Welcome to Canadian Punjabi Post
Follow us on

29

March 2024
 
ਨਜਰਰੀਆ

ਹਾਕੀ ਦੇ ਸੁਨਹਿਰੇ ਯੁੱਗ ਦਾ ਸ਼ਾਹਸਵਾਰ

June 03, 2020 10:29 AM

-ਪ੍ਰਿੰਸੀਪਲ ਸਰਵਣ ਸਿੰਘ
ਬਲਬੀਰ ਸਿੰਘ ਬਿਧੀ ਚੰਦ ਦਾ ਵਾਰਸ ਹੈ। ਬਿਧੀ ਚੰਦ ਨੇ ਕਿਲੇ ਦੀ ਫਸੀਲ ਤੋਂ ਘੋੜਿਆਂ ਦੀਆਂ ਛਾਲਾਂ ਲੁਆਈਆਂ ਸਨ। ਉਸ ਦੇ ਦਸਵੇਂ ਵਾਰਸ ਬਲਬੀਰ ਸਿੰਘ ਨੇ ਹਾਕੀ ਦੇ ਗੋਲ ਕਰਨ 'ਚ ਵਿਸ਼ਵ ਰਿਕਾਰਡ ਰੱਖੇ ਹਨ।
ਉਸ ਦਾ ਜਨਮ 31 ਦਸੰਬਰ 1923 ਨੂੰ ਨਾਨਕੇ ਪਿੰਡ ਹਰੀਪੁਰ ਖਾਲਸਾ ਵਿੱਚ ਹੋਇਆ ਸੀ। ਉਸ ਦੇ ਪਿਤਾ ਸ੍ਰ. ਦਲੀਪ ਸਿੰਘ ਸਨ ਤੇ ਮਾਤਾ ਸਰਦਾਰਨੀ ਕਰਮ ਕੌਰ ਸੀ। ਹਾਕੀ ਦੀ ਖੇਡ ਦੇ ਇਸ ਯੁਗ ਪੁਰਸ਼ ਨੇ ਓਲੰਪਿਕ ਖੇਡਾਂ ਵਿੱਚੋਂ ਤਿੰਨ ਗੋਲਡ ਮੈਡਲ ਜਿੱਤੇ ਹਨ, ਜਿਸ ਕਰ ਕੇ ਉਸ ਨੂੰ ਗੋਲਡਨ ਹੈਟਿ੍ਰਕ ਵਾਲਾ ਬਲਬੀਰ ਵੀ ਕਿਹਾ ਜਾਂਦਾ ਹੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦੇ ਸੈਮੀਫਾਈਨਲ ਤੇ ਫਾਈਨਲ ਮੈਚਾਂ ਵਿੱਚ ਭਾਰਤੀ ਟੀਮ ਦੇ ਨੌਂ ਗੋਲਾਂ ਵਿੱਚੋਂ ਅੱਠ ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਫਾਈਨਲ ਮੈਚ ਵਿੱਚ ਭਾਰਤੀ ਟੀਮ ਦੇ ਛੇ ਗੋਲਾਂ 'ਚੋਂ ਉਸ ਦੇ ਪੰਜ ਗੋਲ ਸਨ, ਜੋ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਲੰਮਾ ਰਿਕਾਰਡ ਹੈ ਤੇ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਪੰਨਿਆਂ 'ਤੇ ਦਰਜ ਹੈ। ਸਾਲ 1957 ਵਿੱਚ ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਨੂੰ ਪਦਮ ਸ੍ਰੀ ਦੀ ਉਪਾਧੀ ਦਿੱਤੀ ਗਈ। ਪਦਮ ਭੂਸ਼ਣ ਤੇ ਭਾਰਤ ਰਤਨ ਤਾਂ ਕੀ ਦੇਣਾ ਸੀ, ਕਿਸੇ ਸਟੇਡੀਅਮ ਦਾ ਨਾਂਅ ਵੀ ਓਲੰਪੀਅਨ ਬਲਬੀਰ ਸਿੰਘ ਹਾਕੀ ਸਟੇਡੀਅਮ ਨਹੀਂ ਰੱਖਿਆ ਗਿਆ। ਲੰਡਨ ਓਲੰਪਿਕ 2012 ਮੌਕੇ ਓਲੰਪਿਕ ਖੇਡਾਂ ਦੇ ਸਫਰ 'ਚੋਂ ਚੁਣੇ ਗਏ 16 ਆਈਕੋਨਿਕ ਓਲੰਪੀਅਨਜ਼ ਵਿੱਚੋਂ ਬਲਬੀਰ ਸਿੰਘ ਇੱਕ ਹੈ। ਹਾਕੀ ਦਾ ਸਿਰਫ ਉਹੀ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ।
ਬਲਬੀਰ ਸਿੰਘ ਦਾ ਬਚਪਨ ਪਿੰਡ ਹਰੀਪੁਰ ਤੇ ਮੋਗੇ ਸ਼ਹਿਰ ਵਿੱਚ ਬੀਤਿਆ। ਉਸ ਦੀ ਬੋਲ ਚਾਲ ਵਿੱਚ ਦੁਆਬੇ, ਮਾਲਵੇ ਦੀ ਮਿੱਸ ਸੀ। ਉਸ ਦੇ ਪਿਤਾ ਜੀ ਮੋਗੇ ਦੇਵ ਸਮਾਜ ਸਕੂਲ ਵਿੱਚ ਅਧਿਆਪਕ ਲੱਗ ਗਏ ਅਤੇ ਬਲਬੀਰ ਹੋਰਾਂ ਨੂੰ ਮੋਗੇ ਲੈ ਗਏ। ਉਥੇ ਉਹ ਸਕੂਲ ਕੋਲ ਬਚਨ ਸਿੰਘ ਦੇ ਅਹਾਤੇ ਵਿੱਚ ਰਹਿਣ ਲੱਗੇ। ਬਲਬੀਰ ਸਿੰਘ ਦਰਾਂ 'ਚ ਬੈਠਾ ਸਕੂਲ ਦੇ ਵਿਦਿਆਰਥੀਆਂ ਨੂੰ ਹਾਕੀ ਖੇਡਦੇ ਵੇਖਦਾ। ਹਾਕੀ ਦਾ ਗਰਾਊਂਡ ਬੂਹੇ ਦੇ ਸਾਹਮਣੇ ਸੀ। ਉਸ ਦਾ ਦਿਲ ਹਾਕੀ ਖੇਡਣ ਨੂੰ ਕਰਦਾ, ਪਰ ਹਾਲੇ ਬੱਚਾ ਹੋਣ ਕਾਰਨ ਕੋਈ ਹਾਕੀ ਨਾ ਫੜਾਉਂਦਾ। ਜਦੋਂ ਉਸ ਦਾ ਜਨਮ ਦਿਨ ਆਇਆ, ਪਿਤਾ ਨੇ ਪੁੱਤ ਦੀ ਮੰਗ ਮੁਤਾਬਕ ਤੋਹਫੇ ਵਜੋਂ ਹਾਕੀ ਦਿੱਤੀ। ਜਿਹੜੀ ਵੀ ਸ਼ੈਅ ਸਾਹਮਣੇ ਦਿੱਸੀ, ਉਹ ਉਹਦੇ ਟੱਲੇ ਲਾਉਣ ਲੱਗਦਾ। ਦੇਵ ਸਮਾਜ ਸਕੂਲ ਦੇ ਮੈਦਾਨ ਵਿੱਚ ਸਕੂਲ ਦੀਆਂ ਏ, ਬੀ ਤੇ ਸੀ ਤਿੰਨ ਟੀਮਾਂ ਹਾਕੀ ਖੇਡਦੀਆਂ ਸਨ। ਸਕੂਲ ਦੇ ਮੁਖੀ ਸ੍ਰੀਮਾਨ ਈਸ਼ਰ ਸਿੰਘ ਖੁਦ ਵਿਦਿਆਰਥੀਆਂ ਨਾਲ ਹਾਕੀ ਖੇਡਣ ਲੱਗ ਜਾਂਦੇ। ਹਾਕੀ ਮਿਲਣ ਨਾਲ ਬਲਬੀਰ ਸਿੰਘ ਵੀ ਹਾਕੀ ਖੇਡਣ ਦੀ ਪ੍ਰੈਕਟਿਸ ਕਰਨ ਲੱਗਾ। ਉਹ ਪਹਿਲਾਂ ‘ਸੀ’ ਟੀਮ ਵਿੱਚ ਗੋਲਚੀ ਖੇਡਿਆ। ਫਿਰ ‘ਬੀ’ ਅਤੇ ‘ਸੀ’ ਟੀਮ ਵਿੱਚ ਖੇਡਣ ਲਈ ਤਰੱਕੀ ਕਰ ਗਿਆ ਤੇ ਗੋਲ ਪੋਸਟ 'ਚੋਂ ਨਿਕਲ ਕੇ ਫੁੱਲ ਬੈਕ ਖੇਡਣ ਲੱਗ ਪਿਆ। ਸਕੂਲ ਦੀਆਂ ਟੀਮਾਂ ਵਿੱਚ ਖੇਡਣ ਪਿੱਛੋਂ ਬਲਬੀਰ ਸਿੰਘ ਡੀ ਐੱਮ ਕਾਲਜ ਮੋਗੇ ਦੀ ਹਾਕੀ ਟੀਮ ਵਿੱਚ ਫੁੱਲ ਬੈਕ ਖੇਡਿਆ।
