Welcome to Canadian Punjabi Post
Follow us on

14

November 2018
ਭਾਰਤ

ਕਰਨਾਟਕ ਉੱਪ ਚੋਣਾਂ ਵਿੱਚ ਕਾਂਗਰਸ ਗੱਠਜੋੜ ਦੀ ਜਿੱਤ, ਭਾਜਪਾ ਨੂੰ ਕਰਾਰੀ ਹਾਰ ਮਿਲੀ

November 07, 2018 07:41 AM

ਬੈਂਗਲੁਰੂ, 6 ਨਵੰਬਰ (ਪੋਸਟ ਬਿਊਰੋ)- ਕਰਨਾਟਕ ਵਿੱਚ 3 ਲੋਕ ਸਭਾ ਅਤੇ 2 ਵਿਧਾਨ ਸਭਾ ਸੀਟਾਂ ਲਈ ਹੋਈਆਂ ਉੱਪ ਚੋਣਾਂ `ਚ ਕਾਂਗਰਸ-ਜਨਤਾ ਦਲ ਐੱਸ ਦੇ ਗਠਜੋੜ ਨੇ ਭਾਜਪਾ ਦੇ ਮੁਕਾਬਲੇ ਸ਼ਾਨਦਾਰ 4:1 ਜਿੱਤ ਦਰਜ ਕੀਤੀ ਹੈ। ਇਸ ਚੋਣ ਵਿੱਚ ਗਠਜੋੜ ਨੇ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਕਰੀਬ ਡੇਢ ਦਹਾਕੇ ਤਕ ਉਸ ਦਾ ਗੜ੍ਹ ਰਹੀ ਬੇਲਾਰੀ ਸੀਟ ਨੂੰ ਉਸ ਕੋਲੋਂ ਖੋਹ ਕੇ ਬੁਰੀ ਤਰ੍ਹਾਂ ਝੰਜੋੜ ਛੱਡਿਆ ਹੈ।
ਕਾਂਗਰਸ ਪਾਰਟੀ ਨੇ ਇਨ੍ਹਾਂ ਉੱਪ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣ ਤੋਂ ਪਹਿਲਾਂ ਵਾਲਾ ਟੀਜ਼ਰ ਕਰਾਰ ਦਿੱਤਾ ਹੈ। ਇਸ ਗਠਜੋੜ ਦੇ ਉਮੀਦਵਾਰ ਜਮਖੰਡੀ, ਰਾਮਨਗਰ ਵਿਧਾਨ ਸਭਾ ਤੇ ਬੇਲਾਰੀ, ਮਾਂਡਿਆ ਪਾਰਲੀਮੈਂਟ ਹਲਕੇ ਵਿੱਚ ਜਿੱਤ ਗਏ ਹਨ। ਬੇਲਾਰੀ ਲੋਕ ਸਭਾ ਸੀਟ ਉੱਤੇ ਕਾਂਗਰਸ ਦੇ ਵੀ ਐੱਸ ਉਗਰੱਪਾ ਨੇ ਭਾਜਪਾ ਉਮੀਦਵਾਰ ਜੇ. ਸ਼ਾਂਤਾ ਨੂੰ ਕਰੀਬ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਜਮਖੰਡੀ `ਚ ਕਾਂਗਰਸ ਦੇ ਏ ਐੱਸ ਨਿਆਮਗੌੜਾ ਨੇ ਭਾਜਪਾ ਦੇ ਸੁਬਾਰਾਓ ਨੂੰ 39,480 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਸਾਲ ਮਈ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ `ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਉਣ ਪਿੱਛੋਂ ਕਾਂਗਰਸ-ਜਨਤਾ ਦਲ ਐੱਸ ਗਠਜੋੜ ਲਈ ਇਹ ਕਾਫੀ ਅਹਿਮ ਟੈਸਟ ਮੰਨਿਆ ਜਾ ਰਿਹਾ ਸੀ।
ਵਰਨਣ ਯੋਗ ਹੈ ਕਿ ਸ਼ਨੀਵਾਰ ਹੋਏ ਮਤਦਾਨ `ਚ ਔਸਤਨ 67 ਫੀਸਦੀ ਵੋਟ ਪਏ ਸਨ। ਸ਼ਿਵਮੋਗਾ, ਬੇਲਾਰੀ ਤੇ ਮਾਂਡਿਆ ਲੋਕ ਸਭਾ ਸੀਟ ਉੱਤੇ ਕਰਮਵਾਰ 61.05, 63.85 ਤੇ 53.93 ਫੀਸਦੀ ਵੋਟ ਪਏ ਸਨ। ਰਾਮਨਗਰ ਅਤੇ ਜਮਖੰਡੀ ਵਿਧਾਨ ਸਭਾ ਸੀਟਾਂ `ਤੇ ਕਰਮਵਾਰ 73.71 ਤੇ 81.58 ਫੀਸਦੀ ਵੋਟਾਂ ਪਈਆਂ ਸਨ।
ਉੱਪ ਚੋਣਾਂ `ਚ ਜਿੱਤ ਤੋਂ ਖੁਸ਼ ਕਰਨਾਟਕ ਦੇ ਮੁੱਖ ਮੰਤਰੀ ਐੱਚ ਡੀ. ਕੁਮਾਰਸਵਾਮੀ ਤੇ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਮੰਗਲਵਾਰ ਕਿਹਾ ਕਿ ਉਹ ਭਾਜਪਾ ਖਿਲਾਫ 2019 ਲੋਕ ਸਭਾ ਚੋਣਾਂ ਵੀ ਇਕੱਠੇ ਮਿਲ ਕੇ ਲੜਨਗੇ। ਮੁੱਖ ਮੰਤਰੀ ਕੁਮਾਰਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਨਤਾ ਦਲ ਐੱਸ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਨੂੰ ਸਮਰਥਨ ਦੇਣ `ਤੇ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੋਵੇਂ ਪਾਰਟੀਆਂ ਅਗਲੀਆਂ ਲੋਕ ਸਭਾ ਚੋਣਾਂ ਵੀ ਸਾਰੀਆਂ 28 ਸੀਟਾਂ `ਤੇ ਮਿਲ ਕੇ ਲੜਨਗੀਆਂ। ਮੁੱਖ ਮੰਤਰੀ ਨੇ ਕਿਹਾ, ‘ਅਸੀਂ ਜਨਤਾ ਦੀ ਭਲਾਈ ਦੇ ਕਈ ਕਦਮ ਚੁੱਕੇ ਸਨ ਤੇ ਲਾਗੂ ਹੋਣ ਦੇ ਪੜਾਅ `ਚ ਹਨ, ਹਾਲੇ ਉਨ੍ਹਾਂ ਨੂੰ ਲਾਭ ਨਹੀਂ ਮਿਲਿਆ।` ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਡੀਆਂ ਨੀਤੀਆਂ ਪਸੰਦ ਹਨ, ਭਾਵੇ ਉਹ ਫਸਲ ਕਰਜ਼ਾ ਮੁਆਫੀ ਹੋਵੇ ਜਾਂ ਸੜਕ `ਤੇ ਰੇਹੜੀ ਲਗਾਉਣ ਵਾਲਿਆਂ ਨੂੰ ਵਿੱਤੀ ਮਦਦ ਹੋਵੇ।
ਦਿਨੇਸ਼ ਗੁੰਡੂ ਰਾਵ ਨੇ ਕਿਹਾ, ‘ਸੱਤਾ ਦੀ ਭੁੱਖੀ ਭਾਜਪਾ ਨੇ ਵਿਰੋਧੀ ਦਲ ਦੇ ਰੂਪ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਨੇ ਨੈਤਿਕਤਾ ਤੇ ਨੀਤੀ ਸ਼ਾਸਤਰ ਨੂੰ ਨਜ਼ਰ ਅੰਦਾਜ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਚਾਰ ਥਾਈਂੇ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਿਮੋਗਾ `ਚ ਉਨ੍ਹਾਂ ਦੀ ਜਿੱਤ ਦਾ ਅੰਤਰ ਘੱਟ ਹੋ ਗਿਆ।` ਰਾਮਨਗਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਵਾਲੀ ਅਨਿਤਾ ਕੁਮਾਰਸਵਾਮੀ ਨੇ ਜਿੱਤ ਦਾ ਸਿਹਰਾ ਆਪਣੇ ਮੁੱਖ ਮੰਤਰੀ ਪਤੀ ਕੁਮਾਰਸਵਾਮੀ ਅਤੇ ਆਪਣੇ ਸਹੁਰੇ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਤੇ ਕਾਂਗਰਸੀ ਨੇਤਾਵਾਂ ਦੀ ਲਗਾਤਾਰ ਕੋਸ਼ਿਸ਼ ਨੂੰ ਦਿੱਤਾ ਹੈ।`

Have something to say? Post your comment
 
ਹੋਰ ਭਾਰਤ ਖ਼ਬਰਾਂ