Welcome to Canadian Punjabi Post
Follow us on

22

April 2021
ਸੰਪਾਦਕੀ

LMIA ਫਰਾਡ ਪਬਲਿਕ ਸਭ ਜਾਣਦੀ ਹੈ - ਪਰ ਸਰਕਾਰ?

May 29, 2020 07:55 PM

ਪੰਜਾਬੀ ਪੋਸਟ ਸੰਪਾਦਕੀ਼: 

ਕੈਨੇਡਾ ਵਿੱਚ ਨਵੇਂ ਜਾਂ ਪੁਰਾਣੇ ਬਹੁਤ ਸਾਰੇ ਇੰਮੀਗਰਾਂਟੋ ਹੋਣਗੇ ਜਿਹਨਾਂ ਨੂੰ ਸੰਭਵਤਾ ਪਤਾ ਹੋਵੇ ਕਿ ਸਰਕਾਰ ਦੇ ਇੰਮੀਗਰੇਸ਼ਨ ਮਹਿਕਮੇ ਦੀ ਇਬਾਰਤ ਦੇ ਚਾਰ ਸ਼ਬਦਾਂ IRCC  ਦਾ ਪੂਰਾ ਖੁਲਾਸਾ Immigration, Refugee and Citizenship Canada ਹੈ। ਇਸਦੇ ਉਲਟ ਇਸ ਮਹਿਕਮੇ ਦਾ ਇੱਕ ਹੋਰ ਸ਼ਬਦ LMIA ਹੈ ਜਿਸਦੀ ਪੂਰੀ ਇਬਾਰਤ ਬਾਰੇ ਚਾਹੇ ਕਿਸੇ ਨੂੰ ਪਤਾ ਹੋਵੇ ਜਾਂ ਨਾਂ ਪਰ ਅਜਿਹੇ ਲੋਕ ਬਹੁਤ ਘੱਟ ਹੋਣਗੇ ਜਿਹਨਾਂ ਨੂੰ ਇਸ ਜਾਦੂ ਦੇ ਕਾਗਜ਼ ਦੀ ਤਾਕਤ ਬਾਰੇ ਪਤਾ ਨਾ ਹੋਵੇ। LMIA ਭਾਵ Labour Market Impact Assessment ਇੱਕ ਉਹ ਦਸਤਾਵੇਜ਼ ਹੈ ਜਿਸਦੀ ਦੋ ਨੰਬਰ ਮਾਰਕੀਟ ਵਿੱਚ ਕੀਮਤ 50 ਤੋਂ 70 ਹਜ਼ਾਰ ਡਾਲਰ ਤੱਕ ਦੱਸੀ ਜਾਂਦੀ ਹੈ। ਕਿਉਂਕਿ ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਪ੍ਰਾਪਤ ਕੀਤੇ ਜਾਣ ਵਾਲੇ ਪੁਆਇੰਟਾਂ ਉੱਤੇ ਟਿਕਿਆ ਹੈ, ਇਸ ਜਾਦੂਮਈ ਦਸਤਾਵੇਜ਼ ਦਾ ਕਮਾਲ ਹੈ ਕਿ ਇਹ ਸਿੱਧੇ 50 ਅੰਕ ਪਰਮਾਨੈਂਟ ਰੈਜ਼ੀਡੈਂਟ ਬਣਨ ਦੇ ਚਾਹਵਾਨਾਂ ਦੇ ਪੱਲੇ ਪਾ ਦੇਂਦਾ ਹੈ। ਐਨਾ ਹੀ ਨਹੀਂ ਸਗੋਂ ਕੈਨੇਡਾ ਵਿੱਚ ਕੰਮ ਕਰਨ ਦਾ ਅਧਿਕਾਰ ਵੀ ਦੇ ਦੇਂਦਾ ਹੈ।

