Welcome to Canadian Punjabi Post
Follow us on

24

March 2019
ਨਜਰਰੀਆ

ਹਿੰਗ ਲੱਗੇ ਨਾ ਫਟਕੜੀ..

November 01, 2018 09:17 AM

-ਗੁਰਦੀਪ ਸਿੰਘ (ਰਿਟਾ. ਕਮਾਂਡੈਂਟ)
ਪਿਛਲੀ ਸਦੀ ਦੇ ਸਤਵੇਂ ਦਹਾਕੇ ਦੀ ਗੱਲ ਹੈ। ਮੇਰੇ ਜੀਜਾ ਜੀ ਮਰਹੂਮ ਨਛੱਤਰ ਸਿੰਘ ਕੋਕਾ ਕੋਲਾ ਕੰਪਨੀ ਦਿੱਲੀ ਵਿਖੇ ਨੌਕਰੀ ਕਰਦੇ ਸਨ। ਜਦੋਂ ਚੰਡੀਗੜ੍ਹ ਵਿਖੇ ਕੋਕਾ ਕੋਲਾ ਕੰਪਨੀ ਚੱਲਣ ਲੱਗ ਪਈ ਤਾਂ ਉਨ੍ਹਾਂ ਆਪਣੀ ਬਦਲੀ ਇਥੇ ਕਰਵਾ ਲਈ। ਚੰਡੀਗੜ੍ਹ ਆ ਕੇ ਉਨ੍ਹਾਂ ਸੈਕਟਰ 27 ਵਿੱਚ ਤਿੰਨ ਮੰਜ਼ਿਲਾ ਕੋਠੀ ਦਾ ਹਿੱਸਾ ਕਿਰਾਏ 'ਤੇ ਲੈ ਲਿਆ। ਕੋਰਸ ਕਰਨ ਜਾਂ ਦਫਤਰੀ ਕੰਮਾਂ ਸਬੰਧੀ ਮੈਂ ਆਮ ਹੀ ਚੰਡੀਗੜ੍ਹ ਜਾਂਦਾ ਰਹਿੰਦਾ ਸਾਂ। ਇਕ ਦਿਨ ਜਦੋਂ ਉਨ੍ਹਾਂ ਕੋਲ ਠਹਿਰਿਆ ਤਾਂ ਸਹਿਜ ਸੁਭਾਅ ਪੁੱਛ ਲਿਆ ਕਿ ਤੁਹਾਡੇ ਮਾਲਕ ਦਾ ਕੀ ਕਾਰੋਬਾਰ ਹੈ? ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦੱਸਿਆ ਕਿ ਲਾਲਾ ਆਹ ਸਾਹਮਣੇ ਹੀ ਮਾਰਕੀਟ ਵਿੱਚ ਟਮਾਟਰਾਂ ਦੀ ਰੇਹੜੀ ਲਾਉਂਦਾ ਹੈ। ਚੰਗੀ ਕਮਾਈ ਕਰਦਾ ਏ। ਲੋਕ ਦੱਸਦੇ ਹਨ ਕਿ ਪਿਛੇ ਜਿਹੇ ਇਸ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ, ਜਿਸ ਉਪਰ ਲਾਏ ਲੱਖਾਂ ਰੁਪਿਆਂ ਦੀ ਚਰਚਾ ਹੁਣ ਤੱਕ ਆਮ ਹੁੰਦੀ ਰਹਿੰਦੀ ਹੈ।
ਕੁਝ ਸਮੇਂ ਬਾਅਦ ਇਕ ਦਿਨ ਫਿਰ ਮੈਂ ਉਨ੍ਹਾਂ ਕੋਲ ਗਿਆ ਹੋਇਆ ਸਾਂ। ਕਿਸੇ ਕੰਮ ਕੋਠੀ 'ਚੋਂ ਬਾਹਰ ਜਾ ਰਿਹਾ ਸਾਂ ਤਾਂ ਲਾਲਾ ਜੀ ਨੇ ਮੈਨੂੰ ਆਵਾਜ਼ ਮਾਰ ਲਈ, ‘ਆ ਜੋ ਸਰਦਾਰ ਜੀ, ਬੈਠੋ ਤਾਂ ਸਹੀ।' ਮੈਂ ਉਨ੍ਹਾਂ ਕੋਲ ਚਲਾ ਗਿਆ। ਕਹਿਣ ਲੱਗੇ, ‘ਬੱਚੇ ਦੱਸ ਰਹੇ ਸਨ ਕਿ ਮਾਮਾ ਜੀ ਆਏ ਹੋਏ ਹਨ।' ਅਸੀਂ ਬੈਠੇ ਕਾਫੀ ਦੇਰ ਗੱਲਾਂ ਕਰਦੇ ਰਹੇ। ਗੱਲਾਂ-ਗੱਲਾਂ ਵਿੱਚ ਮੈਂ ਪੁੱਛ ਹੀ ਲਿਆ, ‘ਟਮਾਟਰਾਂ ਦੇ ਇਸ ਕਾਰੋਬਾਰ ਵਿੱਚ ਫਿਰ ਤੁਹਾਨੂੰ ਕਿੰਨੀ ਕੁ ਬੱਚਤ ਹੋ ਜਾਂਦੀ ਐ?' ਉਹ ਦੱਸਣ ਲੱਗੇ, ‘ਮੈਂ ਰੋਜ਼ ਸ਼ਾਮ ਨੂੰ ਤਿੰਨ ਵਜੇ ਟਮਾਟਰਾਂ ਦੀ ਰੇਹੜੀ ਪੂਰੀ ਭਰ ਕੇ ਓਹ ਸਾਹਮਣੇ ਮਾਰਕੀਟ ਵਿੱਚ ਲਾਉਂਦਾ ਹਾਂ ਤੇ ਰਾਤ ਨੂੰ ਨੌਂ ਕੁ ਵਜੇ ਘਰ ਵਾਪਸ ਆ ਜਾਂਦਾ ਹਾਂ। ਰੋਜ਼ ਕਰੀਬ 100 ਰੁਪਿਆ ਔਸਤ ਬੱਚਤ ਹੋ ਜਾਂਦੀ ਹੈ।' ਇਹ ਰਕਮ ਉਸ ਸਮੇਂ ਵਿੱਚ ਬਹੁਤ ਸੀ। ਮੈਨੂੰ ਪੂਰਾ ਮਹੀਨਾ ਨੌਕਰੀ ਕਰਨ ਉਪਰੰਤ 600 ਰੁਪਏ ਤਨਖਾਹ ਮਿਲਦੀ ਸੀ। ਲਾਲਾ ਜੀ ਦੱਸ ਰਹੇ ਸਨ ਕਿ ਕਾਫੀ ਸਮਾਂ ਅਰਾਮ ਵੀ ਕਰ ਲੈਂਦੇ ਨੇ। ਚਾਹ ਪਾਣੀ ਬੱਚੇ ਉਥੇ ਹੀ ਫੜਾ ਆਉਂਦੇ ਹਨ। ਕੋਈ ਦਿਮਾਗੀ ਬੋਝ ਨਹੀਂ ਹੈ। ਸਮਾਂ ਵਧੀਆ ਲੰਘੀ ਜਾਂਦਾ ਹੈ।
ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਰੇਲ ਗੱਡੀ ਵਿੱਚ ਸਫਰ ਕਰ ਰਿਹਾ ਸਾਂ ਕਿ ਮੇਰੇ ਨਾਲ ਇਕ ਅਧੇੜ ਉਮਰ ਦਾ ਆਦਮੀ ਆਣ ਬੈਠਾ। ਵੇਖਣ ਪਰਖਣ 'ਤੇ ਮਜ਼ਦੂਰ ਜਾਪਦਾ ਸੀ, ਕਿਉਂਕਿ ਉਸ ਨੇ ਸੀਟ ਦੇ ਨਾਲ ਇਕ ਖਾਲੀ ਟੋਕਰੀ ਟਿਕਾ ਕੇ ਰੱਖੀ ਹੋਈ ਸੀ। ਦਿਲ ਕੀਤਾ ਕਿ ਟਾਈਮ ਪਾਸ ਲਈ ਇਸ ਨਾਲ ਕੋਈ ਗੱਲਬਾਤ ਕੀਤੀ ਜਾਵੇ। ਹਾਰ ਕੇ ਮੈਂ ਪੁੱਛ ਲਿਆ, ‘ਕੀ ਕੰਮ ਕਰਦੇ ਹੋ?' ਉਸ ਨੇ ਕਿਹਾ, ‘ਜੀ, ਸਮੋਸੇ ਵੇਚਦਾ ਹਾਂ। ਅੱਜ ਸਾਰੇ ਸਮੋਸੇ ਜਲਦੀ ਵਿੱਕ ਗਏ, ਇਸ ਲਈ ਘਰ ਜਾ ਰਿਹਾ ਹਾਂ।' ਮੈਂ ਕਿਹਾ, ‘ਸਮੋਸੇ ਆਪ ਬਣਾ ਕੇ ਵੇਚਦੇ ਹੋ ਜਾਂ ਕਿਸੇ ਦੁਕਾਨ ਤੋਂ ਖਰੀਦ ਕੇ?' ਕਹਿਣ ਲੱਗਾ, ‘ਨਹੀਂ ਜੀ, ਮੈਂ ਤਾਂ ਰੋਜ਼ ਸੇਵੇਰੇ ਆਪਣੇ ਪਿੰਡੋਂ ਸ਼ਹਿਰ ਆ ਕੇ ਇਥੋਂ ਦੁਕਾਨਦਾਰ ਤੋਂ ਸਮੋਸੇ ਲੈ ਕੇ ਬਾਜ਼ਾਰ ਵਿੱਚ ਵੇਚਦਾ ਹਾਂ ਤੇ ਉਸ ਦੁਕਾਨ ਵਾਲੇ ਤੋਂ ਹਰ ਸਮੋਸੇ ਦੀ ਵਿਕਰੀ ਮਗਰ ਇਕ ਰੁਪਿਆ ਕਮਿਸ਼ਨ ਲੈਂਦਾ ਹਾਂ।' ਮੈਂ ਪੁੱਛਿਆ, ‘ਰੋਜ਼ ਕਿੰਨੇ ਕੁ ਸਮੋਸੇ ਵੇਚ ਲੈਂਦੇ ਓ?' ਉਸ ਨੇ ਦੱਸਿਆ, ‘ਕਰੀਬ 2000 ਸਮੋਸੇ ਰੋਜ਼ ਵੇਚ ਲੈਂਦਾ ਹਾਂ ਤੇ ਕਦੀ ਕਦਾਈਂ ਕੋਈ ਮੇਲਾ ਵਗੈਰਾ ਹੋਵੇ ਤਾਂ ਵੱਧ ਵੀ ਵਿੱਕ ਜਾਂਦੇ ਹਨ।' ਮੈਂ ਕਿਹਾ, ਫੇਰ ਤੂੰ ਦੋ ਹਜ਼ਾਰ ਰੁਪਿਆ ਰੋਜ਼ ਕਮਾ ਲੈਂਦਾ ਏ।' ਉਸ ਨੇ ਕਿਹਾ, ‘ਹਾਂ ਜੀ।' ਨਾਲ ਮੈਂ ਕਹਿ ਦਿੱਤਾ ਕਿ ਇਸ ਹਿਸਾਬ ਨਾਲ ਤੂੰ ਕਰੀਬ ਸੱਠ ਹਜ਼ਾਰ ਰੁਪਿਆ ਮਹੀਨਾ ਕਮਾ ਲੈਂਦੇ। ‘ਹਿੰਗ ਲੱਗੇ ਨਾ ਫਟਕੜੀ।' ਉਸ ਨੇ ਕਿਹਾ, ‘ਇੰਨੇ ਕੁ ਤਾਂ ਬਣਦੇ ਹੀ ਹਨ। ਕਿਸੇ ਮਹੀਨੇ ਵੱਧ ਵੀ ਬਣ ਜਾਂਦੇ ਹਨ।'
ਮੇਰੀ ਉਸ ਨਾਲ ਗੱਲਾਂ ਕਰਨ ਦੀ ਉਤਸੁਕਤਾ ਹੋਰ ਵੀ ਵੱਧ ਗਈ। ਮੈਂ ਪੁੱਛਿਆ, ‘ਕਿੰਨਾ ਪੜ੍ਹਿਐ?' ਉਸ ਨੇ ਕਿਹਾ, ‘ਅੱਠ ਜਮਾਤਾਂ।' ਮੈਥੋਂ ਰਿਹਾ ਨਾ ਗਿਆ ਤੇ ਕਹਿ ਦਿੱਤਾ ਕਿ ਐਨੇ ਪੈਸੇ ਕਮਾ ਕੇ ਫੇਰ ਕੀ ਕਰਦੈ?’ ਫਿਰ ਉਹ ਛਿੜ ਪਿਆ ਤੇ ਆਪੇ ਹੀ ਦੱਸਣ ਲੱਗ ਪਿਆ ਕਿ ਦੋ ਪਲਾਟ ਏਥੇ ਸ਼ਹਿਰ ਵਿੱਚ ਲਏ ਹਨ। ਪਿੰਡ ਵਾਲੇ ਪੁਰਾਣੇ ਮਕਾਨ ਦੀ ਹਾਲਤ ਠੀਕ ਕਰ ਕੇ ਉਸ ਨੂੰ ਵਧੀਆ ਬਣਾ ਦਿੱਤਾ ਹੈ। ਕੁਝ ਪੈਸੇ ਡਾਕਖਾਨੇ ਦੀਆਂ ਸਕੀਮਾਂ ਵਿੱਚ ਲਾਉਂਦਾ ਹੈ। ਬੀਮੇ ਵਾਲੀਆਂ ਦੋ ਤਿੰਨ ਮਨੀ ਬੈਂਕ ਪਾਲਸੀਆਂ ਲਈਆਂ ਨੇ। ਮਿਊਚਲ ਫੰਡ ਵਿੱਚ ਵੀ ਪੈਸੇ ਲਾਉਂਦਾ ਹੈ। ਬਾਕੀ ਪਰਵਾਰ 'ਤੇ ਖਰਚਾ ਕਰਦਾ ਹੈ।
