Welcome to Canadian Punjabi Post
Follow us on

29

March 2024
 
ਨਜਰਰੀਆ

ਭੁੱਖ ਦੇ ਮਾਰੇ ਲੋਕਾਂ ਨੂੰ ਧਰਮ ਦਾ ਝੰਡਾ ਚੁਕਾਉਣ ਲੱਗੀ ਹੈ ਭਾਜਪਾ

November 12, 2018 08:34 AM

-ਜਤਿੰਦਰ ਪਨੂੰ
ਅਗਲੀਆਂ ਲੋਕ ਸਭਾ ਚੋਣਾਂ ਹੋਣ ਵਿੱਚ ਬਹੁਤਾ ਸਮਾਂ ਨਹੀਂ ਰਹਿ ਗਿਆ। ਮਿਥੇ ਸਮੇਂ ਮੁਤਾਬਕ ਕਰਨੀਆਂ ਹੋਣ ਤਾਂ ਫਰਵਰੀ ਵਿੱਚ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣਾ ਅਤੇ ਓਸੇ ਦਿਨ ਤੋਂ ਕੁਝ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਜਾਣਾ ਬਣਦਾ ਹੈ। ਉਸ ਹਿਸਾਬ ਨਾਲ ਸਰਗਰਮੀ ਚੱਲ ਪਈ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਇਸ ਵਕਤ ਅਗਲੀਆਂ ਚੋਣਾਂ ਲਈ ਸਮੁੱਚਾ ਹੋਮ-ਵਰਕ ਕਰਨ ਤੇ ਅਜੇ ਤੱਕ ਅੜੇ ਹੋਏ ਲੁਕਵੇਂ ਏਜੰਡੇ ਨੂੰ ਲਾਗੂ ਕਰਨ ਦੇ ਗੇਅਰ ਵਿੱਚ ਪੈ ਚੁੱਕੀ ਹੈ। ਕਾਂਗਰਸ ਪਾਰਟੀ ਦਾ ਕੋੜਮਾ ਅਜੇ ਤੱਕ ਵੀ ਅੱਕੀਂ-ਪਲਾਹੀਂ ਹੱਥ ਮਾਰਦਾ ਫਿਰ ਰਿਹਾ ਹੈ। ਉਨ੍ਹਾਂ ਦਾ ਪ੍ਰਧਾਨ ਰਾਹੁਲ ਗਾਂਧੀ ਪਹਿਲਾਂ ਤੋਂ ਸਿਆਣਾ ਹੋ ਕੇ ਵੀ ਅਜੇ ਸਥਿਤੀ ਦੇ ਹਾਣ ਦਾ ਸਾਬਤ ਨਹੀਂ ਹੋ ਰਿਹਾ।
ਜਿੱਥੋਂ ਤੱਕ ਨਵੇਂ ਸਾਲ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਲੁਕਵਾਂ ਏਜੰਡਾ ਲਾਗੂ ਕਰਨ ਦੀ ਗੱਲ ਹੈ, ਉਸ ਵਿੱਚ ਇਸ ਵੇਲੇ ਸਭ ਤੋਂ ਵੱਡਾ ਕੰਮ ਸ਼ਹਿਰਾਂ ਦੇ ਨਾਂਵਾਂ ਦੇ ਬਹਾਨੇ ਹਿੰਦੂਕਰਨ ਦੀ ਉਹ ਲਹਿਰ ਸਿਰੇ ਉੱਤੇ ਪੁਚਾਉਣ ਵਾਲਾ ਹੈ, ਜਿਹੜਾ ਇੱਕ ਵਾਰੀ ਚੱਲ ਪਿਆ ਤਾਂ ਚੋਣਾਂ ਵਿੱਚ ਵਰਤਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕੀਤਾ ਜਾਣ ਨਾਲ ਖੇਡ ਸ਼ੁਰੂ ਹੋਈ ਤੇ ਫੈਜ਼ਾਬਾਦ ਜਿ਼ਲੇ ਦਾ ਨਾਂਅ ਬਦਲ ਕੇ ਅਯੁੱਧਿਆ ਕਰਨ ਤੱਕ ਪਹੁੰਚ ਗਈ। ਅਯੁੱਧਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਚੋਣ ਉਠਾਣ ਦਾ ਉਸ ਵੇਲੇ ਤੋਂ ਮੁੱਖ ਕੇਂਦਰ ਬਣਿਆ ਰਿਹਾ ਹੈ, ਜਦੋਂ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰਨ ਵਿੱਚ ਕਾਮਯਾਬ ਰਹੀ ਸੀ ਤੇ ਭਾਜਪਾ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ। ਉਸ ਦੇ ਬਾਅਦ ਭਾਜਪਾ ਨੇ ਬਾਬਰੀ ਮਸਜਿਦ ਢਾਹੁਣ ਤੇ ਰਾਮ ਮੰਦਰ ਬਣਾਉਣ ਲਈ ਰਾਮ-ਰੱਥ ਤੋਰਿਆ ਤਾਂ ਸਿੱਟੇ ਵਜੋਂ ਦੂਜੀ ਵਾਰੀ ਛਿਆਸੀ ਸੀਟਾਂ ਅਤੇ ਤੀਜੀ ਵਾਰੀ ਇੱਕ ਸੌ ਉੱਨੀ ਜਿੱਤਣ ਮਗਰੋਂ ਚੌਥੀ ਵਾਰੀ ਇੱਕ ਸੌ ਬਿਆਸੀ ਸੀਟਾਂ ਜਿੱਤ ਕੇ ਪਹਿਲੀ ਵਾਰੀ ਤੇਰਾਂ ਦਿਨ ਇਸ ਦੇਸ਼ ਦੀ ਸਰਕਾਰ ਸਾਂਭਣ ਤੱਕ ਦੀ ਮੱਲ ਮਾਰਨ ਜੋਗੀ ਹੋ ਗਈ ਸੀ। ਉਸ ਵਕਤ ਤੋਂ ਉਸ ਦੀ ਰਾਜਨੀਤੀ ਅਯੁੱਧਿਆ ਦੁਆਲੇ ਘੁੰਮਦੀ ਹੈ। ਫੈਜ਼ਾਬਾਦ ਜਿ਼ਲਾ ਬਹੁਤ ਪੁਰਾਣਾ ਸੀ ਤੇ ਅਯੁੱਧਿਆ ਉਸ ਜਿ਼ਲੇ ਦਾ ਸਭ ਤੋਂ ਵੱਡਾ ਕਸਬਾ ਸੀ, ਜਿੱਥੇ ਪਿਛਲੇ ਹਫਤੇ ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਪਲਟੀ ਮਾਰ ਕੇ ਅਯੁੱਧਿਆ ਨੂੰ ਜਿ਼ਲਾ ਬਣਾਇਆ ਤੇ ਉਸ ਕਸਬੇ ਤੋਂ ਵੱਡੇ ਸ਼ਹਿਰ ਫੈਜ਼ਾਬਾਦ ਨੂੰ ਉਸ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਅਸੀਂ ਬਹੁਤ ਸਾਰੇ ਲੋਕਾਂ ਬਾਰੇ ਇਹ ਗੱਲ ਜਾਣਦੇ ਹਾਂ ਕਿ ਉਹ ਭਾਜਪਾ ਦੀ ਸਰਕਾਰ ਦੇ ਖਿਲਾਫ ਹਨ, ਪਰ ਅਯੁੱਧਿਆ ਮਾਮਲੇ ਵਿੱਚ ਉਸ ਦੇ ਨਾਲ ਖੜੋ ਜਾਂਦੇ ਹਨ।
