* ਕੋਰੋਨਾ ਦੀ ਵੱਡੀ ਸਮੱਸਿਆ ਨੂੰ ਉਸ ਨੇ ਛੋਟੀ ਜਿਹੀ ਝਲਕ ਕਿਹਾ
ਬੀਜਿੰਗ, 27 ਮਈ (ਪੋਸਟ ਬਿਊਰੋ)- ਇੱਕ ਪ੍ਰਮੁੱਖ ਚੀਨੀ ਵੀਰੋਲੋਜਿਸਟ, ਜਿਸ ਦੇ ਭੇਦਭਰੇ ਤਰੀਕੇ ਨਾਲ ਲਾਪਤਾ ਹੋਣ ਤੋਂ ਵੁਹਾਨ ਦੀ ਲੈਬਾਰਟਰੀ 'ਚੋਂ ਨਿਕਲੇ ਕੋਰੋਨਾ ਵਾਇਰਸ ਬਾਰੇ ਅਟਕਲਾਂ ਲੱਗ ਰਹੀਆ ਸਨ, ਪਹਿਲੀ ਵਾਰ ਚੀਨ ਦੇ ਸਰਕਾਰੀ ਟੀ ਵੀ ਉੱਤੇ ਇੰਟਰਵਿਊ ਦੌਰਾਨ ਨਜ਼ਰ ਆਈ, ਜਿੱਥੇ ਉਸ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਵਾਇਰਸ ‘ਵੱਡੀ ਸਮੱਸਿਆ ਦੀ ਇੱਕ ਛੋਟੀ ਜਿਹੀ ਝਲਕ' (ਟਿਪ ਆਫ਼ ਆਈਸਬਰਗ) ਹਨ ਅਤੇ ਉਸ ਨੇ ਵਿਗਿਆਨ ਦਾ ਸਿਆਸੀਕਰਨ ਹੋਣ 'ਤੇ ਦੁੱਖ ਪ੍ਰਗਟਾਇਆ ਹੈ।
ਸ਼ੀ ਝੇਂਗਲੀ ਨੂੰ ਚਮਗਿੱਦੜ ਤੇ ਉਸ ਨਾਲ ਸਬੰਧਿਤ ਵਾਇਰਸ 'ਤੇ ਖੋਜ ਲਈ ‘ਬੈਟ ਵੂਮੈਨ' ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਪਹਿਲਾਂ ਹੀ ਆਪਣੇ ਚੀਨੀ ਸੋਸ਼ਲ ਮੀਡੀਆ ਅਕਾਊਂਟ 'ਤੇ ਉਸ ਖ਼ਿਲਾਫ਼ ਫੈਲਾਈਆਂ ਅਫ਼ਵਾਹਾਂ ਦਾ ਖੰਡਨ ਕਰ ਦਿੱਤਾ ਸੀ। ਟੀ ਵੀ ਇੰਟਰਵਿਊ ਦੌਰਾਨ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆ ਦਾ ਸਿੱਧਾ ਹਵਾਲਾ ਦਿੱਤਾ ਕਿ ਕੋਰੋਨਾ ਦੀ ਉਤਪਤੀ ਵੁਹਾਨ ਇੰਸਟੀਚਿਊਟ ਵੀਰੋਲੋਜੀ ਤੋਂ ਹੋਈ ਹੈ, ਜਿੱਥੇ ਉਹ ਚਮਗਿਦੜਾਂ 'ਤੇ ਮੋਹਰੀ ਖੋਜਕਰਤਾ ਹੈ ਅਤੇ ਉਸ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ।