Welcome to Canadian Punjabi Post
Follow us on

14

November 2018
ਸੰਪਾਦਕੀ

ਜੀ 7 ਸੰਮੇਲਨ ਦੀਆਂ ਗੱਡੀਆਂ ਦੇ ਖੰਭਾਂ ਦਾ ਟੁੱਟਣਾ

November 07, 2018 07:01 AM

ਪੰਜਾਬੀ ਪੋਸਟ ਸੰਪਾਦਕੀ

ਪਾਠਕਾਂ ਨੂੰ ਭਲੀਭਾਂਤ ਚੇਤੇ ਹੋਵੇਗਾ ਕਿ 44ਵਾਂ ਜੀ 7 ਸਿਖ਼ਰ ਸੰਮੇਲਨ ਇਸ ਸਾਲ 8 ਅਤੇ 9 ਜੂਨ ਨੂੰ ਕਿਉਬਿੱਕ ਦੇ ਨਿੱਕੇ ਜਿਹੇ ਕਸਬੇ ਲਾ-ਮਾਲਬਾਈ ( La Malbaie) ਵਿੱਚ ਹੋਇਆ ਸੀ। 600 ਮਿਲੀਅਨ ਡਾਲਰ ਖਰਚ ਕੇ ਕੀਤਾ ਇਹ ਉਹੀ ਸਿਖ਼ਰ ਸੰਮੇਲਨ ਸੀ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਮੁੰਡੇ ਦੀ ਬਰਾਤ ਵਿੱਚ ਆਏ ਅੜਬ ਪ੍ਰਾਹੁਣੇ’ ਵਾਗੂੰ ਰੁੱਸ ਕੇ ਚਲਾ ਗਿਆ ਸੀ। ਪਰ ਬਹੁਤ ਸਾਰੇ ਕੈਨੇਡੀਅਨਾਂ ਨੂੰ ਨਹੀਂ ਪਤਾ ਕਿ ਇਸ ਸਿਖ਼ਰ ਸੰਮੇਲਨ ਲਈ ਸਰਕਾਰ ਨੇ 23 ਮਿਲੀਅਨ ਡਾਲਰ ਖਰਚ ਕੇ 600 ਤੋਂ ਵੱਧ ਨਵੀਆਂ ਨਕੋਰ ਗੱਡੀਆਂ ਖਰੀਦੀਆਂ ਸਨ। ਇਹਨਾਂ ਗੱਡੀਆਂ ਵਿੱਚੋਂ ਕਥਿਤ ਰੂਪ ਵਿੱਚ 431 ਨੂੰ ਮਹਿਮਾਨਾਂ ਦੀ ਢੋਆ ਢੁਆਈ ਵਾਸਤੇ ਅਤੇ 200 ਨੂੰ ਪ੍ਰਸ਼ਾਸ਼ਨਿਕ ਮੰਤਵਾਂ ਵਾਸਤੇ ਵਰਤਿਆ ਗਿਆ। ਕਥਿਤ ਰੂਪ ਇਸ ਲਈ ਕਿਉਂਕਿ ਨੈਸ਼ਨਲ ਪੋਸਟ ਵੱਲੋਂ ਇੱਕਤਰ ਜਾਣਕਾਰੀ ਮੁਤਾਬਕ ਸੰਮੇਲਨ ਤੋਂ 6 ਮਹੀਨੇ ਬਾਅਦ ਵੀ ਕਈ ਗੱਡੀਆਂ ਨੇ ਸਿਰਫ਼ 41 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਹੈ। ਸਿਰਫ਼ 51 ਗੱਡੀਆਂ ਹਨ ਜਿਹਨਾਂ ਨੂੰ ਦੁਬਾਰਾ ਕਿਸੇ ਸਰਕਾਰੀ ਮੰਤਵ ਲਈ ਵਰਤਿਆ ਜਾ ਰਿਹਾ ਹੈ।

 

ਕੈਨੇਡੀਅਨ ਟੈਕਸ ਪੇਅਰਜ਼ ਫੈਡਰੇਸ਼ਨ ਵੱਲੋਂ ਇਹ ਨੋਟ ਕੀਤਾ ਜਾਣਾ ਵਾਜਬ ਹੈ ਕਿ ਕੈਨੇਡੀਅਨਾਂ ਦੇ ਟੈਕਸ ਡਾਲਰਾਂ ਨਾਲ ਖਰੀਦੀਆਂ 600 ਗੱਡੀਆਂ ਵਿੱਚੋਂ 500 ਉਹ ਹਨ ਜਿਹਨਾਂ ਦੀ ਸਰਕਾਰ ਨੂੰ ਲੋੜ ਨਹੀਂ ਹੈ ਅਤੇ ਇਹ ਟੈਕਸ ਡਾਲਰਾਂ ਨੂੰ ਵਿਅਰਥ ਕੀਤੇ ਜਾਣ ਦੀ ਨੰਗੀ ਚਿੱਟੀ ਮਿਸਾਲ ਹੈ। ਖਰੀਦੀਆਂ ਗਈਆਂ ਗੱਡੀਆਂ ਵਿੱਚ 154 ਸ਼ੈਵਰਲੇ ਸਬਅਰਬਨ, 140 ਟੂਰਿੰਗ ਮਾਡਲ ਕਰਾਈਸਲਰ, 109 ਟੋਇਓਟਾ ਸੀਆਨਾ, 28 ਡੌਜ ਚਾਰਜਰ, 43 ਮਿਤਸੁਬਿਸ਼ੀ ਆਊਟਲੈਂਡਰ ਅਤੇ 30 ਡੌਜ ਜਰਨੀ ਸ਼ਾਮਲ ਹਨ। ਹੁਣ ਸਰਕਾਰ ਨੂੰ ਇਹ ਗੱਡੀਆਂ ਵੇਚਣ ਲਈ ਹੱਥਾਂ ਪੈਰਾਂ ਦੀ ਪਈ ਹੋਈ ਹੈ। ਬੇਸ਼ੱਕ ਅਗਸਤ ਤੋਂ ਅਕਤੂਬਰ ਦੇ ਅਰਸੇ ਦੌਰਾਨ ਇੱਕ ਸਰਕਾਰੀ ਸਰਪਲੱਸ ਵਾਲੀ ਵੈੱਬਸਾਈਟ ਤੋਂ 167 ਗੱਡੀਆਂ 6।3 ਮਿਲੀਅਨ ਡਾਲਰ ਵਿੱਚ ਵੇਚੀਆਂ ਜਾ ਚੁੱਕੀਆਂ ਹਨ ਪਰ ਐਨੇ ਵੱਡੀ ਇਨਵੈਂਟਰੀ ਨੂੰ ਵੇਚਣਾ ਔਖਾ ਕੰਮ ਸਾਬਤ ਹੋ ਰਿਹਾ ਹੈ। 40 ਵਹੀਕਲ ਅਜਿਹੇ ਹਨ ਜਿਹਨਾਂ ਦੀ ਕਿਸੇ ਨੇ ਬੋਲੀ ਹੀ ਨਹੀਂ ਲਾਈ ਹੈ।

 

ਸਰਕਾਰੀ ਕੰਮਕਾਜ ਨੂੰ ਨੇੜਿਓਂ ਵਾਚਣ ਵਾਲੇ ਲੋਕਾਂ ਦਾ ਖਿਆਲ ਹੈ ਕਿ ਇਸ ਦੋ ਦਿਨ ਦੀ ਈਵੈਂਟ ਲਈ 600 ਨਵੀਆਂ ਗੱਡੀਆਂ ਖਰੀਦਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਸੀ। ਆਰ ਸੀ ਐਮ ਪੀ ਮੁਤਾਬਕ ਨਵੀਆਂ ਗੱਡੀਆਂ ਖਰੀਦ ਕੇ ਉਹਨਾਂ ਨੂੰ ਰਜਿਸਟਰ ਕਰਨਾ ਅਤੇ ਸੰਮੇਲਨ ਵਾਸਤੇ ਸਾਜ਼ੋ ਸਮਾਨ ਫਿੱਟ ਕਰਨਾ ਸੌਖਾ ਸੀ। ਆਰ ਸੀ ਐਮ ਪੀ ਦਾ ਇਹ ਤਰਕ ਵਜ਼ਨ ਨਹੀਂ ਰੱਖਦਾ ਹੈ ਕਿਉਂਕਿ ਖਰੀਦੀਆਂ ਗਈਆਂ ਗੱਡੀਆਂ ਵਿੱਚੋਂ ਬਹੁਤ ਨੂੰ ਵਰਤਿਆ ਹੀ ਨਹੀਂ ਗਿਆ। ਅਮਰੀਕੀ ਰਾਸ਼ਟਰਪਤੀ ਨੇ ਵਰਤਣ ਲਈ ਆਪਣੀਆਂ ਖੁਦ ਦੀਆਂ ਗੱਡੀਆਂ ਨਾਲ ਲਿਆਂਦੀਆਂ ਸਨ। ਜੀ 7 ਸੰਮੇਲਨ ਵਿੱਚ ਸੱਤ ਮੁਲਕਾਂ ਦੇ ਮੁਖੀ, ਦੋ ਯੂਰਪੀਅਨ ਯੂਨੀਅਨ ਦੇ ਨੁਮਾਇੰਦੇ ਅਤੇ ਦਰਜਨ ਕੁ ਹੋਰ ਮੁਲਕਾਂ ਦੇ ਮੁਖੀ ਹਿੱਸਾ ਲੈਣ ਲਈ ਆਏ ਸਨ। ਇਹਨਾਂ ਵਿੱਚੋਂ ਟਰੂਡੋ ਹੋਰੀਂ ਤਾਂ ਘਰ ਦੇ ਹੀ ਸਨ। ਇਸ ਹਿਸਾਬ ਨਾਲ 7 ਮੁਲਕਾਂ ਦੇ ਸੰਮੇਲਨ ਵਾਸਤੇ ਪ੍ਰਤੀ ਮੁਲਕ 60 ਗੱਡੀਆਂ ਖਰੀਦੀਆਂ ਗਈਆਂ।