ਇਨ੍ਹਾਂ ਦੋਵਾਂ ਸ਼ਹਿਰਾਂ ਦੇ ਨਾਂਅ ਬਦਲਣ ਨਾਲ ਇੱਕ ਤਜਰਬਾ ਕੀਤਾ ਗਿਆ ਹੈ, ਜਿਸ ਦਾ ਵਿਰੋਧ ਹੋਣ ਦੀ ਥਾਂ ਮੋਟੇ ਤੌਰ ਉੱਤੇ ਲੋਕਾਂ ਨੇ ਜਿਸ ਤਰ੍ਹਾਂ ਚੁੱਪ ਕਰ ਕੇ ਹਜ਼ਮ ਕਰ ਲਿਆ, ਉਸ ਨਾਲ ਕਈ ਹੋਰ ਥਾਂਵਾਂ ਤੋਂ ਇਹ ਮੰਗ ਉੱਠਣ ਲੱਗ ਪਈ ਹੈ। ਇਸ ਵਕਤ ਸਭ ਤੋਂ ਉੱਭਰਵੀਂ ਮੰਗ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਦਾ ਨਾਂਅ ਬਦਲਣ ਅਤੇ ਇਸ ਦਾ ਨਵਾਂ ਨਾਂਅ ਕਰਨਾਵਤੀ ਰੱਖਣ ਵਾਸਤੇ ਹੋਈ ਹੈ। ਓਥੇ ਰਾਜ ਸਰਕਾਰ ਇਸ ਨੂੰ ਛੇਤੀ ਸਿਰੇ ਚਾੜ੍ਹਨ ਲਈ ਤਿਆਰ ਹੋਈ ਪਈ ਹੈ ਤੇ ਸ਼ਾਇਦ ਇਸ ਹਫਤੇ ਇਹ ਕੰਮ ਵੀ ਹੋ ਜਾਵੇਗਾ। ਇਸ ਦੌਰਾਨ ਮੁਜ਼ੱਫਰਨਗਰ ਦੇ ਦੰਗਿਆਂ ਵੇਲੇ ਸਭ ਤੋਂ ਵੱਧ ਬਦਨਾਮੀ ਖੱਟਣ ਵਾਲਾ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਮੰਚ ਉੱਤੇ ਝਲਕ ਦਿਖਲਾ ਚੁੱਕਾ ਭਾਜਪਾ ਵਿਧਾਇਕ ਸੰਗੀਤ ਸੋਮ ਵੀ ਝੰਡਾ ਚੁੱਕ ਖੜੋਤਾ ਹੈ। ਉਹ ਜਿਸ ਸਰਧਨਾ ਵਿਧਾਨ ਸਭਾ ਹਲਕੇ ਦਾ ਵਿਧਾਇਕ ਹੈ, ਉਸ ਦਾ ਨਵਾਂ ਨਾਂਅ ਲਕਸ਼ਮੀ ਨਗਰ ਰੱਖਣ ਦੀ ਮੰਗ ਉਠਾਈ ਗਈ ਹੈ। ਆਗਰੇ ਵਿੱਚ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਕਹਿੰਦਾ ਹੈ ਕਿ ਇਸ ਦਾ ਨਵਾਂ ਨਾਂਅ ਅਗਰਾਵਾਨ ਰੱਖਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨੂੰ ਹਰੀਨਗਰ ਬਣਾਉਣ ਦੀ ਮੰਗ ਵੀ ਉੱਠ ਪਈ ਹੈ। ਇੱਕ ਹੋਰ ਭਾਜਪਾ ਵਿਧਾਇਕ ਨੇ ਮੰਗ ਪੇਸ਼ ਕਰ ਦਿੱਤੀ ਹੈ ਕਿ ਬਸਤੀ ਸ਼ਹਿਰ ਦਾ ਨਾਂਅ ਵੀ ਬਦਲ ਕੇ ਰਿਸ਼ੀ ਵਾਸਿ਼ਸ਼ਟ ਦੇ ਨਾਂਅ ਉੱਤੇ ਵਾਸਿ਼ਸ਼ਟ ਨਗਰ ਰੱਖ ਦੇਣਾ ਬਣਦਾ ਹੈ। ਇਹ ਅਸਲ ਵਿੱਚ ਮੰਗਾਂ ਦੀ ਇੱਕ ਲੰਮੀ-ਚੌੜੀ ਲੜੀ ਹੈ। ਇਸ ਲੜੀ ਦਾ ਸੰਬੰਧ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਨਾਲ ਹੈ।
