ਰੋਮ, 2 ਨਵੰਬਰ (ਪੋਸਟ ਬਿਊਰੋ)- ਇਟਲੀ ਵਿੱਚ ਲਗਾਤਾਰ ਡਿੱਗ ਰਹੀ ਜਨਮ ਦਰ 'ਤੇ ਕਾਬੂ ਪਾਉਣ ਲਈ ਜਨਵਾਦੀ ਸਰਕਾਰ ਨੇ ਅਨੋਖਾ ਕਦਮ ਚੁੱਕਿਆ ਹੈ। ਇਸ ਦੇ ਤਹਿਤ ਤੀਸਰਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ 20 ਸਾਲ ਲਈ ਖੇਤੀ ਯੋਗ ਭੂਮੀ ਲੀਜ਼ 'ਤੇ ਦਿੱਤੀ ਜਾਏਗੀ। ਇਸ ਦਾ ਲਾਭ ਸਿਰਫ ਉਸ ਵਿਦੇਸ਼ੀ ਜੋੜੇ ਨੂੰ ਮਿਲ ਸਕੇਗਾ, ਜੋ ਘੱਟ ਤੋਂ ਘੱਟ 10 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫਾਰ ਰਾਈਟ ਲੀਗ ਪਾਰਟੀ ਵੱਲੋਂ ਤਿਆਰ ਕੀਤੀ ਇਸ ਯੋਜਨਾ ਨੂੰ ਅਗਲੇ ਬਜਟ ਦੇ ਖਰੜੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਲਾਭ ਸਿਰਫ ਉਸੇ ਜੋੜੇ ਨੂੰ ਮਿਲੇਗਾ, ਜੋ 2019-21 ਵਿੱਚ ਤੀਸਰਾ ਬੱਚਾ ਪੈਦਾ ਕਰਨਗੇ। ਇਸ ਯੋਜਨਾ ਬਾਰੇ ਇਟਲੀ ਦੇ ਖੇਤੀ ਮੰਤਰੀ ਜਿਆਨ ਮਾਰਕੋ ਸੈਂਟਿਨੈਓ ਨੇ ਕਿਹਾ ਹੈ ਕਿ ਲੋਕ ਕਹਿੰਦੇ ਹਨ ਕਿ ਇਟਲੀ ਵਿੱਚ ਬੱਚੇ ਬੜੇ ਘੱਟ ਹਨ। ਲੋਕਾਂ ਦਾ ਇਹ ਵਿਚਾਰ ਬਦਲਣਾ ਹੋਵੇਗਾ। ਇਸ ਲਈ ਮੰਤਰਾਲਾ ਲੋਕਾਂ ਨੂੰ ਤੀਸਰਾ ਬੱਚਾ ਪੈਦਾ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੈ।
ਪੂਰੇ ਯੂਰਪ ਵਿੱਚ ਇਟਲੀ ਦੀ ਜਨਮ ਦਰ ਬਹੁਤ ਘੱਟ ਹੈ। ਪਿਛਲੇ ਸਾਲ ਇਟਲੀ ਕੇਵਲ 4,64,000 ਬੱਚਿਆਂ ਦੀ ਰਜਿਸਟਰੇਸ਼ਨ ਹੋਈ ਹੈ, ਜੋ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਮੰਨਿਆ ਜਾ ਰਿਹਾ ਹੈ। ਇਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ। ਇਸ ਯੋਜਨਾ ਨੂੰ ਅਲਟਰਾ ਕੈਥੋਲਿਕ ਪਰਵਾਰ ਮੰਤਰੀ ਲੋਰੇਂਜੋ ਫੋਂਟਾਨਾ ਦਾ ਸਮਰਥਨ ਹੈ। ਉਨ੍ਹਾਂ ਨੇ ਕਿਹਾ, ਇਹ ਯੋਜਨਾ ਸਿਰਫ ਵਿਆਹੁਤਾ ਜੋੜਿਆਂ ਤੱਕ ਸੀਮਿਤ ਹੈ।