ਹਾਕੀ ਉਹਦਾ ਜਨੂੰਨ ਸੀ, ਜਿਸ ਨਾਲ ਪੜ੍ਹਾਈ ਪਿੱਛੇ ਜਾ ਪਈ। ਇਮਤਿਹਾਨ ਹੋਇਆ ਤਾਂ ਬਲਬੀਰ ਸਿੰਘ ਨੂੰ ਲੱਗਾ ਕਿ ਉਸ ਦੇ ਪਰਚੇ ਚੰਗੇ ਨਹੀਂ ਹੋਏ। ਨਤੀਜਾ ਆਇਆ ਤਾਂ ਉਹ ਅਛੋਪਲੇ ਕਾਲਜ ਚਲਾ ਗਿਆ। ਨਤੀਜਾ ਉਹੀ ਸੀ ਜੀਹਦਾ ਡਰ ਸੀ। ਉਹ ਉਨ੍ਹੀਂ ਪੈਰੀਂ ਪਰਤਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਇਮਤਿਹਾਨ 'ਚੋਂ ਫੇਲ੍ਹ ਹੋਣਾ ਉਹਦੇ ਲਈ ਵੱਡੀ ਨਮੋਸ਼ੀ ਸੀ। ਉਹ ਸੋਚਣ ਲੱਗਾ ਕਿ ਆਪਣੇ ਮਾਤਾ ਪਿਤਾ ਨੂੰ ਕੀ ਮੂੰਹ ਵਿਖਾਏਗਾ? ਸ਼ਰਮਿੰਦਗੀ ਦਾ ਮਾਰਿਆ ਘਰ ਜਾਣ ਦੀ ਥਾਂ ਸਕੂਲ ਚਲਾ ਗਿਆ, ਜੋ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਸੀ। ਨਜ਼ਰਾਂ ਬਚਾ ਕੇ ਪੌੜੀਆਂ ਚੜ੍ਹਦਾ ਉਹ ਛੱਤ ਉਤੇ ਜਾ ਚੜ੍ਹਿਆ। ਛੱਤ ਉੱਤੇ ਘਿਸਰਦਾ ਇੱਕ ਸਾਏਬਾਨ ਹੇਠਾਂ ਜਾ ਲੁਕਿਆ। ਛਾਹ ਵੇਲਾ ਹੋਇਆ ਤਾਂ ਬਲਬੀਰ ਸਿੰਘ ਨੂੰ 'ਵਾਜ਼ਾਂ ਪੈਣ ਲੱਗੀਆਂ। ਸਾਰੇ ਹੈਰਾਨ ਸਨ ਕਿ ਉਹ ਗਿਆ ਕਿੱਥੇ? ਫਿਰ ਵਿਚਲੀ ਗੱਲ ਦਾ ਪਤਾ ਲੱਗਾ ਕਿ ਉਹ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਿਐ। ਘਰ ਦੇ ਤੇ ਆਂਢੀ ਗੁਆਂਢੀ ਉਸ ਨੂੰ ਆਲੇ ਦੁਆਲੇ ਲੱਭਣ ਲੱਗੇ। ਕੋਈ ਰੇਲ ਦੀ ਲਾਈਨ ਵੱਲ ਗਿਆ ਕਿਤੇ ਗੱਡੀ ਹੇਠ ਹੀ ਨਾ ਆ ਗਿਆ ਹੋਵੇ। ਕੋਈ ਪੁਲਸ ਸਟੇਸ਼ਨ ਗਿਆ ਕਿ ਮਾੜੀ ਵਾਰਦਾਤ ਨਾ ਵਰਤ ਗਈ ਹੋਵੇ।
ਬਲਬੀਰ ਸਿੰਘ ਛੱਤ ਉਤੇ ਸਾਏਬਾਨ ਹੇਠ ਘਰ ਦੇ ਜੀਆਂ ਦੀ ਘਬਰਾਹਟ ਦਾ ਦਿ੍ਰਸ਼ ਵੇਖੀ ਜਾਂਦਾ ਸੀ। ਉਸ ਦੇ ਮਨ ਵਿੱਚ ਆਪਣੇ ਪਿਤਾ ਜੀ ਦਾ ਖਿਆਲ ਆਇਆ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ ਤੇ ਪਰਵਾਰ ਦੀ ਪਾਲਣਾ ਲਈ ਮਿਸ਼ਨਰੀ ਸਕੂਲ ਵਿੱਚ ਅਧਿਆਪਕ ਬਣਿਆ ਸੀ। ਉਸ ਨੂੰ ਡਰ ਸੀ ਕਿ ਉਹਦੇ ਫੇਲ੍ਹ ਹੋ ਜਾਣ ਦੀ ਪਿਤਾ ਜੀ ਪਤਾ ਨਹੀਂ ਕੀ ਸਜ਼ਾ ਦੇਣ? ਉਹ ਉਨ੍ਹਾਂ ਦੇ ਮੱਥੇ ਲੱਗੇ ਤਾਂ ਕਿਵੇਂ ਲੱਗੇ?
ਮਾਂ ਦਾ ਬੁਰਾ ਹਾਲ ਵੇਖ ਕੇ ਅਚਾਨਕ ਬਲਬੀਰ ਸਿੰਘ ਦੇ ਅੰਦਰੋਂ ਮਾਂ ਲਈ ਮੋਹ ਜਾਗਿਆ। ਉਹ ਉਠਿਆ, ਪੌੜੀਆਂ ਉਤਰਿਆ ਤੇ ਲੜਖੜਾਉਂਦੇ ਕਦਮੀਂ ਘਰ ਦਾ ਬੂਹਾ ਲੰਘਿਆ। ਉਹਦੀ ਨੀਵੀਂ ਪਾਈ ਹੋਈ ਸੀ। ਪਿਤਾ ਜੀ ਵੇਖਦੇ ਰਹੇ ਤੇ ਕੁਝ ਨਾ ਬੋਲੇ। ਮਾਤਾ ਦੀ ਮਮਤਾ ਨੇ ਪੁੱਤਰ ਨੂੰ ਕਲਾਵੇ ਵਿੱਚ ਲੈ ਲਿਆ। ਉਸ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਾ ਰਿਹਾ। ਭੈਣ ਗੁਰਬਚਨ ਹੰਝੂ ਪੂੰਝਦੀ ਰਸੋਈ ਵੱਲ ਚਲੀ ਗਈ ਤੇ ਮਾਸੀ ਦੇ ਪੁੱਤ ਦਰਸ਼ਨ ਸਿੰਘ ਨੇ ਬਲਬੀਰ ਨੂੰ ਆ ਜੱਫੀ ਪਾਈ। ਉਹਦੇ ਨਤੀਜੇ ਦੀ ਕਿਸੇ ਨੇ ਕੋਈ ਗੱਲ ਹੀ ਨਹੀਂ ਸੀ ਕੀਤੀ। ਕਈ ਦਿਨ ਉਹ ਨਮੋਸ਼ੀ ਵਿੱਚ ਡੁੱਬਿਆ ਰਿਹਾ ਕਿ ਉਸ ਨੇ ਆਪਣੇ ਘਰ ਦਿਆਂ ਨੂੰ ਕਿੰਨਾ ਤੜਫਾਇਆ ਸੀ। ਉਹ ਨਾ ਕੁਝ ਖਾਂਦਾ ਪੀਂਦਾ ਤੇ ਨਾ ਬਾਹਰ ਨਿਕਲਦਾ।
ਇੱਕ ਦਿਨ ਉਸ ਦੇ ਪਿਤਾ ਜੀ ਨੇ ਦਰਸ਼ਨ ਸਿੰਘ ਨੂੰ ਕਿਹਾ ਕਿ ਇਹਦਾ ਰਉਂ ਬਦਲਣ ਲਈ ਕੁਝ ਦਿਨ ਲਾਹੌਰ ਅੰਮ੍ਰਿਤਸਰ ਵੱਲ ਜਾ ਆਓ। ਦਰਸ਼ਨ ਸਿੰਘ ਤੇ ਬਲਬੀਰ ਸਿੰਘ ਮੋਗੇ ਤੋਂ ਅੰਮ੍ਰਿਤਸਰ ਚਲੇ ਗਏ। ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਫਿਰ ਖਾਲਸਾ ਕਾਲਜ ਵਿੱਚ ਹਰਬੇਲ ਸਿੰਘ ਨੂੰ ਮਿਲੇ। ਦਰਸ਼ਨ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਹਾਕੀ ਦਾ ਖਿਡਾਰੀ ਹੈ ਤੇ ਕਾਲਜ ਵਿੱਚ ਦਾਖਲ ਕਰਾਉਣ ਲਿਆਂਦਾ ਹੈ। ਬਲਬੀਰ ਸਿੰਘ ਨੂੰ ਖਿਡਾ ਕੇ ਵੇਖਿਆ ਤਾਂ ਹਰਬੇਲ ਸਿੰਘ ਨੂੰ ਉਸ ਵਿੱਚ ਹੋਣਹਾਰੀ ਦਿੱਸੀ, ਪਰ ਉਹ ਕਾਲਜ ਦੀ ਟੀਮ ਵਿੱਚ ਪਾਉਣ ਦੇ ਯੋਗ ਨਾ ਸਮਝਿਆ ਗਿਆ। ਗਿਆਨੀ ਦਲੀਪ ਸਿੰਘ ਦਾ ਇੱਕ ਦੋਸਤ ਆਰ ਐੱਸ ਗਿੱਲ ਸਿੱਖ ਨੈਸ਼ਨਲ ਕਾਲਜ ਲਾਹੌਰ ਦਾ ਪ੍ਰੋਫੈਸਰ ਸੀ। ਹਰਬੇਲ ਸਿੰਘ ਵੱਲੋਂ ਜਵਾਬ ਮਿਲਣ ਪਿੱਛੋਂ ਵਾਪਸ ਮੋਗੇ ਮੁੜਨ ਦੀ ਥਾਂ ਉਹ ਲਾਹੌਰ ਚਲੇ ਗਏ ਜਿੱਥੇ ਬਲਬੀਰ ਸਿੰਘ ਨੂੰ ਸਿੱਖ ਨੈਸ਼ਨਲ ਕਾਲਜ ਵਿੱਚ ਦਾਖਲ ਕਰ ਲਿਆ ਗਿਆ। ਉਨ੍ਹੀਂ ਦਿਨੀਂ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੀ ਹਾਕੀ ਲੀਗ ਚਲਦੀ ਸੀ। ਏ ਲੀਗ ਵਿੱਚ ਲਾਹੌਰ ਦੇ ਵੱਡੇ ਕਾਲਜਾਂ ਦੀਆਂ ਟੀਮਾਂ ਸਨ। ਸਿੱਖ ਨੈਸ਼ਨਲ ਕਾਲਜ ਦੀ ਟੀਮ ਬੀ ਲੀਗ ਵਿੱਚ ਸੀ, ਜੋ ਕਦੇ ਏ ਗਰੇਡ ਵਿੱਚ ਨਹੀਂ ਸੀ ਪਹੁੰਚ ਸਕੀ। ਬਲਬੀਰ ਸਿੰਘ ਸਿੱਖ ਨੈਸ਼ਨਲ ਕਾਲਜ ਦੀ ਹਾਕੀ ਟੀਮ ਵਿੱਚ ਚੁਣਿਆ ਗਿਆ। ਸਿੱਖ ਨੈਸ਼ਨਲ ਕਾਲਜ ਨੇ ਬੀ ਲੀਗ ਦੀ ਚੈਂਪੀਅਨਸ਼ਿਪ ਜਿੱਤ ਲਈ। ਇਸ ਲੀਗ ਵਿੱਚ ਸਭ ਤੋਂ ਵੱਧ ਗੋਲ ਬਲਬੀਰ ਸਿੰਘ ਨੇ ਕੀਤੇ। ਸਿੱਖ ਨੈਸ਼ਨਲ ਕਾਲਜ ਦਾ ਅਗਲਾ ਮੁਕਾਬਲਾ ਦਿਆਲ ਸਿੰਘ ਕਾਲਜ ਨਾਲ ਸੀ, ਜੋ ਸਿੱਖ ਨੈਸ਼ਨਲ ਕਾਲਜ ਨੇ ਜਿੱਤ ਲਿਆ। ਹਾਕੀ ਦੇ ਮੈਚ ਮੁੱਕੇ ਤਾਂ ਬਾਰ੍ਹਵੀਂ ਦੇ ਇਮਤਿਹਾਨ ਵਿੱਚ ਕੇਵਲ ਇੱਕ ਮਹੀਨਾ ਰਹਿ ਗਿਆ। ਮਿਹਨਤ ਸਦਕਾ ਬਲਬੀਰ ਦਾ ਐੱਫ ਏ ਦਾ ਇਮਤਿਹਾਨ ਚੰਗਾ ਹੋ ਗਿਆ ਤੇ ਉਹ ਖੁਸ਼ੀ-ਖੁਸ਼ੀ ਮੋਗੇ ਚਲਾ ਗਿਆ। ਪਿਛਲੀ ਸਾਰੀ ਗਿਲਾਨੀ ਭੁੱਲ ਗਈ।
ਓਦੋਂ ਬਲਬੀਰ ਸਿੰਘ ਦੇ ਪਿਤਾ ਨੂੰ ਹਰਬੇਲ ਸਿੰਘ ਦੀਆਂ ਚਿੱਠੀਆਂ ਆਉਣ ਲੱਗ ਪਈਆਂ ਕਿ ਬਲਬੀਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਕਰਾਓ। ਪਿਤਾ ਦੀ ਇੱਛਾ ਅਨੁਸਾਰ ਬੱਧਾ ਰੁੱਧਾ ਬਲਬੀਰ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਜਾ ਦਾਖਲ ਹੋਇਆ, ਪਰ ਹਰਬੇਲ ਸਿੰਘ ਨੇ ਪਿੱਛਾ ਨਾ ਛੱਡਿਆ। ਪਿਤਾ ਨੇ ਭਾਂਪ ਲਿਆ ਕਿ ਬਲਬੀਰ ਦਿਲੋਂ ਖਾਲਸਾ ਕਾਲਜ ਜਾਣਾ ਚਾਹੁੰਦਾ ਹੈ, ਜੋ ਉਸ ਦੀ ਖੇਡ ਲਈ ਚੰਗਾ ਰਹੇਗਾ। ਇੱਕ ਮਹੀਨੇ ਬਾਅਦ ਪਿਤਾ ਨੇ ਪੱਤਰ ਭੇਜ ਕੇ ਬਲਬੀਰ ਸਿੰਘ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਚਾਹੇ ਤਾਂ ਖਾਲਸਾ ਕਾਲਜ ਵਿੱਚ ਜਾ ਸਕਦਾ ਹੈ। ਖਾਲਸਾ ਕਾਲਜ ਵਿੱਚ ਹਰਬੇਲ ਸਿੰਘ ਦੀ ਕੋਚਿੰਗ ਨੇ ਉਹਦੇ ਲਈ ਚੋਟੀ ਦਾ ਹਾਕੀ ਖਿਡਾਰੀ ਬਣਨ ਦੇ ਦਰ ਖੋਲ੍ਹ ਦਿੱਤੇ।
ਮਦਰਾਸ ਦਾ ਇੱਕ ਟੂਰਨਾਮੈਂਟ ਖੇਡ ਕੇ ਉਹ ਮੋਗੇ ਮੁੜਿਆ ਤਾਂ ਉਹਦੇ ਗ੍ਰੈਜੂਏਟ ਹੋਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਦੇਵ ਸਮਾਜ ਸਕੂਲ ਦੇ ਅਧਿਆਪਕਾਂ ਨੂੰ ਚਾਅ ਚੜ੍ਹਿਆ ਹੋਇਆ ਸੀ। ਉਨ੍ਹਾਂ ਵਿੱਚ ਸ੍ਰ. ਅਜਮੇਰ ਸਿੰਘ ਸਿੱਧੂ ਮੁੱਖ ਅਧਿਆਪਕ ਸ੍ਰੀਮਾਨ ਈਸ਼ਰ ਸਿੰਘ ਜੀ ਦੇ ਭਤੀਜੇ ਸਨ। ਬਲਬੀਰ ਸਿੰਘ ਉਨ੍ਹਾਂ ਨੂੰ ਮਾਸੜ ਜੀ ਕਹਿੰਦਾ ਸੀ। ਲਾਹੌਰ ਦਾ ਨਾਰਾਇਣ ਸਿੰਘ ਸੰਧੂ ਦਾ ਪਰਵਾਰ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਸੀ, ਜਿਨ੍ਹਾਂ ਦੀ ਮਾਡਲ ਟਾਊਨ ਵਿੱਚ ਕੋਠੀ ਸੀ। ਉਨ੍ਹਾਂ ਨੇ ਅਜਮੇਰ ਸਿੰਘ ਨੂੰ ਕਿਹਾ ਹੋਇਆ ਸੀ ਕਿ ਉਨ੍ਹਾਂ ਦੀ ਕਾਲਜ ਵਿੱਚ ਪੜ੍ਹਦੀ ਲੜਕੀ ਸੁਸ਼ੀਲ ਲਈ ਕਿਸੇ ਚੰਗੇ ਪਰਵਾਰ ਦੇ ਹੋਣਹਾਰ ਮੁੰਡੇ ਦੀ ਦੱਸ ਪਾਓ। ਉਨ੍ਹਾਂ ਚਿੱਠੀ ਫੜਾਉਣ ਬਹਾਨੇ ਬਲਬੀਰ ਸਿੰਘ ਨੂੰ ਭੇਜਿਆ। ਮੁੰਡਾ ਸੰਧੂ ਪਰਵਾਰ ਨੂੰ ਪਸੰਦ ਸੀ। ਕੁੜੀ ਮੁੰਡੇ ਨੇ ਗੱਲਬਾਤ ਭਾਵੇਂ ਕੋਈ ਨਾ ਕੀਤੀ, ਪਰ ਪਹਿਲੀ ਤੱਕਣੀ ਵਿੱਚ ਪਰਸਪਰ ਪ੍ਰੇਮ ਉਗਮ ਪਿਆ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਏਨੀ ਵੀ ਬੜੀ ਖੁੱਲ੍ਹ ਕਹੀ ਜਾਂਦੀ ਸੀ। ਸੁਸ਼ੀਲ ਖੁਦ ਖਿਡਾਰਨ ਸੀ ਅਤੇ ਉਸ ਨੇ ਬਲਬੀਰ ਸਿੰਘ ਦੀ ਹਾਕੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਮੰਗਣੀ ਦੀ ਰਸਮ ਉਨ੍ਹਾਂ ਦੀਆਂ ਕੌਲ ਕਰਾਰਾਂ ਨਾਲ ਭਰੀਆਂ ਚਿੱਠੀਆਂ ਨਾਲ ਹੀ ਪੂਰੀ ਹੋ ਗਈ। ਸੁਸ਼ੀਲ ਉਸ ਨੂੰ ਹਾਕੀ ਖੇਡਣ ਲਈ ਹੋਰ ਉਤਸ਼ਾਹਤ ਕਰਦੀ।
