਸੋ ਨਾਲ ਖਿਝ ਤਪ ਕੇ ਲੰਘ ਰਿਹਾ ਸੀ। ਜੀਤੀ ਇੱਕ ਦਿਨ ਬੰਸੋ ਨੂੰ ਵਾਲਮਾਰਟ ਲੈ ਗਈ। ‘‘ਚੱਲ ਮੰਮੀ ਤੁਹਾਨੂੰ ਝੱਟ ਫੇਰ ਲਿਆਵਾਂ।'' ਬੰਸੋ ਨਾਲ ਚਲੇ ਤਾਂ ਗਈ ਸੀ ਪਰ ਸਟੋਰ 'ਚ ਵੜਦਿਆਂ ਹੀ ਉਸਦਾ ਦਮ ਘੁੱਟਣ ਲੱਗ ਪਿਆ ਤੇ ਉਹ ਉਨ੍ਹੀਂ ਪੈਰਂੀਂ ਹੀ ਜੀਤੀ ਨੂੰ ਵਾਪਸ ਮੋੜ ਲਿਆਈ। ਲੇਕਿਨ ਘਰ ਵਿੱਚ ਉਸਦਾ ਜੀਅ ਲੱਗ ਰਿਹਾ ਸੀ। ਉਨ੍ਹਾਂ ਦੇ ਜਲਦੀ ਆ ਜਾਣ ਨਾਲ ਸੁਦਾਗਰ ਸਿਹੁੰ ਨੂੰ ਜਿਵੇਂ ਕਿਸੇ ਨਾ ਕਿਸੇ ਚੀਜ਼ ਦਾ ਬਹਾਨਾ ਹੀ ਚਾਹੀਦਾ ਸੀ, ‘‘ਨਾ ਦੇਖਿਆ ਸਵਾਦ? ਤੂੰ ਕਨੇਡਾ ਦੀ ਮਾਮੀ ਬਣਦੀ ਸੀ। ਨਾ ਤੈਨੂੰ ਆ ਪਈ ਨਹੀਂ ਜਾਣਾ। ਮਹਾਰਾਜ ਇੱਕ ਵਾਰੀ ਪਹੁੰਚਾ, ਮੁੜ ਕੇ ਨਹੀਂ ਆਉਂਦਾ। ਮੈਨੂੰ ਤਾਂ ਇਹ ਬੁੱਢੀ ਖਾ ਗਈ।''
‘‘ਨਾ ਤੈਨੂੰ ਕੋਈ ਬਹਾਨਾ ਚਾਹੀਦਾ। ਮੈਨੂੰ ਸਮਝ ਨਹੀਂ ਆਉਂਦੀ, ਹਾਏ ਹਾਏ ਇਹ ਬੰਦਾ ਕੀ ਕਰਦਾ?'' ਮੱਥੇ 'ਤੇ ਹੱਥ ਮਾਰ ਕੇ ਉਸ ਨੇ ਹਉਕਾ ਜਿਹਾ ਭਰਿਆ। ਥੋੜ੍ਹਾ ਰੁਕ ਕੇ ਬੋਲੀ, ‘‘ਨਾ ਕਾਹਨੂੰ ਫ਼ਿਕਰ ਕਰਦਾ? ਤੁਰ ਫਿਰ ਕੇ ਦੀਨ ਦੁਨੀਆ ਦੇਖ। ਜਾ ਕੇ ਤੂੰ ਏਨੀ ਛੇਤੀ ਦੇਣੀ ਦੀ ਛਿੱਕੂ ਲੈਣੇ ਆਂ?''
