Welcome to Canadian Punjabi Post
Follow us on

29

March 2024
 
ਨਜਰਰੀਆ

ਜਦੋਂ ਮੁੜ ਤਾਜ਼ਾ ਹੋਈ ਨਾਨੇ ਦੇ ਘਰ ਦੀ ਯਾਦ

June 03, 2020 10:28 AM

-ਛਿੰਦਰ ਕੌਰ ਸਿਰਸਾ
ਬੜੇ ਚਿਰਾਂ ਬਾਅਦ ਗੇੜਾ ਲੱਗਾ ਸੀ ਉਸ ਪਿੰਡ ਦਾ, ਜਿੱਥੇ ਕਦੇ ਮੇਰਾ ਨਾਨਾ ਰਹਿੰਦਾ ਹੁੰਦਾ ਸੀ। ਬਾਪੂ ਬਲੀ ਸਿੰਘ ਗੁਰਾਇਆ ਦੇ ਭੋਗ 'ਤੇ ਇਕੱਠ ਏਨਾ ਸੀ ਕਿ ਪੈਰ ਧਰਨ ਦੀ ਥਾਂ ਨਹੀਂ ਸੀ। ਮੈਂ ਅਜੇ ਜਾ ਕੇ ਬੈਠੀ ਸਾਂ ਕਿ ਇਕਦਮ ਕਿਸੇ ਨੇ ਆ ਕੇ ਪਿੱਛੋਂ ਦੀ ਮੇਰੇ ਮੋਢੇ ਉੱਤੇ ਹੱਥ ਰਖਿਆ। ਮੇਰੇ ਪਛਾਣ ਸਕਣ ਤੋਂ ਪਹਿਲਾਂ ਉਸ ਨੇ ਦੋਵਾਂ ਹੱਥਾਂ ਨਾਲ ਸਿਰ ਉੱਤੇ ਪਿਆਰ ਦਿੱਤਾ ਤੇ ਆਖਣ ਲੱਗੀ, ‘ਤੂੰ ਸੁੱਚਾ ਸਿੰਘ ਦੀ ਦੋਹਤੀ ਭੈਣ ਜੱਸੋ ਦੀ ਧੀ ਏਂ ਨਾ?’ ਉਸ ਦੇ ਏਨਾ ਆਖਣ ਨਾਲ ਮੈਂ ਝੱਟ ਪਛਾਣ ਗਈ। ਉਹ ਮੇਰੀ ਛੋਟੀ ਮਾਸੀ ਦੀ ਬਚਪਨ ਦੀ ਸਹੇਲੀ ਸੀ। ਉਹ ਮੈਨੂੰ ਘੁੱਟ ਕੇ ਮਿਲੀ। ਮੇਰਾ ਜੀਅ ਕਰੇ ਕਿ ਮੈਂ ਆਪਣੇ ਨਾਨੇ ਦਾ ਘਰ ਵੇਖ ਕੇ ਆਵਾਂ। ਇਸ ਲਈ ਮੈਂ ਆਪਣੀ ਛੋਟੀ ਭੈਣ ਜਿੰਦਰ ਨੂੰ ਨਾਲ ਲੈ ਕੇ ਨਾਨੇ ਦੇ ਘਰ ਨੂੰ ਤੁਰ ਪਈ। ਸਾਰੇ ਘਰਾਂ ਦੇ ਬੂਹੇ ਬੰਦ ਸਨ, ਨਾਨੇ ਦੇ ਘਰ ਦਾ ਬੂਹਾ ਖੁੱਲ੍ਹਾ ਸੀ। ਉਥੇ ਅੱਜਕੱਲ੍ਹ ਕਾਮੇ ਰਹਿੰਦੇ ਸਨ। ਅਸੀਂ ਦੋਵੇਂ ਭੈਣਾਂ ਜਦੋਂ ਅੰਦਰ ਵੜੀਆਂ ਤੇ ਸਾਡੀ ਭੁੱਬ ਨਿਕਲ ਗਈ। ਬਾਹਰਲਾ ਬੂਹਾ ਬਦਲ ਕੇ ਲੋਹੇ ਦਾ ਲਾ ਦਿੱਤਾ ਗਿਆ ਸੀ ਅਤੇ ਅੰਦਰਲੇ ਕਮਰੇ ਉਸੇ ਤਰ੍ਹਾਂ ਸਨ। ਉਸੇ ਤਰ੍ਹਾਂ ਉਥੇ ਮੱਝਾਂ-ਗਾਵਾਂ ਬੱਝੀਆਂ ਸਨ। ਕਾਮੇ ਪੱਠੇ ਪਾ ਰਹੇ ਸਨ। ਰਸੋਈ ਦੇ ਨਾਲ ਦਾ ਢਾਰਾ ਢਾਹ ਦਿੱਤਾ ਗਿਆ ਸੀ। ਰਸੋਈ ਵਿੱਚ ਟੋਕਾ ਫਿੱਟ ਕੀਤਾ ਸੀ। ਜਿਹੜੀ ਪਰਛੱਤੀ ਉੱਤੇ ਪਿੰਨੀਆਂ ਵਾਲੀਆਂ ਲੋਹੇ ਦੀਆਂ ਪੀਪੀਆਂ ਪਈਆਂ ਹੁੰਦੀਆਂ ਸਨ, ਉਥੇ ਅੱਜ ਟੋਕੇ ਤਿੱਖੇ ਕਰਨ ਵਾਲੇ ਸੰਦ ਤੇ ਕਾਲਾ ਤੇਲ ਤੇ ਗਰੀਸ ਪਿਆ ਸੀ।
ਮਨ ਕਰੇ ਕਿ ਤੀਹ ਸਾਲ ਪਹਿਲਾਂ ਇਸੇ ਘਰ ਵਿੱਚ ਵਸਦੇ ਜੀਆਂ ਵਿੱਚੋਂ ਕੋਈ ਆਵੇ ਤੇ ਬਾਹੋਂ ਫੜ ਕੇ ਅੰਦਰ ਲੈ ਜਾਏ। ਅਸੀਂ ਆਪੇ ਅੰਦਰ ਵੜ ਕੇ ਛੱਤਾਂ ਤੇ ਕੰਧਾਂ ਨੂੰ ਵੇਖਿਆ। ਫੇਰ ਮੱਝਾਂ ਗਾਵਾਂ ਵੱਲ ਹੋਈਆਂ। ਅਸੀਂ ਇੱਕ-ਇੱਕ ਸ਼ੈਅ ਨੂੰ ਮਹਿਸੂਸ ਕਰ ਰਹੀਆਂ ਸਾਂ। ਇੰਨੇ ਨੂੰ ਕੋਈ ਬਜ਼ੁਰਗ ਔਰਤ ਆਈ ਤੇ ਆਖਣ ਲੱਗੀ, ‘ਬੀਬੀ ਤੁਸੀਂ ਵੇਖਣ ਵਿੱਚ ਸੁੱਚਾ ਸਿੰਘ ਦੀਆਂ ਦੋਹਤੀਆਂ ਲੱਗਦੀਆਂ ਹੋ।’ ਮੈਂ ਕਿਹਾ, ‘ਹਾਂ ਮਾਸੀ ਜੀ, ਪਰ ਅਸੀਂ ਤੁਹਾਨੂੰ ਪਛਾਣਿਆ ਨਹੀਂ?’ ਉਹ ਆਖਣ ਲੱਗੀ, ‘ਜਦੋਂ ਤੁਸੀਂ ਛੋਟੀਆਂ ਸੀ, ਉਦੋਂ ਮੇਰੀ ਵੱਡੀ ਭੈਣ ਮਾਣਕੀ ਤੇਰੇ ਨਾਨੇ ਦੇ ਘਰ ਦੇ ਨਾਲ ਦੇ ਕੱਚੇ ਕੋਠੇ ਵਿੱਚ ਰਹਿੰਦੀ ਸੀ।’ ਜਦੋਂ ਉਸ ਨੇ ਮਾਣਕੀ ਦਾ ਨਾਂਅ ਲਿਆ ਤਾਂ ਮੈਂ ਪੁੱਛਿਆ, ‘ਮਾਣਕੀ ਕਿੱਥੇ ਏ’ ਉਸ ਭਰੇ ਮਨ ਨਾਲ ਦੱਸਿਆ ਕਿ ‘ਮਾਣਕ ਮਰੀ ਨੂੰ ਕਈ ਸਾਲ ਹੋ ਗਏ।’ ਅੱਗੋਂ ਮੈਂ ਪੁੱਛਿਆ, ‘ਉਸ ਦੀਆਂ ਕੁੜੀਆਂ ਦਾ ਕੀ ਬਣਿਆ?’ ਏਨੇ ਨੂੰ ਮਾਣਕੀ ਦੀ ਧੀ ਸਾਨੂੰ ਆ ਮਿਲੀ, ਜੋ ਕੁਦਰਤੀ ਆਪਣੇ ਸਹੁਰਿਓਂ ਆਈ ਹੋਈ ਸੀ। ਮਾਣਕੀ (ਉਸ ਦੀ ਮਾਂ) ਦੇ ਮਰਨ ਪਿੱਛੋਂ ਉਹ ਕਦੇ-ਕਦੇ ਆਪਣੀ ਮਾਸੀ ਨੂੰ ਮਿਲਣ ਪਿੰਡ ਆ ਜਾਂਦੀ ਏ। ਅਸਲ ਵਿੱਚ ਮਾਣਕ ਮੇਰੇ ਨਾਨੇ ਦੇ ਘਰ ਪੀਹਣ ਕਰਨ ਆਉਂਦੀ ਸੀ। ਕੱਚਾ ਵਿਹੜਾ ਲਿੱਪ ਜਾਂਦੀ ਸੀ?
1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਲੱਖਾਂ ਲੋਕਾਂ ਵਾਂਗ ਮੇਰਾ ਨਾਨਾ ਸਰਦਾਰ ਸੁੱਚਾ ਸਿੰਘ ਸ਼ਿੰਗਾਰੀ ਉਜੜ ਕੇ ਟਪਰੀਵਾਸ ਵਾਂਗ ਆਪਣੀ ਚਹੁੰ ਸਾਲਾਂ ਦੀ ਧੀ ਤੇ ਤਿੰਨਾਂ ਮਹੀਨਿਆਂ ਦੇ ਪੁੱਤਰ ਤੇ ਉਸ ਦੀ ਮਾਂ ਨਾਲ ਅਲਵਰ (ਰਾਜਸਥਾਨ) ਆ ਵੱਸਿਆ ਸੀ। ਸਮਾਂ ਆਪਣੀ ਚਾਲ ਨਾਲ ਚੱਲਦਾ ਰਿਹਾ। ਪੁੱਤਰ ਮੱਝਾ ਗਾਵਾਂ ਨੂੰ ਪੱਠੇ ਪਾਉਣ ਤੇ ਪਾਣੀ ਪਿਆਉਣ ਜੋਗਾ ਹੋ ਗਿਆ ਸੀ। ਰੱਬ ਦੀਆਂ ਲਿਖੀਆਂ ਕੌਣ ਮੇਟੇ। ਇੱਕ ਦਿਨ ਮੱਝ ਨੂੰ ਪਾਣੀ ਪਿਆਉਣ ਲੱਗਿਆਂ ਨਾਲਕਾ ਗੇੜਦੇ ਨੇ ਸੰਗਲ ਪੈਰ ਹੇਠ ਦੱਬ ਲਿਆ। ਮੱਝ ਪਾਣੀ ਪੀਂਦਿਆਂ ਭੱਜ ਟੂਰੀ ਅਤੇ ਉਹ ਬਾਲ (ਬਲਕਾਰ) ਭੁੜਕ ਦੇ ਨਾਲ ਲੱਗਦੇ ਗੰਦੇ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਕੇ ਮਰ ਗਿਆ। ਉਸ ਤੋਂ ਬਾਅਦ ਰੱਬ ਨੇ ਇੱਕ ਧੀ ਹੋਰ ਝੋਲੀ ਪਾਈ, ਪਰ ਫਿਰ ਨਾਨੇ ਦਾ ਪਿੰਡ ਵਿੱਚ ਜੀਅ ਨਹੀਂ ਸੀ ਲੱਗਦਾ। ਉਹ ਸਭ ਕੁਝ ਵੇਚ ਵੱਟ ਕੇ ਹਰਿਆਣਾ ਦੇ ਸਿਰਸਾ ਜ਼ਿਲੇ ਦੇ ਪਿੰਡ ਬੁੱਢੀਮੈੜੀ ਆ ਵਸਿਆ ਸੀ। ਕਈ ਸਾਲ ਇਸੇ ਪਿੰਡ ਵਿੱਚ ਰਿਹਾ। ਫਿਰ ਇੱਕ ਹੋਰ ਧੀ ਦੀ ਆਮਦ ਹੋਈ।
ਵੱਡੀ ਧੀ ਅਜੇ 15 ਸਾਲਾਂ ਦੀ ਹੋਈ ਸੀ ਕਿ ਰਿਸ਼ਤੇਦਾਰੀ ਤੋਂ ਇਕੱਠੇ ਉਜੜ ਕੇ ਇੱਕੋ ਥਾਂ ਅਲਵਰ ਆ ਵਸੇ ਇੱਕ ਪਰਵਾਰ ਨੇ ਮੰਗ ਕੇ ਰਿਸ਼ਤਾ ਲੈ ਲਿਆ। ਵੱਡੀ ਧੀ ਦਾ ਵਿਆਹ ਹੋ ਗਿਆ। ਦੋ ਹੋਰ ਧੀਆਂ ਜਵਾਨ ਹੋ ਗਈਆਂ ਸਨ ਤੇ ਸਭ ਤੋਂ ਛੋਟੀਆਂ ਦੋਵੇਂ ਵੀ ਵੱਡੀਆਂ ਹੋ ਗਈਆਂ ਸਨ। ਬੁੱਢੀਮੈੜੀ ਦੇ ਨੇੜੇ ਪਾਕਿਸਤਾਨ ਤੋਂ ਆ ਕੇ ਵਸਿਆ ਬਾਪੂ ਤਾਰਾ ਸਿੰਘ ਅਲਵਰ ਜਾ ਕੇ ਦੋ ਧੀਆਂ ਦੇ ਰਿਸ਼ਤੇ ਮੰਗ ਕੇ ਬੁੱਢੀਮੈੜੀ ਦੇ ਨਾਲ ਲਗਦੇ ਪਿੰਡ ਪਿੰਡ ਦੇ ਵਸਨੀਕ ਇੱਕ ਚੰਗੀ ਜ਼ਿਮੀਂਦਾਰ ਪਰਵਾਰ ਨਾਲ ਹੋ ਗਿਆ। ਸੋ ਮੇਰੀ ਬੀਜੀ ਅਤੇ ਮਾਸੀ ਇੱਕੋ ਘਰ ਵਿਆਹੀਆਂ ਗਈਆਂ। ਏਨਾ ਕੁਝ ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ। ਮੇਰੀ ਨਿੱਕੀ ਭੈਣ ਵੀ ਗਿੱਲੀਆਂ ਅੱਖਾਂ ਪੂੰਝ ਰਹੀ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