ਪੰਜਾਬ ਸਟੇਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਬਲਬੀਰ ਹੋਰਾਂ ਦੀ ਟੀਮ ਨੇ 7-0 ਗੋਲਾਂ ਨਾਲ ਜਿੱਤਿਆ ਤਾਂ ਮਿਸਟਰ ਨਿਊਹੈਮ ਨੇ ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਸਰ ਜੌਨ੍ਹ ਬੈਨਟ ਨੂੰ ਕਿਹਾ ਕਿ ਬਲਬੀਰ ਸਿੰਘ ਨੂੰ ਪੰਜਾਬ ਪੁਲਸ ਵਿੱਚ ਭਰਤੀ ਕਰ ਲਿਆ ਜਾਵੇ। ਜੌਨ੍ਹ ਬੈਨਟ ਓਦੋਂ ਪੰਜਾਬ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ ਸੀ। ਬਲਬੀਰ ਸਿੰਘ ਨੇ ਟੀਮ ਕਪਤਾਨ ਦੀ ਹੈਸੀਅਤ ਵਿੱਚ ਪੰਜਾਬ ਦੇ ਗਵਰਨਰ ਤੋਂ ਟਰਾਫੀ ਪ੍ਰਾਪਤ ਕੀਤੀ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਪੋਰਟਸ ਦਫਤਰ ਵਿੱਚ ਪੁਚਾ ਦਿੱਤੀ। ਉਥੇ ਯੂਨੀਵਰਸਿਟੀ ਦੇ ਖੇਡ ਅਧਿਕਾਰੀ ਹੈਨਰੀ ਲਾਲ ਨੇ ਦੱਸਿਆ ਕਿ ਨਿਊਹੈਮ ਦੇ ਕਹਿਣ 'ਤੇ ਜੌਨ੍ਹ ਬੈਨਟ ਤੈਨੂੰ ਪੁਲਸ ਵਿੱਚ ਭਰਤੀ ਕਰ ਸਕਦਾ ਹੈ। ਇਸ ਤੋਂ ਬਚਣ ਲਈ ਉਹ ਦਿੱਲੀ ਚਲਾ ਗਿਆ, ਪਰ ਪੰਜਾਬ ਪੁਲਸ ਨੇ ਜਾ ਫੜਿਆ। ਰੇਲ ਗੱਡੀ ਰਾਹੀਂ ਜਲੰਧਰ ਵਿੱਚ ਰਸਮੀ ਇੰਟਰਵਿਊ ਲਈ ਲਿਜਾਇਆ ਗਿਆ ਅਤੇ ਉਸ ਦੀ ਏ ਐੱਸ ਆਈ ਵਜੋਂ ਚੋਣ ਹੋ ਗਈ।
1945 ਦੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਉਹ ਖੇਡ ਨਹੀਂ ਸੀ ਸਕਿਆ। ਮਾਰਚ 1946 ਦੇ ਟਰਾਇਲ ਵੇਲੇ ਉਹ ਇੱਕ ਸਾਲ ਤੋਂ ਹਾਕੀ ਨਾਲੋਂ ਟੁੱਟਿਆ ਹੋਇਆ ਸੀ, ਪਰ ਟਰਾਇਲ ਲਾਹੌਰ ਦੇ ਉਸ ਗਰਾਊਂਡ ਵਿੱਚ ਹੋਏ ਸਨ, ਜਿੱਥੇ ਉਸ ਨੇ ਅੰਤਰ ਕਾਲਜ, ਇੰਟਰਵਰਸਿਟੀ ਅਤੇ ਹੋਰ ਟੂਰਨਾਮੈਂਟਾਂ ਦੇ ਅਨੇਕਾਂ ਮੈਚ ਜਿੱਤੇ ਸਨ। ਟਰਾਇਲ ਵਿੱਚ ਬਲਬੀਰ ਸਿੰਘ ਨੂੰ ਪੰਜਾਬ ਟੀਮ ਦਾ ਸੈਂਟਰ ਫਾਰਵਰਡ ਚੁਣਿਆ ਗਿਆ। 1946 ਦੀ ਨੈਸ਼ਨਲ ਚੈਂਪੀਅਨਸ਼ਿਪ ਕਲਕੱਤੇ ਹੋਣੀ ਸੀ। ਪੰਜਾਬ ਦੀ ਟੀਮ ਨੇ ਚੈਂਪੀਅਨਸ਼ਿਪ ਜਿੱਤ ਲਈ। ਬਲਬੀਰ ਸਿੰਘ ਦੀ ਖੇਡ ਉਚੇਚੀ ਸਲਾਹੀ ਗਈ ਅਤੇ ਉਸ ਨੂੰ ਭਾਰਤੀ ਟੀਮ ਦਾ ਭਵਿੱਖ ਆਖਿਆ ਗਿਆ। ਉਹ ਸੱਚਮੁੱਚ ਹੀ ਭਾਰਤੀ ਹਾਕੀ ਟੀਮ ਦਾ ਭਵਿੱਖ ਸਾਬਤ ਹੋਇਆ।
***
ਬਲਬੀਰ ਸਿੰਘ ਲੁਧਿਆਣੇ ਥਾਣੇਦਾਰ ਲੱਗਾ ਸੀ, ਜਦੋਂ ਉਹਦੇ ਵਿਆਹ ਦਾ ਦਿਨ ਬੱਝਾ, 27 ਨਵੰਬਰ 1946। ਉਹ ਲਾਹੌਰ ਜਾਣ ਲਈ ਏਨਾ ਕਾਹਲਾ ਸੀ ਕਿ ਮੋਗੇ ਤੋਂ ਚੱਲੀ ਬਰਾਤ ਅਜੇ ਕਸੂਰ ਨਹੀਂ ਸੀ ਲੰਘੀ ਕਿ ਉਹ ਕਾਰ ਉੱਤੇ ਪਹਿਲਾਂ ਹੀ ਸਹੁਰੀਂ ਜਾ ਢੁੱਕਾ। ਕਿਸੇ ਨੂੰ ਸੁੱਝ ਗਈ ਕਿ ਲਾੜੇ ਨੂੰ ਮੁੱਖ ਦਰਵਾਜ਼ੇ ਦੀ ਥਾਂ ਪਿਛਲੇ ਦਰ ਵਿੱਚੋਂ ਲੰਘਾ ਕੇ ਕੋਠੀ ਅੰਦਰ ਬਿਠਾ ਲਿਆ ਜਾਵੇ। ਇਉਂ ਬਲਬੀਰ ਸਿੰਘ ਪਿਛਲੇ ਬੂਹੇ ਥਾਣੇ ਕੋਠੀ ਅੰਦਰ ਗਿਆ, ਜਿੱਥੇ ਉਸ ਨੂੰ ਸਾਲੀਆਂ ਦੇ ਮਾਖੌਲ ਸੁਣਨੇ ਪਏ। ਬਲਬੀਰ ਸਿੰਘ ਆਪਣੀ ਪਤਨੀ ਨਾਲ ਲੁਧਿਆਣੇ ਰਹਿੰਦਿਆਂ ਹਾਕੀ ਖੇਡਣ ਦੀ ਫਿਰ ਪ੍ਰੈਕਟਿਸ ਕਰਨ ਲੱਗਾ। ਸੁਸ਼ੀਲ ਨੇ ਆਪਣੇ ਪਤੀ ਨੂੰ ਡਿਊਟੀ ਨਿਭਾਉਣ ਅਤੇ ਹਾਕੀ ਖੇਡਣ ਵਿੱਚ ਭਰਪੂਰ ਸਹਿਯੋਗ ਦਿੱਤਾ। ਬਲਬੀਰ ਸਿੰਘ ਦੀਆਂ ਖੇਡਾਂ 'ਚ ਵੱਡੀਆਂ ਪ੍ਰਾਪਤੀਆਂ ਵਿਆਹੇ ਜਾਣ ਤੋਂ ਬਾਅਦ ਦੀਆਂ ਹਨ।
