Welcome to Canadian Punjabi Post
Follow us on

24

March 2019
ਨਜਰਰੀਆ

ਬਦਲਦੀ ਸੋਚ ਵਾਲਾ ਵੇਲਾ

November 01, 2018 09:16 AM

-ਹਰਪ੍ਰੀਤ ਕੌਰ ਪਬਰੀ
ਗੱਲ ਲਗਭਗ ਦੋ ਸਾਲ ਪਹਿਲਾਂ ਦੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੋਸਟ ਗਰੈਜੂਏਸ਼ਨ ਕਰਨ ਪਿੱਛੋਂ ਨੌਕਰੀ ਦੀ ਭਾਲ ਵਿੱਚ ਚੰਡੀਗੜ੍ਹ ਅਨੁਵਾਦਕ ਦੀ ਆਸਾਮੀ ਲਈ ਅਰਜ਼ੀ ਦਿੱਤੀ। ਚੰਡੀਗੜ੍ਹ ਦਾ ਬਹੁਤਾ ਭੇਤ ਨਾ ਹੋਣ ਕਾਰਨ ਮੈਂ ਆਪਣੀ ਭੈਣ ਨੂੰ ਨਾਲ ਲੈ ਗਈ। ਲਿਖਤੀ ਪ੍ਰੀਖਿਆ ਮਗਰੋਂ ਸਰਟੀਫਿਕੇਟ ਚੈਕ ਹੋਣੇ ਸੀ, ਪਰ ਮੇਰੀ ਤਿਆਰੀ ਅਨੁਸਾਰ ਇੰਟਰਵਿਊ ਵਧੀਆ ਨਹੀਂ ਸੀ ਹੋਈ। ਇਸ ਲਈ ਨੌਕਰੀ ਮਿਲਣ ਦੀ ਆਸ ਘੱਟ ਸੀ। ਇਸੇ ਸੋਚ 'ਚ ਡੁੱਬੀ ਨੇ ਭੈਣ ਨਾਲ ਟਿ੍ਰਬਿਊਨ ਚੌਕ ਤੋਂ ਰਾਜਪੁਰੇ ਦੀ ਬੱਸ ਲੈ ਲਈ। ਬੱਸ 'ਚ ਬੈਠੀ ਮੇਰੀ ਭੈਣ ਮੈਨੂੰ ਹੌਸਲਾ ਦਿੰਦੀ ਰਹੀ। ਰਾਜਪੁਰਾ ਜਾ ਕੇ ਬੱਸ ਨੇ ਬਾਈਪਾਸ ਤੋਂ ਬਾਹਰੋਂ ਹਾਈਵੇਅ ਉੱਤੋਂ ਪਟਿਆਲੇ ਜਾਣਾ ਸੀ ਅਤੇ ਅਸੀਂ ਰਸਤੇ ਵਿੱਚ ਆਉਣ ਵਾਲੇ ਫਾਟਕ 'ਤੇ ਉਤਰਨਾ ਸੀ। ਫਾਟਕ ਬੰਦ ਹੋਣ 'ਤੇ ਹੀ ਉਥੇ ਬੱਸ ਰੁਕਦੀ ਸੀ, ਨਹੀਂ ਤਾਂ ਡਰਾਈਵਰ ਘੱਟ ਹੀ ਬੱਸ ਰੋਕਦੇ।
ਉਥੇ ਉਤਰਨ ਲਈ ਅਸੀਂ ਦੋਵੇਂ ਜਣੀਆਂ ਪਹਿਲਾਂ ਹੀ ਖੜੀਆਂ ਹੋ ਗਈਆਂ ਤੇ ਬੱਸ ਦੀ ਅਗਲੀ ਖਿੜਕੀ ਕੋਲ ਆ ਗਈਆਂ। ਬੱਸ ਤੇਜ਼ ਸੀ ਤੇ ਅੱਗੇ ਅਚਾਨਕ ਕੋਈ ਵਾਹਨ ਆਉਣ ਕਾਰਨ ਡਰਾਈਵਰ ਨੇ ਥਾਏਂ ਬਰੇਕ ਲਾਈ। ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਮੈਂ ਬੱਸ 'ਚ ਲੱਗੀ ਪਾਈਪ ਫੜਨ ਹੀ ਲੱਗੀ ਸੀ ਕਿ ਮੇਰੇ ਹੱਥੋਂ ਦਸਤਾਵੇਜ਼ਾਂ ਵਾਲੀ ਫਾਈਲ ਛੁੱਟ ਕੇ ਤਾਕੀ ਤੋਂ ਬਾਹਰ ਜਾ ਡਿੱਗੀ। ਮੈਂ ਘਬਰਾ ਗਈ, ਇਕਦਮ ਸਮਝ ਕੁਝ ਨਾ ਆਇਆ। ਮੇਰੀ ਭੈਣ ਨੇ ਡਰਾਈਵਰ ਨੂੰ ਜ਼ੋਰ ਦੀ ਆਵਾਜ਼ ਲਗਾਉਂਦਿਆਂ ਬੱਸ ਰੋਕਣ ਲਈ ਕਿਹਾ। ਬੱਸ ਤੇਜ਼ ਹੋਣ ਕਰਕੇ ਉਸ ਨੇ ਕਾਫੀ ਅੱਗੇ ਜਾ ਕੇ ਰੋਕੀ।
ਅਸੀਂ ਫਟਾਫਟ ਬੱਸ 'ਚੋਂ ਉਤਰੀਆਂ ਤੇ ਪਿੱਛੇ ਵੱਲ ਭੱਜਣ ਲੱਗੀਆਂ। ਘਬਰਾਹਟ ਕਾਰਨ ਸਾਥੋਂ ਭੱਜਿਆ ਨਹੀਂ ਸੀ ਜਾ ਰਿਹਾ। ਦੌੜਦੀਆਂ ਹੋਈਆਂ ਅਸੀਂ ਆਉਂਦੇ ਜਾਂਦੇ ਲੋਕਾਂ ਨੂੰ ਮਦਦ ਲਈ ਆਵਾਜ਼ ਲਾਉਣ ਲੱਗੀਆਂ, ਪਰ ਸਭ ਸਾਡੇ ਵੱਲ ਦੇਖਦੇ ਹੋਏ ਅੱਗੇ ਲੰਘਦੇ ਰਹੇ। ਫਿਰ ਵੀ ਅਸੀਂ ਹੌਸਲਾ ਰੱਖ ਕੇ ਲਗਾਤਾਰ ਦੌੜਦੀਆਂ ਰਹੀਆਂ। ਅਸੀਂ ਆਪਣੇ ਦਸਤਾਵੇਜ਼ਾਂ ਵਾਲੀ ਫਾਈਲ ਤੋਂ ਥੋੜ੍ਹਾ ਦੂਰ ਸੀ, ਭੱਜਦੇ-ਭੱਜਦੇ ਹੱਫ ਗਈਆਂ ਸੀ, ਇਸ ਲਈ ਇਕ ਮਿੰਟ ਸਾਹ ਲੈਣ ਲਈ ਰੁਕੀਆਂ ਪਰ ਨਜ਼ਰ ਫਾਈਲ 'ਤੇ ਹੀ ਸੀ। ਮੈਂ ਅਚਾਨਕ ਫਾਈਲ ਦੇ ਉਪਰੋਂ ਟਰੱਕ ਲੰਘਦਾ ਦੇਖਿਆ, ਟਾਇਰ ਉਪਰੋ ਲੰਘਣ ਕਾਰਨ ਇਹ ਫਟ ਗਈ ਸੀ, ਸਰਟੀਫਿਕੇਟ ਹਵਾ ਵਿੱਚ ਉਡਣ ਲੱਗੇ। ਉਸ ਸਮੇਂ ਮੈਨੂੰ ਆਪਣੀ ਇੰਨੇ ਸਾਲਾਂ ਦੀ ਪੜ੍ਹਾਈ ਅਤੇ ਮਿਹਨਤ ਗੁਆਚਦੀ ਹੋਈ ਨਜ਼ਰ ਆ ਰਹੀ ਸੀ।
ਅਸੀਂ ਫਾਈਲ ਤੱਕ ਪਹੁੰਚਣ ਲਈ ਦੌੜਨ ਲੱਗੀਆਂ ਸੀ ਕਿ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਸਾਡੇ ਕੋਲ ਆ ਕੇ ਰੁਕ ਗਏ। ਉਨ੍ਹਾਂ ਪੁੱਛਿਆ ਤਾਂ ਸਾਹ ਚੜ੍ਹਨ ਕਾਰਨ ਬੋਲਿਆ ਨਹੀਂ ਜਾ ਰਿਹਾ ਸੀ, ਹੱਥ ਦੇ ਇਸ਼ਾਰੇ ਨਾਲ ਇਕ ਸ਼ਬਦ ਹੀ ਬੋਲ ਹੋਇਆ, ‘ਸਰਟੀਫਿਕੇਟ।' ਉਡਦੇ ਸਰਟੀਫਿਕੇਟ ਦੇਖ ਕੇ ਉਹ ਫਟਾਫਟ ਗਏ ਤੇ ਇਕੱਠੇ ਕਰਨਾ ਸ਼ੁਰੂ ਕੀਤਾ। ਇੰਨੇ ਨੂੰ ਅਸੀਂ ਵੀ ਉਥੇ ਪਹੁੰਚ ਗਈਆਂ। ਉਸ ਸਮੇਂ ਉਹ ਸਾਡੇ ਲਈ ਰੱਬ ਬਣ ਕੇ ਬਹੁੜੇ। ਹਵਾ ਕਾਰਨ ਕੁਝ ਸਰਟੀਫਿਕੇਟ ਸੜਕ ਦੇ ਆਲੇ ਦੁਆਲੇ ਖਿੱਲਰ ਗਏ ਸਨ। ਉਨ੍ਹਾਂ ਨੂੰ ਜਿੰਨੇ ਕੁ ਮਿਲੇ, ਉਨ੍ਹਾਂ ਚੁੱਕ ਲਏ ਸਨ, ਪਰ ਇਕ ਸਰਟੀਫਿਕੇਟ ਅਜੇ ਗਾਇਬ ਸੀ। ਮੈਂ ਰੋਣਹਾਕੀ ਹੋਈ ਪਈ ਸੀ, ਪਰ ਮੇਰੀ ਭੈਣ ਅਤੇ ਉਨ੍ਹਾਂ ਨੌਜਵਾਨਾਂ ਨੇ ਧੀਰਜ ਦਿੰਦਿਆਂ ਕਿਹਾ ਕਿ ‘ਟੈਂਸ਼ਨ ਨਾ ਲਓ, ਸਰਟੀਫਿਕੇਟ ਮਿਲ ਜਾਏਗਾ।' ..ਤੇ ਅਸੀਂ ਚਾਰੇ ਜਣੇ ਫਿਰ ਸਰਟੀਫਿਕੇਟ ਲੱਭਣ ਲੱਗ ਪਏ। ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਪਿੱਛੋਂ ਸਰਟੀਫਿਕੇਟ ਲੱਭ ਗਿਆ। ਸਾਰੇ ਸਰਟੀਫਿਕੇਟ ਚੈਕ ਕੀਤੇ ਤਾਂ ਕਿਤੇ ਜਾਨ ਵਿੱਚ ਜਾਨ ਆਈ।
ਅਸਲ ਵਿੱਚ ਇਹ ਨੌਜਵਾਨ ਸਾਡੀ ਹਾਲ ਪਾਹਰਿਆ ਸੁਣ ਕੇ ਵਾਪਸ ਆਏ ਸਨ। ਤਿੰਨ ਭਾਸ਼ਾਵਾਂ ਜਾਣਦੀ ਹੋਣ ਦੇ ਬਾਵਜੂਦ ਉਸ ਸਮੇਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਮੈਨੂੰ ਸ਼ਬਦ ਨਹੀਂ ਸਨ ਲੱਭ ਰਹੇ। ਸਾਨੂੰ ਦੌੜਦੇ ਹੋਏ ਪਤਾ ਨਹੀਂ ਸੀ ਲੱਗਿਆ ਕਿ ਅਸੀਂ ਕਿੰਨਾ ਪਿੱਛੇ ਆ ਗਈਆਂ ਸੀ। ਸ਼ਾਮ ਹੋ ਚੁੱਕੀ ਸੀ, ਸਾਨੂੰ ਘਰ ਪਹੁੰਚਣ ਦੀ ਵੀ ਕਾਹਲ ਸੀ। ਹਾਈਵੇਅ ਹੋਣ ਕਾਰਨ ਉਥੇ ਕੋਈ ਬੱਸ ਵੀ ਨਹੀਂ ਸੀ ਰੁਕਦੀ। ਇਕ ਵਾਰ ਫਿਰ ਚਿੰਤਾ ਨੇ ਘੇਰਾ ਪਾ ਲਿਆ। ਫਿਰ ਉਨ੍ਹਾਂ ਨੌਜਵਾਨਾਂ ਨੇ ਸਾਨੂੰ ਫਾਟਕ ਤੱਕ ਛੱਡ ਕੇ ਆਉਣ ਦੀ ਗੱਲ ਆਖੀ, ਜਿਥੇ ਅਸੀਂ ਉਤਰਨਾ ਸੀ। ਕਾਹਲ ਹੋਣ ਕਾਰਨ ਅਸੀਂ ਵੀ ਜਾਣਾ ਮੰਨ ਲਿਆ। ਉਨ੍ਹਾਂ ਵਿੱਚੋਂ ਇਕ ਜਣਾ ਉਥੇ ਹੀ ਰੁਕ ਗਿਆ ਤੇ ਦੂਜਾ ਸਾਨੂੰ ਛੱਡ ਆਇਆ।
ਖੈਰ! ਅਨੁਵਾਦਕ ਦੀ ਉਹ ਨੌਕਰੀ ਭਾਵੇਂ ਮੈਨੂੰ ਨਹੀਂ ਮਿਲੀ, ਪਰ ਉਸ ਦਿਨ ਵਾਪਰੀ ਘਟਨਾ ਨੇ ਮੇਰੀ ਸੋਚ ਬਦਲ ਦਿੱਤੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਸੀ ਕਿ ਜੇ ਉਸ ਦਿਨ ਉਹ ਨੌਜਵਾਨ ਮਦਦ ਨਾ ਕਰਦੇ ਤਾਂ ਛੇਤੀ ਹੀ ਆ ਰਹੀ ਇਕ ਹੋਰ ਇੰਟਰਵਿਊ ਲਈ ਮੇਰੇ ਕੋਲ ਸਰਟੀਫਿਕੇਟ ਨਹੀਂ ਸਨ ਹੋਣੇ ਅਤੇ ਮੈਂ ਸ਼ਾਇਦ ਅੱਜ ਕਾਲਜ ਵਿੱਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਾ ਨਿਭਾ ਰਹੀ ਹੁੰਦੀ।

Have something to say? Post your comment