Welcome to Canadian Punjabi Post
Follow us on

25

March 2019
ਨਜਰਰੀਆ

ਕਾਹਦੇ ਹੋਏ ਰਿਟਾਇਰ

November 05, 2018 07:38 AM

-ਰਾਜਿੰਦਰਪਾਲ ਸ਼ਰਮਾ
ਨੌਕਰੀ ਕਰਦਿਆਂ ਜਦੋਂ ਤੀਹ ਸਾਲ ਤੋਂ ਉਪਰ ਹੋ ਗਏ ਤਾਂ ਕੁਝ ਅਕੇਵਾਂ ਤੇ ਥਕੇਵਾਂ ਹੋਣ ਲੱਗਾ। ਸਮੇਂ ਦਾ ਬੰਧੇਜ, ਅਫਸਰ ਦਾ ਭੈਅ ਤੇ ਹੋਰ ਭੱਜ ਨੱਠ ਰਹਿੰਦੀ ਸੀ। ਨੌਕਰੀ ਅਸਲੋਂ ਨਖਿੱਧ। ਅਨੇਕਾਂ ਵਾਰ ਮੁਹੰਮਦ ਤੁਗਲਕੀ ਹੁਕਮ ਮੰਨਣੇ ਪਏ। ਰੂਹ ਤੇ ਦਲੀਲ ਨੂੰ ਕਿਸੇ ਵੇਲੇ ਖੂੰਜੇ ਸੁੱਟ ਕੇ ਕੰਮ ਕਰਨਾ ਪੈਂਦਾ ਹੈ। ਕੰਮ ਅੰਗਰੇਜ਼ੀ ਪੜ੍ਹਾਉਣ ਦਾ ਸੀ ਤੇ ਪੜ੍ਹਾਉਂਦੇ-ਪੜ੍ਹਾਉਂਦੇ ਮਗਜ਼ ਖਾਲੀ ਹੋਣ ਲੱਗਦਾ। ਜਿਹੜੇ ਸੱਜਣ ਰਿਟਾਇਰ ਹੋਣ ਪਿੱਛੋਂ ਮੌਜਾਂ ਮਾਣਦੇ ਸਨ, ਉਨ੍ਹਾਂ ਦੀ ਹਾਲਤ 'ਤੇ ਮੈਨੂੰ ਰਸ਼ਕ ਹੋਣ ਲੱਗਾ। ਅੰਦਰੋਂ-ਅੰਦਰ ਰਿਟਾਇਰ ਹੋਣ ਦੇ ਦਿਨ ਨੂੰ ਤਾਂਘ ਨਾਲ ਉਡੀਕਣ ਲੱਗਾ। ਸਮੇਂ ਦੇ ਬੰਧੇਜ ਤੋਂ ਮੁਕਤੀ ਤੇ ਮਨਮਰਜ਼ੀ ਨਾਲ ਚੱਲਣ ਵਾਲਾ ਜੀਵਨ ਚੰਗਾ ਲੱਗਣ ਲੱਗਦਾ। ਖੈਰ! ਸਮਾਂ ਹੌਲੀ-ਹੌਲੀ ਲੰਘਦਾ ਗਿਆ। ਮੇਰਾ ਰਿਟਾਇਰ ਹੋਣ ਦਾ ਦਿਨ ਆ ਗਿਆ। ਗੁਜ਼ਾਰੇ ਜੋਗੀ ਪੈਨਸ਼ਨ ਮਿਲਣ ਕਾਰਨ ਕਿਸੇ ਮਾਲੀ ਸੰਕਟ ਦਾ ਡਰ ਨਹੀਂ ਸੀ। ਇੰਜ ਲੱਗਾ ਜਿਸ ਤਰ੍ਹਾਂ ਸੇਵਾਮੁਕਤੀ ਨਹੀਂ, ਪੱਕੀ ਮੁਕਤੀ ਮਿਲ ਵਾਲੀ ਹੈ। ਬਸ ਮੌਜਾਂ ਹੀ ਮੌਜਾਂ ਦਿਸਣ ਲੱਗੀਆਂ। ਵਿਦਾਇਗੀ ਪਾਰਟੀ ਵੇਲੇ ਹੋਈਆਂ ਸਿਫਤਾਂ ਨੇ ਮੈਨੂੰ ਪੁਰਸ਼ ਦੀ ਥਾਂ ਮਹਾਪੁਰਸ਼ ਬਣਾ ਦਿੱਤਾ। ਯੋਗਤਾ ਤੋਂ ਸਿਫਤਾਂ ਕਿਤੇ ਵੱਧ ਹੋਈਆਂ, ਪਰ ਮਚਲੇ ਤੇ ਢੀਠ ਜਿਹੇ ਹੋ ਕੇ ਸਭ ਸੁਣਨਾ ਪੈਂਦਾ ਹੈ। ਆਖਰ ਸਿਫਤਾਂ ਹੀ ਹੁੰਦੀਆਂ ਸਨ, ਕੋਈ ਗਾਲ੍ਹਾਂ ਥੋੜ੍ਹੇ ਕੱਢੀਆਂ ਜਾ ਰਹੀਆਂ ਸਨ।
ਮੈਨੂੰ ਸੰਤੁਸ਼ਟ ਅਤੇ ਖੁਸ਼ ਦੇਖ ਕੇ ਲੋਕ ਵਧਾਈਆਂ ਦੇ ਰਹੇ ਸਨ ਤੇ ਨਾਲ ਚੰਗੀ ਸਿਹਤ ਤੇ ਲੰਬੀ ਉਮਰ ਲਈ ਸ਼ੁੱਭ ਇਛਾਵਾਂ ਦੀ ਵਰਖਾ ਹੋ ਰਹੀ ਸੀ। ਕੁਝ ਵਪਾਰਕ ਸੋਚ ਵਾਲੇ ਸੱਜਣ ਰਿਟਾਇਰ ਹੋਣ ਵੇਲੇ ਖੁਸ਼ ਹੋਣ ਤੋਂ ਪ੍ਰਹੇਜ਼ ਕਰਦੇ ਹਨ। ਉਨ੍ਹਾਂ ਮੁਤਾਬਕ ਬੰਦੇ ਦੀ ਪੈਨਸ਼ਨ ਤਨਖਾਹ ਤੋਂ ਘੱਟ ਹੁੰਦੀ ਹੈ ਤੇ ਮਾਇਕ ਸਿਹਤ ਕਮਜ਼ੋਰ ਹੋ ਜਾਂਦੀ ਹੈ। ਖੈਰ! ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਹਰ ਬੰਦੇ ਦੀ ਸੋਚ ਵੱਖਰੀ ਹੁੰਦੀ ਹੈ। ਮੈਂ ਆਪਣੀ ਰੂਹ ਦਾ ਮਾਲਕ ਹਾਂ। ਮੈਨੂੰ ਰਿਟਾਇਰਮੈਂਟ ਇੰਜ ਮਹਿਸੂਸ ਹੁੰਦੀ ਸੀ, ਜਿਸ ਤਰ੍ਹਾਂ ਪੰਛੀ ਪਿੰਜਰੇ ਤੋਂ ਆਜ਼ਾਦ ਹੋ ਕੇ ਉਡਾਰੀਆਂ ਮਾਰਦਾ ਹੋਵੇ। ਮੇਰੇ ਪਰਵਾਰ ਨੂੰ ਵਿਦਾਇਗੀ ਪਾਰਟੀ ਵੇਲੇ ਨਿਵਾਜਿਆ ਗਿਆ। ਵਿਦਿਆਰਥੀਆਂ ਅਤੇ ਸਟਾਫ ਵੱਲੋਂ ਮਿਲੇ ਤੋਹਫਿਆਂ ਦਾ ਢੇਰ ਜਿਹਾ ਲੱਗ ਗਿਆ। ਮੇਰੀ ਸ੍ਰੀਮਤੀ ਨੂੰ ਕੁਝ ਸ਼ਬਦ ਕਹਿਣ ਲਈ ਕਿਹਾ ਗਿਆ। ਉਸ ਨੇ ਵੀ ਮੇਰੀਆਂ ਸਿਫਤਾਂ ਦੇ ਪੁਲ ਬੰਨ੍ਹ ਛੱਡੇ, ਚਾਹੇ ਆਮ ਤੌਰ 'ਤੇ ਇੰਜ ਕਦੇ ਨਹੀਂ ਹੋਇਆ। ਮੈਂ ਸਮਾਗਮ ਦੀ ਸਮਾਪਤੀ ਪਿੱਛੋਂ ਪਰਵਾਰ ਸਮੇਤ ਘਰ ਆ ਗਿਆ। ਮੇਰਾ ਰਿਟਾਇਰਡ ਜੀਵਨ ਸ਼ੁਰੂ ਹੋ ਗਿਆ। ਕੁਝ ਰਿਸ਼ਤੇਦਾਰ ਵੀ ਵਿਸ਼ੇਸ਼ ਤੌਰ 'ਤੇ ਆਏ ਹੋਏ ਸਨ। ਘਰ ਵਿੱਚ ਵਿਆਹ ਵਰਗਾ ਮਾਹੌਲ ਸੀ। ਗਾਉਣ ਵਜਾਉਣ ਦਾ ਸਿਲਸਿਲਾ ਵੀ ਚੱਲਿਆ। ਮੈਂ ਨਵੇਂ ਜੀਵਨ ਦਾ ਆਰੰਭ ਜੋ ਕਰਨ ਜਾ ਰਿਹਾ ਸਾਂ।
ਰਿਟਾਇਰ ਹੋਣ ਉੱਤੇ ਹੱਡ ਪੈਰ ਮੋਕਲੇ ਲੱਗਣ ਲੱਗੇ। ਅੰਗਰੇਜ਼ ਲੇਖਕ ਚਾਰਲਸਬੈਥ ਨੇ ਆਪਣੀ ਰਿਟਾਇਰਮੈਂਟ ਪਿੱਛੋਂ ਲਿਖਿਆ ਸੀ ਕਿ ਪਹਿਲਾਂ ਮੈਂ ਸਮੇਂ ਦਾ ਗੁਲਾਮ ਸੀ ਤੇ ਅੱਜ ਸਮੇਂ ਨੂੰ ਮਜ਼ਾਕ ਕਰਦਾ ਹਾਂ। ਮੇਰੀ ਹਾਲਤ ਵੀ ਅਜਿਹੀ ਸੀ। ਰੂਹ ਅਨੁਸਾਰ ਚੱਲਣ ਫਿਰਨ ਦੀ ਅਜ਼ਾਦੀ ਹੋ ਗਈ। ਸੈਰ ਕਰਨੀ, ਦੋਸਤਾਂ ਮਿੱਤਰਾਂ ਨਾਲ ਗੱਲਾਂ ਮਾਰਨੀਆਂ, ਕੁਦਰਤ ਦੇ ਨਜ਼ਾਰਿਆਂ ਨੂੰ ਗਹੁ ਤੇ ਰੀਝ ਨਾਲ ਵੇਖਣਾ ਨਿੱਤਨੇਮ ਦਾ ਹਿੱਸਾ ਸੀ। ਅਖਬਾਰ ਤੋਂ ਪਿੱਛੋਂ ਕੋਈ ਚੰਗੀ ਕਿਤਾਬ ਪੜ੍ਹਨਾ ਵੀ ਚੱਲਦਾ ਸੀ। ਲਿਖਣ ਦੇ ਸ਼ੌਕ ਲਈ ਸਮਾਂ ਖੁੱਲ੍ਹਾ ਮਿਲਣ ਲੱਗਾ। ਹਰ ਪੱਖੋਂ ਸੰਤੁਸ਼ਟੀ ਤੇ ਖੁਸ਼ੀ ਦਾ ਅਹਿਸਾਸ ਹੋਣ ਲੱਗਾ।
ਜਿਉਂਦੇ ਜੀਅ ਸਵਰਗ ਦਾ ਆਨੰਦ ਆਉਣ ਲੱਗਾ। ਇੰਜ ਚਾਰ ਪੰਜ ਮਹੀਨੇ ਚੱਲਦਾ ਰਿਹਾ, ਪਰ ਫਿਰ ਮਾੜੇ ਗ੍ਰਹਿ ਵਾਰੀ-ਵਾਰੀ ਚਿੰਬੜਨ ਲੱਗੇ। ਪਹਿਲਾ ਫਾਇਰ ਪਤਨੀ ਵੱਲੋਂ ਆਇਆ। ਉਹ ਕਹਿਣ ਲੱਗੀ, ‘ਸਾਰਾ ਦਿਨ ਵਿਹਲੇ ਫਿਰਦੇ ਹੋ ਜਾਂ ਕੁੰਭਕਰਨ ਦੀ ਨੀਂਦ ਸੌਂ ਛੱਡਦੇ ਹੋ, ਇਹ ਠੀਕ ਨਹੀਂ ਹੈ। ਮਾੜਾ ਮੋਟਾ ਘਰ ਦਾ ਕੰਮ ਕਰਿਆ ਕਰੋ। ਬਾਜ਼ਾਰੋਂ ਚੀਜ਼ਾਂ ਖਰੀਦ ਕੇ ਲਿਆਇਆ ਕਰੋ ਤੇ ਹਫਤੇ ਵਿੱਚ ਦੋ ਤਿੰਨ ਦਿਨ ਸਬਜ਼ੀਆਂ, ਆਲੂ, ਪਿਆਜ਼ ਆਦਿ ਲਿਆਇਆ ਕਰੋ। ਮੰਡੀ ਤੋਂ ਸਸਤੀਆਂ ਮਿਲ ਜਾਂਦੀਆਂ ਹਨ। ਚਲੋ ਇਹ ਕੰਮ ਕੋਈ ਭਾਰਾ ਨਹੀਂ ਸੀ, ਪਰ ਅੰਦਰਖਾਤੇ ਮੇਰੀ ਨੂੰਹ ਰਾਣੀ ਵੀ ਚਾਹੁੰਦੀ ਸੀ ਕਿ ਮੈਂ ਛੋਟੇ ਬੱਚੇ ਨੂੰ ਸੰਭਾਲਾਂ। ਅਕਸਰ ਦੋਵੇਂ ਨੂੰਹ ਪੁੱਤ ਤਿਆਰ ਹੋ ਕੇ ਨੌਕਰੀ 'ਤੇ ਜਾਂਦੇ ਸਨ। ਇਹ ਵੀ ਬਰਦਾਸ਼ਤ ਕਰਨ ਯੋਗ ਸੀ ਤੇ ਮੈਨੂੰ ਵੱਧ ਮਹਿਸੂਸ ਨਹੀਂ ਹੋਇਆ ਤੇ ਮੈਂ ਇਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਗੁਆਂਢੀ ਆ ਕੇ ਆਖਣ ਲੱਗਾ; ਅੰਕਲ ਜੀ ਸਾਡੇ ਬਿਜਲੀ ਤੇ ਟੈਲੀਫੋਨ ਦੇ ਬਿੱਲ ਤੁਸੀਂ ਆਪਣੇ ਬਿਲਾਂ ਨਾਲ ਹੀ ਜਮ੍ਹਾ ਕਰਾ ਦਿਆ ਕਰੋ। ਮੈਨੂੰ ਦਫਤਰ ਤੋਂ ਛੁੱਟੀ ਲੈਣੀ ਪੈਂਦੀ ਹੈ। ਤੁਸੀਂ ਵਿਹਲੇ ਹੀ ਹੋ। ਤੁਹਾਡਾ ਟਾਈਮ ਪਾਸ ਹੋ ਜਾਇਆ ਕਰੇਗਾ। ਮੈਂ ਲਾਜਵਾਬ ਸਾਂ ਅਤੇ ਭਾਣਾ ਮੰਨ ਲਿਆ। ਫਿਰ ਦੋ ਕੁ ਹੋਰ ਗੁਆਂਢੀਆਂ ਨੇ ਆਪਣੇ ਬਿੱਲਾਂ ਦੀ ਡਿਊਟੀ ਮੈਨੂੰ ਸੰਭਾਲ ਦਿੱਤੀ। ਮੇਰੀ ਵਿਹਲ ਦਾ ਫਾਇਦਾ ਉਠਾਉਣਾ ਉਨ੍ਹਾਂ ਦਾ ਪਰਮ ਧਰਮ ਜੋ ਬਣਦਾ ਸੀ। ਇਕ ਦਿਨ ਚੰਗੇ ਭਲੇ ਅਖਬਾਰ ਪੜ੍ਹ ਰਿਹਾ ਸੀ ਤਾਂ ਗੁਆਂਢੀ ਬੀਬੀ ਆ ਕੇ ਘਰ ਵਾਲੀ ਨੂੰ ਬੋਲੀ, ਭਾਈਏ ਹੋਰੀਂ ਜੇ ਕਾਕੇ ਦੀ ਦਵਾ ਕੈਮਿਸਟ ਤੋਂ ਲਿਆ ਦੇਣ ਤਾਂ ਮੈਂ ਕਾਕੇ ਨੂੰ ਦੇ ਦੇਵਾਂ। ਦਵਾ ਮੁੱਕਣ ਬਾਰੇ ਮੈਨੂੰ ਇਨ੍ਹਾਂ (ਪਤੀ) ਨੂੰ ਦੱਸਣਾ ਯਾਦ ਨਹੀਂ ਰਿਹਾ। ਉਹ ਦਫਤਰ ਚਲੇ ਗਏ ਹਨ। ਖੈਰ! ਮੈਂ ਪਰਚੀ ਫੜੀ ਤੇ ਕੈਮਿਸਟ ਦੀ ਦੁਕਾਨ ਵੱਲ ਗਿਆ ਅਤੇ ਦਵਾਈ ਲਿਆ ਦਿੱਤੀ। ਦਵਾਈ ਫੜਦੇ ਸਾਰ ਗੁਆਂਢਣ ਆਖਣ ਲੱਗੀ, ਭਾਈਏ ਦੇ ਰਿਟਾਇਰ ਹੋਣ ਨਾਲ ਆਂਢ ਗੁਆਂਢ ਨੂੰ ਕਾਫੀ ਸੁੱਖ ਹੋ ਗਿਆ ਹੈ। ਵੇਲੇ ਕੁਵੇਲੇ ਚੀਜ਼ ਮੰਗਵਾ ਲਈਦੀ ਹੈ। ਇਹ ਕਹਿ ਕੇ ਉਹ ਤੁਰਦੀ ਬਣੀ ਤੇ ਮੈਨੂੰ ਆਪਣੀ ਹਾਲਤ 'ਤੇ ਤਰਸ ਅਤੇ ਖਿੱਝ ਆਈ ਜਾਵੇ।
ਸਪੱਸ਼ਟ ਤੌਰ 'ਤੇ ਮੈਂ ਘਰ ਤੋਂ ਉਪਰੰਤ ਆਂਢ ਗੁਆਂਢ ਲਈ ਘੋੜੀ ਬਣ ਗਿਆ। ਜਿਸ ਦਾ ਜੀਅ ਕਰਦਾ ਮੇਰੇ 'ਤੇ ਕਾਠੀ ਸੁੱਟ ਕੇ ਝੂਟੇ ਲੈਣੇ ਸ਼ੁਰੂ ਕਰ ਦਿੰਦਾ। ਚਲੋ ਘਰ ਦੀ ਖੇਚਲ ਮਹਿਸੂਸ ਨਹੀਂ ਹੁੰਦੀ, ਕਿਉਂਕਿ ਨੂੰਹ ਪੁੱਤ ਤੋਂ ਬੁਢਾਪੇ ਵਿੱਚ ਸਾਂਭ ਸੰਭਾਲ ਦੀ ਆਸ ਹੁੰਦੀ ਹੈ ਤੇ ਸੇਵਾ ਕਰਦੇ ਹਨ, ਆਂਢ ਗੁਆਂਢ 'ਚੋਂ ਚਿੰਬੜਦੇ ਗ੍ਰਹਿ ਜ਼ਰੂਰ ਚੁਭਦੇ ਹਨ। ਇਕ ਦਿਨ ਸਿਰਾ ਹੀ ਹੋ ਗਿਆ। ਇਕ ਬੀਬੀ ਆਈ ਤੇ ਕਹਿਣ ਲੱਗੀ, ਭਾਈਆ ਜੀ! ਕਾਕੇ ਦਾ ਕਰੂਰਾ ਟੈਸਟ ਕਰਾਣਾ ਹੈ। ਇਹ ਸ਼ੀਸ਼ੀ 'ਚ ਬੰਦ ਹੈ ਤੇ ਚੰਗੀ ਤਰ੍ਹਾਂ ਲਪੇਟਿਆ ਹੈ, ਘਰ ਪਰਾਹੁਣੇ ਆਏ ਹੋਏ ਹਨ ਤੇ ਇਹ (ਪਤੀ) ਘਰ ਨਹੀਂ। ਜੇ ਤੁਸੀਂ ਖੜੇ-ਖੜੇ ਲੈਬ ਤੋਂ ਟੈਸਟ ਕਰਵਾ ਕੇ ਰਿਪੋਰਟ ਲਿਆ ਦੇਵੋ ਤਾਂ ਬਹੁਤ ਚੰਗਾ ਹੋਵੇ। ਸ਼ਾਮ ਨੂੰ ਡਾਕਟਰ ਨੂੰ ਰਿਪੋਰਟ ਦਿਖਾ ਕੇ ਦਵਾਈ ਲਿਆਉਣੀ ਹੈ। ਗੁਆਂਢਣ ਦੇ ਕਾਕੇ ਦਾ ਕਰੂਣਾ ਤਾਂ ਮੈਂ ਟੈਸਟ ਕਰਾ ਲਿਆਂਦਾ, ਪਰ ਘਰ ਆ ਕੇ ਘਰ ਵਾਲੀ ਕੋਲ ਮੈਂ ਰੋਸ ਜ਼ਾਹਿਰ ਕੀਤਾ, ਕਿਉਂਕਿ ਇੰਜ ਤਾਂ ਕਰੂਰੇ ਤੋਂ ਅੱਗੋਂ ਵੀ ਕੋਈ ਟੈਸਟ ਦਾ ਪੁਆੜਾ ਪੈ ਸਕਦਾ ਸੀ। ਸ੍ਰੀਮਤੀ ਜੀ ਨੇ ਗੁਆਂਢਣ ਨੂੰ ਸਮਝਾ ਦਿੱਤਾ ਤੇ ਆਸ ਹੈ ਅਗਾਂਹ ਤੋਂ ਅਜਿਹਾ ਕੇਸ ਨਹੀਂ ਆਏਗਾ।
ਮਾੜੀ ਮੋਟੀ ਵਗਾਰ ਤਾਂ ਪੈਂਦੀ ਹੀ ਰਹਿੰਦੀ ਹੈ। ਸਮਾਜਿਕ ਸ਼ਿਸ਼ਟਾਚਾਰ ਤਹਿਤ ਆਂਢ ਗੁਆਂਢ ਨਾਲ ਚੰਗੇ ਸਬੰਧ ਵੀ ਜ਼ਰੂਰੀ ਹੁੰਦੇ ਹਨ। ਮੈਂ ਜਵਾਬ ਕਿਸੇ ਨੂੰ ਘੱਟ ਹੀ ਦਿੰਦਾ ਹਾਂ। ਦਲੀਲ 'ਤੇ ਅਧਾਰਿਤ ਜਵਾਬ ਦੇਣਾ ਵੀ ਔਖਾ ਹੈ। ਮੂੰਹੋਂ ਇਹੋ ਨਿਕਲਦਾ ਹੈ ਕਿ ਰਿਟਾਰਿਰ ਕਾਹਦੇ ਹੋਏ, ਘਰ ਵਾਲੇ ਤੇ ਆਂਢ ਗੁਆਂਢ ਵਾਲੇ ਕੋਈ ਨਾ ਕੋਈ ਸਵਾਲ ਖੜਾ ਹੀ ਰੱਖਦੇ ਹਨ।

Have something to say? Post your comment