‘‘ਤੂੰ ਦੇਖ ਤੁਰ ਫਿਰ ਕੇ ਦੁਨੀਆਂ, ਮੈਂ ਬਥੇਰੀ ਦੇਖ ਲਈ,'' ਸੁਦਾਗਰ ਸਿਹੁੰ ਦੀ ਤਲਖ਼ੀ ਵਧਦੀ ਜਾਂਦੀ ਸੀ। ਜਿਉਂ ਜਿਉਂ ਦਿਨ ਪੈਂਦੇ ਜਾ ਰਹੇ ਸਨ, ਉਸ ਨੂੰ ਲੱਗਦਾ ਸੀ ਕਿ ਦਲਜੀਤ ਜਾਣ ਕੇ ਟਾਲ-ਮਟੋਲ ਕਰ ਰਿਹਾ ਹੈ, ਉਹ ਇਨ੍ਹਾਂ ਨੂੰ ਵਾਪਸ ਨਹੀਂ ਭੇਜਣਾ ਚਾਹੁੰਦਾ। ਉਹ ਸਾਰਾ ਦਿਨ ਹਰਬੰਸ ਕੌਰ ਨਾਲ ਖਿਝਦਾ ਰਹਿੰਦਾ, ‘‘ਤੈਨੂੰ ਹੀ ਅੱਗ ਲੱਗੀ ਸੀ ਆਉਣ ਦੀ, ਕਨੇਡਾ ਦੀ ਮਾਮੀ ਬਣਦੀ ਸੀ ਤੂੰ.. ਮੈਨੂੰ ਵੀ ਬੰਨ੍ਹ ਕੇ ਬਿਠਾ ਤਾ ਏਥੇ। ਨਾ ਕੋਈ ਕੰਮ ਨਾ ਕਾਰ, ਬੱਸ ਖਾ ਲਿਆ ਤੇ ਸੌ ਲਿਆ.. ਪਿੱਛੇ ਫ਼ਸਲਾਂ ਦਾ ਪਤਾ ਨਈ ਕੀ ਹਾਲ ਹੋਊ।''
ਹਰਬੰਸ ਕੌਰ ਨੇ ਆਪਣੀ ਨੂੰਹ ਨਾਲ ਗੱਲ ਕੀਤੀ ਤਾਂ ਨੂੰਹ ਨੇ ਭਾਪੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘‘ਭਾਪਾ ਜੀ, ਮਸਾਂ ਤਾਂ ਤੁਸੀਂ ਆਏ ਓ, ਥੋੜ੍ਹਾ ਚਿਰ ਤਾਂ ਹੋਰ ਰਹੋ।'' ਪਰ ਉਹ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਉਸ ਦੀ ਬੱਸ ਇੱਕੋ ਹੀ ਜ਼ਿੱਦ ਸੀ ਕਿ ਜੇ ਰੱਖਣਾ ਹੈ ਤਾਂ ਆਪਣੀ ਮਾਂ ਨੂੰ ਰੱਖ ਲਉ ਪਰ ਉਸ ਨੇ ਹਰ ਹਾਲ ਵਾਪਸ ਹੀ ਜਾਣਾ ਹੈ।
‘‘ਚੱਲ ਠੀਕ ਐ,'' ਜੀਤੀ ਬੋਲੀ, ‘‘ਮੈਂ ਕਰਦੀ ਆਂ ਦਲਜੀਤ ਨਾਲ ਗੱਲ, ਪਰ ਇੱਕ ਸ਼ਰਤ ਐ ਭਾਪਾ ਜੀ, ਕਿ ਜਿੰਨੇ ਦਿਨ ਤੁਸੀਂ ਰਹਿਣਾ, ਸਾਨੂੰ ਖ਼ੁਸ਼ ਰਹਿ ਕੇ ਵਿਖਾਉਣਾ, ਮੈਂ ਦਲਜੀਤ ਨੂੰ ਕਹਿਨੀ ਆਂ ਕਿ ਛੇਤੀ ਟਿਕਟ ਕਰਾ ਦੇਵੇ ਤੁਹਾਡੀ।'' ਬਸ ਫਿਰ ਕੀ ਸੀ, ਭਾਪਾ ਜੀ ਬਿਨਾਂ ਗੱਲ ਤੋਂ ਹੱਸੀ ਜਾਇਆ ਕਰਨ। ਕਿੱਥੇ ਗਾਲਾਂ ਦੀ ਵਰਖਾ ਹੁੰਦੀ ਸੀ ਤੇ ਕਿੱਥੇ ਹਾਸਿਆਂ ਦੀਆਂ ਫੁੱਲਝੜੀਆਂ। ਦਲਜੀਤ ਕੰਮ ਤੋਂ ਵਾਪਸ ਆਇਆ ਤਾਂ ਭਾਪੇ ਦੇ ਮੂੰਹ 'ਤੇ ਆਈ ਰੌਣਕ ਵੇਖ ਕੇ ਹੈਰਾਨ ਹੋ ਗਿਆ। ਕਿਚਨ ਵਿੱਚ ਕੰਮ ਕਰਦੀ ਜੀਤੀ ਕੋਲ ਜਾ ਕੇ ਹੌਲੀ ਜਿਹੀ ਪੁੱਛਦਾ, ‘‘ਆਹ ਭਾਪੇ ਨੂੰ ਕੀ ਕਰ 'ਤਾ ਮਗਰੋਂ? ਇਹ ਤਾਂ ਕੰਮ ਈ ਉਲਟਾ ਹੋਇਆ ਫਿਰਦਾ?'' ਦਲਜੀਤ ਖ਼ੁਸ਼ ਸੀ ਕਿ ਸ਼ੁਕਰ ਹੈ ਕਿ ਭਾਪੇ ਦੇ ਚਿਹਰੇ 'ਤੇ ਵੀ ਰੌਣਕ ਆਈ। ਜਦੋਂ ਜੀਤੀ ਨੇ ਗੱਲ ਦੱਸੀ ਤਾਂ ਪਹਿਲਾਂ ਉਹ ਖੁੱਲ੍ਹ ਕੇ ਹੱਸਿਆ ਤੇ ਫਿਰ ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਜੀਤੀ ਨੂੰ ਚਿਕਨ ਬਣਾਉਣ ਲਈ ਕਿਹਾ ਤੇ ਆਪ ਸਲਾਦ ਕੱਟਣ ਲੱਗ ਪਿਆ। ਸਲਾਦ ਕੱਟਣ ਤੋਂ ਬਾਅਦ ਇੱਕ ਪੈਂਗ ਭਾਪੇ ਲਈ ਤੇ ਦੂਸਰਾ ਆਪਣੇ ਲਈ ਪਾ ਕੇ ਉਹ ਭਾਪੇ ਕੋਲ ਆਣ ਬੈਠਾ। ਭਾਪੇ ਨੂੰ ਪੈਗ ਫੜਾਉਂਦਿਆਂ ਭਾਵੁਕ ਜਿਹਾ ਹੁੰਦਾ ਹੋਇਆ ਉਹ ਬੋਲਿਆ, ‘‘ਦੇਖ ਭਾਪਾ, ਤੇਰਾ ਸਾਰਾ ਪਰਵਾਰ ਏਥੇ, ਤੇਰੇ ਪੋਤਾ ਪੋਤੀ ਏਥੇ, ਏਥੇ ਵਧੀਆ ਖਾਣ ਨੂੰ, ਵਧੀਆ ਪਾਉਣ ਨੂੰ, ਫਿਰ ਕੀ ਸਾਡੇ ਕੋਲੋਂ ਕੋਈ ਗ਼ਲਤੀ ਹੋ ਗਈ ਜਿਹੜਾ ਤੂੰ ਏਥੇ ਇੱਕ ਪਲ ਵੀ ਰਹਿਣਾ ਨਹੀਂ ਚਾਹੁੰਦਾ?''