1947 ਵਿੱਚ ਜਦੋਂ ਉਹ ਲੁਧਿਆਣੇ ਥਾਣੇਦਾਰ ਸੀ ਤਾਂ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਅਚਾਨਕ ਬਲਬੀਰ ਸਿੰਘ ਨਾਲ ਵੀ ਇੱਕ ਦੁਰਘਟਨਾ ਵਾਪਰ ਗਈ। ਬਲਬੀਰ ਸਿੰਘ ਨੂੰ ਥਾਣੇ ਵਿੱਚ ਸੂਚਨਾ ਮਿਲੀ ਕਿ ਲੁਧਿਆਣੇ ਤੋਂ ਕੁਝ ਮੀਲ ਦੂਰ ਮੁਸਲਮਾਨਾਂ ਦੇ ਤਿੰਨ ਪਿੰਡਾਂ ਨੂੰ ਅੱਗ ਲਾ ਦਿੱਤੀ ਗਈ ਹੈ। ਉਸ ਕੋਲ ਪੰਜਾਬ ਆਰਮਡ ਪੁਲਸ ਦੇ ਬਾਰ੍ਹਾਂ ਹਥਿਆਰਬੰਦ ਸਿਪਾਹੀ ਸਨ। ਉਸ ਨੇ ਸਿਪਾਹੀਆਂ ਨੂੰ ਲਾਰੀ ਵਿੱਚ ਬਿਠਾਇਆ ਤੇ ਮੁਸਲਮਾਨਾਂ ਨੂੰ ਬਚਾਉਣ ਲਈ ਚੱਲ ਪਏ। ਉਹ ਪਿੰਡਾਂ ਵਿੱਚ ਪਹੁੰਚੇ ਤਾਂ ਮਾਰ ਧਾੜ ਅਤੇ ਸਾੜ ਫੂਕ ਦੇ ਭਿਆਨਕ ਦ੍ਰਿਸ਼ ਨਜ਼ਰੀਂ ਪਏ। ਘਰਾਂ ਨੂੰ ਲੱਗੀਆਂ ਅੱਗਾਂ ਬੁਝਾਉਣ ਵਾਲਾ ਕੋਈ ਨਹੀਂ ਸੀ। ਬਲਬੀਰ ਸਿੰਘ ਦੀ ਪਾਰਟੀ ਮਾਰੇ ਗਿਆਂ ਦੇ ਦੁੱਖ ਵਿੱਚ ਡੁੱਬੀ ਡੂੰਘੇ ਹਨੇਰੇ ਪਏ ਪਰਤੀ। ਰਾਤ ਗਿਆਰਾਂ ਵਜੇ ਉਨ੍ਹਾਂ ਦੀ ਲਾਰੀ ਲੋਢੂਵਾਲ ਪਹੁੰਚੀ। ਉੱਤੇ ਪੁੱਜ ਕੇ ਬਲਬੀਰ ਸਿੰਘ ਨੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਹਥਿਆਰ ਅਨਲੋਡ ਕਰ ਲੈਣ ਤੇ ਆਰਾਮ ਨਾਲ ਬੈਠਣ। ਸਿਪਾਹੀਆਂ ਨੇ ਰਾਈਫਲਾਂ ਖਾਲੀ ਕਰ ਲਈਆਂ। ਬਲਬੀਰ ਸਿੰਘ ਨੇ ਅਵੇਸਲੇ ਬੈਠੇ ਇੱਕ ਜੁਆਨ ਤੋਂ ਪੁੱਛਿਆ ਕਿ ਰਾਈਫਲ ਅਨਲੋਡ ਕਰ ਲਈ ਹੈ? ਉਸ ਨੇ ਹਾਂ ਕਿਹਾ ਤੇ ਤਸੱਲੀ ਕਰਾਉਣ ਲਈ ਅਨਲੋਡ ਕਰਨ ਦਾ ਐਕਸ਼ਨ ਦੁਹਰਾਇਆ। ਤਦੇ ਇੱਕ ਗੜਗੜਾਉਂਦਾ ਫਾਇਰ ਹੋਇਆ ਤੇ ਗੋਲੀ ਬਲਬੀਰ ਦੇ ਮੱਥੇ ਉਪਰ ਦੀ ਉਸ ਪੱਗ ਵਿੱਚੋਂ ਨਿਕਲ ਗਈ। ਸਾਰੇ ਹੱਕੇ ਬੱਕੇ ਰਹਿ ਗਏ। ਬਲਬੀਰ ਸਿੰਘ ਕੰਬ ਗਿਆ ਕਿ ਇਹ ਕੀ ਭਾਣਾ ਵਰਤਿਆ? ਗੋਲੀ ਚਲਾਉਣ ਵਾਲਾ ਜੁਆਨ ਬਲਬੀਰ ਸਿੰਘ ਦੇ ਪੈਰੀਂ ਡਿੱਗ ਕੇ ਮੁਆਫੀਆਂ ਮੰਗਣ ਲੱਗਾ ਕਿ ਇਹ ਕੁਝ ਉਸ ਨੇ ਜਾਣਬੁੱਝ ਕੇ ਨਹੀਂ ਕੀਤਾ। ਗਲਤੀ ਨਾਲ ਰਾਈਫਲ ਦੀ ਨਾਲੀ ਵਿੱਚ ਰਹਿ ਗਈ ਗੋਲੀ ਬਲਬੀਰ ਸਿੰਘ ਦੇ ਲਈ ਘਾਤਕ ਹੋ ਚੱਲੀ ਸੀ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਬਲਬੀਰ ਸਿੰਘ ਨੇ ਜੁਆਨ ਨੂੰ ਮੁਆਫ ਕਰ ਦਿੱਤਾ।
***
1948 ਦੀਆਂ 14ਵੀਆਂ ਓਲੰਪਿਕ ਖੇਡਾਂ ਲੰਡਨ ਵਿੱਚ ਹੋਣੀਆਂ ਸਨ। ਭਾਰਤੀ ਹਾਕੀ ਟੀਮ ਦੇ ਲਈ 39 ਸੰਭਾਵਤ ਖਿਡਾਰੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚ ਬਲਬੀਰ ਸਿੰਘ ਦਾ ਨਾਂਅ ਨਹੀਂ ਸੀ। ਰਣਧੀਰ ਸਿੰਘ ਜੈਂਟਲ ਤੇ ਅਮੀਰ ਕੁਮਾਰ ਦੇ ਨਾਂਅ ਵੀ ਗਾਇਬ ਸਨ। ਬਲਬੀਰ ਸਿੰਘ ਨੇ 1946 ਤੇ 47 ਦੀਆਂ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਸਭ ਤੋਂ ਵੱਧ ਗੋਲ ਕੀਤੇ ਸਨ। ਮੀਡੀਏ ਨੇ ਉਸ ਨੂੰ ਭਾਰਤੀ ਹਾਕੀ ਦਾ ਸਭ ਤੋਂ ਤਕੜਾ ਸੈਂਟਰ ਫਾਰਵਰਡ ਕਿਹਾ ਸੀ। ਕੈਂਪ ਲਈ 39 ਖਿਡਾਰੀਆਂ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਦਾ ਨਾਮ ਨਾ ਵੇਖ ਕੇ ਮੀਡੀਏ ਨੇ ਹਾਲ ਦੁਹਾਈ ਪਾ ਦਿੱਤੀ।
ਇੱਕ ਦਿਨ ਉਹ ਫਿਰੋਜ਼ਪੁਰ ਹਾਕੀ ਖੇਡ ਰਿਹਾ ਸੀ ਕਿ ਭਾਰਤੀ ਹਾਕੀ ਫੈਡਰੇਸ਼ਨ ਦੇ ਸੈਕਟਰੀ ਏ ਸੀ ਚੈਟਰਜੀ ਦੀ ਤਾਰ ਮਿਲੀ। ਲਿਖਿਆ ਸੀ, ‘ਕੋਚਿੰਗ ਕੈਂਪ 'ਚ ਸ਼ਾਮਲ ਹੋਣ ਲਈ ਤੁਰੰਤ ਬੰਬਈ ਪਹੁੰਚੋ।’ ਬਲਬੀਰ ਸਿੰਘ ਦੀਆਂ ਅੱਖਾਂ 'ਚ ਚਮਕ ਆ ਗਈ। ਉਸ ਨੇ ਤੁਰੰਤ ਬੰਬਈ ਜਾਣ ਵਾਲੀ ਗੱਡੀ ਫੜੀ ਅਤੇ ਕੋਚਿੰਗ ਕੈਂਪ ਵਿੱਚ ਜਾ ਸ਼ਾਮਲ ਹੋਇਆ। ਟੀਮ ਲੰਡਨ ਅੱਪੜੀ ਤਾਂ ਸਵਾਗਤੀ ਕਮੇਟੀ ਦੇ ਜਿਸ ਮੈਂਬਰ ਨੇ ਭਾਰਤੀ ਟੀਮ ਦਾ ਸਵਾਗਤ ਕੀਤਾ, ਉਹ ਸਰ ਜੌਨ੍ਹ ਬੈਨਟ ਸੀ। ਉਹ ਪੰਜਾਬ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ ਰਿਹਾ ਸੀ। ਉਸੇ ਨੇ ਹਥਕੜੀ ਲੁਆ ਕੇ ਬਲਬੀਰ ਸਿੰਘ ਨੂੰ ਪੰਜਾਬ ਪੁਲਸ ਵਿੱਚ ਭਰਤੀ ਕੀਤਾ ਸੀ। ਉਹ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਮੈਂਬਰ ਬਣਿਆ ਵੇਖ ਕੇ ਖੁਸ਼ ਹੋਇਆ ਤੇ ਹੋਰਨਾਂ ਨੂੰ ਮਾਣ ਨਾਲ ਦੱਸਿਆ ਕਿ ਇਹ ਮੇਰਾ ਹੀ ਭਰਤੀ ਕੀਤਾ ਜੁਆਨ ਹੈ।
