Welcome to Canadian Punjabi Post
Follow us on

25

March 2019
ਨਜਰਰੀਆ

ਆਓ! ਜ਼ਿੰਦਗੀ ਨੂੰ ਜਿਊਣਾ ਸਿੱਖੀਏ

November 05, 2018 07:39 AM

-ਨਰਿੰਦਰ ਪਾਲ ਸਿੰਘ ਜਗਦਿਓ
ਜੇ ਕੋਈ ਗਾਣਾ, ਕਵਿਤਾ, ਨਜ਼ਮ, ਗਜ਼ਲ, ਕੋਈ ਫਿਲਮ ਤੁਹਾਡੀ ਰੂਹ ਨੂੰ ਝੰਜੋੜਦੀ ਨਹੀਂ। ਤੁਸੀਂ ਜਜ਼ਬਾਤੀ ਨਹੀਂ ਹੁੰਦੇ, ਉਦਾਸ ਨਹੀਂ ਹੁੰਦੇ, ਖੁਸ਼ ਨਹੀਂ ਹੁੰਦੇ, ਸੁਪਨੇ ਨਹੀਂ ਬੁਣਦੇ, ਕਿਸੇ ਫਿਲਮ ਦੇ ਸੀਨ ਨਾਲ ਤੁਹਾਡੀ ਅੱਖ ਨਮ ਨਹੀਂ ਹੁੰਦੀ, ਚਾਅ ਨਹੀਂ ਚੜ੍ਹਦਾ, ਬੀਤਿਆ ਸਮਾਂ ਮੁੜ ਹੰਢਾਉਣ ਦਾ ਜੀ ਨਹੀਂ ਕਰਦਾ ਤਾਂ ਜ਼ਿੰਦਗੀ ਨੂੰ ਨਵੇਂ ਸਿਰਿਓਂ ਜਿਊਣ ਦੀ ਤੁਹਾਨੂੰ ਸਖਤ ਲੋੜ ਹੈ। ਇਹ 29 ਫਰਵਰੀ ਨਹੀਂ, ਜੋ ਚਾਰ ਸਾਲ ਬਾਅਦ ਦੋਬਾਰਾ ਆ ਜਾਵੇਗੀ। ਜ਼ਿੰਦਗੀ ਐ ਜ਼ਿੰਦਗੀ ਜਨਾਬ! ਜਿਊਣਾ ਸਿੱਖੋ। ਖੁਸ਼ੀਆਂ, ਗਮ, ਤਕਲੀਫਾਂ, ਧੱਕੇ ਧਾਉਲੇ, ਸੰਘਰਸ਼, ਸੁੱਖ ਦੁੱਖ ਦਾ ਜ਼ਿਕਰ ਗੀਤਾਂ, ਕੀਵਤਾਵਾਂ/ ਨਜ਼ਮਾਂ/ ਗਜ਼ਲਾਂ/ ਵਾਰਤਕ 'ਚ ਵੀ ਹੁੰਦਾ ਹੈ ਅਤੇ ਫਿਲਮਾਂ ਵਿੱਚ ਵੀ। ਫਿਲਮਾਂ ਅਤੇ ਕਿਤਾਬਾਂ ਜ਼ਿੰਦਗੀ ਦੇ ‘ਜ਼ਾਇਕੇ' ਨੂੰ ਮਜ਼ੇਦਾਰ ਬਣਾ ਦਿੰਦੀਆਂ ਹਨ। ਇਨ੍ਹਾਂ ਰਾਹੀਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਇਕ ਕਿਤਾਬ ਜਾਂ ਇਕ ਫਿਲਮ ਕ੍ਰਾਂਤੀ ਲਿਆਉਣ ਦੀ ਵੁੱਕਤ ਰੱਖਦੀ ਹੈ। ਜ਼ਿੰਦਗੀ ਜਿਊਣ ਦੀ ਕਲਾ ਇਨ੍ਹਾਂ ਦੋ ਵਿਧਾਵਾਂ ਵਿੱਚੋਂ ਹਾਸਲ ਕੀਤੀ ਜਾ ਸਕਦੀ। ਜਾਂ ਜੇ ਇਹ ‘ਸਿਆਣੀਆਂ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਇਹ ਤਾਂ ਸਭ ਮੰਨਦੇ ਹੋਵੋਗੇ ਕਿ ਫਿਲਮਾਂ ਅਤੇ ਕਿਤਾਬਾਂ ਮਨੋਰੰਜਨ ਕਰਦੀਆਂ ਹਨ। ਤਨਾਅ ਭਰੀ ਜ਼ਿੰਦਗੀ ਵਿੱਚ ਮਨੋਰੰਜਨ ਦੀ ਭੂਮਿਕਾ ਵੈਸੇ ਹੀ ਬਹੁਤ ਜ਼ਿਆਦਾ ਵਧ ਚੁੱਕੀ ਹੈ।
ਫਿਰ ਕਿਉਂ ਨਾ ਮਨੋਰੰਜਨ ਲਈ ਫਿਲਮਾਂ ਵੇਖੀਏ ਤੇ ਕਿਤਾਬਾਂ ਪੜ੍ਹੀਏ! ਫਿਲਮਾਂ ਤੇ ਕਿਤਾਬਾਂ ਮਨੁੱਖ ਦੇ ਜਜ਼ਬਾਤੀ ਵੇਗ ਨੂੰ ਕਾਬੂ ਰੱਖਦੀਆਂ ਹਨ। ਸਾਡਾ ‘ਕਥਾਰਸਿਸ' ਕਰਦੀਆਂ ਹਨ। ‘ਕਥਾਰਸਿਸ' ਸ਼ਬਦ ਦਾ ਸਭ ਤੋਂ ਪਹਿਲਾਂ ਪ੍ਰਯੋਗ ਪ੍ਰਸਿੱਧ ਦਾਰਸ਼ਨਿਕ ਅਰਸਤੂ ਨੇ ਕੀਤਾ ਸੀ। ਮਨੋੋਵਿਗਿਆਨਕ ਪੱਧਰ 'ਤੇ ਸਿਗਮੰਡ ਫਾਈਡ ਦੀ ‘ਕਥਾਰਸਿਸ ਥਿਊਰੀ' ਦਾ ਮਤਲਬ ਇਹੋ ਹੈ। ਇਸ ਅਨੁਸਾਰ ਮਨੁੱਖ ਵਿੱਚ ਭਾਵਨਾਵਾਂ ਬਣਦੀਆਂ ਰਹਿੰਦੀਆਂ ਹਨ। ਇਹ ਜਜ਼ਬਾਤ ਮਾਨਸਿਕ ਪੱਧਰ 'ਤੇ ਦਬਾਅ ਬਣਾਉਂਦੇ ਰਹਿੰਦੇ ਹਨ। ਜੇ ਉਨ੍ਹਾਂ ਦਾ ਨਿਕਾਸ ਨਾ ਕਰ ਦਿੱਤਾ ਜਾਵੇ ਤਾਂ ਸਥਿਤੀ ਓਸ ਗੁਬਾਰੇ ਵਰਗੀ ਹੋ ਜਾਂਦੀ ਹੈ ਜਿਸ ਵਿੱਚ ਹਵਾ ਭਰਦੇ ਜਾਓ ਤਾਂ ਫਟ ਜਾਂਦਾ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਰੋਣ ਨਾਲ ਦਿਲ ਹਲਕਾ ਹੋ ਜਾਂਦਾ ਹੈ! ਜੇ ਗੁੱਸਾ ਜਾਂ ਨਫਰਤ (ਪਿਆਰ ਵੀ!) ਅੰਦਰ ਹੀ ਅੰਦਰ ਭਰੀ ਜਾਵੇ ਤਾਂ ਬੰਦੇ ਦੀ ਸਥਿਤੀ ਬਿਲਕੁਲ ਗੁਬਾਰੇ ਵਰਗੀ ਹੋ ਜਾਂਦੀ ਹੈ। ਜਾਪਾਨ ਵਿੱਚ ਅਜਿਹੇ ਕਲੀਨਿਕ ਖੁੱਲ੍ਹ ਗਏ ਹਨ ਜਿਥੇ ਗੁੱਸ ਜ਼ਾਹਰ ਕਰਨ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਮਨੋਵਿਗਿਆਨੀ ਮੰਨਦੇ ਹਨ ਕਿ ਫਿਲਮਾਂ ਅਤੇ ਕਿਤਾਬਾਂ ਬੰਦੇ ਦਾ ਸੰਤੁਲਨ (ਹੋਰ ਕਾਰਕਾਂ ਨੂੰ ਛੱਡ ਕੇ) ਬਣਾਉਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ ਕਿਉਂਕਿ ਇਹ ਕਥਾਰਸਿਸ ਦਾ ਸਭ ਤੋਂ ਵਧੀਆ ਸਾਧਨ ਹਨ। ਉਂਝ ਫਿਲਮਾਂ ਵੇਖਣ ਨੂੰ ਕਈ ਲੋਕ ਚੰਗਾ ਨਹੀਂ ਸਮਝਦੇ, ਪਰ ਜਿੱਦਾਂ ਕਿਤਾਬਾਂ ਚੰਗੀਆਂ ਮਾੜੀਆਂ ਹੁੰਦੀਆਂ ਹਨ, ਬਿਲਕੁਲ ਇਹੋ ਗੱਲ ਫਿਲਮਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜ਼ਿੰਦਗੀ ਦੇ ਹੋਰ ਬਹੁਤ ਸਾਰੇ ਰੁਝੇਵਿਆਂ ਵਿੱਚ ਥੋੜ੍ਹੀ ਕੁ ਥਾਂ ਸਾਹਿਤਕ ਕਿਤਾਬਾਂ ਅਤੇ ਫਿਲਮਾਂ ਨੂੰ ਵੀ ਜ਼ਰੂਰ ਦੇਣੀ ਚਾਹੀਦੀ ਹੈ।
ਦੁਨੀਆ ਦਾ ਮਸ਼ਹੂਰ ਤਾਨਾਸ਼ਾਹ ਹਿਟਲਰ ਫਿਲਮਾਂ ਵੇਖਣ ਦਾ ਸ਼ੌਕੀਨ ਸੀ। ਕਿਤਾਬਾਂ ਅਤੇ ਚੰਗੀਆਂ ਫਿਲਮਾਂ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ, ਸਵੈ ਪੜਚੋਲ ਦਾ ਸਾਧਨ ਬਣਦੀਆਂ ਹਨ, ਹੌਸਲਾ ਦਿੰਦੀਆਂ ਹਨ, ਨਵੇਂ ਵਿਚਾਰਾਂ ਦਾ ਨਿਰਮਾਣ ਕਰਦੀਆਂ ਅਤੇ ਸਭ ਤੋਂ ਮਹੱਤਵ ਪੂਰਨ ਗੱਲ ਕਿ ਇਹ ਇਕ ਚੰਗਾ ਇਨਸਾਨ ਬਣਨ ਵਿੱਚ ਮਦਦ ਕਰਦੀਆਂ ਹਨ। ਜੇ ਫਿਲਮਾਂ ਮਨੁੱਖੀ ਜ਼ਿੰਦਗੀਆਂ ਵਿੱਚ ਅਸਰ ਨਾ ਪਾਉਂਦੀਆਂ ਤਾਂ ਬਹੁਤ ਸਾਰੇ ਮੁੱਦਿਆਂ 'ਤੇ ਬਣੀਆਂ ਫਿਲਮਾਂ ਸਬੰਧੀ ਸਮਾਜਿਕ ਰੌਲਾ ਰੱਪਾ ਨਾ ਪੈਂਦਾ! ਹਾਲੀਵੁੱਡ ਦੀਆਂ ਮਸ਼ਹੂਰ ‘ਰੌਕੀ' ਅਤੇ ‘ਰੈਂਬੋ' ਸੀਰੀਜ਼ ਵਾਲੀਆਂ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੈਲਵੈਸਟਰ ਸਟੈਲੋਨ ਦਾ ਕਹਿਣਾ ਹੈ ਕਿ ਉਹ ਬਚਪਨ ਵਿੱਚ ਇਕ ਬਹੁਤ ਹੀ ਡਾਵਾਂਡੋਲ ਅਤੇ ਅਸਥਿਰ ਜਿਹੇ ਸੁਭਾਅ ਵਾਲਾ ਬੱਚਾ ਸੀ, ਪਰ 1958 ਵਿੱਚ ਆਈ ਫਿਲਮ ‘ਹਰਕੁਲੀਸ' ਜਦੋਂ ਉਸ ਨੇ ਵੇਖੀ ਤਾਂ ਉਸ ਦੀ ਜ਼ਿੰਦਗੀ ਬਦਲ ਗਈ। ਫਿਲਮਾਂ ਤੇ ਕਿਤਾਬਾਂ ਸੁਭਾਅ, ਵਿਚਾਰ ਤੇ ਜ਼ਿੰਦਗੀ ਬਦਲਣ ਦੀ ਹਿੰਮਤ ਰੱਖਦੀਆਂ ਹਨ।
‘ਨਿਊਯਾਰਕ ਟਾਈਮਜ਼' ਅਖਬਾਰ ਨੇ 2015 ਵਿੱਚ ਛਾਪੇ ਲੇਖ ਵਿੱਚ ਯੂਨੀਵਰਸਿਟੀ ਆਫ ਡ੍ਰੇਅਟਨ ਦੇ ਹਵਾਲੇ ਨਾਲ ਖੋਜ ਛਾਪੀ ਸੀ। ਵਿਦਿਆਰਥੀਆਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਦੋ ਫਿਲਮਾਂ ‘ਆਰਗੋ ਅਤੇ ਜ਼ੀਰੋ ਡਾਰਕ ਥਰਟੀ' ਵਿਖਾਈਆਂ। ਫਿਲਮਾਂ ਵੇਖਣ ਪਿੱਛੋਂ 25 ਫੀਸਦੀ ਵਿਦਿਆਰਥੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਸਕਾਰਾਤਮਕ ਰੂਪ ਵਿੱਚ ਬਦਲ ਲਏ। ਰੂਸ ਦੀ ਕ੍ਰਾਂਤੀ ਲਿਆਉਣ ਵਿੱਚ ਬਹੁਤ ਸਾਰੀਆਂ ਕਿਤਾਬਾਂ ਦਾ ਵੱਡਾ ਯੋਗਦਾਨ ਸੀ ਜਿਨ੍ਹਾਂ ਵਿੱਚ ਮੈਕਸਿਮ ਗੋਰਕੀ ਦਾ ਨਾਵਲ ‘ਮਾਂ' ਖਾਸ ਚਰਚਾ ਯੋਗ ਹੈ।
ਅੱਲ੍ਹੜ ਉਮਰ ਵਿੱਚ ਹਰ ਕੋਈ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਖਾਸ ਤੌਰ ਉਤੇ ਸ਼ੇਅਰੋ ਸ਼ਾਇਰੀ ਅਤੇ ਇਸੇ ਉਮਰ ਦਾ ਤਕਰੀਬਨ ਹਰ ਮੁੰਡਾ ਕੁੜੀ ਖੁਦ ਨੂੰ ਫਿਲਮੀ ਕਲਾਕਾਰਾਂ ਵਾਂਗ ਬਣਿਆ ਹੋਇਆ ਚਿਤਵਦਾ ਹੈ। ਇਹੋ ਤਾਂ ਤਾਕਤ ਹੈ ਕਿਤਾਬਾਂ ਅਤੇ ਫਿਲਮਾਂ ਦੀ! ‘ਅੱਲ੍ਹੜਾਂ 'ਤੇ ਫਿਲਮੀ ਅਦਾਕਾਰਾਂ ਦੇ ਸਮਾਜਿਕ ਸੱਭਿਆਚਾਰਕ ਪ੍ਰਭਾਵ' ਸਬੰਧੀ ਇਕ ਖੋਜ ਪਰਚਾ ਇੰਟਰਨੈਟ ਉਤੇ ਪੜ੍ਹਿਆ ਜਾ ਸਕਦਾ ਹੈ। ਇਸ ਦਾ ਸਿੱਟਾ ਇਹ ਕਿ ਫਿਲਮੀ ਸਿਤਾਰਿਆਂ ਦਾ ਨੌਜਵਾਨਾਂ ਦੀ ਜੀਵਨ ਸ਼ੈਲੀ, ਰਵੱਈਏ, ਨੈਤਿਕ ਕਦਰਾਂ ਕੀਮਤਾਂ ਅਤੇ ਫੈਸ਼ਨ ਆਦਿ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਫਿਲਮੀ ਸਿਤਾਰੇ ਮੁੰਡੇ ਕੁੜੀਆਂ ਦੇ ‘ਨਵੇਂ ਰੱਬ' ਬਣਦੇ ਜਾ ਰਹੇ ਹਨ ਅਤੇ ਅੱਲ੍ਹੜ ਮੁੰਡੇ ਕੁੜੀਆਂ ਉਨ੍ਹਾਂ ਵਰਗਾ ਬਣਨ ਦੀ ਕਲਪਨਾ ਕਰਦੇ ਹਨ। ਇਸ ਦੁਨੀਆ ਵਿੱਚੋਂ ਕੋਈ ਜਿਉਂਦਾ ਬਚ ਕੇ ਨਹੀਂ ਨਿਕਲ ਸਕਦਾ।
ਫਿਰ ਕਾਹਦੀ ਭਟਕਣ ਤੇ ਮਾਰੋ ਮਾਰੀ! ਸਾਰੀ ਉਮਰ ਕੰਮ ਵਿੱਚ ਲੱਗੇ ਰਹੇ ਇਕ ਅਮੀਰ ਵਪਾਰੀ ਨੂੰ ਜਦੋਂ ਵਧਦੀ ਉਮਰ ਦੀਆਂ ਬਿਮਾਰੀਆਂ ਕਾਰਨ ਹਸਪਤਾਲ ਭਰਤੀ ਕੀਤਾ ਗਿਆ ਤਾਂ ਸਮਾਂ ਟਪਾਉਣ ਲਈ ਕਦੇ ਉਹ ਉਥੇ ਲੱਗੇ ਟੀ ਵੀ ਉਤੇ ਫਿਲਮ ਵੇਖ ਲੈਂਦਾ ਅਤੇ ਕਦੇ ਨਾਵਲ ਪੜ੍ਹ ਲੈਂਦਾ। ਕੁਝ ਦਿਨਾਂ ਬਾਅਦ ਉਸ ਦੇ ਬੋਲ ਸਨ ਕਿ ਇਸ ਵਾਰ ਤਾਂ ਇਕ ਹੀ ਜ਼ਿੰਦਗੀ ਜਿਉ ਸਕਿਆ ਹਾਂ, ਰੱਬ ਨੇ ਮੌਕਾ ਦਿੱਤਾ ਤਾਂ ਅਗਲੀ ਵਾਰ ਖੂਬ ਫਿਲਮਾਂ ਵੇਖਾਂਗਾ ਤੇ ਕਿਤਾਬਾਂ ਪੜ੍ਹਾਂਗਾ। ਇਨ੍ਹਾਂ ਰੌਮਾਂਚਕ ਅਤੇ ਦਿਲਚਸਪ ਮਿਸਾਲਾਂ ਨਾਲ ਬੰਦਾ ਜਲਦੀ ਅਤੇ ਸੌਖਾ ਸਮਝ ਜਾਂਦਾ ਹੈ, ਨਹੀਂ ਤਾਂ ਜਿਵੇਂ ਚੱਲਦੀ ਐ ਜ਼ਿੰਦਗੀ, ਓਦਾਂ ਵੀ ਲੰਘ ਹੀ ਜਾਣੀ ਹੁੰਦੀ ਹੈ!

Have something to say? Post your comment