ਉਂਜ ਸਾਡੇ ਲੋਕ ਬੜੀ ਛੋਟੀ ਯਾਦਦਾਸ਼ਤ ਵਾਲੇ ਹਨ। ਹਾਲੇ ਚਾਰ ਸਾਲ ਨਹੀਂ ਹੋਏ, ਜਦੋਂ ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਬਣਦੇ ਸਾਰ ਗੁੜਗਾਉਂ ਦਾ ਨਾਂਅ ਬਦਲ ਕੇ ‘ਗੁਰੂ ਗ੍ਰਾਮ’ ਰੱਖਿਆ ਗਿਆ ਸੀ। ਪੁੱਛਣ ਉੱਤੇ ਦੱਸਿਆ ਗਿਆ ਕਿ ਕੌਰਵਾਂ ਅਤੇ ਪਾਂਡਵਾਂ ਨੂੰ ਤੀਰਅੰਦਾਜ਼ੀ ਦੀ ਸਿੱਖਿਆ ਦੇਣ ਵਾਲੇ ਪ੍ਰਸਿੱਧ ਗੁਰੂ ਦਰੋਣਾਚਾਰੀਆ ਦਾ ਆਸ਼ਰਮ ਇਸ ਥਾਂ ਹੁੰਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦੀ ਵਿਰਾਸਤ ਵਿੱਚ ਗੁਰੂ ਦਰੋਣਾਚਾਰੀਆ ਦੀ ਬਹੁਤ ਵੱਡੀ ਦੇਣ ਹੋਣ ਕਰ ਕੇ ਉਸ ਦਾ ਨਾਂਅ ਇਸ ਸ਼ਹਿਰ ਨਾਲ ਜੋੜ ਦਿੱਤਾ ਗਿਆ ਹੈ। ਇਹ ਗੱਲ ਮੰਨ ਲਈ ਜਾਵੇ ਤਾਂ ਇੱਕ ਸਵਾਲ ਉੱਠਦਾ ਹੈ। ਜਿਸ ਗੁਰੂ ਦਰੋਣਾਚਾਰੀਆ ਦੀ ਏਨੀ ਮਹਿਮਾ ਦੱਸੀ ਜਾਂਦੀ ਹੈ, ਉਸ ਕੋਲ ਦਲਿਤ ਪਰਵਾਰ ਦਾ ਬੱਚਾ ਏਕਲਵਿਆ ਵੀ ਗਿਆ ਸੀ ਤੇ ਇਹ ਅਰਜ਼ ਕੀਤੀ ਸੀ ਕਿ ਇੱਕ ਸੌ ਅਤੇ ਪੰਜ ਨੌਜਵਾਨ ਮਿਲਾ ਕੇ ਜਿੱਥੇ ਇੱਕ ਸੌ ਪੰਜਾਂ ਨੂੰ ਸਿਖਾ ਰਹੇ ਹੋ, ਗਰੀਬੜੇ ਨੂੰ ਵੀ ਨਾਲ ਸਿਖਾਈ ਜਾਓ। ਮਹਾਨ ਦੱਸੇ ਜਾਂਦੇ ਇਸ ਗੁਰੂ ਨੇ ਉਸ ਨੂੰ ਝਿੜਕ ਕੇ ਭਜਾ ਦਿੱਤਾ ਸੀ। ਉਸ ਬੱਚੇ ਦੀ ਦੀਨਗੀ ਦੀ ਹੱਦ ਕਿ ਉਸ ਨੇ ਬਾਹਰ ਜਾ ਕੇ ਏਸੇ ਗੁਰੂ ਦਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾਈ ਤੇ ਉਸ ਨੂੰ ਪ੍ਰਣਾਮ ਕਰਨ ਪਿੱਛੋਂ ਤੀਰ ਚਲਾਉਣ ਦੀ ਪ੍ਰੈਕਟਿਸ ਕਰਨ ਲੱਗ ਪਿਆ। ਜਿਸ ਦਿਨ ਅਰਜਨ ਦੇ ਮੁਕਾਬਲੇ ਉਸ ਦੀ ਤੀਰ ਅੰਦਾਜ਼ੀ ਕਲਾ ਵਧੇਰੇ ਤਿੱਖੀ ਵੇਖੀ ਤਾਂ ਗੁਰੂ ਦਰੋਣਾਚਾਰੀਆ ਨੇ ਉਸ ਦੇ ਗੁਰੂ ਬਾਰੇ ਪੁੱਛ ਲਿਆ ਤੇ ਜਦੋਂ ਮੁੰਡੇ ਨੇ ਦੱਸਿਆ ਕਿ ਗੁਰੂ ਉਹ ਦਰੋਣਾਚਾਰੀਆ ਨੂੰ ਹੀ ਮੰਨ ਕੇ ਸਿੱਖਦਾ ਰਿਹਾ ਹੈ ਤਾਂ ਦਰੋਣਾਚਾਰੀਆ ਨੂੰ ਇਸ ਨਾਲ ਖੁਸ਼ੀ ਨਹੀਂ ਸੀ ਹੋਈ, ਈਰਖਾ ਜਾਗ ਪਈ ਸੀ। ਉਸ ਨੇ ਮੁੰਡੇ ਨੂੰ ਕਿਹਾ ਕਿ ਜੇ ਮੈਨੂੰ ਗੁਰੂ ਮੰਨਿਆ ਹੈ ਤਾਂ ਮੇਰੀ ਗੁਰੂ-ਦਕਸਿ਼ਣਾ ਦੇਣੀ ਪਵੇਗੀ। ਮੁੰਡੇ ਨੇ ਗੁਰੂ-ਦਕਸਿ਼ਣਾ ਪੁੱਛ ਲਈ। ਅੱਗੋਂ ਗੁਰੂ ਨੇ ਉਸ ਦਾ ਅੰਗੂਠਾ ਮੰਗ ਲਿਆ, ਜਿਸ ਬਿਨਾਂ ਉਹ ਮੁੰਡਾ ਤੀਰ ਨਹੀਂ ਸੀ ਚਲਾ ਸਕਦਾ। ਬੱਚੇ ਦੀ ਹਿੰਮਤ ਵੇਖੋ ਕਿ ਉਸ ਨੇ ਗੁਰੂ ਦੇ ਕਹੇ ਉੱਤੇ ਆਪਣਾ ਸੱਜਾ ਅੰਗੂਠਾ ਵੀ ਵੱਢ ਕੇ ਫੜਾ ਦਿੱਤਾ ਸੀ। ਚੇਲਾ ਆਪਣੇ ਵਿਸ਼ਵਾਸ ਦਾ ਪੂਰਾ ਨਿਕਲਿਆ ਤੇ ਗੁਰੂ ਨੇ ਕੂਟਨੀਤੀ ਨੂੰ ਵੀ ਦਾਗ ਲਾ ਦਿੱਤਾ। ਉਸ ਗੁਰੂ ਦੇ ਨਾਂਅ ਦਾ ਸ਼ਹਿਰ ਹੋ ਗਿਆ। ਭਾਜਪਾ ਦੇ ਕਿਸੇ ਆਗੂ ਨੂੰ ਇਹ ਖਿਆਲ ਨਹੀਂ ਆਇਆ ਕਿ ਗੁਰੂ ਦਰੋਣਾਚਾਰੀਆ ਦੇ ਨਾਂਅ ਦਾ ਸ਼ਹਿਰ ਬਣਾ ਦਿੱਤਾ ਤਾਂ ਗਰੀਬ ਬੱਚੇ ਦੇ ਨਾਂਅ ਦਾ ਕੋਈ ਚੌਕ ਹੀ ਬਣਾ ਦੇਈਏ। ਇਹੋ ਤਾਂ ਵੱਡਾ ਪੇਚ ਹੈ ਭਾਜਪਾ ਦੀ ਰਾਜਨੀਤੀ ਦਾ।
ਜੀ ਹਾਂ, ਇਹੋ ਵੱਡਾ ਤੇ ਸ਼ਾਇਦ ਸਭ ਤੋਂ ਵੱਡਾ ਪੇਚ ਹੈ ਭਾਜਪਾ ਦੀ ਉਸ ਰਾਜਨੀਤੀ ਦਾ, ਜਿਸ ਨੂੰ ਮੂਹਰੇ ਰੱਖ ਕੇ ਉਹ ਸ਼ਹਿਰਾਂ ਦੇ ਨਾਂਅ ਬਦਲ ਕੇ ਭੁੱਖ ਦੇ ਮਾਰੇ ਲੋਕਾਂ ਨੂੰ ਧੱਕੇ ਨਾਲ ਧਰਮ ਦਾ ਝੰਡਾ ਚੁਕਾਉਣ ਤੁਰੀ ਹੋਈ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