ਭਾਰਤੀ ਟੀਮ ਦਾ ਪਹਿਲਾ ਮੈਚ ਆਸਟਰੀਆ ਦੀ ਕਮਜ਼ੋਰ ਟੀਮ ਵਿਰੁੱਧ ਹੋਇਆ। ਉਸ ਵਿੱਚ ਬਲਬੀਰ ਸਿੰਘ ਨੂੰ ਨਾ ਖਿਡਾਇਆ ਗਿਆ। ਦੂਜਾ ਮੈਚ ਅਰਜਨਟੀਨਾ ਵਿਰੁੱਧ ਸੀ। ਉਸ ਵਿੱਚ ਬਲਬੀਰ ਸਿੰਘ ਸੈਂਟਰ ਫਾਰਵਰਡ ਦਿਖਾਇਆ ਤਾਂ ਉਸ ਨੇ ਛੇ ਗੋਲ ਕੀਤੇ, ਜਿਨ੍ਹਾਂ ਵਿੱਚ ਇੱਕ ਹੈਟਿ੍ਰਕ ਸੀ। ਬਲਬੀਰ ਸਿੰਘ ਦਾ ਓਲੰਪਿਕ ਦਾ ਪਹਿਲਾ ਮੈਚ ਹੀ ਰਿਕਾਰਡ ਰੱਖਣ ਵਾਲਾ ਸਾਬਤ ਹੋਇਆ। ਦੋ ਮੈਚਾਂ ਵਿੱਚ ਉਸ ਨੂੰ ਖਿਡਾਇਆ ਨਾ ਗਿਆ। ਫਾਈਨਲ ਮੈਚ ਬਰਤਾਨੀਆ ਦੇ ਖਿਲਾਫ ਸੀ। ਇਹ ਮੈਚ ਖੇਡਣ ਲਈ ਬਲਬੀਰ ਸਿੰਘ ਨੂੰ ਫਸਟ ਇਲੈਵਨ ਵਿੱਚ ਪਾਇਆ ਗਿਆ। ਭਾਰਤੀ ਟੀਮ 4-0 ਗੋਲਾਂ ਨਾਲ ਓਲੰਪਿਕ ਦਾ ਗੋਲਡ ਮੈਡਲ ਜਿੱਤ ਗਈ। ਉਸ ਵਿੱਚ ਬਲਬੀਰ ਸਿੰਘ ਨੇ ਦੋ ਗੋਲ ਕੀਤੇ। ਦੋ ਮੈਚਾਂ ਵਿੱਚ ਅੱਠ ਗੋਲ। ਗੋਲਡ ਮੈਡਲ ਜਿੱਤ ਕੇ ਮੁੜੀ ਭਾਰਤੀ ਟੀਮ ਜਿੱਥੇ ਜਾਂਦੀ ਉਸ ਦਾ ਹਾਰਦਿਕ ਸਵਾਗਤ ਹੁੰਦਾ ਤੇ ਦਾਅਵਤਾਂ ਦਿੱਤੀਆਂ ਜਾਂਦੀਆਂ।
ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦੀਆਂ ਅੱਠ ਟੀਮਾਂ ਸਨ ਜਿਨ੍ਹਾਂ ਦੇ ਨਾਕ ਆਊਟ ਮੈਚ ਹੋਣੇ ਸਨ। ਬਲਬੀਰ ਸਿੰਘ ਭਾਰਤੀ ਦਲ ਦਾ ਝੰਡਾਬਰਦਾਰ ਸੀ। ਮਾਰਚ ਪਾਸਟ ਤੋਂ ਬਾਅਦ ਝੰਡਾਬਰਦਾਰ ਅੱਗੇ ਖੜ੍ਹਦੇ ਗਏ ਤੇ ਟੀਮਾਂ ਉਨ੍ਹਾਂ ਦੇ ਪਿੱਛੇ। ਬਲਬੀਰ ਸਿੰਘ ਸਿੱਖ ਸਰੂਪ ਵਿੱਚ ਨਿਆਰਾ ਲੱਗਦਾ ਸੀ। ਅਮਨ ਦੇ ਦੂਤ ਕਬੂਤਰ ਉਡਾਏ ਗਏ। ਇੱਕ ਉਡਦੇ ਕਬੂਤਰ ਦੀ ਬਿੱਠ ਬਲਬੀਰ ਸਿੰਘ ਦੇ ਖੱਬੇ ਬੂਟ ਦੀ ਟੋਅ ਉੱਤੇ ਆ ਡਿੱਗੀ। ਉਸ ਦੀ ਪੱਗ ਤੇ ਬਲੇਜ਼ਰ ਬਚ ਗਏ। ਸਮਾਂ ਮੰਗ ਕਰਦਾ ਸੀ ਕਿ ਉਹ ਸਾਵਧਾਨ ਖੜ੍ਹਾ ਰਹੇ। ਖਿਡਾਰੀ ਖਿੱਲਰੇ ਤਾਂ ਬਲਬੀਰ ਸਿੰਘ ਕਾਗਜ਼ ਲੱਭਣ ਲੱਗਾ ਜਿਸ ਨਾਲ ਬੂਟ ਸਾਫ ਕਰ ਸਕੇ। ਓਲੰਪਿਕ ਕਮੇਟੀ ਦਾ ਇੱਕ ਅਧਿਕਾਰੀ ਉਸ ਪਾਸ ਆਇਆ ਤੇ ਕਹਿਣ ਲੱਗਾ, ‘‘ਪੁੱਤਰਾ ਵਧਾਈਆਂ! ਫਿਨਲੈਂਡ 'ਚ ਕਬੂਤਰ ਖੱਬੀ ਟੋਅ 'ਤੇ ਬਿੱਠ ਕਰੇ ਤਾਂ ਭਾਗਾਂ ਵਾਲੀ ਹੁੰਦੀ ਹੈ। ਤੇਰੇ ਲਈ ਇਹ ਓਲੰਪਿਕ ਭਾਗਾਂ ਵਾਲੀ ਹੋਵੇਗੀ।” ਹੈਲਸਿੰਕੀ ਓਲੰਪਿਕ ਬਲਬੀਰ ਸਿੰਘ ਲਈ ਸੱਚਮੁੱਚ ਭਾਗਸ਼ਾਲੀ ਰਹੀ। ਉਹਦੀ ਖੇਡ ਪੁਸ਼ਾਕ ਦਾ ਨੰਬਰ 13 ਉਹਦੀਆਂ ਸੱਚੀਂਮੁੱਚੀਂ ‘ਤੇਰਾਂ ਤੇਰਾਂ’ ਕਰਾ ਗਿਆ। ਜਿਹੜੀ ਵੈਨ ਭਾਰਤੀ ਟੀਮ ਨੂੰ ਹਾਕੀ ਮੈਦਾਨ ਵੱਲ ਲੈ ਕੇ ਗਈ ਉਹਦੀ ਪਲੇਟ ਦੇ ਨੰਬਰਾਂ ਦਾ ਜੋੜ ਵੀ 13 ਬਣਦਾ ਸੀ। ਭਾਰਤੀ ਹਾਕੀ ਟੀਮ ਨੇ ਕੁੱਲ 13 ਗੋਲ ਕੀਤੇ ਜਿਨ੍ਹਾਂ ਵਿੱਚੋਂ ਨੌਂ ਗੋਲ ਬਲਬੀਰ ਸਿੰਘ ਦੀ ਹਾਕੀ ਨਾਲ ਹੋਏ। ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ਵਿੱਚ ਭਾਰਤ ਦੇ ਨੌਂ ਗੋਲਾਂ 'ਚੋਂ ਅੱਠ ਗੋਲ ਬਲਬੀਰ ਸਿੰਘ ਦੇ ਸਨ। ਫਾਈਨਲ ਮੈਚ ਦੇ ਛੇ ਗੋਲਾਂ ਵਿੱਚ ਪੰਜ ਗੋਲ।
ਬਲਬੀਰ ਸਿੰਘ ਦਾ ਵਿਸ਼ਵਾਸ ਰਿਹਾ ਕਿ ਜਿਹੜੀ ਟੀਮ ਘਰੋਂ ਤੁਰਦਿਆਂ ਗਲਾਂ 'ਚ ਹਾਰ ਪੁਆ ਲਵੇ, ਟੂਰਨਾਮੈਂਟ ਨਹੀਂ ਜਿੱਤਦੀ। 1975 ਵਿੱਚ ਭਾਰਤੀ ਟੀਮ ਨੇ ਕੁਆਲਾਲੰਪੁਰ ਦਾ ਵਿਸ਼ਵ ਹਾਕੀ ਕੱਪ ਖੇਡਣ ਜਾਣਾ ਸੀ। ਬਲਬੀਰ ਸਿੰਘ ਟੀਮ ਦਾ ਮੁੱਖ ਕੋਚ ਤੇ ਮੈਨੇਜਰ ਸੀ। ਉਸ ਨੇ ਵਿਦਾਇਗੀ ਪਾਰਟੀਆਂ ਸਮੇਂ ਟੀਮ ਮੈਂਬਰਾਂ ਦੇ ਗਲੀਂ ਹਾਰ ਨਾ ਪਾਉਣ ਦਿੱਤੇ। ਕਈਆਂ ਨੇ ਇਸ ਗੱਲ ਦਾ ਬੁਰਾ ਮਨਾਇਆ, ਪਰ ਬਲਬੀਰ ਸਿੰਘ ਨੇ ਹਰ ਥਾਂ ਨਿਮਰਤਾ ਨਾਲ ਕਿਹਾ, ‘‘ਹਾਰ ਸਾਡੇ ਮੁੜਨ ਤੱਕ ਸੰਭਾਲ ਰੱਖੋ।”