ਹਾਲਾਂਕਿ ਇੰਮੀਗਰੇਸ਼ਨ ਹਲਕਿਆਂ ਵਿੱਚ ਇਸ ਦਸਤਾਵੇਜ਼ ਦੇ ਵਿਕਣ ਅਤੇ ਖਰੀਦੇ ਜਾਣ ਦੀ ਗੱਲ ਇੱਕ ਜਾਣਿਆ ਪਹਿਚਾਣਿਆ ਤੱਥ ਹੈ ਪਰ ਸਰਕਾਰ ਦੇ ਉੱਚ ਅਧਿਕਾਰੀਆਂ, ਮੈਂਬਰ ਪਾਰਲੀਮੈਂਟ ਅਤੇ ਹੋਰ ਨੁਮਾਇੰਦਿਆਂ ਕੋਲ ਇਸ ਠੱਗੀ ਬਾਰੇ ਕੋਈ ਭਿਣਕ ਪਈ ਨਹੀਂ ਜਾਪਦੀ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੀਡੀਆ ਵਿੱਚ ਵੱਖ 2 ਪੱਧਰ ਉੱਤੇ (ਮੇਨ ਸਟਰੀਮ ਵਿੱਚ ਸਗੋਂ ਵੱਧ ਚਰਚਾ ਹੋਈ ਹੈ) ਇਹ ਮੁੱਦਾ ਚੁੱਕਿਆ ਗਿਆ ਹੈ। ਕੈਨੇਡੀਅਨ ਪੰਜਾਬੀ ਪੋਸਟ ਹੁਣ ਤੱਕ ਘੱਟੋ ਘੱਟ 3 ਐਡੀਟੋਰੀਅਲ ਲਿਖ ਚੁੱਕਾ ਹੈ। ਇਸਦੇ ਬਾਵਜੂਦ ਹਾਲੇ ਤੱਕ ਕਿਸੇ ਇੱਕ ਵੀ ਦੋਸ਼ੀ ਉੱਤੇ ਅਪਰਾਧਕ ਕੇਸ ਦਰਜ਼ ਨਹੀਂ ਹੋਇਆ ਹੈ। ਕੈਨੇਡਾ ਦੀ ਪਰਮਾਮੈਂਟ ਰੈਜ਼ੀਡੈਂਸੀ ਖਰੀਦਣਾ ਸਿਰਫ਼ ਵਿੱਤੀ ਘੁਟਾਲਾ ਨਹੀਂ ਸਗੋਂ ਕੈਨੇਡੀਅਨ ਕਦਰਾਂ ਕੀਮਤਾਂ ਉੱਤੇ ਸਿੱਧਾ ਮਾਰੂ ਹਮਲਾ ਹੈ। ਜੋ ਵਿਅਕਤੀ ਅੱਜ ਧੋਖੇ ਨਾਲ ਕੈਨੇਡਾ ਦਾਖਲ ਹੁੰਦਾ ਹੈ ਉਸਤੋਂ ਬਾਕੀ ਉਮਰ ਕਿਸ ਕਿਸਮ ਦੇ ਫੈਜ਼ ਦੀ ਉਮੀਦ ਕੀਤੀ ਜਾ ਸਕਦੀ ਹੈ। 

ਇਹ ਨਹੀਂ ਕਿ ਇਸ ਹਮਾਮ ਵਿੱਚ ਸਿਰਫ਼ LMIA ਵੇਚਣ ਵਾਲੇ ਨੰਗੇ ਹਨ ਸਗੋਂ ਖਰੀਦਣ ਵਾਲੇ ਉਹਨਾਂ ਤੋਂ ਪਹਿਲਾਂ ਕੱਪੜੇ ਉਤਾਰ ਤਾਂਡਵ ਨਾਚ ਕਰਦੇ ਹਨ। ਕੈਨੇਡੀਅਨ ਪੰਜਾਬੀ ਪੋਸਟ ਕੋਲ ਅਜਿਹੀਆਂ ਕਈ ਮਿਸਾਲਾਂ ਹਨ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਜਾਂ ਵਰਕ ਪਰਮਿਟ ਉੱਤੇ ਆਏ ਲੋਕ ਥੋੜੀ ਮਿਹਨਤ ਨਾਲ ਪਰਮਾਨੈਂਟ ਰੈਜ਼ੀਡੈਂਟ ਬਣਨ ਦੇ ਕਾਬਲ ਸਨ ਪਰ ਭੇਡ ਚਾਲ ਤਹਿਤ LMIA ਖਰੀਦਣ ਨੂੰ ਹੀ ਸਫ਼ਲਤਾ ਦਾ ਗੁਰ ਮੰਨਦੇ ਦਰ -2 ਭੀਖ ਮੰਗਦੇ ਸਨ। ਜਿਹੜੇ ਲੋਕ 50 ਹਜ਼ਾਰ ਡਾਲਰ ਪੱਲਿਓਂ ਦੇ ਕੇ ਭੀਖ ਮੰਗਦੇ ਹਨ, ਉਹਨਾਂ ਦੇ ਆਚਾਰ ਵਿਹਾਰ ਬਾਰੇ ਵੀ ਸੋਚਣ ਦੀ ਲੋੜ ਹੈ। ਕੈਨੇਡਾ ਦੀ ਇੰਮੀਗਰੇਸ਼ਨ ਹਾਸਲ ਕਰਨ ਲਈ ਇੱਕ ਨਹੀਂ ਸੈਂਕੜੈ ਪ੍ਰੋਗਰਾਮ ਹਨ ਜਿਹਨਾਂ ਬਾਰੇ ਸਹੀ ਜਾਣਕਾਰੀ ਲੈ ਕੇ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। 

