ਭੁਵਨੇਸ਼ਵਰ, 4 ਨਵੰਬਰ (ਪੋਸਟ ਬਿਊਰੋ)- ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਰਾ ਸਿੰਘ ਨੇ ਪਿੱਛੇ ਜਿਹੇ ਸੰਨਿਆਸ ਲੈਣ ਲਈ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਡੇਵਿਡ ਜਾਨ ਤੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਜ਼ਿੰਮੇਵਾਰ ਕਿਹਾ। ਪਿਛਲੇ ਸਤੰਬਰ ਵਿੱਚ ਸੰਨਿਆਸ ਲੈਣ ਵਾਲੇ ਸਰਦਾਰ ਨੇ ਪਿਛਲੇ ਏਸ਼ੀਆ ਕੱਪ ਵੇਲੇ ਦੀ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਨੂੰ ਜਾਨ ਦੇ ਕਮਰੇ ਵਿੱਚ ਸੱਦਿਆ, ਜਿੱਥੇ ਪਹਿਲਾਂ ਹੀ ਮਾਰਿਨ ਵੀ ਮੌਜੂਦ ਸਨ।
ਮਿਡਫੀਲਡਰ ਸਰਦਾਰ ਸਿੰਘ ਨੇ ਦੱਸਿਆ ਕਿ ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਮੈਨੂੰ ਉਨ੍ਹਾਂ (ਡੇਵਿਡ ਜਾਨ) ਦੇ ਕਮਰੇ ਵਿੱਚ ਬੁਲਾਇਆ ਗਿਆ। ਉਥੇ ਕੋਚ (ਮਾਰਿਨ) ਵੀ ਸਨ। ਉਨ੍ਹਾਂ ਨੇ (ਜਾਨ) ਨੂੰ ਕਿਹਾ ਕਿ ਮੈਂ ਗਲਤੀਆਂ ਕੀਤੀਆਂ ਤੇ ਮੈਂ ਬਹੁਤਾ ਸਮਾਂ ਇਕੱਲਾ ਖੇਡਦਾ ਰਿਹਾ ਸੀ। ਇੱਕ ਬਹੁਤ ਅਹਿਮ ਮੁਕਾਬਲੇ ਤੋਂ ਪਹਿਲਾਂ ਮੈਨੂੰ ਇਹ ਗੱਲਾਂ ਦੱਸਣ ਲਈ ਸੱਦਿਆ ਗਿਆ ਸੀ। ਤੁਸੀਂ ਸੋਚ ਨਹੀਂ ਸਕਦੇ ਕਿ ਮੈਨੂੰ ਕਿੱਦਾਂ ਦਾ ਲੱਗ ਰਿਹਾ ਸੀ। ਉਨ੍ਹਾਂ ਨੂੰ ਇਸ ਬਾਰੇ ਮੈਨੂੰ ਬਾਅਦ ਵਿੱਚ ਦੱਸਣਾ ਚਾਹੀਦਾ ਸੀ। ਏਸ਼ੀਅਨ ਖੇਡਾਂ ਪਿੱਛੋਂ ਸਰਦਾਰ ਨੂੰ ਓਮਾਨ ਵਿੱਚ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿੱਚ ਨਹੀਂ ਰੱਖਿਆ ਗਿਆ ਸੀ, ਜਿਸ ਪਿੱਛੋਂ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸੋਚਣਾ ਪਿਆ ਸੀ। ਸਰਦਾਰ ਨੇ ਕਿਹਾ ਕਿ ਮੈਨੂੰ ਵਿਸ਼ਵ ਹਾਕੀ ਲੀਗ ਤੇ ਕਾਮਨਵੈੱਲਥ ਖੇਡਾਂ ਵਰਗੇ ਅਹਿਮ ਟੂਰਨਾਮੈਂਟਾਂ 'ਚੋਂ ਬਾਹਰ ਕੀਤਾ ਗਿਆ। ਮੈਨੂੰ ਲੱਗਾ ਕਿ ਵਾਪਸੀ ਹੋਵੇਗੀ। ਮੈਨੂੰ ਜੂਨੀਅਰ ਟੀਮ ਨਾਲ ਮਲੇਸ਼ੀਆ ਭੇਜਿਆ। ਹੌਲੀ ਹੌਲੀ ਮੈਂ ਖੁਦ ਨੂੰ ਸਵਾਲ ਕਰਨਾ ਸ਼ੁਰੂ ਕੀਤਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਏਸ਼ੀਅਨ ਖੇਡਾਂ ਤੋਂ ਬਾਅਦ ਮੈਂ 2020 ਓਲੰਪਿਕ ਬਾਰੇ ਸੋਚ ਰਿਹਾ ਸੀ, ਪਰ ਫਿਰ ਟੀਮ 'ਚੋਂ ਬਾਹਰ ਕੀਤੇ ਜਾਣ ਪਿੱਛੋਂ ਮੈਂ ਸੰਨਿਆਸ ਲੈਣ ਬਾਰੇ ਸੋਚਿਆ।