***
1953 ਵਿੱਚ ਪਾਕਿਸਤਾਨ ਦੇ ਟੂਰ ਸਮੇਂ ਬਲਬੀਰ ਸਿੰਘ ਹੋਰਾਂ ਨਾਲ ਇੱਕ ਦਿਲਚਸਪੀ ਘਟਨਾ ਘਟੀ। ਮਿੰਟਗੁਮਰੀ ਮੈਚ ਖੇਡਣ ਪਿੱਛੋਂ ਉਨ੍ਹਾਂ ਦੀ ਟੀਮ ਲਾਹੌਰ ਨੂੰ ਚੱਲੀ। ਰਾਹ ਵਿੱਚ ਇੱਕ ਬਾਗ ਸੀ, ਜਿੱਥੇ ਭਾਰਤੀ ਮਹਿਮਾਨਾਂ ਦੀ ਆਓਭਗਤ ਵਿੱਚ ਲੰਚ ਪਾਰਟੀ ਰੱਖੀ ਗਈ ਸੀ। ਮੇਜ਼ਪੋਸ਼ ਵਿਛਾ ਕੇ ਪਲੇਟਾਂ ਰੱਖੀਆਂ ਅਤੇ ਫੁੱਲਦਾਨ ਸਜਾਏ ਹੋਏ ਸਨ। ਬਾਗ ਦੇ ਫਲਾਂ ਦੀਆਂ ਮਿੱਠੀਆਂ ਮਹਿਕਾਂ ਨਾਲ ਸਬਜ਼ੀਆਂ ਭਾਜੀਆਂ ਅਤੇ ਤਰਕਾਰੀਆਂ ਦੀਆਂ ਖੁਸ਼ਬੋਆਂ ਆ ਰਹੀਆਂ ਸਨ। ਮਹਿਮਾਨ ਖਾਣੇ ਦੇ ਮੇਜ਼ਾਂ ਵੱਲ ਵਧੇ ਤਾਂ ਡੂਮਣੇ ਦੀਆਂ ਮੱਖੀਆਂ ਨੇ ਹੱਲਾਬੋਲ ਦਿੱਤਾ। ਫੇਰ ਕੀ ਸੀ? ਪਲੇਟਾਂ ਹੱਥਾਂ 'ਚ ਫੜਦਿਆਂ ਹੀ ਛੁੱਟ ਗਈਆਂ। ਡੰਗ ਮਾਰਦੀਆਂ ਮੱਖੀਆਂ ਨਾ ਮਹਿਮਾਨਾਂ ਨੂੰ ਬਖਸ਼ਣ ਨਾ ਮੇਜ਼ਬਾਨਾਂ ਨੂੰ। ਜਿਨ੍ਹਾਂ ਦੇ ਪੱਗਾਂ ਬੱਧੀਆਂ ਸਨ, ਉਨ੍ਹਾਂ ਨੇ ਸਿਰ ਦੁਆਲੇ ਲਪੇਟ ਲਈਆਂ। ਔਰਤਾਂ ਨੇ ਚੁੰਨੀਆਂ ਅਤੇ ਦੁਪੱਟਿਆਂ ਨੂੰ ਆਪਣੇ ਦੁਆਲੇ ਵਲ ਲਿਆ। ਕਿਸੇ ਨੇ ਨੰਗਾ ਸਿਰ ਮੇਜ਼ ਹੇਠਾਂ ਲੁਕਾ ਲਿਆ ਤੇ ਕਿਸੇ ਨੇ ਮੇਜ਼ਪੋਸ਼ ਖਿੱਚ ਕੇ ਉੱਤੇ ਲੈ ਲਿਆ। ਕਰਾਕਰੀ ਤੇ ਡੂਨਿਆਂ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਕਿ ਕਿਧਰ ਰੁੜ੍ਹਦੇ ਹਨ? ਮੱਖੀਆਂ ਮੂੰਹ, ਸਿਰ, ਹੱਥ, ਬਾਹਾਂ, ਧੌਣ, ਸਰੀਰ ਦਾ ਜੋ ਵੀ ਨੰਗਾ ਹਿੱਸਾ ਸੀ, ਡੰਗ ਮਾਰ ਰਹੀਆਂ ਸਨ। ਸਭ ਤੋਂ ਭੈੜਾ ਹਾਲ ਘੋਨ ਮੋਨਿਆਂ ਦਾ ਸੀ। ਉਹ ਪਤੀਲਿਆਂ 'ਚ ਮੂੰਹ ਸਿਰ ਛੁਪਾਈ ਬੈਠੇ ਸਨ।
ਲਗਭਗ ਅੱਧਾ ਘੰਟਾ ਡੂਮਣਾ ਯੁੱਧ ਚੱਲਿਆ। ਡੂਮਣੇ ਤੋਂ ਟਿਕ ਟਿਕਾਅ ਹੋਇਆ ਤਾਂ ਖਾਣਾ ਮੁੜ ਪਰੋਸਿਆ ਗਿਆ, ਪਰ ਭੁੱਖ ਕੀਹਨੂੰ ਸੀ? ਮੇਜ਼ਬਾਨ ਮਾਫੀਆਂ ਮੰਗ ਰਹੇ ਸਨ। ਉਨ੍ਹਾਂ ਦੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਬਾਗ ਪਾਰਟੀ ਵਿੱਚ ਇਹ ਬਿਪਤਾ ਆ ਪਵੇਗੀ। ਮੁੜ ਪਰੋਸੇ ਲੰਚ ਦੀ ਠੂੰਗਾ-ਠਾਂਗੀ ਕਰ ਕੇ ਟੀਮ ਲਾਹੌਰ ਨੂੰ ਚੱਲ ਪਈ। ਬਲਬੀਰ ਹੋਰੀਂ ਡੂਮਣੇ ਨਾਲ ਹੋਏ ਮੈਚ ਦੀਆਂ ਗੱਲਾਂ ਕਰਦੇ ਗਏ। ਡੂਮਣੇ ਨੇ ਲੰਚ ਦਾ ਸੁਆਦ ਭਾਵੇਂ ਮਾਰ ਦਿੱਤਾ ਸੀ, ਪਰ ਖਿਡਾਰੀਆਂ ਨੂੰ ਹੱਸਣ ਹਸਾਉਣ ਦਾ ਸੁਆਦ ਲਿਆ ਦਿੱਤਾ। ਉਹ ਬੱਚਿਆਂ ਵਾਂਗ ਹੱਸਦੇ ਲਾਹੌਰ ਪੁੱਜੇ। ਬਖਸ਼ੀਸ਼ ਸਿੰਘ ਨੇ ਤੋੜਾ ਝਾੜਿਆ, ‘‘ਆਪਾਂ ਕਾਹਦੇ ਠਾਣੇਦਾਰ ਆਂ? ਆਪਾਂ ਨੂੰ ਮੱਖੀਆਂ ਨੇ ਵਾਹਣੀਂ ਪਾ ਛੱਡਿਆ।” ਪਾਕਿਸਤਾਨੋਂ ਪਰਤ ਕੇ ਕਈ ਦਿਨ ਉਥੋਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਹਾਕੀ ਦੇ ਟੂਰਨਾਮੈਂਟ ਖੇਡੇ ਜਾਂਦੇ ਰਹੇ।
1955 ਵਿੱਚ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ 'ਤੇ ਗਈ, ਜਿੱਥੇ ਉਸ ਨੇ 16 ਮੈਚਾਂ ਵਿੱਚ 121 ਗੋਲ ਕੀਤੇ। ਉਨ੍ਹਾਂ ਵਿੱਚ 83 ਗੋਲ ਬਲਬੀਰ ਸਿੰਘ ਦੇ ਸਨ। ਆਸਟਰੇਲੀਆ ਟੂਰ ਦੇ ਮੈਚ ਪਾ ਕੇ ਭਾਰਤੀ ਟੀਮ ਨੇ ਕੁੱਲ 38 ਮੈਚ ਖੇਡੇ ਜਿਨ੍ਹਾਂ ਵਿੱਚ 203 ਗੋਲ ਕੀਤੇ। ਉਨ੍ਹਾਂ ਵਿੱਚ 141 ਗੋਲ ਬਲਬੀਰ ਸਿੰਘ ਦੀ ਹਾਕੀ ਨਾਲ ਹੋਏ। 1956 ਵਿੱਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਅਤੇ ਉਹੀ ਮਾਰਚ ਪਾਸਟ ਸਮੇਂ ਭਾਰਤੀ ਦਲ ਦਾ ਝੰਡਾਬਰਦਾਰ ਬਣਿਆ। ਇੱਕ ਮੈਚ ਵਿੱਚ ਫੁੱਲ ਬੈਕ ਦੀ ਹਿੱਟ ਨਾਲ ਉਸ ਦੀ ਉਂਗਲ ਟੁੱਟ ਗਈ ਜਿਸ ਦਾ ਹੋਰ ਟੀਮਾਂ ਨੂੰ ਪਤਾ ਨਾ ਲੱਗਣ ਦਿੱਤਾ। ਉਹਦੀ ਦਹਿਸ਼ਤ ਹੀ ਏਨੀ ਸੀ ਕਿ ਵਿਰੋਧੀਆਂ ਨੂੰ ਦੋ-ਦੋ ਖਿਡਾਰੀ ਉਹਦੇ 'ਤੇ ਛੱਡਣੇ ਪੈਂਦੇ ਸਨ। ਉਂਗਲ ਟੁੱਟਣ ਦੇ ਬਾਵਜੂਦ ਭਾਰਤੀ ਟੀਮ ਲਗਾਤਾਰ ਛੇਵਾਂ ਗੋਲਡ ਮੈਡਲ ਜਿੱਤ ਗਈ। ਕਪਤਾਨ ਨੂੰ ਦੂਹਰੀਆਂ ਵਧਾਈਆਂ ਮਿਲਣ ਲੱਗੀਆਂ। ਬਲਬੀਰ ਸਿੰਘ ਦੀ ਮਾਤਾ ਕਰਮ ਕੌਰ ਦਾ ਸੁਭਾਅ ਨਿਸ਼ਕਾਮ ਸੇਵਾ ਵਾਲਾ ਸੀ। ਬਲਬੀਰ ਸਿੰਘ ਦੀ ਜਿੱਤ ਨੇ ਉਸ ਨੂੰ ਨਿਹਾਲ ਕਰ ਦਿੱਤਾ। ਮੈਲਬਰਨ ਤੋਂ ਮੁੜੇ ਪੁੱਤਰ ਨੂੰ ਉਸ ਨੇ ਗਲੇ ਲਾਇਆ ਤੇ ਮਮਤਾ-ਮਈ ਪਿਆਰ ਦਿੱਤਾ। ਬਲਬੀਰ ਸਿੰਘ ਨੂੰ ਹਾਕੀ ਖਿਡਾਉਣ ਵਿੱਚ ਉਸ ਦੀ ਵਿਸ਼ੇਸ਼ ਭੂਮਿਕਾ ਸੀ।