‘‘ਦਲਜੀਤ ਪੁੱਤਰਾ, ਇਹ ਗੱਲ ਨਹੀਂ, ਬੱਸ ਚਿੱਤ ਜਿਹਾ ਈ ਨਹੀਂ ਲੱਗਦਾ ਏਥੇ। ਤੂੰ ਸਾਨੂੰ ਜਾਣ ਦੇ ਇੰਡੀਆ।''
‘‘ਕੀ ਲੈਣਾ ਤੁੂੰ ਇੰਡੀਆ ਜਾ ਕੇ? ਸਭ ਕੁਝ ਤਾਂ ਏਥੇ ਐ ਤੁਹਾਡਾ।'' ਦਲਜੀਤ ਭਾਵੁਕ ਹੋਇਆ ਪਿਆ ਸੀ।
ਸੁਦਾਗਰ ਸਿਹੁੰ ਦਾ ਗੱਚ ਭਰ ਆਇਆ, ‘‘ਪੁੱਤ, ਇਹ ਠੀਕ ਐ ਕਿ ਤੁਸੀਂ ਮੇਰੀ ਜਿੰਦ ਜਾਨ ਓ। ਮੂਲ ਰੂੁਪ ਵਿੱਚ ਮੇਰੀ ਉਹ ਜੜ੍ਹ ਓ ਜਿਸ ਨੇ ਮੇਰੀ ਅੰਸ਼ ਨੂੰ ਅੱਗੇ ਜੀਂਦੀ ਰੱਖਣਾ ਐ। ਪਰ ਪੁੱਤ ਮੈਂ ਸਾਰੀ ਉਮਰ ਖੇਤੀ ਕੀਤੀ ਆ ਤੇ ਖੇਤੀ ਦੇ ਹਿਸਾਬ ਨਾਲ ਆਪਣੇ ਮਨ ਦੀ ਗੱਲ ਦੱਸ ਸਕਦਾਂ।'' ਦਲਜੀਤ ਗੰਭੀਰ ਹੋਇਆ ਭਾਪੇ ਦੀ ਗੱਲ ਸੁਣ ਰਿਹਾ ਸੀ, ‘‘ਪੁੱਤ ਛੋਟੇ ਜਿਹੇ ਬੂਟੇ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਲਾਈਏ ਤਾਂ ਇੱਕ ਵਾਰ ਤਾਂ ਉਹ ਥੋੜ੍ਹਾ ਜਿਹਾ ਕਮਲਾਉਂਦਾ ਪਰ ਛੇਤੀ ਹੀ ਫਿਰ ਤੁਰ ਪੈਂਦਾ। ਤੇ ਜੇ ਥੋੜ੍ਹਾ ਵੱਡਾ ਹੋਏ ਨੂੰ ਲਾਉਣਾ ਹੋਵੇ ਤਾਂ ਉਹ ਆਪਣੀਆਂ ਜੜ੍ਹਾਂ ਨਾਲ ਢੇਰ ਸਾਰੀ ਪਹਿਲੀ ਮਿੱਟੀ ਲੈ ਕੇ ਵੀ ਪੈਰਾਂ ਸਿਰ ਹੁੰਦਾ ਬਹੁਤ ਟੈਮ ਲੈਂਦਾ। ਪਰ ਜੇ ਵੱਡੇ ਹੋਏ ਰੁੱਖ ਨੂੰ ਕੋਈ ਇੱਕ ਜਗ੍ਹਾ ਤੋਂ ਪੁੱਟ ਕੇ ਦੂਸਰੇ ਥਾਂ ਲਾਉਣਾ ਚਾਹੇ ਤਾਂ ਜੜ੍ਹ ਨਵੀਂ ਮਿੱਟੀ ਨਹੀਂ ਫੜਦੀ, ਰੁੱਖ ਸੁੱਕ ਜਾਂਦਾ ਪੁੱਤ.. ਤੇ ਸਾਡੀਆਂ ਜੜ੍ਹਾਂ ਉਸ ਧਰਤੀ ਨਾਲ ਏਨੀਆਂ ਜੁੜ ਚੁੱਕੀਆਂ ਕਿ ਇਨ੍ਹਾਂ ਦਾ ਜਿਉਣ-ਮਰਨ ਹੁਣ ਉਸੇ ਹੀ ਮਿੱਟੀ ਨਾਲ ਬੱਝਾ ਰਹੇ ਤਾਂ ਚੰਗਾ.. ਸਾਨੂੰ ਓਸ ਮਿੱਟੀ 'ਚੋਂ ਪੁੱਟ ਕੇ ਸੁੱਕਣ ਲਈ ਮਜ਼ਬੂਰ ਨਾ ਕਰ ਪੁੱਤ..।''

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