 

ਪਤਾ ਲੱਗਾ ਹੈ ਕਿ ਸਰਕਾਰ ਕੋਲ ਪਈਆਂ 2018 ਮਾਡਲ ਦੀਆਂ ਕਰਾਈਸਲਰ 300 ਐਸ ਗੱਡੀਆਂ ਦੀ ਮਾਰਕੀਟ ਕੀਮਤ 42 ਹਜ਼ਾਰ ਤੋਂ 49 ਹਜ਼ਾਰ ਡਾਲਰ ਦੇ ਦਰਮਿਆਨ ਹੈ। ਇਹਨਾਂ ਵਿੱਚੋਂ 29 ਗੱਡੀਆਂ ਵੇਚੀਆਂ ਗਈਆਂ ਹਨ ਜਿਹਨਾਂ ਵਿੱਚੋਂ ਅੱਧੀਆਂ ਦੇ ਕਰੀਬ 100 ਕਿਲੋਮੀਟਰ ਤੋਂ ਵੀ ਘੱਟ ਚੱਲੀਆਂ ਸਨ ਅਤੇ ਖਰੀਦਣ ਵਾਲੇ ਸਾਢੇ ਸਤਾਈ ਹਜ਼ਾਰ ਡਾਲਰ ਵਿੱਚ ਖਰੀਦ ਰਹੇ ਹਨ ਪਰ ਬਹੁਤੀਆਂ ਤਾਂ ਵੀ ਨਹੀਂ ਵਿਕ ਰਹੀਆਂ।

 

ਇਹ ਸਾਰੀ ਕਹਾਣੀ ਫੈਡਰਲ ਸਰਕਾਰ ਵਿੱਚ ਪੱਸਰੇ ਉਸ ਮਾਹੌਲ ਬਾਰੇ ਹੈ ਜਿਸ ਵਿੱਚ ਟੈਕਸ ਡਾਲਰਾਂ ਨੂੰ ਪਾਣੀ ਵਾਗੂੰ ਵਹਾਉਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਸਾਡਾ ਦੇਸ਼ ਜੀ 7 ਦਾ 2018 ਦੇ ਅੰਤ ਤੱਕ ਪ੍ਰਧਾਨ ਹੈ ਜੋ ਕਿ ਮਾਣ ਵਾਲੀ ਗੱਲ ਹੈ। ਇਹ ਪ੍ਰਧਾਨਗੀ ਰੋਟੇਟ ਭਾਵ ਬਦਲਦੀ ਰਹਿੰਦੀ ਹੈ। ਸੁਆਲ ਇਹਨਾਂ ਅਹਿਮ ਸੰਮੇਲਨਾਂ ਨੂੰ ਕਰਵਾਉਣ ਬਾਰੇ ਨਹੀਂ ਹੈ ਸਗੋਂ ਫਜ਼ੂਲਖਰਚ ਨੂੰ ਰੋਕਣ ਦੀ ਆਦਤ ਬਣਾਉਣ ਬਾਰੇ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸੰਮੇਲਨ ਉੱਤੇ 600 ਮਿਲੀਅਨ ਡਾਲਰ ਦਾ ਖਰਚ ਕੀਤੇ ਜਾਣ ਬਾਰੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ। ਟਰੂਡੋ ਹੋਰਾਂ ਦਾ ਜਵਾਬ ਸੀ ਕਿ ਦੇਸ਼ ਨੂੰ ਅਜਿਹੇ ਖਰਚੇ ਕਰਨੇ ਹੀ ਪੈਂਦੇ ਹੁੰਦੇ ਹਨ। 2010 ਵਿੱਚ ਜੀ 8 ਸਿਖ਼ਰ ਸੰਮੇਲਨ ਉੱਤੇ ਇਸ ਨਾਲੋਂ ਅੱਧਾ ਖਰਚਾ (305 ਮਿਲੀਅਨ ਡਾਲਰ) ਹੋਇਆ ਸੀ। ਪਰ ਕੌਣ ਪੁੱਛੇ ਕਿ ਫਜ਼ੂਲ ਖਰਚੀ ਮਾੜੀ ਹੁੰਦੀ ਹੈ।

 

Have something to say? Post your comment