1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੀ ਚੋਣ ਬੰਬਈ ਵਿੱਚ ਕੀਤੀ ਗਈ। ਉਹ ਟੀਮ ਵਿੱਚ ਚੁਣੇ ਜਾਣ ਦੇ ਪੂਰਾ ਫਿੱਟ ਸੀ, ਪਰ ਹਾਕੀ ਦੀ ਸਿਆਸਤ ਨੇ ਬਲਬੀਰ ਸਿੰਘ ਨੂੰ ਟੀਮ ਵਿੱਚ ਨਾ ਪੈਣ ਦਿੱਤਾ ਜਿਸ ਦਾ ਸਿੱਟਾ ਭਾਰਤੀ ਟੀਮ ਦੀ ਹਾਰ ਵਿੱਚ ਨਿਕਲਿਆ। ਉਥੇ ਫਾਈਨਲ ਮੈਚ ਫਿਰ ਮੈਲਬਰਨ ਵਾਂਗ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਹੋਇਆ। ਨਸੀਰ ਬੁੰਦਾ ਦੇ ਗਿਆਰਵੇਂ ਮਿੰਟ 'ਚ ਕੀਤੇ ਗੋਲ ਨਾਲ ਪਾਕਿਸਤਾਨ ਦੀ ਟੀਮ ਓਲੰਪਿਕ ਚੈਂਪੀਅਨ ਬਣ ਗਈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਨਾ ਜਿੱਤ ਸਕਿਆ। ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਕਿਸੇ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ। ਬਲਬੀਰ ਸਿੰਘ ਬਤੌਰ ਡੀ ਐੱਸ ਪੀ ਡਿਊਟੀ ਦੇ ਰਿਹਾ ਸੀ। ਕੈਰੋਂ ਨੇ ਕਿਹਾ, ‘ਟੀਮ ਸੁਆਹ ਜਿੱਤਦੀ। ਜਿਹੜਾ ਟੀਮਾਂ ਨੂੰ ਜਿਤਾਉਂਦਾ ਸੀ, ਉਹ ਤਾਂ ਔਹ ਖੜ੍ਹੈ ਪਸਤੌਲ ਪਾਈ।’
ਬਲਬੀਰ ਸਿੰਘ ਨੇ ਪਿੰਡ ਦੀ ਜ਼ਮੀਨ ਵੇਚ ਕੇ ਚੰਡੀਗੜ੍ਹ ਵਿੱਚ ਕੋਠੀ ਪਾ ਲਈ। ਅਕਤੂਬਰ 1974 ਵਿੱਚ ਬਲਬੀਰ ਸਿੰਘ ਤੇ ਸੁਸ਼ੀਲ ਅਮਰੀਕਾ ਦੇ ਟੂਰ 'ਤੇ ਗਏ। ਪੰਜਾਬ ਸਰਕਾਰ ਨੇ ਕੁਆਲਾਲੰਪੁਰ ਦੇ ਵਿਸ਼ਵ ਹਾਕੀ ਕੱਪ ਲਈ ਭਾਰਤੀ ਟੀਮ ਤਿਆਰ ਕਰਨ ਦੀ ਜ਼ਿੰਮੇਵਾਰੀ ਲੈ ਲਈ ਸੀ। ਇਸ ਲਈ 13 ਦਸੰਬਰ ਨੂੰ ਉਹ ਚੰਡੀਗੜ੍ਹ ਪਰਤੇ। ਆਉਣ ਸਾਰ ਕੈਂਪ ਦਾ ਚਾਰਜ ਲਿਆ। ਕੈਂਪ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਲਾਇਆ ਗਿਆ। ਬਲਬੀਰ ਸਿੰਘ ਨੂੰ ਚੀਫ ਕੋਚ ਬਣਾਇਆ ਗਿਆ। ਇਸ ਦੌਰਾਨ ਪਿਤਾ ਜੀ 28-29 ਦਸੰਬਰ ਦੀ ਰਾਤ ਨੂੰ ਚਲਾਣਾ ਕਰ ਗਏ। ਗਿਆਨੀ ਦਲੀਪ ਸਿੰਘ ਦਾ ਸਸਕਾਰ 29 ਦਸੰਬਰ ਨੂੰ ਚੰਡੀਗੜ੍ਹ ਵਿੱਚ ਕੀਤਾ ਗਿਆ। ਬਲਬੀਰ ਸਿੰਘ ਨੇ ਸਿਰਫ 29 ਦਸੰਬਰ ਨੂੰ ਕੈਂਪ ਤੋਂ ਸ਼ਾਮ ਦੇ ਸ਼ੈਸਨ ਦੀ ਛੁੱਟੀ ਕੀਤੀ। ਮਰਗ ਦੀਆਂ ਰਸਮਾਂ ਵਿਸ਼ਵ ਕੱਪ ਤੋਂ ਬਾਅਦ ਕਰਨ 'ਤੇ ਪਾ ਕੇ ਤੀਹ ਦਸੰਬਰ ਸਵੇਰੇ ਉਹ ਫਿਰ ਕੈਂਪ ਵਿੱਚ ਹਾਜ਼ਰ ਹੋ ਗਿਆ। ਬਰੇਨ ਹੈਮਰੇਜ ਕਾਰਨ ਸੁਸ਼ੀਲ ਦਾ ਇਲਾਜ ਚਾਰ ਹਫਤੇ ਚੱਲਿਆ। ਬਲਬੀਰ ਸਿੰਘ ਨੂੰ ਕੈਂਪ ਤੋਂ ਵਿਹਲ ਮਿਲਦੀ ਤਾਂ ਸੁਸ਼ੀਲ ਦਾ ਹਾਲ ਪੁੱਛ ਲੈਂਦਾ। ਇਸ ਭਗਤੀ ਦਾ ਨਤੀਜਾ ਇਹ ਨਿਕਲਿਆ ਕਿ ਭਾਰਤੀ ਟੀਮ ਨੇ ਕੁਆਲਾਲੰਪੁਰ ਤੋਂ ਵਿਸ਼ਵ ਕੱਪ ਜਿੱਤ ਲਿਆ। ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਭਾਵੇਂ ਅੱਠ ਵਾਰ ਜਿੱਤਿਆ, ਪਰ ਵਿਸ਼ਵ ਹਾਕੀ ਕੱਪ ਕੇਵਲ ਇੱਕ ਵਾਰ ਹੀ ਜਿੱਤਿਆ ਹੈ, ਜੋ 1975 ਵਿੱਚ ਕੁਆਲਾਲੰਪੁਰ ਖੇਡਿਆ ਗਿਆ ਸੀ।
ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ੀਆਈ ਖੇਡਾਂ ਦਾ ਇੱਕ ਸਿਵਲਰ ਮੈਡਲ ਤੇ ਕੌਮੀ ਟੀਮਾਂ ਦਾ ਕੋਚ, ਮੈਨੇਡਰ ਬਣ ਕੇ ਭਾਰਤ ਨੂੰ ਸੱਤ ਮੈਡਲ ਜਿਤਾਉਣ ਵਾਲੇ ਓਲੰਪੀਅਨ ਬਲਬੀਰ ਸਿੰਘ ਨੂੰ ਕਿਸੇ ਸਰਕਾਰ ਜਾਂ ਕਿਸੇ ਖੇਡ ਅਦਾਰੇ ਨੇ ਕੋਈ ਵੱਡਾ ਮਾਣ ਸਨਮਾਨ ਦੇਣ ਦੀ ਥਾਂ ਅਜੇ ਤੱਕ ਵੀ ਅਣਗੌਲੇ ਰੱਖਿਆ ਹੈ। ਇਹ ਦਾ ਮੁੱਖ ਕਾਰਨ ਉਹਦਾ ‘ਜੈਂਟਲਮੈਨ ਸਪੋਰਟਸਮੈਨ’ ਹੋਣਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