ਗੱਲ ਨੂੰ ਦੁਬਾਰਾ ਸਰਕਾਰ ਵੱਲ ਲਿਆਂਦਾ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਇੱਕਲਾ ਫਰਾਡ ਸਰਕਾਰ ਦੀ ਅਣਗਹਿਲੀ ਅਤੇ ਲਾਹਪਰਵਾਹੀ ਦਾ ਜਿਉਂਦਾ ਜਾਗਦਾ ਸਬੂਤ ਬਨਣ ਲਈ ਕਾਫ਼ੀ ਹੈ। ਗਲੋਬ ਐਂਡ ਮੇਲ ਅਖ਼ਬਾਰ ਨੇ ਪਿਛਲੇ ਸਾਲ 45 ਅਜਿਹੇ ਬਿਜਨਸਾਂ ਦੀ ਸੂਚੀ ਤਿਆਰ ਕੀਤੀ ਜਿਹੜੇ LMIA ਵੇਚਣ ਦੇ ਕੰਮ ਵਿੱਚ ਸ਼ਰੀਕ ਸਨ। ਸਰਕਾਰ ਨੂੰ ਸ਼ਾਬਾਸ਼ ਦਿੱਤੀ ਜਾ ਸਕਦੀ ਹੈ ਕਿ ਉਸ ਕੋਲ ਹਾਲੇ ਕੋਈ ਖ਼ਬਰ ਨਹੀਂ ਪੁੱਜੀ ਜਾਪਦੀ ਇਹਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਬਰੈਂਪਟਨ ਦੇ ਇੱਕ ਲਿਬਰਲ ਐਮ ਪੀ ਦੀ ਰਿਕਾਰਡਡ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਐਮ ਪੀ ਸਹਿਬਾਨ ਵੱਲੋਂ ਵਾਰ 2 ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਫਰਾਡ ਹੁੰਦਾ ਹੈ ਤਾਂ ਸਾਡੇ ਕੋਲ ਲਿਖਤੀ ਸਿ਼ਕਾਇਤ ਕਰੋ। ਸ਼ਾਇਦ ਉਸ ਐਮ ਪੀ ਸਹਿਬਾਨ ਨੂੰ ਪਤਾ ਨਹੀਂ ਕਿ ਕਿਸੇ ਅਪਰਾਧ ਨੂੰ ਰੋਕਣ ਵਾਸਤੇ ਉਹਨਾਂ ਦੀ ਤਾਕਤ ਸਿਰਫ਼ ਕਾਕਸ ਵਿੱਚ ਮਤਾ ਪੇਸ਼ ਕਰਨ ਜਾਂ ਹਾਊਸ ਆਫ਼ ਕਾਮਨਜ਼ ਵਿੱਚ ਮੋਸ਼ਨ ਪੇਸ਼ ਕਰਨ ਤੱਕ ਸੀਮਤ ਹੈ। ਪਰ ਪਬਲਿਕ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਜੇ ਕਿਸੇ ਲਿਬਰਲ ਐਮ ਪੀ ਨੇ ਆਪਣਾ ਪਰੈੱਸ ਰੀਲੀਜ਼ ਜਾਰੀ ਕਰਨਾ ਹੋਵੇ ਤਾਂ ਉਸਨੂੰ ਪਹਿਲਾਂ ਪਾਰਟੀ ਹਾਈ ਕਮਾਂਡ ਤੋਂ ਪਰੂਫ ਰੀਡ ਕਰਵਾ ਕੇ ਮਨਜ਼ੂਰੀ ਲੈਣੀ ਪੈਂਦੀ ਹੈ। ਅਜਿਹੇ ਹਾਲਾਤਾਂ ਵਿੱਚ ਉਹ ਕੋਈ ਠੋਕਵਾਂ ਮੋਸ਼ਨ ਕਿਵੇਂ ਪੇਸ਼ ਕਰ ਦੇਣਗੇ? 

ਆਖਦੇ ਹਨ ਕਿ ਕੈਨੇਡਾ ਦੀ ਇੰਮੀਗਰੇਸ਼ਨ ਹਾਸਲ ਕਰਨਾ ਇੱਕ ਸੁਫ਼ਨਾ ਹੁੰਦਾ ਹੈ। ਕੀ ਇਹ ਦੁਖਾਂਤ ਨਹੀਂ ਕਿ ਇਹ ਸੁਫ਼ਨਾ ਕਈਆਂ ਦੇ ਅਸਲੀ ਜੀਵਨ ਨੂੰ ਖਰਾਬ ਕਰਨ ਦੀ ਨੌਬਤ ਤੱਕ ਪੁੱਜ ਗਿਆ ਹੈ। ਅੱਜ ਐਨੀ ਲੋੜ ਕੋਈ ਨਵਾਂ ਕਾਨੂੰਨ ਬਣਾਉਣ ਦੀ ਨਹੀਂ ਜਿੰਨੀ ਮੌਜੂਦਾ ਕਾਨੂੰਨਾਂ ਨੂੰ ਵਰਤ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਹੈ।

Have something to say? Post your comment