ਅਜੇ ਉਸ ਨਾਲ ਹੋਰ ਗੱਲਾਂ ਕਰਨ ਨੂੰ ਦਿਲ ਕਰਦਾ ਸੀ ਕਿ ਏਨੇ ਨੂੰ ਕਹਿਣ ਲੱਗਾ, ‘ਚੰਗਾ ਜੀ ਫਿਰ, ਮੇਰਾ ਟੇਸ਼ਨ ਆ ਗਿਆ ਤੇ ਉਹ ਟੋਕਰੀ ਚੁੱਕ ਕੇ ਥੱਲੇ ਉਤਰ ਗਿਆ। ਉਹ ਤਾਂ ਉਥੇ ਉਤਰ ਗਿਆ, ਪਰ ਮੈਨੂੰ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਨੂੰ ਛੱਡ ਗਿਆ। ਮੈਂ ਸੋਚ ਰਿਹਾ ਸਾਂ ਕਿ ਸਾਨੂੰ ਪੈਨਸ਼ਨਰਾਂ ਨੂੰ ਹਰ ਵੇਲੇ ਇਨਕਮ ਟੈਕਸ ਦੀਆਂ ਰਿਟਰਨਾਂ ਭਰਨ ਦਾ ਚੱਕਰ ਪਿਆ ਰਹਿੰਦਾ ਹੈ, ਜਦ ਕਿ ਨੇਤਾ ਲੋਕ ਜਿਵੇਂ ਕਿ ਸਾਡੇ ਦੇਸ਼ ਦੇ ਮੰਤਰੀਆਂ, ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ ਨੂੰ ਅਥਾਹ ਸਹੂਲਤਾਂ ਰਾਹੀਂ ਲੱਖਾਂ ਕਰੋੜਾਂ ਰੁਪਇਆ ਮਿਲਦਾ ਹੈ, ਪਰ ਟੈਕਸ ਕੋਈ ਨਹੀਂ ਹੈ। ਇਹ ਛੋਟੇ ਮੋਟੇ ਲੋਕ ਜੋ ਕਿ ਅਜਿਹੇ ਕੰਮ 'ਤੇ ਲੱਗੇ ਹੋਏ ਹਨ ਤੇ ਮੋਟੀਆਂ ਕਮਾਇਆ ਕਰ ਲੈਂਦੇ ਹਨ, ਕੋਈ ਝੰਜਟ ਨਹੀਂ ਤੇ ਮੌਜਾਂ ਕਰਦੇ ਹਨ।
ਅਜੋਕੇ ਸਮੇਂ ਜਨਤਾ ਮੰਗ ਕਰਦੀ ਹੈ ਕਿ ਅਜਿਹੇ ਨੇਤਾ ਜੋ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਤੇ ਉਨ੍ਹਾਂ ਦੇ ਸਿਰ 'ਤੇ ਸੁੱਖ ਸਹੂਲਤਾਂ ਮਾਣਦੇ ਹਨ, ਅਸਲ ਵਿੱਚ ਟੈਕਸਾਂ ਦੇ ਹੱਕਦਾਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਛੋਟੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਟੈਕਸ ਦੇ ਬੋਝ ਤੋਂ ਮੁਕਤ ਕਰਕੇ ਇਨ੍ਹਾਂ ਸਿਆਸਤਦਾਨਾਂ 'ਤੇ ਅਜਿਹੇ ਟੈਕਸ ਲਾਵੇ ਜੋ ਇਨ੍ਹਾਂ ਟੈਕਸਾਂ ਦੀ ਝਾਲ ਆਸਾਨੀ ਨਾਲ ਝੱਲ ਸਕਦੇ ਹਨ।

Have something to say? Post your comment